ਹਾਲੀਆ ਕੁਝ ਸਾਲਾਂ ਦੌਰਾਨ ਪੰਜਾਬ ਗੈਂਗਸਟਰਾਂ ਦੀ ਹਿੰਸਾ, ਕਾਰੋਬਾਰੀਆਂ ਤੋਂ ਜਬਰੀ ਵਸੂਲੀ ਅਤੇ ਛੋਟੇ-ਮੋਟੇ ਮੁੱਦਿਆਂ ’ਤੇ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ, ਸਰਹੱਦੀ ਸੂਬਾ ਹੋਣ ਕਰਕੇ ਘੁਸਪੈਠ, ਸੁਰੱਖਿਆ ਚੇਤਾਵਨੀਆਂ ਅਤੇ ਤਸਕਰੀ ਨੈੱਟਵਰਕ ਆਦਿ ਮਾੜੀਆਂ ਖ਼ਬਰਾਂ ਕਾਰਨ ਬਦਨਾਮ ਹੋ ਰਿਹਾ ਹੈ।

ਸੰਸਾਰ ਭਰ ਵਿਚ ਸਿਹਤ ਸੈਰ-ਸਪਾਟਾ ਕਿਫ਼ਾਇਤੀ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ-ਸੰਭਾਲ ਸਹੂਲਤਾਂ ਪ੍ਰਾਪਤ ਕਰਨ ਲਈ ਦੇਸ਼-ਵਿਦੇਸ਼ ਦੀ ਯਾਤਰਾ ਕਰਨਾ ਅੱਜ-ਕੱਲ੍ਹ, ਕਾਫ਼ੀ ਪ੍ਰਚਲਿਤ ਹੋ ਰਿਹਾ ਹੈ। ਭਾਰਤ ਆਪਣੇ ਹੁਨਰਮੰਦ ਅਤੇ ਕਾਬਲ ਡਾਕਟਰਾਂ, ਅਤਿ-ਆਧੁਨਿਕ ਹਸਪਤਾਲਾਂ, ਪੈਰਾ-ਮੈਡੀਕਲ ਸਹੂਲਤਾਂ ਤੇ ਪ੍ਰਤੀਯੋਗੀ ਕੀਮਤ ਢਾਂਚੇ ਸਦਕਾ ਸੰਸਾਰ ਭਰ ’ਚ ‘ਮੈਡੀਕਲ ਟੂਰਿਜ਼ਮ ਸੂਚਕਾਂਕ’ ਵਿਚ ਦਸਵੇਂ ਅਤੇ ‘ਗਲੋਬਲ ਵੈੱਲਨੈਸ ਟੂਰਿਜ਼ਮ’ ਵਿਚ ਸੱਤਵੇਂ ਸਥਾਨ ’ਤੇ ਖੜ੍ਹਾ ਹੈ।
ਚੰਗੀ ਤਰ੍ਹਾਂ ਸਥਾਪਤ, ਮਜ਼ਬੂਤ ਸਿਹਤ-ਸੰਭਾਲ ਢਾਂਚੇ, ਆਸਾਨ ਸੰਪਰਕ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਨਿੱਜੀ ਸਿਹਤ-ਸੰਭਾਲ ਖੇਤਰ ਕਾਰਨ ਪੰਜਾਬ ਵੀ ਮੈਡੀਕਲ ਟੂਰਿਜ਼ਮ ਖੇਤਰ ਵਿਚ ਇਕ ਪ੍ਰਮੁੱਖ ਕੇਂਦਰ ਬਣਨ ਦੀ ਮਜ਼ਬੂਤ ਸੰਭਾਵਨਾ ਰੱਖਦਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਨੇ ਆਪਣੇ ਬੁਨਿਆਦੀ ਮੈਡੀਕਲ ਢਾਂਚੇ ਵਿਚ ਕਾਫ਼ੀ ਸੁਧਾਰ ਕੀਤਾ ਹੈ। ਵਰਤਮਾਨ ਸਮੇਂ ਸੂਬੇ ਵਿਚ ਤਿੰਨ ਮੈਡੀਕਲ ਯੂਨੀਵਰਸਿਟੀਆਂ, ਇਕ ਆਯੁਰਵੈਦਿਕ ਯੂਨੀਵਰਸਿਟੀ, 72 ਸਰਕਾਰੀ ਸਿਵਲ ਹਸਪਤਾਲ ਅਤੇ 28 ਸਟੇਟ ਸੁਪਰ ਸਪੈਸ਼ਲਿਟੀ ਮੈਡੀਕਲ ਹਸਪਤਾਲ ਕਾਰਜਸ਼ੀਲ ਹਨ।
ਪੰਜਾਬ ਕਲੀਨਿਕਲ ਇਸਟੈਬਲਿਸ਼ਮੈਂਟਸ ਅਤੇ ਫਿੱਕੀ ਸਿਹਤ ਰਿਪੋਰਟ ਮੁਤਾਬਕ ਰਾਜ ਵਿਚ 3,000 ਤੋਂ ਵਧੇਰੇ ਮੱਧ-ਆਕਾਰ, ਛੋਟੇ ਅਤੇ ਵੱਡੇ ਰਜਿਸਟਰਡ ਮਲਟੀ-ਸਪੈਸ਼ਲਿਟੀ ਨਰਸਿੰਗ ਹੋਮ ਹਨ ਜਿਨ੍ਹਾਂ ਵਿੱਚੋਂ ਲਗਪਗ 450–500 ਮਲਟੀ-ਸਪੈਸ਼ਲਿਟੀ ਪ੍ਰਾਈਵੇਟ ਹਸਪਤਾਲ ਵੱਖ-ਵੱਖ ਖੇਤਰਾਂ, ਜਿਵੇਂ ਕਿ ਕਾਰਡੀਓਲੋਜੀ, ਨਿਊਰੋਲੋਜੀ, ਆਰਥੋਪੀਡਿਕਸ, ਓਨਕੋਲੋਜੀ, ਯੂਰੋਲੋਜੀ, ਪ੍ਰਜਣਨ ਪ੍ਰਕਿਰਿਆ ਅਤੇ ਓਰਗਨ ਟ੍ਰਾਂਸਪਲਾਂਟੇਸ਼ਨ ਆਦਿ ਵਿਚ ਵਿਸ਼ਵ ਪੱਧਰੀ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਕਾਰਜਸ਼ੀਲ ਹਨ।
ਫੋਰਟਿਸ, ਮੈਕਸ ਹੈਲਥਕੇਅਰ, ਆਈਵੀ, ਐੱਸਪੀਐੱਸ ਅਪੋਲੋ, ਆਕਸਫੋਰਡ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਸੀਐੱਮਸੀ ਲੁਧਿਆਣਾ, ਏਮਜ਼ ਬਠਿੰਡਾ ਅਤੇ ਪੀਜੀਆਈ ਚੰਡੀਗੜ੍ਹ ਵਰਗੀਆਂ ਨਾਮੀ ਸੰਸਥਾਵਾਂ ਸੂਬੇ ਵਿਚ ਉੱਨਤ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਜਿੱਥੇ ਕੇਵਲ ਗੁਆਂਢੀ ਰਾਜਾਂ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੈਂਕੜੇ ਮਰੀਜ਼ ਇਲਾਜ ਵਾਸਤੇ ਆਉਂਦੇ ਹਨ। ਉੱਚ ਯੋਗਤਾ ਪ੍ਰਾਪਤ, ਮਾਹਿਰ ਪੇਸ਼ੇਵਰ ਡਾਕਟਰ, ਜਿਨ੍ਹਾਂ ਵਿੱਚੋਂ ਕਈ ਤਾਂ ਕੌਮਾਂਤਰੀ ਪ੍ਰਸਿੱਧੀ ਰੱਖਦੇ ਹਨ, ਦੀ ਮੌਜੂਦਗੀ ਦੇ ਨਾਲ-ਨਾਲ ਅਤਿ-ਆਧੁਨਿਕ ਪੈਰਾ-ਮੈਡੀਕਲ ਸਹੂਲਤਾਂ ਦਾ ਸੁਮੇਲ ਸਿਹਤ-ਸੰਭਾਲ ਸੇਵਾਵਾਂ ਲਈ ਸੂਬੇ ਨੂੰ ਇਕ ਪ੍ਰਮੁੱਖ ਟੂਰਿਜ਼ਮ ਹੱਬ ਵਜੋਂ ਵਿਕਸਤ ਕਰਨ ਵਾਸਤੇ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ।
ਇਸ ਸਮੇਂ ਕੈਨੇਡਾ, ਯੂਕੇ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਸਮੇਤ ਖਾੜੀ ਖੇਤਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਲਗਪਗ 25 ਲੱਖ ਪੰਜਾਬੀਆਂ ਦਾ ਵੱਡਾ ਭਾਈਚਾਰਾ ਰਹਿ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ ਕਈ ਕਾਰਨਾਂ ਕਰ ਕੇ ਪੰਜਾਬ ਵਿਚ ਇਲਾਜ ਕਰਵਾਉਣਾ ਪਸੰਦ ਕਰਦੇ ਹਨ ਕਿਉਂਕਿ ਪੱਛਮੀ ਦੇਸ਼ਾਂ ਤੇ ਨਜ਼ਦੀਕੀ ਗੁਆਂਢੀ ਏਸ਼ਿਆਈ ਪ੍ਰਤੀਯੋਗੀ ਦੇਸ਼ਾਂ ਦੇ ਮੁਕਾਬਲੇ ਸੂਬੇ ਵਿਚ ਸਿਹਤ-ਸੰਭਾਲ ਸੇਵਾਵਾਂ ਵਧੀਆ ਅਤੇ ਕਿਫ਼ਾਇਤੀ ਹਨ।
ਉਦਾਹਰਨ ਵਜੋਂ ਗੋਡੇ ਜਾਂ ਜੋੜ-ਬਦਲਣ, ਕਾਰਡੀਅਕ ਬਾਈਪਾਸ ਜਾਂ ਆਈਵੀਐੱਫ ਇਲਾਜ ਵਰਗੀਆਂ ਗੁੰਝਲਦਾਰ ਸਰਜਰੀਆਂ ਕੌਮਾਂਤਰੀ ਕੀਮਤਾਂ ਦੇ ਮੁਕਾਬਲੇ ਕਾਫ਼ੀ ਸਸਤੀਆਂ ਹਨ। ਇਹ ਤੁਲਨਾਤਮਕ ਲਾਗਤ ਲਾਭ ਤੇ ਆਪ੍ਰੇਸ਼ਨਾਂ ਦੀ ਚੰਗੀ ਸਫਲਤਾ ਦਰ ਕੌਮਾਂਤਰੀ ਮਰੀਜ਼ਾਂ, ਖ਼ਾਸ ਕਰਕੇ ਅਫ਼ਰੀਕੀ, ਮੱਧ ਏਸ਼ਿਆਈ ਅਤੇ ਮੱਧ ਪੂਰਬੀ ਦੇਸ਼ਾਂ ਵਾਸਤੇ ਪੰਜਾਬ ਨੂੰ ਆਕਰਸ਼ਕ ਸਥਾਨ ਵਜੋਂ ਪੇਸ਼ ਕਰਦੇ ਹਨ। ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੀ ਰਿਪੋਰਟ ਅਨੁਸਾਰ ਸਾਲ 2024 ਦੌਰਾਨ ਦੇਸ਼ ਭਰ ’ਚ ਆਏ ਕੁੱਲ ਵਿਦੇਸ਼ੀ ਮੈਡੀਕਲ ਸੈਲਾਨੀਆਂ ’ਚੋਂ 2.59 ਫ਼ੀਸਦੀ ਟੂਰਿਸਟਾਂ ਦੀ ਹਿੱਸੇਦਾਰੀ ਨਾਲ ਪੰਜਾਬ ਦਸਵੇਂ ਅਤੇ ਉੱਤਰੀ ਭਾਰਤ ਵਿਚ ਯੂਪੀ ਤੇ ਦਿੱਲੀ ਤੋਂ ਬਾਅਦ ਤੀਸਰੇ ਸਥਾਨ ’ਤੇ ਹੈ।
ਦੂਸਰਾ, ਇੱਥੇ ਮਰੀਜ਼ਾਂ ਨੂੰ ਡਾਕਟਰੀ ਪ੍ਰਕਿਰਿਆਵਾਂ ਵਾਸਤੇ ਕੋਈ ਬਹੁਤਾ ਸਮਾਂ ਉਡੀਕ ਨਹੀਂ ਕਰਨੀ ਪੈਂਦੀ ਸਗੋਂ ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਦੀ ਮੌਜੂਦਗੀ ਵਿਚ ਸੱਭਿਆਚਾਰਕ ਜਾਣ-ਪਛਾਣ ਡਾਕਟਰੀ ਇਲਾਜ ਦੌਰਾਨ ਵਾਧੂ ਮਾਨਸਿਕ ਹੌਸਲਾ-ਅਫ਼ਜ਼ਾਈ ਕਰਦੀ ਹੈ। ਤੀਸਰਾ, ਸੂਬੇ ਵਿਚ ਬਦਲਵੀਆਂ ਰਵਾਇਤੀ ਇਲਾਜ ਪ੍ਰਣਾਲੀਆਂ ਜਿਵੇਂ ਕਿ ਆਯੁਰਵੇਦ, ਯੋਗਾ, ਯੂਨਾਨੀ, ਸਿੱਧੀ, ਅਤੇ ਹੋਮਿਓਪੈਥੀ (ਆਯੁਸ਼), ਜੜ੍ਹੀ-ਬੂਟੀਆਂ, ਪੰਚਕਰਮਾ ਅਤੇ ਫਿਜ਼ੀਓਥੈਰੇਪੀ ਆਦਿ ਦੀ ਉਪਲਬਧਤਾ ਵੀ ਪੰਜਾਬੀ ਡਾਇਸਪੋਰਾ-ਸੰਚਾਲਿਤ ਮਰੀਜ਼ਾਂ ਦੀ ਆਮਦ ਵਾਸਤੇ ਮਜ਼ਬੂਤ ਆਧਾਰ ਬਣ ਸਕਦੀ ਹੈ।
ਇਸ ਤੋਂ ਇਲਾਵਾ, ਪੰਜਾਬ ਦੇ ਕੌਮਾਂਤਰੀ ਹਵਾਈ ਅੱਡਿਆਂ, ਖ਼ਾਸ ਕਰਕੇ ਅੰਮ੍ਰਿਤਸਰ ਤੇ ਚੰਡੀਗੜ੍ਹ ਰਾਹੀਂ ਮੱਧ-ਪੂਰਬ, ਮੱਧ-ਏਸ਼ੀਆ ਅਤੇ ਯੂਰਪ ਸਮੇਤ ਵੱਖ-ਵੱਖ ਵਿਸ਼ਵ-ਵਿਆਪੀ ਸਥਾਨਾਂ ਨਾਲ ਸਿੱਧਾ ਸੰਪਰਕ ਸਿਹਤ-ਸੰਭਾਲ ਸੇਵਾਵਾਂ ਦੀ ਮੰਗ ਕਰਨ ਵਾਲੇ ਸੈਲਾਨੀਆਂ ਲਈ ਇਕ ਆਦਰਸ਼ ਪ੍ਰਵੇਸ਼ ਬਿੰਦੂ ਬਣ ਸਕਦਾ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਤੇ ਧਾਰਮਿਕ ਵਿਰਾਸਤ, ਜਿਸ ਵਿਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਅਸਥਾਨ ਅਤੇ ਇੱਥੋਂ ਦੇ ਵਧੀਆ ਪਕਵਾਨ ਮਰੀਜ਼ਾਂ ਦੇ ਪਰਿਵਾਰਾਂ ਲਈ ਇਕ ਆਕਰਸ਼ਕ ਸੈਰ-ਸਪਾਟਾ ਅਨੁਭਵ ਪ੍ਰਦਾਨ ਕਰ ਸਕਦੇ ਹਨ ਭਾਵ ਮੈਡੀਕਲ ਦੇ ਨਾਲ-ਨਾਲ ਧਾਰਮਿਕ ਤੇ ਸੱਭਿਆਚਾਰਕ ਟੂਰਿਜ਼ਮ ਜੋੜਨ ਨਾਲ ਸਿਹਤ-ਸੈਰ ਸਪਾਟਾ ਪੈਕੇਜ ਦਾ ਸਮੁੱਚਾ ਮੁੱਲ ਵਧ ਸਕਦਾ ਹੈ।
ਇਸ ਸਭ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਨੀਤੀਗਤ ਉਪਾਅ ਕਰ ਕੇ ਸਿਹਤ ਸੈਰ-ਸਪਾਟਾ ਬਾਜ਼ਾਰ ਵਿਚ ਆਪਣੀ ਵਿਸ਼ਵ-ਵਿਆਪੀ ਮੌਜੂਦਗੀ ਮਜ਼ਬੂਤ ਕਰਨੀ ਚਾਹੀਦੀ ਹੈ। ਇਸ ਵਾਸਤੇ ਮੁੱਖ ਤੌਰ ’ਤੇ ਅਮਨ-ਕਾਨੂੰਨ ਦੀ ਵਿਵਸਥਾ, ਬੁਨਿਆਦੀ ਢਾਂਚਾ ਅਤੇ ਗੁਣਵੱਤਾ ਮਾਨਤਾ ਪ੍ਰਣਾਲੀ ਵਿਚ ਸੁਧਾਰ, ਨਿੱਜੀ ਨਿਵੇਸ਼ ਲਈ ਗਲੋਬਲ ਸਿਹਤ-ਸੰਭਾਲ ਚੇਨਾਂ ਨਾਲ ਭਾਈਵਾਲੀ ਕਾਇਮ ਕਰਨੀ ਅਤੇ ਕੌਮਾਂਤਰੀ ਮਾਰਕੀਟਿੰਗ ਨੂੰ ਉਤਸ਼ਾਹਤ ਕਰਨ ਲਈ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਵਾਸਤੇ ਗੰਭੀਰ ਯਤਨ ਕਰਨੇ ਚਾਹੀਦੇ ਹਨ।
ਹਾਲੀਆ ਕੁਝ ਸਾਲਾਂ ਦੌਰਾਨ ਪੰਜਾਬ ਗੈਂਗਸਟਰਾਂ ਦੀ ਹਿੰਸਾ, ਕਾਰੋਬਾਰੀਆਂ ਤੋਂ ਜਬਰੀ ਵਸੂਲੀ ਅਤੇ ਛੋਟੇ-ਮੋਟੇ ਮੁੱਦਿਆਂ ’ਤੇ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ, ਸਰਹੱਦੀ ਸੂਬਾ ਹੋਣ ਕਰਕੇ ਘੁਸਪੈਠ, ਸੁਰੱਖਿਆ ਚੇਤਾਵਨੀਆਂ ਅਤੇ ਤਸਕਰੀ ਨੈੱਟਵਰਕ ਆਦਿ ਮਾੜੀਆਂ ਖ਼ਬਰਾਂ ਕਾਰਨ ਬਦਨਾਮ ਹੋ ਰਿਹਾ ਹੈ। ਰੇਲ ਪਟੜੀਆਂ-ਸੜਕਾਂ ’ਤੇ ਅਕਸਰ ਲੱਗਦੇ ਧਰਨੇ, ਜਨਤਕ ਵਿਰੋਧ ਪ੍ਰਦਰਸ਼ਨ ਅਤੇ ਟਰੈਫਿਕ ਜਾਮ ਹਸਪਤਾਲਾਂ ਅਤੇ ਹਵਾਈ ਅੱਡਿਆਂ ਤੱਕ ਲੋਕਾਂ ਦੀ ਪਹੁੰਚ ਨੂੰ ਪ੍ਰਭਾਵਿਤ ਕਰਦੇ ਹਨ। ਨਤੀਜਤਨ, ਸੁਰੱਖਿਆ ਚਿੰਤਾਵਾਂ ਕੌਮਾਂਤਰੀ ਸੁਵਿਧਾ ਪ੍ਰਦਾਨ ਕਰਤਾਵਾਂ, ਬੀਮਾ ਕੰਪਨੀਆਂ ਅਤੇ ਯਾਤਰਾ ਭਾਈਵਾਲਾਂ ਦਾ ਵਿਸ਼ਵਾਸ ਹੀ ਨਹੀਂ ਘਟਾਉਂਦੀਆਂ ਸਗੋਂ ਨਵੇਂ ਸੁਪਰ-ਸਪੈਸ਼ਲਿਟੀ ਹਸਪਤਾਲਾਂ ਅਤੇ ਸਹਾਇਕ ਬੁਨਿਆਦੀ ਢਾਂਚੇ ਵਿਚ ਨਿੱਜੀ ਨਿਵੇਸ਼ ਨੂੰ ਵੀ ਸੀਮਤ ਕਰਦੀਆਂ ਹਨ।
ਮੈਡੀਕਲ ਟੂਰਿਜ਼ਮ ਸਿਰਫ਼ ਕਲੀਨਿਕਲ ਗੁਣਵੱਤਾ ’ਤੇ ਹੀ ਨਹੀਂ ਸਗੋਂ ਆਰਾਮ, ਸੁਰੱਖਿਆ ਅਤੇ ਆਵਾਜਾਈ ਦੀ ਸੌਖ ਦੀ ਸਮੁੱਚੀ ਭਾਵਨਾ ’ਤੇ ਵੀ ਨਿਰਭਰ ਕਰਦਾ ਹੈ। ਇਸ ਲਈ ਸਿਹਤ ਸੈਰ-ਸਪਾਟਾ ਉਤਸ਼ਾਹਤ ਕਰਨ ਵਾਸਤੇ ਸੂਬੇ ਵਿਚ ਭਰੋਸੇਯੋਗ ਅਮਨ-ਕਾਨੂੰਨ ਦੀ ਵਿਵਸਥਾ ਸਥਾਪਤ ਕਰ ਕੇ ਜਨਤਕ ਸੁਰੱਖਿਆ ਮਜ਼ਬੂਤ ਕਰਨੀ ਅਤਿ-ਜ਼ਰੂਰੀ ਹੈ। ਦੂਸਰਾ, ਪੰਜਾਬ ਵਿਚ ਜ਼ਿਆਦਾਤਰ ਹਸਪਤਾਲ, ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਵਾਸਤੇ ‘ਨੈਸ਼ਨਲ ਐਕਰੀਡਿਸ਼ਨ ਬੋਰਡ ਫਾਰ ਹਾਸਪੀਟਲਜ਼’ ਤੋਂ ਮਾਨਤਾ ਪ੍ਰਾਪਤ ਨਹੀਂ ਹਨ, ਖ਼ਾਸ ਕਰਕੇ ਅਮਰੀਕਾ-ਆਧਾਰਤ ਕੌਮਾਂਤਰੀ ‘ਜੁਆਇੰਟ ਕਮਿਸ਼ਨ ਇੰਟਰਨੈਸ਼ਨਲ’ ਦੁਆਰਾ ਮਾਨਤਾ ਪ੍ਰਾਪਤ ਤਾਂ ਕੋਈ ਵੀ ਹਸਪਤਾਲ ਪੰਜਾਬ ਵਿਚ ਨਹੀਂ ਹੈ।
ਜਦਕਿ ਵਿਦੇਸ਼ੀ ਸੈਲਾਨੀ ਮਰੀਜ਼ ਜ਼ਿਆਦਾਤਰ ਉਨ੍ਹਾਂ ਮੈਡੀਕਲ ਸੰਸਥਾਵਾਂ ਨੂੰ ਪਹਿਲ ਦਿੰਦੇ ਹਨ ਜੋ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੀਆਂ ਹਨ। ਜੁਆਇੰਟ ਕਮਿਸ਼ਨ ਮਾਨਤਾ ਵਿਸ਼ਵ-ਪੱਧਰੀ ਕਲੀਨਿਕਲ ਪ੍ਰੋਟੋਕੋਲ, ਇਨਫੈਕਸ਼ਨ ਕੰਟਰੋਲ, ਮਰੀਜ਼ਾਂ ਦੇ ਅਧਿਕਾਰਾਂ ਅਤੇ ਪਾਰਦਰਸ਼ੀ ਇਲਾਜ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਂਦੀ ਹੈ। ਇਸ ਦੀ ਅਣਹੋਂਦ ਸੂਬੇ ਦੇ ਹਸਪਤਾਲਾਂ ਵਾਸਤੇ ਵਿਸ਼ਵ-ਵਿਆਪੀ ਵਿਸ਼ਵਾਸ ਪ੍ਰਾਪਤ ਕਰਨ ਵਿਚ ਪ੍ਰਮੁੱਖ ਰੁਕਾਵਟ ਹੈ।
ਜ਼ਿਆਦਾਤਰ ਕੌਮਾਂਤਰੀ ਬੀਮਾ ਕੰਪਨੀਆਂ ਤੇ ਮੈਡੀਕਲ ਯਾਤਰਾ ਸੁਵਿਧਾ ਪ੍ਰਦਾਨ ਕਰਤਾ ਆਮ ਤੌਰ ’ਤੇ ਸਿਰਫ਼ ਜੁਆਇੰਟ ਕਮਿਸ਼ਨ ਮਾਨਤਾ ਪ੍ਰਾਪਤ ਹਸਪਤਾਲਾਂ ਨਾਲ ਹੀ ਤਾਲਮੇਲ ਰੱਖਦੇ ਹਨ। ਪੰਜਾਬ ਦੇ ਉਲਟ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਕਰਨਾਟਕ ਵਰਗੇ ਰਾਜਾਂ ਵਿਚ ਪਹਿਲਾਂ ਹੀ ਕਈ ਅਜਿਹੀ ਮਾਨਤਾ ਪ੍ਰਾਪਤ ਸੁਪਰ-ਸਪੈਸ਼ਲਿਟੀ ਹਸਪਤਾਲ ਹਨ। ਤੀਜਾ, ਸਿਹਤ-ਸੰਭਾਲ ਅਤੇ ਸੈਰ-ਸਪਾਟਾ ਵਿਭਾਗਾਂ ਦਰਮਿਆਨ ਢੁੱਕਵੇਂ ਤਾਲਮੇਲ ਅਤੇ ਸਹਿਯੋਗ ਦੀ ਘਾਟ ਵੀ ਪੰਜਾਬ ਵਿਚ ਮੈਡੀਕਲ ਟੂਰਿਜ਼ਮ ਦੇ ਵਿਕਾਸ ਨੂੰ ਸੀਮਤ ਕਰਦੀ ਹੈ। ਪ੍ਰਭਾਵਸ਼ਾਲੀ ਮੈਡੀਕਲ ਟੂਰਿਜ਼ਮ ਲਈ ਹਸਪਤਾਲਾਂ ਦੇ ਨੇੜੇ ਤੰਦਰੁਸਤੀ ਕੇਂਦਰਾਂ ਅਤੇ ਹੋਟਲਾਂ ਦੀ ਸਥਾਪਨਾ, ਮੈਡੀਕਲ ਯਾਤਰਾ ਡੈਸਕ, ਮਰੀਜ਼-ਅਨੁਕੂਲ ਆਵਾਜਾਈ ਅਤੇ ਅੰਤਰਰਾਸ਼ਟਰੀ ਪ੍ਰਮੋਸ਼ਨ ਲਈ ਸਾਂਝੀ ਤਾਲਮੇਲ ਯੋਜਨਾਬੰਦੀ ਦੀ ਲੋੜ ਹੁੰਦੀ ਹੈ।
ਵਿਦੇਸ਼ੀ ਮਰੀਜ਼ ਅਕਸਰ ਹਵਾਈ ਅੱਡੇ ਤੋਂ ਪਿਕਅੱਪ, ਹੋਟਲ-ਹਸਪਤਾਲ ਸੰਪਰਕ, ਅਨੁਵਾਦਕ ਅਤੇ ਯਾਤਰਾ ਸਹੂਲਤ ਵਰਗੀਆਂ ਸਹਿਜ ਸੇਵਾਵਾਂ ਦੀ ਉਮੀਦ ਰੱਖਦੇ ਹਨ ਪਰ ਸੂਬੇ ਵਿਚ ਪਰਸਪਰ ਤਾਲਮੇਲ ਦੀ ਘਾਟ ਕਾਰਨ ਅਜਿਹੀ ਕੋਈ ਸਹਾਇਤਾ ਪ੍ਰਣਾਲੀ ਵਿਕਸਤ ਨਹੀਂ ਹੋ ਸਕੀ ਹੈ। ਸੈਰ-ਸਪਾਟਾ ਕਾਰਪੋਰੇਸ਼ਨ ਅਕਸਰ ਮਨੋਰੰਜਨ ’ਤੇ ਧਿਆਨ ਕੇਂਦਰਿਤ ਰੱਖਦੀ ਹੈ ਜਦਕਿ ਸਿਹਤ ਵਿਭਾਗ ਸਿਰਫ਼ ਕਲੀਨਿਕਲ ਦੇਖਭਾਲ ਵੱਲ ਧਿਆਨ ਦਿੰਦਾ ਹੈ।
ਇਸ ਦੇ ਮੁਕਾਬਲੇ ਕੇਰਲ ਤੇ ਤਾਮਿਲਨਾਡੂ ਵਰਗੇ ਸੂਬੇ ਏਕੀਕ੍ਰਿਤ ਮੈਡੀਕਲ ਟੂਰਿਜ਼ਮ ਰਣਨੀਤੀ ਅਪਣਾ ਕੇ ਵਧੇਰੇ ਮਰੀਜ਼ਾਂ-ਸੈਲਾਨੀਆਂ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ। ਇਸ ਤੋਂ ਇਲਾਵਾ, ਸਿਹਤ ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਲਈ ਪੰਜਾਬ ’ਚ ਇਕ ਮਜ਼ਬੂਤ ਤੇ ਪਾਰਦਰਸ਼ੀ ਕਾਨੂੰਨੀ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ ਦੀ ਵੀ ਲੋੜ ਹੈ ਜੋ ਇਹ ਯਕੀਨੀ ਬਣਾਵੇ ਕਿ ਸੂਬੇ ਦੇ ਹਸਪਤਾਲ ਮਿਆਰੀ ਇਲਾਜ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਵਿਸ਼ਵ-ਪੱਧਰੀ ਗੁਣਵੱਤਾ ਮਾਪਦੰਡਾਂ ਅਨੁਸਾਰ ਸਾਫ਼-ਸਫਾਈ ਬਣਾ ਕੇ ਰੱਖਣ, ਡਾਕਟਰੀ ਸੇਵਾਵਾਂ ਸੁਰੱਖਿਅਤ ਅਤੇ ਪਾਰਦਰਸ਼ੀ ਯਕੀਨੀ ਬਣਾਉਣ।
ਰੈਗੂਲੇਟਰੀ ਅਥਾਰਟੀ ਲਾਗਤਾਂ, ਸ਼ਿਕਾਇਤ ਨਿਵਾਰਨ ਜਾਂ ਗ਼ਲਤ ਵਿਵਹਾਰ ਦੀ ਜਵਾਬਦੇਹੀ ਨਿਰਧਾਰਤ ਕਰ ਕੇ ਮਰੀਜ਼ਾਂ ਨੂੰ ਅਨੈਤਿਕ ਅਭਿਆਸਾਂ ਤੋਂ ਬਚਾ ਸਕਦੀ ਹੈ। ਯਾਦ ਰਹੇ ਕਿ ਹਰ ਸੈਲਾਨੀ (ਮੈਡੀਕਲ ਸੈਲਾਨੀਆਂ ਸਮੇਤ) ਸਪਸ਼ਟ, ਪਾਰਦਰਸ਼ੀ ਅਤੇ ਉੱਚਿਤ ਕੀਮਤ ਵਾਲੀਆਂ ਥਾਵਾਂ ਨੂੰ ਹੀ ਤਰਜੀਹ ਦਿੰਦਾ ਹੈ। ਇਸ ਤਰ੍ਹਾਂ ਪੰਜਾਬ ਦੀ ਸੁਰੱਖਿਅਤ ਤੇ ਪੇਸ਼ੇਵਰ ਤੌਰ ’ਤੇ ਪ੍ਰਬੰਧਿਤ ਮੈਡੀਕਲ ਟੂਰਿਸਟ ਮੰਜ਼ਿਲ ਵਜੋਂ ਪਛਾਣ ਸਥਾਪਤ ਕਰਦਿਆਂ ਮੈਡੀਕਲ ਸੈਲਾਨੀਆਂ ਤੇ ਨਿਵੇਸ਼ਕਾਂ, ਦੋਵਾਂ ਨੂੰ ਆਕਰਸ਼ਿਤ ਕਰ ਕੇ ਸੂਬੇ ਦੇ ਵਿਕਾਸ ਨੂੰ ਲੋੜੀਂਦਾ ਹੁਲਾਰਾ ਦਿੱਤਾ ਜਾ ਸਕਦਾ ਹੈ।
-ਡਾ. ਕੁਲਵੰਤ ਸਿੰਘ ਫ਼ੁੱਲ
-ਮੋਬਾਈਲ : 94637-63331