ਇਸ ’ਤੇ ਹੈਰਾਨੀ ਨਹੀਂ ਕਿ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਪੱਛਮੀ ਏਸ਼ੀਆ ’ਚ ਪੈਦਾ ਹੋਏ ਸੰਕਟ ’ਤੇ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਵੀ ਵਿਰੋਧੀ ਪਾਰਟੀਆਂ ਅਤੇ ਖ਼ਾਸ ਤੌਰ ’ਤੇ ਕਾਂਗਰਸ ਨੂੰ ਇਹ ਦਿਸ ਰਿਹਾ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਛਿੜੇ ਯੁੱਧ ’ਤੇ ਭਾਰਤ ਸਰਕਾਰ ਦੀ ਕੂਟਨੀਤੀ ਅਸਫਲ ਹੈ।

ਇਸ ’ਤੇ ਹੈਰਾਨੀ ਨਹੀਂ ਕਿ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਪੱਛਮੀ ਏਸ਼ੀਆ ’ਚ ਪੈਦਾ ਹੋਏ ਸੰਕਟ ’ਤੇ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਵੀ ਵਿਰੋਧੀ ਪਾਰਟੀਆਂ ਅਤੇ ਖ਼ਾਸ ਤੌਰ ’ਤੇ ਕਾਂਗਰਸ ਨੂੰ ਇਹ ਦਿਸ ਰਿਹਾ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਛਿੜੇ ਯੁੱਧ ’ਤੇ ਭਾਰਤ ਸਰਕਾਰ ਦੀ ਕੂਟਨੀਤੀ ਅਸਫਲ ਹੈ। ਇਸ ਯੁੱਧ ਦੇ ਪਹਿਲੇ ਦਿਨ ਤੋਂ ਹੀ ਕਾਂਗਰਸ ਭਾਰਤ ਸਰਕਾਰ ਨੂੰ ਕੋਸ ਰਹੀ ਹੈ। ਉਹ ਅਜਿਹਾ ਦਿਖਾ ਰਹੀ ਹੈ ਜਿਵੇਂ ਇਸ ਯੁੱਧ ਵਿਚ ਭਾਰਤ ਦੀ ਕੋਈ ਭੂਮਿਕਾ ਹੈ ਜਾਂ ਉਸ ਦੀ ਕੋਈ ਸਿੱਧੀ ਜਾਂ ਅਸਿੱਧੀ ਭਾਈਵਾਲੀ ਹੈ। ਸਾਰੇ ਜਾਣਦੇ ਹਨ ਕਿ ਭਾਰਤ ਦਾ ਇਸ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਕਾਂਗਰਸ ਦੇ ਆਗੂ ਇਸ ਨੂੰ ਸਮਝਣ ਲਈ ਤਿਆਰ ਹੀ ਨਹੀਂ ਹਨ। ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਉਹ ਇਹ ਚਾਹੁੰਦੇ ਹਨ ਕਿ ਪੱਛਮੀ ਏਸ਼ੀਆ ਸੰਕਟ ਦੇ ਮਾਮਲੇ ਵਿਚ ਭਾਰਤ ਸਰਕਾਰ ਨੂੰ ਉਨ੍ਹਾਂ ਦੇ ਕਹੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ ਪਰ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਕਿ ਇਸ ਯੁੱਧ ਕਾਰਨ ਜਿਹੜਾ ਊਰਜਾ ਸੰਕਟ ਪੈਦਾ ਹੋਇਆ ਹੈ, ਉਸ ਦਾ ਹੱਲ ਕਿਵੇਂ ਕੀਤਾ ਜਾਣਾ ਚਾਹੀਦਾ ਹੈ? ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿਸ਼ਵ-ਵਿਆਪੀ ਊਰਜਾ ਸੰਕਟ ਦਾ ਅਸਰ ਸਾਡੇ ਮੁਲਕ ’ਤੇ ਵੀ ਪੈ ਰਿਹਾ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਕਿਤੇ-ਕਿਤੇ ਗੈਸ ਦੀ ਕਿੱਲਤ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਭਾਰਤ ਦੇ ਮੁਕਾਬਲੇ ਕਈ ਹੋਰ ਦੇਸ਼ਾਂ ਦੀ ਸਥਿਤੀ ਕਿਤੇ ਵੱਧ ਗੰਭੀਰ ਹੈ। ਕਾਂਗਰਸ ਇਸ ਗੱਲ ਨੂੰ ਸਮਝਣ ਦੀ ਬਜਾਏ ਇਹ ਮਾਹੌਲ ਬਣਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸੇ ਗ਼ਲਤੀ ਕਾਰਨ ਦੇਸ਼ ਵਿਚ ਗੈਸ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ ਅਤੇ ਕੇਂਦਰ ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਹੋਈ ਹੈ। ਇਹ ਸਿਰਫ਼ ਸਿਰੇ ਦੀ ਨਕਾਰਾਤਮਕਤਾ ਹੀ ਨਹੀਂ, ਕਿਸੇ ਵੀ ਮਸਲੇ ਅਤੇ ਇੱਥੋਂ ਤੱਕ ਕਿ ਭਾਰਤ ਦੀ ਵਿਦੇਸ਼ ਨੀਤੀ ’ਤੇ ਵੀ ਇਕਜੁਟਤਾ ਦਾ ਸਬੂਤ ਨਾ ਦੇਣ ਦੀ ਜ਼ਿੱਦ ਹੀ ਹੈ। ਲੱਗਦਾ ਹੈ ਕਿ ਕਾਂਗਰਸ ਦੇ ਸ਼ਬਦਕੋਸ਼ ਵਿਚ ਰਚਨਾਤਮਕ ਸਹਿਯੋਗ ਵਰਗਾ ਕੋਈ ਸ਼ਬਦ ਹੀ ਨਹੀਂ ਅਤੇ ਉਹ ਇਹ ਵੀ ਭੁੱਲ ਚੁੱਕੀ ਹੈ ਕਿ ਵਿਰੋਧੀ ਧਿਰ ਦਾ ਕੰਮ ਸਕਾਰਾਤਮਕ ਸੁਝਾਅ ਦੇਣੇ ਵੀ ਹੁੰਦਾ ਹੈ। ਕਾਂਗਰਸ ਇਹ ਦੇਖਣ ਲਈ ਤਿਆਰ ਹੀ ਨਹੀਂ ਹੈ ਕਿ ਭਾਰਤ ਸਰਕਾਰ ਊਰਜਾ ਸੰਕਟ ਡੂੰਘਾ ਨਾ ਹੋਣ ਦੇਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ ਅਤੇ ਹੁਣ ਪਹਿਲਾਂ ਨਾਲੋਂ ਵੱਧ ਦੇਸ਼ਾਂ ਨਾਲ ਤੇਲ ਤੇ ਗੈਸ ਖ਼ਰੀਦ ਦੇ ਸੌਦੇ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਵੀ ਕਾਂਗਰਸ ਨੂੰ ਚੈਨ ਨਹੀਂ। ਉਹ ਇਹ ਦੇਖਣ ਤੋਂ ਇਨਕਾਰ ਕਰ ਰਹੀ ਹੈ ਕਿ ਈਰਾਨ ਵੱਲੋਂ ਹੋਰਮੁਜ਼ ਸਮੁੰਦਰੀ ਮਾਰਗ ਬੰਦ ਕਰ ਲੈਣ ਦੇ ਬਾਵਜੂਦ ਭਾਰਤ ਦੇ ਤੇਲ ਤੇ ਗੈਸ ਟੈਂਕਰ ਉੱਥੋਂ ਨਿਕਲ ਰਹੇ ਹਨ। ਇਹ ਸਹੀ ਹੈ ਕਿ ਹੋਰਮੁਜ਼ ਤੋਂ ਉਨ੍ਹਾਂ ਦੀ ਨਿਕਾਸੀ ਸੌਖੀ ਨਹੀਂ ਹੋ ਰਹੀ ਪਰ ਕੀ ਇਹ ਭਾਰਤੀ ਕੂਟਨੀਤੀ ਦੀ ਜਿੱਤ ਨਹੀਂ ਕਿ ਈਰਾਨ ਭਾਰਤ ਨੂੰ ਮਿੱਤਰ ਦੇਸ਼ ਕਹਿ ਕੇ ਉਸ ਦੇ ਜਹਾਜ਼ਾਂ ਨੂੰ ਨਿਕਲਣ ਦੇ ਰਿਹਾ ਹੈ?
ਕਾਂਗਰਸ ਨੂੰ ਇਹ ਵੀ ਬੁਰਾ ਲੱਗ ਗਿਆ ਕਿ ਅਮਰੀਕਾ ਤੇ ਈਰਾਨ ਵਿਚਾਲੇ ਪਾਕਿਸਤਾਨ ਦੀ ਕਥਿਤ ਵਿਚੋਲਗੀ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਹ ਕਹਿ ਦਿੱਤਾ ਕਿ ਭਾਰਤ ਪਾਕਿਸਤਾਨ ਦੀ ਤਰ੍ਹਾਂ ਦਲਾਲ ਦੇਸ਼ ਨਹੀਂ ਹੈ। ਦਰਅਸਲ, ਕਾਂਗਰਸ ਨੂੰ ਸਿਰਫ਼ ਵਿਰੋਧ ਲਈ ਵਿਰੋਧ ਕਰਨ ਦੀ ਆਦਤ ਹੀ ਨਹੀਂ ਲੱਗ ਗਈ ਹੈ, ਉਹ ਮੋਦੀ ਸਰਕਾਰ ਦੀ ਆਲੋਚਨਾ-ਨਿਖੇਧੀ ਕਰਨ ਲਈ ਇਕ ਪਲ ਦੀ ਵੀ ਦੇਰੀ ਨਹੀਂ ਕਰਨੀ ਚਾਹੁੰਦੀ। ਉਸ ਦੇ ਤਰਜਮਾਨ ਨੇ ਇਹ ਜਾਣੇ-ਸਮਝੇ ਬਿਨਾਂ ਪਾਕਿਸਤਾਨ ਨੂੰ ਫ਼ਾਇਦੇ ਵਿਚ ਦੱਸ ਦਿੱਤਾ ਕਿ ਉਹ ਵਿਚੋਲਗੀ ਕਰਨ ਦੀ ਬਜਾਏ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਕਰ ਰਿਹਾ ਹੈ। ਅਜਿਹੇ ਵਿਚ ਕਾਂਗਰਸ ਦੀ ਮੌਜੂਦਾ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।