ਅਮਰੀਕਾ ਨੇ ਭਾਰਤ ਨੂੰ ਦਬਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਾਕਾਮ ਰਿਹਾ ਕਿਉਂਕਿ ਭਾਰਤ ਨੇ ਉਸ ਨਾਲ ਉਲਝਣ ਦੀ ਥਾਂ ਆਪਣੇ ਹਿੱਤਾਂ ਨੂੰ ਤਰਜੀਹ ਦੇਣੀ ਬਿਹਤਰ ਸਮਝੀ। ਪੀਐੱਮ ਮੋਦੀ ਵੱਲੋਂ 18 ਫ਼ੀਸਦ ਟੈਰਿਫ ਕਰਨ ’ਤੇ ਖ਼ੁਸ਼ੀ ਪ੍ਰਗਟਾਈ ਗਈ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਜਾ ਰਹੇ ਵੱਡੇ ਟੈਰਿਫਾਂ ਕਾਰਨ ਭਾਰਤ-ਅਮਰੀਕਾ ਵਪਾਰਕ ਸਾਂਝੇਦਾਰੀਆਂ ’ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ। ਹੁਣ ਟਰੰਪ ਨੇ ਭਾਰਤ ’ਤੇ ਲਗਾਏ ਵੱਡੇ ਟੈਰਿਫ ਨੂੰ 50 ਤੋਂ ਘਟਾ ਕੇ 18 ਫ਼ੀਸਦ ਕਰ ਦਿੱਤਾ ਹੈ। ਉਨ੍ਹਾਂ ਨੇ 500 ਬਿਲੀਅਨ ਡਾਲਰ ਤੋਂ ਵੱਧ ਦੇ ਅਮਰੀਕੀ ਉਤਪਾਦਾਂ ਨੂੰ ਖ਼ਰੀਦਣ ਅਤੇ ਭਾਰਤ ਵੱਲੋਂ ਲਗਾਏ ਟੈਰਿਫ ਅਤੇ ਗ਼ੈਰ-ਟੈਰਿਫ ਦੀਆਂ ਪਾਬੰਦੀਆਂ ਨੂੰ ਵੀ ਜ਼ੀਰੋ ਕਰਨ ਦਾ ਦਾਅਵਾ ਕੀਤਾ ਹੈ। ਇਕ ਪਾਸੇ ਟਰੰਪ ਦੇ ਇਸ ਐਲਾਨ ਮਗਰੋਂ ਕੇਂਦਰ ਸਰਕਾਰ ’ਚ ਜਸ਼ਨ ਦਾ ਮਾਹੌਲ ਹੈ ਤੇ ਦੂਜੇ ਪਾਸੇ ਸਵਾਲ ਉੱਠ ਰਹੇ ਹਨ।
ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਦੁਨੀਆ ਦੇ ਵੱਡੇ ਸਰੋਤਾਂ ਵਾਲੇ ਮੁਲਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਵਪਾਰਕ ਦਬਾਅ ਹੇਠਾਂ ਰੱਖ ਰਹੇ ਹਨ। ਉਨ੍ਹਾਂ ਦੀਆਂ ਨੀਤੀਆਂ ਨਾ ਮੰਨਣ ਵਾਲੇ ਮੁਲਕਾਂ ਨੂੰ ਵੱਡੇ ਨੁਕਸਾਨ ਵੀ ਸਹਿਣੇ ਪਏ ਹਨ। ਭਾਰਤ ਨਾਲ ਹੋਏ ਨਵੇਂ ਵਪਾਰ ਸਮਝੌਤਿਆਂ ਨੂੰ ਲੈ ਕੇ ਸਵਾਲ ਉੱਠਦਾ ਹੈ ਕਿ ਕੀ ਸਾਰਾ ਕੁਝ ਟਰੰਪ ਦੇ ਦਾਅਵੇ ਮੁਤਾਬਕ ਸਹੀ? ਕਿਉਂਕਿ ਅਮਰੀਕੀ ਰਾਸ਼ਟਰਪਤੀ ਨੇ ਖ਼ੁਦ ਆਪਣੇ ਐਕਸ ਹੈਂਡਲ ’ਤੇ ਇਸ ਬਾਰੇ ਪੋਸਟ ਪਾ ਕੇ ਕਈ ਗੱਲਾਂ ਸਪਸ਼ਟ ਕੀਤੀਆਂ ਹਨ।
ਉਨ੍ਹਾਂ ਮੁਤਾਬਕ ਪੀਐੱਮ ਮੋਦੀ ਨੂੰ ਉਨ੍ਹਾਂ ਨਾਲ ਗੱਲ ਕਰ ਕੇ ਚੰਗਾ ਲੱਗਾ ਹੈ ਅਤੇ ਭਾਰਤ ਰੂਸੀ ਤੇਲ ਖ਼ਰੀਦਣਾ ਬੰਦ ਕਰਨ ਅਤੇ ਅਮਰੀਕਾ ਤੇ ਵੈਨੇਜ਼ੁਏਲਾ ਤੋਂ ਤੇਲ ਖ਼ਰੀਦਣ ਬਾਰੇ ਵੀ ਸਹਿਮਤ ਹੈ। ਟਰੰਪ ਨੇ ਇਸ ਨੂੰ ਰੂਸ-ਯੂਕਰੇਨ ਜੰਗਬੰਦੀ ਹੋਣ ਵਾਸਤੇ ਫ਼ਾਇਦੇਮੰਦ ਦੱਸਿਆ ਹੈ। ਹਾਲਾਂਕਿ ਟਰੰਪ ਦੇ ਇਨ੍ਹਾਂ ਦਾਅਵਿਆਂ ਬਾਰੇ ਮੋਦੀ ਵੱਲੋਂ ਕੀਤੇ ਗਏ ਟਵੀਟ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਉਸ ਵੱਲੋਂ ਲਗਾਏ ਗਏ ਬੇਵਜ੍ਹਾ ਟੈਰਿਫਾਂ ਦੇ ਦਬਾਅ ਹੇਠ ਭਾਰਤ ਝੁਕਣ ਵਾਲਾ ਨਹੀਂ ਹੈ।
ਅਮਰੀਕਾ ਨੇ ਭਾਰਤ ਨੂੰ ਦਬਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਾਕਾਮ ਰਿਹਾ ਕਿਉਂਕਿ ਭਾਰਤ ਨੇ ਉਸ ਨਾਲ ਉਲਝਣ ਦੀ ਥਾਂ ਆਪਣੇ ਹਿੱਤਾਂ ਨੂੰ ਤਰਜੀਹ ਦੇਣੀ ਬਿਹਤਰ ਸਮਝੀ। ਪੀਐੱਮ ਮੋਦੀ ਵੱਲੋਂ 18 ਫ਼ੀਸਦ ਟੈਰਿਫ ਕਰਨ ’ਤੇ ਖ਼ੁਸ਼ੀ ਪ੍ਰਗਟਾਈ ਗਈ ਹੈ। ਮੋਦੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਨਾਲ ਮੁਲਕ ਨੂੰ ਫ਼ਾਇਦਾ ਹੋਵੇਗਾ। ਦੁਨੀਆ ਦੇ ਦੋ ਵੱਡੇ ਅਰਥਚਾਰੇ ਜਦੋਂ ਕੋਈ ਵਪਾਰਕ ਸਮਝੌਤਾ ਕਰਦੇ ਹਨ ਤਾਂ ਲੋਕਾਂ ਨੂੰ ਲਾਭ ਪੁੱਜਦਾ ਹੈ।
ਕਿਹੜੇ ਵਰਗ ਨੂੰ ਇਸ ਦਾ ਸਿੱਧਾ ਜਾਂ ਅਸਿੱਧਾ ਜ਼ਿਆਦਾ ਫ਼ਾਇਦਾ ਹੁੰਦਾ ਹੈ, ਇਹ ਵੀ ਭਵਿੱਖ ਦੀਆਂ ਗੱਲਾਂ ਹਨ। ਇਹ ਸਮਝੌਤੇ ਕਦੋਂ ਤੱਕ ਨਿਭਣੇ ਹਨ, ਇਸ ਬਾਰੇ ਵੀ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ। ਜੇ ਟਰੰਪ ਅਤੇ ਪੀਐੱਮ ਮੋਦੀ ਦੇ ਬਿਆਨ ਦੇ ਫ਼ਰਕ ਨੂੰ ਸਮਝੀਏ ਤਾਂ ਟਰੰਪ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਤੋਂ 500 ਬਿਲੀਅਨ ਡਾਲਰ ਦੇ ਉਤਪਾਦ ਖ਼ਰੀਦੇਗਾ।
ਇਸ ਬਿਆਨ ’ਤੇ ਭਾਰਤ ਵੱਲੋਂ ਬੇਸ਼ੱਕ ਖੁੱਲ੍ਹ ਕੇ ਟਿੱਪਣੀ ਨਹੀਂ ਕੀਤੀ ਗਈ ਪਰ ਪਿਛਲੇ ਸਾਲ ਦੇ ਰਿਕਾਰਡ ਮੁਤਾਬਕ ਭਾਰਤ ਨੇ ਅਮਰੀਕਾ ਤੋਂ ਸਿਰਫ਼ 41.5 ਬਿਲੀਅਨ ਡਾਲਰ ਦਾ ਹੀ ਸਾਮਾਨ ਖ਼ਰੀਦਿਆ ਸੀ। ਇਸ ਲਈ, 500 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਹੈ।
ਹੁਣ ਦੇਸ਼ ’ਚ ਕਾਰੋਬਾਰੀ ਮਾਹੌਲ ਸੁਧਰ ਰਿਹਾ ਹੈ। ਸ਼ੇਅਰ ਬਾਜ਼ਾਰ ਨੇ ਇਸ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਟਰੰਪ ਕਿਉਂਕਿ ਸਾਰਾ ਕੁਝ ਵਧਾ-ਚੜ੍ਹਾਅ ਕੇ ਪੇਸ਼ ਕਰ ਰਹੇ ਹਨ, ਇਸ ਲਈ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਾਰਾ ਕੁਝ ਉਸ ਤਰ੍ਹਾਂ ਨਹੀਂ ਹੋਵੇਗਾ ਜਿਵੇਂ ਅਮਰੀਕੀ ਸਦਰ ਦਾਅਵਾ ਕਰ ਰਹੇ ਹਨ। ਇਸ ਦਾ ਸੰਕੇਤ ਵਣਜ ਮੰਤਰੀ ਪਿਊਸ਼ ਗੋਇਲ ਦੇ ਇਸ ਬਿਆਨ ਤੋਂ ਮਿਲਦਾ ਹੈ ਕਿ ਭਾਰਤ ਆਪਣੇ ਮੁਕਾਬਲੇਬਾਜ਼ਾਂ ਤੋਂ ਬਿਹਤਰ ਵਪਾਰ ਸਮਝੌਤਾ ਕਰਨ ਜਾ ਰਿਹਾ ਹੈ। ਚੰਗਾ ਹੋਵੇ ਕਿ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਸਮੇਂ ਅਮਰੀਕਾ ਨੂੰ ਇਹ ਸੰਦੇਸ਼ ਦਿੱਤਾ ਜਾਵੇ ਕਿ ਉਸ ਨੇ ਪਿਛਲੇ ਛੇ ਮਹੀਨਿਆਂ ’ਚ ਭਾਰਤ ਨਾਲ ਜਿਸ ਤਰ੍ਹਾਂ ਦਾ ਵਰਤਾਅ ਕੀਤਾ ਹੈ, ਉਸ ਕਾਰਨ ਉਸ ਉੱਤੋਂ ਭਰੋਸਾ ਡਗਮਗਾਇਆ ਹੈ।