ਜਿਵੇਂ ਅਨੇਕ ਰੰਗ ਇੰਦਰਧਨੁਸ਼ ਨੂੰ ਰਚਦੇ ਹਨ, ਤਿਵੇਂ ਹੀ ਵੱਖ-ਵੱਖ ਭਾਈਚਾਰੇ ਮਿਲ ਕੇ ਰਾਸ਼ਟਰ ਦੀ ਆਤਮਾ ਨੂੰ ਪੂਰਨ ਬਣਾਉਂਦੇ ਹਨ।

ਭਾਰਤ ਉਤਸਵਾਂ ਦੀ ਭੂਮੀ ਹੈ, ਤੀਜ-ਤਿਉਹਾਰਾਂ ਦੀ ਪਵਿੱਤਰ ਧਰਤੀ ਹੈ। ਕਿਸੇ ਸਮਾਜ ਵਿਚ ਤਿਉਹਾਰਾਂ ਦੀ ਨਿਰੰਤਰਤਾ ਨੂੰ ਉਸ ਦੀ ਸੱਭਿਆਚਾਰਕ ਖ਼ੁਸ਼ਹਾਲੀ ਅਤੇ ਸਮੂਹਿਕ ਖ਼ੁਸ਼ੀ ਦਾ ਸੰਕੇਤ ਮੰਨਿਆ ਜਾਂਦਾ ਹੈ। ਹੋਲੀ ਸਿਰਫ਼ ਇਕ ਤਿਉਹਾਰ ਨਹੀਂ, ਬਲਕਿ ਭਾਰਤ ਦੀ ਧੜਕਣਾਂ ਵਿਚ ਗੂੰਜਦਾ ਸਮਰਸੱਤਾ ਦਾ ਸੰਗੀਤ ਹੈ। ਫੱਗਣ ਪੁੰਨਿਆ ਨੂੰ ਹੋਲਿਕਾ ਦਹਨ ਅਤੇ ਫਿਰ ਧੁਲੇਂਡੀ ’ਤੇ ਰੰਗ ਉਤਸਵ ਰੰਗਾਂ ਦਾ ਇਕ ਅਜਿਹਾ ਸੰਵਾਦ ਹੈ, ਜਿਸ ਵਿਚ ਅਤੀਤ ਦੀ ਰਾਖ ਤੋਂ ਭਵਿੱਖ ਦੇ ਰੰਗ ਜਨਮ ਲੈਂਦੇ ਹਨ। ਹੋਲੀ ਦਾ ਦਾਰਸ਼ਨਿਕ ਆਧਾਰ ਭਾਰਤੀ ਚੇਤਨਾ ਦੀਆਂ ਗਹਿਰਾਈਆਂ ਵਿਚ ਨਿਹਿਤ ਹੈ।
ਪ੍ਰਹਲਾਦ ਦੀ ਅਟੁੱਟ ਭਗਤੀ ਅਤੇ ਹੋਲਿਕਾ ਦੇ ਦਹਨ ਦੀ ਕਹਾਣੀ ਸਿਰਫ਼ ਪੌਰਾਣਿਕ ਵਿਆਖਿਆਨ ਨਹੀਂ, ਬਲਕਿ ਮਨੁੱਖ ਦੇ ਅੰਦਰ ਚੱਲ ਰਹੇ ਸੱਚ ਅਤੇ ਝੂਠ ਦੇ ਸੰਘਰਸ਼ ਦਾ ਰੂਪਕ ਹੈ। ਜਦੋਂ ਹਿਰਣਕਸ਼ਿਪੁ ਦਾ ਹੰਕਾਰ ਅਗਨੀ ਵਿਚ ਭਸਮ ਹੁੰਦਾ ਹੈ ਤਦ ਇਹ ਸਿਰਫ਼ ਇਕ ਪਾਤਰ ਦਾ ਅੰਤ ਨਹੀਂ, ਬਲਕਿ ਅਨਿਆਂ, ਦੰਭ ਅਤੇ ਫੁੱਟ-ਪਾਊ ਮਾਨਸਿਕਤਾ ਦਾ ਅੰਤ ਹੈ। ਜਦ ਤੱਕ ਸਾਡੇ ਅੰਦਰ ਦੀ ਨਾਬਰਾਬਰੀ ਨਹੀਂ ਸੜੇਗੀ, ਤਦ ਤੱਕ ਬਾਹਰ ਦੀ ਸਮਰਸੱਤਾ ਅਧੂਰੀ ਰਹੇਗੀ ਅਤੇ ਫਿਰ ਰੰਗਾਂ ਦੇ ਉਤਸਵ ਦੇ ਦਿਨ ਜਦੋਂ ਰੰਗ ਚਿਹਰੇ ’ਤੇ ਲੱਗਦੇ ਹਨ ਤਾਂ ਪ੍ਰਭਾਵ ਮਨ ’ਤੇ ਹੁੰਦਾ ਹੈ। ਉਸ ਪਲ ਕੋਈ ਊਚ-ਨੀਚ ਦਾ ਪ੍ਰਸ਼ਨ ਨਹੀਂ ਰਹਿੰਦਾ, ਨਾ ਹੀ ਅਮੀਰ-ਗ਼ਰੀਬ ਦਾ ਫ਼ਰਕ।
ਰੰਗ ਸਭ ਨੂੰ ਇੱਕੋ ਜਿਹਾ ਬਣਾ ਦਿੰਦੇ ਹਨ-ਇਕ ਹੀ ਹਾਸਾ, ਇਕ ਹੀ ਉਮੰਗ, ਇਕ ਹੀ ਛੋਹ। ਇਹ ਦੱਸਦਾ ਹੈ ਕਿ ਵੰਨ-ਸੁਵੰਨਤਾ ਵਿਰੋਧ ਨਹੀਂ, ਸੁੰਦਰਤਾ ਹੈ। ਜਿਵੇਂ ਅਨੇਕ ਰੰਗ ਮਿਲ ਕੇ ਇੰਦਰਧਨੁਸ਼ ਬਣਾਉਂਦੇ ਹਨ, ਉਸੇ ਤਰ੍ਹਾਂ ਵੱਖੋ-ਵੱਖ ਸਮੁਦਾਇ ਮਿਲ ਕੇ ਰਾਸ਼ਟਰ ਦੀ ਆਤਮਾ ਨੂੰ ਪੂਰਨ ਬਣਾਉਂਦੇ ਹਨ।
ਭਾਰਤ ਦੇ ਕੋਨੇ-ਕੋਨੇ ਵਿਚ ਹੋਲੀ ਦੇ ਰੂਪ ਵੱਖੋ-ਵੱਖਰੇ ਹਨ ਪਰ ਭਾਵ ਇਕ ਹੈ। ਬ੍ਰਜ ਮੰਡਲ ਵਿਚ ਹੋਲੀ ਬਸੰਤ ਪੰਚਮੀ ਤੋਂ ਸ਼ੁਰੂ ਹੋ ਕੇ ਰੰਗਭਰਣੀ ਇਕਾਦਸ਼ੀ ਤੋਂ ਬਾਅਦ ਸਿਖਰ ’ਤੇ ਪਹੁੰਚਦੀ ਹੈ। ਲੱਡੂਮਾਰ ਤੋਂ ਲੱਠਮਾਰ ਤੱਕ ਅਨੋਖੇ ਉਤਸਵ ਮਨਾਏ ਜਾਂਦੇ ਹਨ ਅਤੇ ਦੇਸ਼-ਵਿਦੇਸ਼ ਤੋਂ ਲੋਕ ਬ੍ਰਜ ਪਹੁੰਚਦੇ ਹਨ। ਬਰਸਾਨੇ ਦੀ ਲੱਠਮਾਰ ਹੋਲੀ ਵਿਚ ਹਾਸਾ ਸੱਚਮੁੱਚ ਹਵਾ ਵਿਚ ਘੁਲ ਜਾਂਦਾ ਹੈ। ਗਲੀਆਂ ਵਿਚ ਉੱਡਦਾ ਗੁਲਾਲ, ਛੱਤਾਂ ’ਤੇ ਚਹਿਕ ਅਤੇ ਚੌਕ ’ਤੇ ਰੌਣਕਾਂ ਨਾਲ ਪੂਰਾ ਬ੍ਰਜ ਮੁਸਕੁਰਾਉਂਦਾ ਦਿਖਾਈ ਦਿੰਦਾ ਹੈ। ਸਜੀਆਂ ਮਹਿਲਾਵਾਂ ਲਾਠੀਆਂ ਚੁੱਕ ਕੇ ਅੱਗੇ ਵਧਦੀਆਂ ਹਨ, ਪੁਰਸ਼ ਢਾਲ ਸੰਭਾਲ ਕੇ ਸ਼ਰਾਰਤੀ ਅੰਦਾਜ਼ ਵਿਚ ਬਚਦੇ ਹਨ।
ਇਹ ਸਭ ਪ੍ਰੇਮ ਦੀ ਮਿੱਠੀ ਜਿਹੀ ਨੋਕ-ਝੋਂਕ ਦਾ ਉਤਸਵ ਹੈ। ਇਸ ਹਾਸੇ-ਖ਼ੁਸ਼ੀਆਂ ਵਿਚਕਾਰ ਪਰੰਪਰਾਵਾਂ ਸਿਰਫ਼ ਨਿਭਾਈਆਂ ਨਹੀਂ ਜਾਂਦੀਆਂ ਬਲਕਿ ਬੜੇ ਉਤਸ਼ਾਹ ਨਾਲ ਮਾਣੀਆਂ ਜਾਂਦੀਆਂ ਹਨ। ਉੱਪਰੋਂ ਦ੍ਰਿਸ਼ ਚੰਚਲ ਦਿਖਾਈ ਦਿੰਦਾ ਹੈ, ਪਰ ਅੰਦਰ ਡੂੰਘਾਈ ਵਿਚ ਸੰਸਕ੍ਰਿਤਕ ਯਾਦਾਂ ਧੜਕਦੀਆਂ ਹਨ।
ਇਹ ਰਾਧਾ-ਕ੍ਰਿਸ਼ਨ ਦੀਆਂ ਆਨੰਦਮਈ ਲੀਲਾਵਾਂ ਦੀ ਯਾਦ ਦਿਵਾਉਂਦੀ ਹੈ, ਜਿੱਥੇ ਰੁੱਸਣਾ-ਮਨਾਉਣਾ ਵੀ ਪ੍ਰੇਮ ਦਾ ਇਕ ਰੰਗ ਹੈ। ਇੱਥੇ ਮਹਿਲਾ ਉਤਸਵ ਦੀ ਕੇਂਦਰ-ਬਿੰਦੂ ਬਣ ਕੇ ਉੱਭਰਦੀ ਹੈ, ਉਸ ਦੀ ਸਰਗਰਮੀ ਸ਼ਕਤੀ ਅਤੇ ਸਨੇਹ ਦੇ ਖ਼ੂਬਸੂਰਤ ਸੰਤੁਲਨ ਦਾ ਪ੍ਰਤੀਕ ਬਣਦੀ ਹੈ। ਇਕ ਅਜਿਹਾ ਸੰਤੁਲਨ, ਜਿਸ ਵਿਚ ਹਾਸਾ ਵੀ ਹੈ, ਆਦਰ ਵੀ ਅਤੇ ਅਪਣੱਤ ਵੀ। ਉੱਥੇ ਹੀ ਵ੍ਰਿੰਦਾਵਨ ਦੀ ਫੁੱਲਾਂ ਦੀ ਹੋਲੀ ਵਿਚ ਜਦੋਂ ਰੰਗਾਂ ਦੀ ਜਗ੍ਹਾ ਪੁਸ਼ਪ ਵਰ੍ਹਦੇ ਹਨ ਤਾਂ ਵਾਤਾਵਰਨ ਸੁਗੰਧਿਤ ਭਗਤੀ ਨਾਲ ਭਰ ਜਾਂਦਾ ਹੈ। ਬ੍ਰਜ ਦੀ ਹੋਲੀ ਅਸਲ ਵਿਚ ਬੇਮਿਸਾਲ ਉਤਸਵ ਹੈ ਜਿੱਥੇ ਬਾਹਰਲੇ ਰੰਗ ਅੰਦਰ ਦੀ ਚੇਤਨਾ ਨੂੰ ਰੰਗ ਦਿੰਦੇ ਹਨ।
ਹੋਲੀ ਦੇ ਪਕਵਾਨ ਵੀ ਜਿਵੇਂ ਸਮਰਸੱਤਾ ਦਾ ਸਵਾਦ ਹਨ। ਗੁਜੀਆ ਦੀ ਮਿਠਾਸ, ਦਹੀਂ-ਬੜੇ ਦੀ ਕੋਮਲਤਾ, ਮਾਲ-ਪੂੜਿਆਂ ਦੀ ਸੁਗੰਧ ਅਤੇ ਠੰਡਾਈ ਦੀ ਠੰਢਕ ਸਿਰਫ਼ ਵਿਅੰਜਨ ਨਹੀਂ ਬਲਕਿ ਸਾਂਝੀ ਸੰਸਕ੍ਰਿਤੀ ਦੀ ਥਾਲੀ ਹਨ। ਇਸ ਤਿਉਹਾਰ ਦੀ ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਇਹ ਸਮਾਜਿਕ ਸਾੜਿਆਂ ਨੂੰ ਘਟਾ ਦਿੰਦੀ ਹੈ ਅਤੇ ਸਾਨੂੰ ਯਾਦ ਦਿਵਾਉਂਦੀ ਹੈ ਕਿ ਜੇਕਰ ਇਕ ਦਿਨ ਲਈ ਅਸੀਂ ਸਾਰੇ ਫ਼ਰਕ ਭੁੱਲ ਸਕਦੇ ਹਾਂ ਤਾਂ ਸਦਾ ਲਈ ਕਿਉਂ ਨਹੀਂ?
ਰੰਗ ਸਿਰਫ਼ ਬਾਹਰਲੇ ਪਦਾਰਥ ਨਹੀਂ, ਬਲਕਿ ਭਾਵਨਾਵਾਂ ਦੇ ਪ੍ਰਤੀਕ ਹਨ। ਲਾਲ ਰੰਗ ਪ੍ਰੇਮ ਦਾ, ਪੀਲਾ ਉਮੀਦ ਦਾ, ਹਰਾ ਨਵਜੀਵਨ ਦਾ ਅਤੇ ਨੀਲਾ ਵਿਸ਼ਵਾਸ ਦਾ। ਉਹ ਸਾਨੂੰ ਸਿਖਾਉਂਦੇ ਹਨ ਕਿ ਜੀਵਨ ਕਾਲਾ-ਚਿੱਟਾ ਨਹੀਂ, ਇਸ ਵਿਚ ਅਨੇਕ ਸੁਰ ਅਤੇ ਛਾਵਾਂ ਹਨ। ਜੇਕਰ ਅਸੀਂ ਸਿਰਫ਼ ਆਪਣੇ ਹੀ ਰੰਗ ਨੂੰ ਸਭ ਤੋਂ ਉੱਚਾ ਮੰਨਣ ਲੱਗਾਂਗੇ ਤਾਂ ਟਕਰਾਅ ਜਨਮ ਲਵੇਗਾ ਪਰ ਜੇਕਰ ਅਸੀਂ ਸਭ ਰੰਗਾਂ ਨੂੰ ਸਵੀਕਾਰ ਕਰਾਂਗੇ ਤਾਂ ਇਕ ਅਦਭੁਤ ਚਿੱਤਰ ਬਣੇਗਾ-ਸਮਰਸੱਤਾ ਦਾ ਚਿੱਤਰ। ਅੱਜ ਜਦੋਂ ਸਮਾਜ ਵੱਖਰੇ ਵਿਚਾਰਾਂ ਅਤੇ ਪਛਾਣਾਂ ਵਿਚਕਾਰ ਵੰਡਿਆ ਜਾ ਰਿਹਾ ਹੈ, ਤਾਂ ਹੋਲੀ ਦਾ ਉਤਸਵ ਸਾਨੂੰ ਸੁਨੇਹਾ ਦਿੰਦਾ ਹੈ-ਮਤਭੇਦ ਛੱਡੋ, ਮਨਭੇਦ ਛੱਡੋ, ਖ਼ਿਮਾ ਕਰੋ, ਗਲੇ ਮਿਲੋ। ਇਹ ਪੁਨਰ-ਮਿਲਨ ਦਾ ਸੰਸਕਾਰ ਹੈ।
ਮਨੋਵਿਗਿਆਨਕ ਦ੍ਰਿਸ਼ਟੀ ਤੋਂ ਹੋਲੀ ਅੱਜ ਦੀ ਭੱਜ-ਦੌੜ ਅਤੇ ਦਬਾਅ ਭਰੀ ਜੀਵਨ-ਸ਼ੈਲੀ ਵਿਚ ਇਕ ਸ਼ਕਤੀਸ਼ਾਲੀ ਤਣਾਅ-ਨਾਸ਼ਕ ਉਤਸਵ ਹੈ। ਰੰਗਾਂ ਦੇ ਨਾਲ ਖੁੱਲ੍ਹ ਕੇ ਹੱਸਣਾ, ਨੱਚਣਾ ਅਤੇ ਗਲੇ ਮਿਲਣਾ ਤਣਾਅ ਅਤੇ ਇਕੱਲੇਪਣ ਦੀ ਭਾਵਨਾ ਨੂੰ ਘਟਾਉਂਦਾ ਹੈ। ਇਹ ਤਿਉਹਾਰ ਦੱਬੇ ਹੋਏ ਭਾਵਾਂ ਨੂੰ ਸਹਿਜੇ ਹੀ ਮਾਹੌਲ ਵਿਚ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ। ਗਿਲੇ-ਸ਼ਿਕਵੇ ਭੁੱਲ-ਭੁਲਾ ਕੇ ਮੇਲ-ਮਿਲਾਪ ਕਰਨਾ ਮਾਨਸਿਕ ਬੋਝ ਹਲਕਾ ਕਰਦਾ ਹੈ ਅਤੇ ਸਬੰਧਾਂ ਵਿਚ ਤਾਜ਼ਗੀ ਤੇ ਨਵੀਂ ਊਰਜਾ ਭਰਦਾ ਹੈ। ਸਮੂਹਿਕ ਉਤਸ਼ਾਹ ਵਿਅਕਤੀ ਨੂੰ ‘ਮੈਂ’ ਤੋਂ ‘ਅਸੀਂ’ ਵੱਲ ਲੈ ਜਾਂਦਾ ਹੈ।
ਡਿਜੀਟਲ ਯੁੱਗ ਵਿਚ, ਜਿੱਥੇ ਸਬੰਧ ਸਕਰੀਨ ਦੀ ਰੋਸ਼ਨੀ ਵਿਚ ਸਿਮਟ ਰਹੇ ਹਨ, ਹੋਲੀ ਹਕੀਕੀ ਸਪਰਸ਼ ਦੇ ਮਹੱਤਵ ਨੂੰ ਦੁਬਾਰਾ ਸਥਾਪਤ ਕਰਦੀ ਹੈ। ਜੈੱਨ-ਜੀ ਲਈ ਇਹ ਸਿਰਫ਼ ਇੰਸਟਾਗ੍ਰਾਮ ਦੀ ਰੀਲ ਜਾਂ ਰੰਗੀਨ ਸੈਲਫੀ ਦਾ ਮੌਕਾ ਨਹੀਂ, ਬਲਕਿ ਹਕੀਕੀ ਸੰਵਾਦ ਦਾ ਉਤਸਵ ਹੈ। ਇਹ ਪੀੜ੍ਹੀ ਵੰਨ-ਸੁਵੰਨਤਾ, ਸਮਾਵੇਸ਼ਤਾ ਅਤੇ ਸਮਾਨਤਾ ਦੀ ਗੱਲ ਕਰਦੀ ਹੈ। ਹੋਲੀ ਉਨ੍ਹਾਂ ਨੂੰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਜੀਵਨ ਵਿਚ ਉਤਾਰਨ ਦਾ ਮੌਕਾ ਦਿੰਦੀ ਹੈ।
ਜਦੋਂ ਉਹ ਵਾਤਾਵਰਨ ਅਨੁਕੂਲ ਰੰਗ ਚੁਣਦੇ ਹਨ, ਸਮੁਦਾਇਕ ਕਾਰਜਾਂ ਵਿਚ ਹਿੱਸਾ ਲੈਂਦੇ ਹਨ ਅਤੇ ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨਾਲ ਖੁੱਲ੍ਹ ਕੇ ਮਿਲਦੇ ਹਨ, ਤਦ ਉਹ ਸਮਰਸੱਤਾ ਨੂੰ ਸਿਰਫ਼ ਸ਼ਬਦ ਨਹੀਂ, ਬਲਕਿ ਕਰਮ ਬਣਾਉਂਦੇ ਹਨ। ਇਸ ਤਰ੍ਹਾਂ, ਹੋਲੀ ਸਿਰਫ਼ ਰੰਗਾਂ ਦਾ ਉਤਸਵ ਨਹੀਂ, ਬਲਕਿ ਮਾਨਸਿਕ ਤਾਜ਼ਗੀ, ਭਾਵਨਾਤਮਕ ਸੰਤੁਲਨ ਅਤੇ ਸਮਾਜਿਕ ਜੁੜਾਅ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਇਹ ਤਿਉਹਾਰ ਮਨ ਦੀ ਮੈਲ ਨੂੰ ਪ੍ਰੇਮ ਦੀ ਵਰਖਾ ਵਿਚ ਨਾਲ ਹਟਾ ਦਿੰਦਾ ਹੈ। ‘ਹੋਲੀ ਹੈ...’ ਕਹਿ ਕੇ ਅਸੀਂ ਵੱਖੋ-ਵੱਖ ਰੰਗਾਂ ਵਿਚ ਇਕ ਚੇਤਨਾ ਦਾ ਉਤਸਵ ਮਨਾਉਂਦੇ ਹਾਂ ਅਤੇ ਭਾਈਚਾਰਕ ਸਾਂਝ ਨੂੰ ਪੀਡੀ ਕਰਦੇ ਹਾਂ।
-ਡਾ. ਸ਼ਿਵਾਨੀ ਕਟਾਰਾ
-(ਲੇਖਿਕਾ ਜਨ ਸਿਹਤ ਅਤੇ ਸਮਾਜਿਕ ਮਾਮਲਿਆਂ ਦੀ ਅਧਿਐਨਕਰਤਾ ਹੈ)।
-response@jagran.com