ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਿਆਸੀ ਸਲਾਹਕਾਰ ਰਾਣਾ ਸਨਾਉੱਲਾ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਅਫ਼ਗਾਨ ਤਾਲਿਬਾਨ ਵਿਰੁੱਧ ਹਾਲੀਆ ਫ਼ੌਜੀ ਮੁਹਿੰਮ ਵਿਚ ਆਪਣੇ ਟੀਚੇ ਹਾਸਲ ਕਰ ਲਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਫ਼ਗਾਨਿਸਤਾਨ ਤੋਂ ਇੱਕੋ-ਇੱਕ ਮੰਗ ਇਹ ਹੈ ਕਿ ਉਹ ਆਪਣੀ ਧਰਤੀ ਨੂੰ ਸਾਡੇ ਵਿਰੁੱਧ ਅੱਤਵਾਦ ਲਈ ਨਾ ਵਰਤਣ ਦੇਵੇ।

ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੀ ਲੜਾਈ ਹੁਣ ਹੋਰ ਖ਼ਤਰਨਾਕ ਰੂਪ ਧਾਰਦੀ ਜਾ ਰਹੀ ਹੈ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਨਸ਼ਾ ਮੁਕਤੀ ਕੇਂਦਰ ’ਤੇ ਪਾਕਿਸਤਾਨੀ ਹਮਲੇ ਤੋਂ ਬਾਅਦ ਈਦ ’ਤੇ ਅਸਥਾਈ ਜੰਗਬੰਦੀ ਦੇ ਐਲਾਨ ਪਿੱਛੋਂ ਉਸ ਦੀ ਫ਼ੌਜ ਨੇ ਅਫ਼ਗਾਨ ਖੇਤਰਾਂ ਵਿਚ 70 ਗੋਲੇ ਦਾਗੇ। ਪਿਛਲੇ ਹਫ਼ਤੇ ਦੇ ਸ਼ੁਰੂ ਵਿਚ ਪਾਕਿਸਤਾਨੀ ਹਵਾਈ ਫ਼ੌਜ ਵੱਲੋਂ ਕੀਤੇ ਗਏ ਇਕ ਵੱਡੇ ਹਵਾਈ ਹਮਲੇ ਨੇ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਤਣਾਅ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ।
ਪਾਕਿ ਵੱਲੋਂ ਕਾਬੁਲ ਸਥਿਤ 2000 ਹਜ਼ਾਰ ਬਿਸਤਰਿਆਂ ਵਾਲੇ ਹਸਪਤਾਲ (‘ਓਮੀਦ’ ਨਸ਼ਾ ਛੁਡਾਊ ਕੇਂਦਰ) ਉੱਤੇ ਕੀਤੇ ਹਮਲੇ ਵਿਚ 408 ਤੋਂ ਵੱਧ ਲੋਕ ਮਾਰੇ ਗਏ ਅਤੇ 265 ਜ਼ਖ਼ਮੀ ਹੋ ਗਏ। ਹਸਪਤਾਲ ਦੀ ਇਮਾਰਤ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਗਿਆ। ਭਾਰਤ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹਸਪਤਾਲ ’ਤੇ ਹਮਲੇ ਨੂੰ ਲੈ ਕੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ।
ਭਾਰਤ ਨੇ ਇਸ ਹਮਲੇ ਨੂੰ ‘ਕਾਇਰਤਾਪੂਰਨ’ ਅਤੇ ‘ਕਤਲੇਆਮ’ ਦੀ ਕਾਰਵਾਈ ਕਰਾਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਨੂੰ ‘ਹਿੰਸਾ ਦਾ ਇਕ ਬਹੁਤ ਹੀ ਅਣ-ਮਨੁੱਖੀ ਅਤੇ ਅਨੈਤਿਕ ਕੰਮ’ ਦੱਸਿਆ ਹੈ। ਮੁਸਲਿਮ ਵਿਦਵਾਨਾਂ ਦੀ ਸੰਸਥਾ ਇੰਟਰਨੈਸ਼ਨਲ ਯੂਨੀਅਨ ਆਫ ਮੁਸਲਿਮ ਸਕਾਲਰਜ਼ ਨੇ ਕਾਬੁਲ ਦੇ ਹਸਪਤਾਲ ’ਤੇ ਹਮਲੇ ਦੀ ਨਿੰਦਾ ਕੀਤੀ ਹੈ।
ਅਫ਼ਗਾਨਿਸਤਾਨ ਦੇ ਸਾਬਕਾ ਉਪ ਸੂਚਨਾ ਮੰਤਰੀ ਜ਼ਰਦਾਸਤ ਸ਼ਮਸ ਨੇ ਭਾਰਤ ਵੱਲੋਂ ਵਿਕਾਸ ਤੇ ਮਨੁੱਖੀ ਮਦਦ ਦੀ ਸ਼ਲਾਘਾ ਕਰਦਿਆਂ ਕਿਹਾ, ‘ਭਾਰਤ ਅਫ਼ਗਾਨ-ਪਾਕਿ ਸੰਘਰਸ਼ ’ਚ ਸਰਗਰਮ ਭੁਮਿਕਾ ਨਿਭਾਵੇ’। ਯੂਰਪੀ ਸੰਘ (ਈਯੂ) ਨੇ ਕਾਬੁਲ ਸਥਿਤ ਹਸਪਤਾਲ ’ਤੇ ਪਾਕਿਸਤਾਨ ਵੱਲੋਂ ਕੀਤੇ ਗਏ ਹਵਾਈ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਈਯੂ ਨੇ ਇਸ ਸੰਘਰਸ਼ ਦਾ ‘ਖ਼ਤਰਨਾਕ ਵਿਸਥਾਰ’ ਦੱਸਦੇ ਹੋਏ ਦੋਵਾਂ ਦੇਸ਼ਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਹਵਾਈ ਫ਼ੌਜ ਵੱਲੋਂ ਰਾਜਧਾਨੀ ਕਾਬੁਲ ਦੇ ਪੁਲ-ਏ-ਚਾਰਖੀ ਇਲਾਕੇ ਵਿਚ ਕੀਤੇ ਹਵਾਈ ਹਮਲੇ ’ਚ 4 ਅਫ਼ਗਾਨ ਨਾਗਰਿਕਾਂ ਦੀ ਮੌਤ ਹੋ ਗਈ ਸੀ ਅਤੇ 14 ਲੋਕ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਅਫ਼ਗਾਨਿਸਤਾਨ ਨੇ ਪਾਕਿਸਤਾਨੀ ਫ਼ੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਅਫ਼ਗਾਨ ਰੱਖਿਆ ਮੰਤਰੀ ਨੇ ਕਿਹਾ ਇਨ੍ਹਾਂ ਹਮਲਿਆਂ ਵਿਚ 14 ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ 11 ਜ਼ਖ਼ਮੀ ਹੋਏ।
ਹਮਲਿਆਂ ਵਿਚ ਇਕ ਟੈਂਕ ਤੇ ਇਕ ਫ਼ੌਜੀ ਵਾਹਨ ਤਬਾਹ ਹੋ ਗਿਆ। ਤਾਜ਼ਾ ਪਾਕਿਸਤਾਨੀ ਹਮਲੇ ਵਿਚ ਮਾਰੇ 4 ਲੋਕਾਂ ’ਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਕਿਸਤਾਨ ਦੀ ਹਵਾਈ ਫ਼ੌਜ ਨੇ ਕਾਬੁਲ, ਨਾਂਗਰਹਾਰ ਤੇ ਕੰਧਾਰ ਹਵਾਈ ਅੱਡੇ ਨੇੜੇ ਸਥਿਤ ਤੇਲ ਭੰਡਾਰ ’ਤੇ ਹਮਲੇ ਕਰ ਕੇ ਅਫ਼ਗਾਨਿਸਤਾਨ ਨੂੰ ਜਾਨ-ਮਾਲ ਦਾ ਨੁਕਸਾਨ ਪਹੁੰਚਾਇਆ ਸੀ। ਉਸ ਹਮਲੇ ਵਿਚ 6 ਅਫ਼ਗਾਨ ਨਾਗਰਿਕ ਮਾਰੇ ਗਏ ਅਤੇ 12 ਜ਼ਖ਼ਮੀ ਹੋ ਗਏ ਸਨ। ਸੰਨ 2021 ਵਿਚ ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਸੱਤਾ ’ਚ ਆਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਪਾਕਿਸਤਾਨ ਨਾਲ ਉਸ ਦੇ ਸਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਸੀ। ਕਈ ਵਾਰ ਫ਼ੌਜੀ ਝੜਪਾਂ ਮਗਰੋਂ ਪਾਕਿਸਤਾਨੀ ਸੈਨਾ ਨੇ 26 ਫਰਵਰੀ ਨੂੰ ਅਫ਼ਗਾਨ ਲੜਾਕਿਆਂ ਖ਼ਿਲਾਫ਼ ਆਪ੍ਰੇਸ਼ਨ ‘ਗਜ਼ਬ ਲਿਲ-ਹੱਕ’ ਸ਼ੁਰੂ ਕੀਤਾ ਸੀ।
ਭਾਰਤ ਨੇ ਅਫ਼ਗਾਨਿਸਤਾਨ ’ਤੇ ਪਾਕਿਸਤਾਨੀ ਏਅਰ ਫੋਰਸ ਦੇ ਹਮਲਿਆਂ ਦੀ ਨਿੰਦਾ ਕਰਦਿਆਂ ਇਨ੍ਹਾਂ ਨੂੰ ਕੌਮਾਂਤਰੀ ਕਾਨੂੰਨ ਦੀ ਸਪਸ਼ਟ ਉਲੰਘਣਾ ਕਰਾਰ ਦਿੱਤਾ ਸੀ। ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਸੁਰੱਖਿਆ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਹਰੀਸ਼ ਪਰਵਤਨੇਨੀ ਨੇ ‘ਕੌਮਾਂਤਰੀ ਮਨੁੱਖੀ ਕਾਨੂੰਨ ਦੀ ਪਾਲਣਾ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾੳਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਦੀ ਧਰਤੀ ’ਤੇ ਹੋਏ ਹਵਾਈ ਹਮਲਿਆਂ ਦੀ ਨਿੰਦਾ ਕਰਦਾ ਹੈ ਜੋ ਕੌਮਾਂਤਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਅਤੇ ਦੇਸ਼ ਦੀ ਪ੍ਰਭੂਸੱਤਾ ਦੇ ਸਿਧਾਂਤ ਦੀ ਉਲੰਘਣਾ ਹਨ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਕਿ ਸਾਡੇ ਦੇਸ਼ ਦਾ ਧੀਰਜ ਹੁਣ ਜਵਾਬ ਦੇ ਚੁੱਕਾ ਹੈ। ਅਫ਼ਗਾਨਿਸਤਾਨ ਵਿਰੁੱਧ ‘ਖੁੱਲ੍ਹੀ ਜੰਗ’ ਜਾਰੀ ਹੈ। ਇਸਲਾਮਾਬਾਦ ਨੇ ਦਾਅਵਾ ਕੀਤਾ ਸੀ ਕਿ ਅਫ਼ਗਾਨਿਸਤਾਨ ਵੱਲੋਂ ਸਰਹੱਦ ਪਾਰੋਂ ਹਮਲਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸ ਨੇ ਜਵਾਬੀ ਕਾਰਵਾਈ ਕੀਤੀ ਤੇ ਦੋਵਾਂ ਪਾਸਿਓਂ ਹਮਲੇ ਸ਼ੁਰੂ ਹੋ ਗਏ। ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਆਸ ਸੀ ਕਿ ਨਾਟੋ ਬਲਾਂ ਦੇ ਵਾਪਸ ਜਾਣ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਸ਼ਾਂਤੀ ਕਾਇਮ ਹੋ ਜਾਵੇਗੀ ਤੇ ਤਾਲਿਬਾਨ ਅਫ਼ਗਾਨਿਸਤਾਨ ਦੀ ਜਨਤਾ ਦੀ ਭਲਾਈ ਤੇ ਖੇਤਰੀ ਸਥਿਰਤਾ ਉੱਤੇ ਧਿਆਨ ਦੇਵੇਗਾ।
ਪਾਕਿਸਤਾਨੀ ਅਧਿਕਾਰੀਆਂ ਅਤੇ ਅਫ਼ਗਾਨਿਸਤਾਨ ਦੇ ਬੁਲਾਰੇ ਅਨੁਸਾਰ ਪਾਕਿਸਤਾਨ ਨੇ ਅਫ਼ਗਾਨ ਰਾਜਧਾਨੀ ਕਾਬੁਲ, ਦੱਖਣ ਵਿਚ ਕੰਧਾਰ, ਦੱਖਣ ਪੂਰਬ ’ਚ ਪਕਤਿਆ ਸੂਬੇ ਉੱਤੇ ਹਵਾਈ ਹਮਲੇ ਕੀਤੇ ਹਨ। ਅਫ਼ਗਾਨ ਲੜਾਕਿਆਂ ਨੇ ਪਾਕਿਸਤਾਨ ਫ਼ੌਜ ਦੇ 55 ਜਵਾਨ ਮਾਰ ਦਿੱਤੇ। ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨ ਦੀਆਂ 104 ਚੌਕੀਆਂ, 163 ਟੈਂਕ ਅਤੇ ਬਖਤਰਬੰਦ ਗੱਡੀਆਂ ਨਸ਼ਟ ਕਰ ਦਿੱਤੀਆਂ। ਦੋਵਾਂ ਦੇਸ਼ਾਂ ਵਿਚਾਲੇ 2611 ਕਿੱਲੋਮੀਟਰ ਸੀਮਾ ਰੇਖਾ ਨੂੰ ‘ਡੁਰੰਡ ਰੇਖਾ’ ਕਹਿੰਦੇ ਹਨ ਪਰ ਅਫ਼ਗਾਨਿਸਤਾਨ ਇਸ ਨੂੰ ਮਾਨਤਾ ਨਹੀਂ ਦਿੰਦਾ।
ਪਾਕਿਸਤਾਨ ਦੀ ਸਰਕਾਰ ਨੇ ਕਿਹਾ ਹੈ ਕਿ ਅਫ਼ਗਾਨ ਤਾਲਿਬਾਨ ਵਿਰੁੱਧ ਕੀਤੀ ਜਾ ਰਹੀ ਫ਼ੌਜੀ ਕਾਰਵਾਈ ਵਿਚ ਲਗਪਗ 331 ਤਲਿਬਾਨ ਲੜਾਕੇ ਮਾਰੇ ਅਤੇ ਉਨ੍ਹਾਂ ਦੇ ਸਾਥੀ ਦਹਿਸ਼ਤਗਰਦ ਸੰਗਠਨਾਂ ਦੇ ਕਈ ਅੱਤਵਾਦੀ ਮਾਰੇ ਗਏ। ਤਾਲਿਬਾਨ ਨੇ ਉੱਤਰੀ ਬਲੋਚਿਸਤਾਨ ਦੇ ਕਿਲ੍ਹਾ ਸ਼ੈਫੁਲਲਾਹ, ਨੌਸ਼ਕੀ ਤੇ ਚਮਨ ਜ਼ਿਲਿ੍ਹਆਂ ਦੇ 16 ਥਾਵਾਂ ’ਤੇ ਸਰਹੱਦ ਪਾਰੋਂ ਹਮਲੇ ਕੀਤੇ। ਪਾਕਿਸਤਾਨੀ ਬਲਾਂ ਨੇ 104 ਫ਼ੌਜੀ ਚੌਕੀਆਂ ਪੂਰੀ ਤਰ੍ਹਾਂ ਤਬਾਹ ਕਰ ਦਿੱਤੀਆਂ ਹਨ ਜਦਕਿ 22 ਸਰਹੱਦੀ ਚੌਕੀਆਂ ’ਤੇ ਕਬਜ਼ਾ ਕਰ ਲਿਆ ਹੈ। ਪਾਕਿਸਤਾਨ ਨੇ ਹਵਾਈ ਹਮਲਿਆਂ ਵਿਚ 37 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ 153 ਟੈਂਕ, ਹਥਿਆਰਬੰਦ ਵਾਹਨ ਵੀ ਤਬਾਹ ਕਰ ਦਿੱਤੇ।
ਅਫ਼ਗਾਨਿਸਤਾਨ ਨਾਲ ਚੱਲ ਰਹੇ ਸੰਘਰਸ਼ ਵਿਚ ਪਾਕਿਸਤਾਨ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਅਫ਼ਗਾਨਿਸਤਾਨ ਨੇ ਸ਼ਨਿਚਰਵਾਰ ਨੂੰ ਜਲਾਲਾਬਾਦ ਵਿਚ ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਸੁੱਟ ਲਿਆ ਅਤੇ ਪਾਇਲਟ ਨੂੰ ਫੜ ਲਿਆ। ਆਪਣੀਆਂ ਫ਼ੌਜੀ ਚੌਕੀਆਂ ’ਤੇ ਅਫ਼ਗਾਨ ਤਾਲਿਬਾਨ ਦੀ ਫ਼ੌਜੀ ਕਾਰਵਾਈ ਤੋਂ ਬੁਖਲਾਏ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਬਡਗਾਮ ਏਅਰਬੇਸ ’ਤੇ ਹਮਲਾ ਕੀਤਾ। ਪੀਟੀਵੀ ਨੇ ਕਿਹਾ ਕਿ ਤਾਲਿਬਾਨ ਦੇ ਹਮਲਾਵਰ ਰਵੱਈਏ ਵਿਰੁੱਧ ਪਾਕਿਸਤਾਨੀ ਫ਼ੌਜ ਵੱਲੋਂ ਮੁਹਿੰਮ ਜਾਰੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਿਆਸੀ ਸਲਾਹਕਾਰ ਰਾਣਾ ਸਨਾਉੱਲਾ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਅਫ਼ਗਾਨ ਤਾਲਿਬਾਨ ਵਿਰੁੱਧ ਹਾਲੀਆ ਫ਼ੌਜੀ ਮੁਹਿੰਮ ਵਿਚ ਆਪਣੇ ਟੀਚੇ ਹਾਸਲ ਕਰ ਲਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਫ਼ਗਾਨਿਸਤਾਨ ਤੋਂ ਇੱਕੋ-ਇੱਕ ਮੰਗ ਇਹ ਹੈ ਕਿ ਉਹ ਆਪਣੀ ਧਰਤੀ ਨੂੰ ਸਾਡੇ ਵਿਰੁੱਧ ਅੱਤਵਾਦ ਲਈ ਨਾ ਵਰਤਣ ਦੇਵੇ।
ਪਾਕਿਸਤਾਨ ਚਾਹੁੰਦਾ ਹੈ ਕਿ ਅਫ਼ਗਾਨਿਸਤਾਨ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨੂੰ ਹਮਾਇਤ ਦੇਣਾ ਤੁਰੰਤ ਬੰਦ ਕਰੇ। ਜੇ ਤਾਲਿਬਾਨ ਸਰਕਾਰ ਇਸ ਤਰ੍ਹਾਂ ਕਰਦੀ ਹੈ ਤਾਂ ਸਾਡਾ ਉਸ ਨਾਲ ਕੋਈ ਟਕਰਾਅ ਨਹੀਂ ਹੋਵੇਗਾ। ਪਾਕਿਸਤਾਨ ਦੀ ਫ਼ੌਜ ਨੇ ਉੱਤਰ-ਪੱਛਮੀ ਖੇਤਰ ਵਿਚ ਤੋਰਖਮ ਸਰਹੱਦ ਨੇੜੇ ਇਕ ਮੁਹਿੰਮ ’ਚ ਟੀਟੀਏ (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਦੇ ਕਮਾਂਡਰ ਨੂੰ ਮਾਰ ਦਿੱਤਾ। ਕਮਾਂਡਰ ਦੀ ਸ਼ਨਾਖਤ ਕਹਿਰਮਾਨ ਵਜੋਂ ਹੋਈ। ਤੋਰਖਮ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਤੇ ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ਦੇ ਵਿਚਾਲੇ ਅਹਿਮ ਸਰਹੱਦੀ ਚੌਕੀ ਹੈ।
ਪਾਕਿਸਤਾਨ ਤਾਲਿਬਾਨ ਤੋਂ ਇੱਕੋ-ਇੱਕ ਮੰਗ ਕਰਦਾ ਹੈ ਕਿ ਉਹ ਆਪਣੀ ਧਰਤੀ ਨੂੰ ਸਾਡੇ ਵਿਰੁੱਧ ਅੱਤਵਾਦ ਲਈ ਨਾ ਵਰਤਣ ਦੇਵੇ ਪਰ ਉਹ ਪਿਛਲੇ ਸਾਢੇ ਕੁ ਤਿੰਨ ਦਹਾਕਿਆਂ ਤੋਂ ਕਸ਼ਮੀਰ (ਭਾਰਤ) ਵਿਚ ਹਿਜ਼ਬੁਲ ਮੁਜਾਹਦੀਨ, ਜੈਸ਼-ਏ-ਮੁਹੰਮਦ ਆਦਿ ਅੱਤਵਦੀ ਤਨਜ਼ੀਮਾਂ ਰਾਹੀਂ ਅੱਤਵਾਦ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਅਤੇ ਆਪਣੇ ਹੀ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ਵਿਚ ਬਲੋਚ ਲਿਬਰੇਸ਼ਨ ਆੲਮੀ (ਬੀਐੱਲਏ) ਦੀ ਆਜ਼ਾਦੀ ਨੂੰ ਫ਼ੌਜੀ ਤਾਕਤ ਨਾਲ ਕੁਚਲ ਰਿਹਾ ਹੈ।
ਅਫ਼ਗਾਨ ਵਿਦੇਸ਼ ਮੰਤਰੀ ਅਮਿਰ ਖਾਨ ਮੁੱਤਾਕੀ ਨੇ ਇਸ ਬਾਰੇ ਕਤਰ ਦੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਉਹ ਹੁਣ ਸੰਵਾਦ ਰਾਹੀਂ ਮਾਮਲਾ ਹੱਲ ਕਰਨਾ ਚਾਹੁੰਦੇ ਹਨ। ਖੇਤਰੀ ਮੁਲਕ ਵੀ ਤਣਾਅ ਘਟਾਉਣ ਲਈ ਕੂਟਨੀਤਕ ਪੱਧਰ ਉੱਤੇ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਜੋ ਆਪਸੀ ਗੱਲਬਾਤ ਰਾਹੀਂ ਪਾਕਿਸਤਾਨ-ਅਫ਼ਗਾਨਿਸਤਾਨ ਵਿਚਾਲੇ ਚੱਲ ਰਹੇ ਟਕਰਾਅ ਨੂੰ ਖ਼ਤਮ ਕੀਤਾ ਜਾ ਸਕੇ।
-ਮੁਖ਼ਤਾਰ ਗਿੱਲ
-ਮੋਬਾਈਲ : 98140-82217