ਉਨ੍ਹਾਂ ਦਿਨਾਂ ਵਿਚ ਆਲੇ-ਦੁਆਲੇ ਦੀਆਂ ਖ਼ਬਰਾਂ ਲਈ ਅੱਜ ਵਰਗਾ ਮੀਡੀਆ ਨਹੀਂ ਸੀ ਹੁੰਦਾ। ਪਿੰਡ ਦੀਆਂ ਹੱਟੀਆਂ ਹੀ ਖ਼ਬਰਾਂ ਦੇ ਅਦਾਨ-ਪ੍ਰਦਾਨ ਵਾਲਾ ਲੋਕਲ ਚੈਨਲ ਹੁੰਦੀਆਂ ਸਨ ਜਾਂ ਫਿਰ ਕਿਸੇ ਇਕ-ਅੱਧੇ ਕੋਲ ਮੌਜੂਦ ਰੇਡੀਓ ਰਾਹੀਂ ਸਮੇਂ-ਸਮੇਂ ’ਤੇ ਜਾਣਕਾਰੀ ਮਿਲ ਜਾਂਦੀ ਸੀ।

ਸਾਵਣ ਕਵੀ ਦਰਬਾਰ ਮੌਕੇ ਸ਼ਾਇਰ ਵਿਜੇ ਭੱਟੀ ਦੁਆਰਾ ਗਾਈ ਇਕਵਿੰਦਰ ਢੱਟ ਦੀ ਰਚਨਾ ਦਿਲ ਨੂੰ ਛੂਹ ਗਈ ਸੀ। ਪੇਸ਼ਕਾਰੀ ਕਮਾਲ ਦੀ ਸੀ। ਰਚਨਾ ਦੇ ਬੋਲ ਸਨ : ‘ਝੌਂਪੜੀਆਂ ਨੇ ਰੋਣਾ ਹੈ ਬਰਸਾਤਾਂ ਨੂੰ, ਮਹਿਲਾਂ ਨੇ ਖ਼ੁਸ਼ ਹੋਣਾ ਹੈ ਬਰਸਾਤਾਂ ਨੂੰ। ਧੂੜ ’ਚ ਲਥਪਥ ਆਪਣਾ ਰੂਪ ਸ਼ਿੰਗਾਰਨ ਲਈ, ਸੜਕਾਂ ਨੇ ਮੂੰਹ ਧੋਣਾ ਹੈ ਬਰਸਾਤਾਂ ਨੂੰ। ਖੂੰਜੇ ਬਹਿ ਕੇ ਸਾਰੀ ਰਾਤ ਗੁਜ਼ਾਰਾਂਗੇ, ਸਾਡਾ ਘਰ ਵੀ ਚੋਣਾ ਹੈ ਬਰਸਾਤਾਂ ਨੂੰ। ਕੱਚੇ ਰਾਹ ਦੇ ਉੱਤੇ ਘਰ ਹੈ ਸੱਜਣਾਂ ਦਾ, ਇਸੇ ਗੱਲ ਦਾ ਰੋਣਾ ਹੈ ਬਰਸਾਤਾਂ ਨੂੰ।’ ਗਾਣਾ ਸੁਣਦਿਆਂ ਮਨ ਉਡਾਰੀ ਭਰਦਿਆਂ ਅਤੀਤ ਦੀ ਬੁੱਕਲ ਵਿਚ ਜਾ ਬੈਠਾ।
ਸੰਨ 1988 ਤੋਂ ਕਾਫ਼ੀ ਸਮਾਂ ਪਹਿਲਾਂ ਦੀਆਂ ਗੱਲਾਂ ਹਨ। ਉਦੋਂ ਕੱਚੇ ਕੋਠਿਆਂ ਦਾ ਦੌਰ ਸੀ। ਉਨ੍ਹਾਂ ਦਿਨਾਂ ਵਿਚ ਕੋਠੀਆਂ ਤਾਂ ਦਾਣੇ ਪਾਉਣ ਵਾਲ਼ੀਆਂ ਹੁੰਦੀਆਂ ਸਨ। ਗੇਟ ਰਹਿਤ ਘਰ ਹੁੰਦੇ ਸਨ। ਕਿਸੇ ਦੇ ਘਰ ਜਾਣ ਲਈ ਗੇਟ ਖੜਕਾਉਣ ਜਾਂ ਘੰਟੀ ਵਜਾ ਕੇ ਸੂਚਨਾ ਦੇਣ ਦੀ ਲੋੜ ਹਾਲੇ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਸੀ ਬਣੀ। ਘਰ ਮੂਹਰੇ ਜਾ ਕੇ ਹੱਕ ਨਾਲ ਹਾਕ ਮਾਰ ਲਈ ਜਾਂਦੀ ਸੀ। ਜ਼ਿਆਦਾਤਰ ਕੱਚੇ ਕੋਠੇ ਸਨ ਪਰ ਆਪਸੀ ਸਾਂਝ ਦੀਆਂ ਤੰਦਾਂ ਪਕੇਰੀਆਂ ਸਨ। ਬਰਸਾਤ ਵਿਚ ਕੱਚੇ ਕੋਠਿਆਂ ਦਾ ਚੋਣਾ ਆਮ ਗੱਲ ਹੁੰਦੀ ਸੀ। ਬਰਸਾਤਾਂ ਵੀ ਹੁਣ ਨਾਲੋਂ ਲੰਮੀਆਂ ਹੁੰਦੀਆਂ ਸਨ। ਜਿਨ੍ਹਾਂ ਕੱਚੇ ਕੋਠਿਆਂ ’ਤੇ ਰੌਂਠੀ (ਛੰਨ) ਜਾਂ ਟੀਨ ਹੁੰਦੀ ਸੀ , ਉਨ੍ਹਾਂ ਦੇ ਚੋਣ ਦਾ ਕੋਈ ਡਰ ਨਹੀਂ ਸੀ ਹੁੰਦਾ। ਵਰਖਾ ਰੁਕਣ ਤੋਂ ਕਈ ਘੰਟੇ ਬਾਅਦ ਵੀ ਕੱਚੇ ਕੋਠਿਆਂ ਦੇ ਅੰਦਰ ਤਿਪ-ਤਿਪ ਹੁੰਦੀ ਰਹਿੰਦੀ। ਮੇਰਾ ਜਨਮ ਵੀ ਕੱਚੇ ਕੋਠੇ ਵਿਚ ਹੋਇਆ ਸੀ। ਜ਼ਿੰਦਗੀ ਦੇ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਇਨ੍ਹਾਂ ਕੋਠਿਆਂ ਦੀ ਗੋਦ ਵਿਚ ਬਿਤਾਇਆ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਸੁਪਨੇ ਕੱਚੇ ਘਰ ਦੇ ਹੀ ਆਉਂਦੇ ਹਨ। ਭਾਵੇਂ ਸਾਡੇ ਕੱਚੇ ਕੋਠੇ ਦੇ ਨਾਲ ਪੱਕਾ ਕੋਠਾ ਵੀ ਹੁੰਦਾ ਸੀ ਪਰ ਲੰਬਾ ਸਮਾਂ ਉਸ ਦੀਆਂ ਛੱਤਾਂ ਵੀ ਕੱਚੀਆਂ ਰਹੀਆਂ। ਜੇਠ ਮਹੀਨੇ ਜਦੋਂ ਭਰ ਗਰਮੀ ਹੁੰਦੀ ਤਾਂ ਗਰਮੀ ਤੋਂ ਅੱਕੇ ਲੋਕ ਬੋਰੜੇ (ਪ੍ਰੀ-ਮੌਨਸੂਨ) ਦੀ ਉਡੀਕ ਕਰਦੇ। ਕੁਝ ਰਾਹਤ ਮਿਲਦੀ। ਲੋਕ ਖੇਤਾਂ ਦੀ ਵਹਾਈ ਦੇ ਨਾਲ-ਨਾਲ ਮੈਲ-ਮਿੱਟੀ ਦੇ ਆਹਰ ਵਿਚ ਜੁਟ ਜਾਂਦੇ। ਗਰਮੀ ਦਾ ਪਾਰਾ ਫਿਰ ਚੜ੍ਹ ਜਾਂਦਾ। ਲੋਕ ਬੇਸਬਰੀ ਨਾਲ ਬਰਸਾਤ ਸ਼ੁਰੂ ਹੋਣ ਦੀ ਉਡੀਕ ਕਰਦੇ। ਜੇਕਰ ਮੌਨਸੂਨ ਦੇ ਪਹੁੰਚਣ ’ਚ ਦੇਰੀ ਹੋ ਜਾਂਦੀ ਤਾਂ ਲੋਕ ਕਿਆਫ਼ੇ ਲਾਉਂਦੇ। ਕਈ ਵਾਰ ਬੱਦਲ ਧਰਤੀ ਨਾਲ ਲੱਗ ਕੇ ਮੁੜ ਜਾਂਦੇ। ਉਡੀਕ-ਉਡੀਕ ਕੇ ਕੁੜੀਆਂ ਗੁੱਡੀ ਫੂਕਦੀਆਂ।
ਮੀਂਹ ਪੈਣ ਲਈ ਅਰਦਾਸਾਂ ਕਰਦੀਆਂ। ਮੀਂਹ ਸ਼ੁਰੂ ਹੁੰਦਾ ਤਾਂ ਮੁੜ੍ਹਕੇ ਦੇ ਭੰਨੇ ਸਰੀਰਾਂ ਨੂੰ ਰਾਹਤ ਮਿਲਦੀ। ਲੋਕ ਬੀਜ ਚੁੱਕ ਲੈਂਦੇ। ਹੌਲੀ-ਹੌਲੀ ਇਹ ਮੀਂਹ ਝੜੀਆਂ ਵਿਚ ਤਬਦੀਲ ਹੋ ਜਾਂਦੇ। ਕੱਚੇ ਵਿਹੜੇ ਗੰਡੋਇਆਂ ਨਾਲ ਭਰ ਜਾਂਦੇ ਅਤੇ ਉਹ ਅੰਦਰਾਂ ਵੱਲ ਨੂੰ ਤੁਰ ਪੈਂਦੇ। ਇਸਤਰੀਆਂ ਸਿਰ ’ਤੇ ਬੋਰੀ ਦਾ ਝੁੰਬ ਮਾਰ ਕੇ ਕੋਠੇ ’ਤੇ ਰੱਖੇ ਚੀਕਣੀ ਮਿੱਟੀ ਦੇ ਡਲਿਆਂ ਨੂੰ ਸੰਵਾਰਦੀਆਂ ਤਾਂ ਜੋ ਕੋਠੇ ਚੋਣੋਂ ਬੰਦ ਹੋ ਜਾਣ। ਇਸ ਦੌਰਾਨ ਕੰਧਾਂ ਬੈਠ ਜਾਂਦੀਆਂ। ਕੋਠਿਆਂ ਦੇ ਖਣ ਡਿੱਗ ਪੈਂਦੇ। ਡਿੱਗੇ ਹੋਏ ਜਾਂ ਡਿੱਗਣ ਦੀ ਹਾਲਤ ਵਾਲੇ ਕੋਠਿਆਂ ਵਾਲੇ ਗੁਆਂਢੀਆਂ ਦਾ ਆਸਰਾ ਲੈ ਲੈਂਦੇ।
ਉਨ੍ਹਾਂ ਦਿਨਾਂ ਵਿਚ ਆਲੇ-ਦੁਆਲੇ ਦੀਆਂ ਖ਼ਬਰਾਂ ਲਈ ਅੱਜ ਵਰਗਾ ਮੀਡੀਆ ਨਹੀਂ ਸੀ ਹੁੰਦਾ। ਪਿੰਡ ਦੀਆਂ ਹੱਟੀਆਂ ਹੀ ਖ਼ਬਰਾਂ ਦੇ ਅਦਾਨ-ਪ੍ਰਦਾਨ ਵਾਲਾ ਲੋਕਲ ਚੈਨਲ ਹੁੰਦੀਆਂ ਸਨ ਜਾਂ ਫਿਰ ਕਿਸੇ ਇਕ-ਅੱਧੇ ਕੋਲ ਮੌਜੂਦ ਰੇਡੀਓ ਰਾਹੀਂ ਸਮੇਂ-ਸਮੇਂ ’ਤੇ ਜਾਣਕਾਰੀ ਮਿਲ ਜਾਂਦੀ ਸੀ। ਬੀਬੀ ਦੇ ਮੂੰਹੋਂ ਸੁਣੀ ਗੱਲ “ਵੀਰਵਾਰ ਦੀ ਝੜੀ, ਨਾ ਕੋਠਾ ਨਾ ਕੜੀ।” ਇਸ ਨੂੰ ਹਰੇਕ ਦਿਨ ਨਾਲ ਜੋੜ ਲਿਆ ਜਾਂਦਾ। ਝੜੀਆਂ ਦੌਰਾਨ ਕੱਚੇ ਕੋਠਿਆਂ ਵਾਲਿਆਂ ਦੀ ਜਾਨ ਮੁੱਠੀ ’ਚ ਆਈ ਰਹਿੰਦੀ। ਰਾਤ ਵੇਲੇ ਜਾਨ ਹੋਰ ਵੀ ਤ੍ਰਾਹ-ਤ੍ਰਾਹ ਕਰਦੀ। ਭੁੱਖੇ ਪਸ਼ੂ ਆਪਣੇ ਮਾਲਕਾਂ ਦੇ ਮੂੰਹਾਂ ਵੱਲ੍ਹ ਦੇਖਦੇ।
ਮੀਂਹ ਦਾ ਜ਼ੋਰ ਘਟਣ ਸਾਰ ਉਨ੍ਹਾਂ ਲਈ ਪੱਠਾ-ਦੱਥਾ ਵੱਢ ਕੇ ਸੁੱਟ ਦਿੱਤਾ ਜਾਂਦਾ। ਲੋਕ ਵਾਰ-ਵਾਰ ਉੱਪਰ ਵੱਲ ਮੂੰਹ ਕਰ ਕੇ ਬੱਦਲਾਂ ਦੀਆਂ ਚਾਲਾਂ ਦੇਖਦੇ। ਚਾਲਾਂ ਸਿੱਧੀਆਂ ਹੋਣ ਕਾਰਨ ਮੀਂਹ ਵਰ੍ਹਨ ਦਾ ਡਰ ਬਰਕਰਾਰ ਰਹਿੰਦਾ। ਗੁੱਡੀ ਫੂਕ ਕੇ ਮੀਂਹ ਵਰ੍ਹਨ ਦੀ ਅਰਜ਼ੋਈ ਕਰਨ ਵਾਲੀਆਂ ਕੁੜੀਆਂ ਨਿੰਬਲ ਹੋਣ ਦੀ ਅਰਦਾਸ ਕਰਦੀਆਂ, ਛੰਨਾਂ ਵਾਲੀਆਂ ਸੁੱਕੀਆਂ ਕੰਧਾਂ ’ਤੇ ਨਿੰਬਲੀਆਂ ਬਣਾਉਂਦੀਆਂ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਕੰਧਾਂ ’ਤੇ ਗੋਹੇ ਨਾਲ ਨਿੰਬਲੀਆਂ ਉਲੀਕਣ ਨਾਲ ਮੀਂਹ ਹਟ ਜਾਂਦਾ ਹੈ। ਸਾਡੇ ਵਾੜੇ ਵਾਲੀ ਲੰਬੀ ਛੰਨ ਦਾ ਚੰਨਾ (ਪਾਸੇ ਵਾਲੀ ਕੰਧ) ਦੱਖਣ ਦਿਸ਼ਾ ਵੱਲ ਹੋਣ ਕਰ ਕੇ ਹਰ ਬਰਸਾਤ ਨੂੰ ਡਿੱਗ ਪੈਂਦਾ ਸੀ। ਇਸ ਕੰਧ ਅਤੇ ਕੱਚੀ ਸੜਕ ਵਿਚਾਲੇ ਮੱਕੀ ਦਾ ਖੇਤ ਹੁੰਦਾ ਸੀ।
ਬੀਬੀ ਹਰ ਸਾਲ ਬੜੀ ਹਿੰਮਤ ਕਰ ਕੇ ਸੁੱਸਰੀਆਂ (ਮਿੱਟੀ ਦੀਆਂ ਕੱਚੀਆਂ ਇੱਟਾਂ ਜਿਨ੍ਹਾਂ ਦੀ ਸ਼ਕਲ ਸੁੱਸਰੀਆਂ ਵਰਗੀ ਹੁੰਦੀ ਹੈ) ਬਣਾ ਕੇ ਕੰਧ ਖੜ੍ਹੀ ਕਰਦੀ। ਉਸ ਨੂੰ ਲਿੱਪ-ਪੋਚ ਕੇ ਤਿਆਰ ਕਰਦੀ। ਮੱਕੀ ਵੱਢਣ ਤੋਂ ਪਹਿਲਾਂ ਇਹ ਤਿਆਰ ਹੋ ਜਾਂਦੀ। ਇਹ ਸਿਲਸਿਲਾ ਹਰ ਸਾਲ ਚੱਲਦਾ। ਉਨ੍ਹਾਂ ਦਿਨਾਂ ਵਿਚ ਸਕੂਲਾਂ ਦੇ ਵਿਹੜੇ ਅਤੇ ਕਮਰਿਆਂ ਦੇ ਫਰਸ਼ ਕੱਚੇ ਹੁੰਦੇ ਸਨ। ਅਸੀਂ ਆਪਣੇ ਸਕੂਲੀ ਦਿਨਾਂ ਵਿਚ ਉਨ੍ਹਾਂ ਨੂੰ ਲਿੱਪਦੇ-ਪੋਚਦੇ ਰਹੇ।
ਇਹ ਕੰਮ ਮਹੀਨਾਵਾਰ ਹੁੰਦਾ ਸੀ। ਮੁੰਡੇ ਗੋਹਾ ਅਤੇ ਮਿੱਟੀ ਲੈ ਕੇ ਆਉਂਦੇ ਅਤੇ ਕੁੜੀਆਂ ਲਿਪਾਈ ਕਰਦੀਆਂ। ਇਹ ਕੰਮ ਪੂਰੇ ਚਾਅ ਨਾਲ ਕੀਤਾ ਜਾਂਦਾ। ਸੰਨ 1988 ਦੀਆਂ ਝੜੀਆਂ ਨੇ ਤਾਂ ਕੱਚੇ ਘਰਾਂ ਦਾ ਖ਼ਾਤਮਾ ਹੀ ਕਰ ਦਿੱਤਾ। ਇੰਜ ਲੱਗਦਾ ਸੀ ਜਿਵੇਂ ਇਹ ਝੜੀਆਂ ਲੋਕਾਂ ਦੇ ਪੱਕੇ ਮਕਾਨ ਪੁਆਉਣ ਲਈ ਹੀ ਲੱਗੀਆਂ ਹੋਣ। ਲੋਕਾਂ ਨੇ ਔਖੇ-ਸੌਖੇ ਹੋ ਕੇ ਭਾਵੇਂ ਇੱਕ-ਇੱਕ ਹੀ ਸਹੀ, ਪਰ ਪੱਕੀ ਛੱਤ ਵਾਲਾ ਮਕਾਨ ਪਾ ਲਿਆ। ਕੁਝ ਸਰਕਾਰੀ ਮਦਦ ਵੀ ਹੋ ਗਈ ਸੀ।
ਉਨ੍ਹਾਂ ਦਿਨਾਂ ਵਿਚ ਜਿਸ ਇਕ-ਅੱਧੇ ਦਾ ਪੱਕਾ ਮਕਾਨ ਹੁੰਦਾ ਸੀ, ਉਸ ਦੀ ਪਛਾਣ ਪਿੰਡ ਵਿਚ ‘ਪੱਕਿਆਂ ਵਾਲੇ’ ਕਰ ਕੇ ਹੁੰਦੀ ਸੀ। ਹੁਣ ਬਹੁਤੇ ਪੱਕਿਆਂ ਵਾਲੇ ਬਣ ਗਏ ਸਨ। ਇਸ ਉਪਰੰਤ ਭਿੱਤ ਕੁੱਟਣ ਦਾ ਕੰਮ ਲਗਪਗ ਖ਼ਤਮ ਹੀ ਹੋ ਗਿਆ। ਸਾਡੀ ਪਿਛਲੀ ਪੀੜ੍ਹੀ ਦੀਆਂ ਔਰਤਾਂ ਨੇ ਬਹੁਤ ਲਿਪਾਈ ਕੀਤੀ।
ਦੂਜਾ ਪੱਖ ਦੇਖੀਏ ਤਾਂ ਇਨ੍ਹਾਂ ਕੱਚੇ ਘਰਾਂ ਨੇ ਸਾਡੀਆਂ ਪੀੜ੍ਹੀਆਂ ਨੂੰ ਦਿੱਤਾ ਵੀ ਬਹੁਤ ਕੁਝ ਸੀ। ਇਨ੍ਹਾਂ ਕੱਚੇ ਵਿਹੜਿਆਂ ਵਿਚ ਪੈਂਦੀਆਂ ਪੀਂਘਾਂ ’ਤੇ ਝੂਟਦੀਆਂ ਮੁਟਿਆਰਾਂ ਦੇ ਮੂੰਹੋਂ ਗੀਤਾਂ ਦੇ ਬੋਲ ਆਪ-ਮੁਹਾਰੇ ਫੁੱਟਦੇ ਰਹੇ। ਲੋਕ-ਗੀਤਾਂ ਦਾ ਪੀੜ੍ਹੀ-ਦਰ-ਪੀੜ੍ਹੀ ਵਹਾਅ ਚੱਲਦਾ ਰਿਹਾ। ਇੱਥੇ ਲੱਗਦੇ ਤ੍ਰਿੰਞਣਾਂ ਦੇ ਚਰਖਿਆਂ ਦੀ ਘੂਕਰ ਅਮੀਰ ਸੱਭਿਆਚਾਰ ਨੂੰ ਜਿਉਂਦਾ ਰੱਖਦੀ ਰਹੀ। ਕੱਚਿਆਂ ’ਚ ਵਸਦੇ ਸਾਂਝੇ ਪਰਿਵਾਰਾਂ ਵਿਚ ਪਲ ਕੇ ਵੱਡੇ ਹੋਏ ਬੱਚਿਆਂ ਦੀਆਂ ਸਾਂਝਾਂ ਪਕੇਰੀਆਂ ਹੋਈਆਂ। ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਲੇਖ ‘ਘਰ ਦਾ ਪਿਆਰ’ ਵਿਚ ਲਿਖਿਆ ਹੈ ਕਿ ਮੈਨੂੰ ਹਿੰਦੁਸਤਾਨ ਉਤਨਾ ਹੀ ਪਿਆਰਾ ਹੈ ਜਿਤਨਾ ਕਿ ਮੈਨੂੰ ਆਪਣੇ ਅਡਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿਚ ਵਸਦੇ ਬੰਦੇ ਪਿਆਰੇ ਹਨ।
ਬੀਬੀ 2024 ਵਿਚ ਪੂਰੀ ਹੋਈ। ਉਹ ਘਰ ਅਤੇ ਵਾੜੇ ਦੀ ਲੰਬਾ ਅਰਸਾ ਕੀਤੀ ਲਿਪਾਈ ਅਤੇ ਚੋਂਦੀਆਂ ਛੱਤਾਂ ਨੂੰ ਅਜੇ ਵੀ ਯਾਦ ਕਰ ਲੈਂਦੀ ਸੀ। ਅਖੈ, ਹੁਣ ਤਾਂ ਥੋਬਾ ਲਾਉਣ ਜੋਗੀ ਵੀ ਕੱਚੀ ਥਾਂ ਨਹੀਂ ਰਹੀ। ਤੰਗੀਆਂ ਵੀ ਬਥੇਰੀਆਂ ਕੱਟੀਆਂ, ਸੁੱਖ ਵੀ ਦੇਖ ਲਿਆ। ਨਵੀਂ ਪੀੜ੍ਹੀ ਨੂੰ ਇਸ ਦਾ ਕੀ ਅਹਿਸਾਸ ਜੋ ਪੱਕਿਆਂ ਵਿਚ ਹੀ ਪੈਦਾ ਹੋਈ ਹੈ। ਇਨ੍ਹਾਂ ਸੋਚਾਂ ’ਚੋਂ ਬਾਹਰ ਨਿਕਲਿਆਂ ਤਾਂ ਗੀਤ ਦੀਆਂ ਆਖ਼ਰੀ ਪੰਕਤੀਆਂ ਨੇ ਸਰੋਤੇ ਕੀਲੇ ਹੋਏ ਸਨ : ‘ਅੰਬ ਦੁਸਹਿਰੀ ਚੂਪਣ ਆਇਓ ਪੁਰਹੀਰਾਂ, ਇਕਵਿੰਦਰ ਘਰ ਹੋਣਾ ਹੈ ਬਰਸਾਤਾਂ ਨੂੰ। ਸਾਡਾ ਘਰ ਵੀ ਚੋਣਾ ਹੈ ਬਰਸਾਤਾਂ ਨੂੰ…।
-ਅਮਰੀਕ ਸਿੰਘ ਦਿਆਲ
-ਮੋਬਾਈਲ : 94638-51568