ਸਾਡੇ ਸਮਾਜ ਵਿਚ ਇਕ ਅਜੀਬ ਜਿਹੀ ਬੁਰਾਈ ਨੇ ਪੈਰ ਪਸਾਰ ਲਏ ਹਨ ਜਿਸ ਦਾ ਹੱਲ ਦੂਰ-ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਹੈ। ਇਹ ਮੰਦਭਾਗਾ ਰੁਝਾਨ ਹੈ ‘ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਲਾਲਸਾ’। ਜਦੋਂ ਕੋਈ ਆਪਣੇ ਪੁੱਤ ਜਾਂ ਧੀ ਦਾ ਵਿਆਹ ਧਰਦਾ ਹੈ, ਤਾਂ ਕਈ ਵਾਰ ਉਸ ਦਾ ਮਕਸਦ ‘ਸ਼ਗਨ’ ਮਨਾਉਣਾ ਨਹੀਂ, ਬਲਕਿ ਸ਼ਰੀਕੇ ਦੀ ‘ਹਿੱਕ ’ਤੇ ਮੂੰਗ ਦਲਣਾ’ ਹੁੰਦਾ ਹੈ

ਸਾਡੇ ਸਮਾਜ ਵਿਚ ਇਕ ਅਜੀਬ ਜਿਹੀ ਬੁਰਾਈ ਨੇ ਪੈਰ ਪਸਾਰ ਲਏ ਹਨ ਜਿਸ ਦਾ ਹੱਲ ਦੂਰ-ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਹੈ। ਇਹ ਮੰਦਭਾਗਾ ਰੁਝਾਨ ਹੈ ‘ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਲਾਲਸਾ’। ਜਦੋਂ ਕੋਈ ਆਪਣੇ ਪੁੱਤ ਜਾਂ ਧੀ ਦਾ ਵਿਆਹ ਧਰਦਾ ਹੈ, ਤਾਂ ਕਈ ਵਾਰ ਉਸ ਦਾ ਮਕਸਦ ‘ਸ਼ਗਨ’ ਮਨਾਉਣਾ ਨਹੀਂ, ਬਲਕਿ ਸ਼ਰੀਕੇ ਦੀ ‘ਹਿੱਕ ’ਤੇ ਮੂੰਗ ਦਲਣਾ’ ਹੁੰਦਾ ਹੈ। ਜ਼ਮੀਨਾਂ ਗਹਿਣੇ ਰੱਖ ਕੇ, ਆੜ੍ਹਤੀਆਂ ਤੋਂ ਮੋਟੇ ਵਿਆਜ ’ਤੇ ਪੈਸੇ ਚੁੱਕ ਕੇ ਅਤੇ ਜੀਵਨ ਭਰ ਦੀ ਜਮ੍ਹਾ-ਪੂੰਜੀ ਨੂੰ ਇੱਕੋ ਦਿਨ ‘ਪੈਲੇਸ’ ਦੇ ਵਿਹੜੇ ਵਿਚ ਖਿਲਾਰ ਕੇ ਉਹ ਸੋਚਦਾ ਹੈ ਕਿ ਸ਼ਾਇਦ ਹੁਣ ਦੁਨੀਆ ਉਸ ਦੇ ਗੁਣ ਗਾਵੇਗੀ ਪਰ ਅਸਲੀਅਤ ਵਿਚ ਅਜਿਹਾ ਹੁੰਦਾ ਨਹੀਂ ਹੈ। ਜਿਨ੍ਹਾਂ ‘ਖ਼ਾਸ’ ਮਹਿਮਾਨਾਂ ਲਈ ਪਨੀਰ, ਮਹਿੰਗੀਆਂ ਸ਼ਰਾਬਾਂ ਅਤੇ ਦਰਜਨਾਂ ਤਰ੍ਹਾਂ ਦੇ ਸਲਾਦ ਸਜਾਏ ਹੁੰਦੇ ਹਨ, ਉਹ ਪਲੇਟਾਂ ਵਿਚ ਵੱਡੀ ਮਾਤਰਾ ’ਚ ਖਾਣਾ ਜੂਠਾ ਛੱਡਦੇ ਹੋਏ ਬਾਹਰ ਨਿਕਲਦੇ ਹੀ ਇਕ ਲੰਬਾ ਡਕਾਰ ਮਾਰਦੇ ਹਨ ਅਤੇ ਮੂੰਹ ਟੇਢਾ ਕਰ ਕੇ ਕਹਿੰਦੇ ਹਨ, ‘ਯਾਰ, ਸਭ ਕੁਝ ਤਾਂ ਠੀਕ ਸੀ ਪਰ ਉਹ ਗੱਲ ਨੀ ਬਣੀ ਜੋ ਫਲਾਣੇ ਦੇ ਵਿਆਹ ’ਚ ਸੀ।’ ਇਹ ਵਾਕ ਉਸ ਬਾਪ ਦੀ ਪਿੱਠ ਵਿਚ ਛੁਰੇ ਵਾਂਗ ਵੱਜਦਾ ਹੈ ਜਿਸ ਨੇ ਉਸ ‘ਗੱਲ’ ਨੂੰ ਬਣਾਉਣ ਲਈ ਆਪਣੀ ਅਗਲੀ ਪੀੜ੍ਹੀ ਦੀ ਜ਼ਮੀਨ ਤੱਕ ਦਾਅ ’ਤੇ ਲਾ ਦਿੱਤੀ ਹੁੰਦੀ ਹੈ। ਅਸੀਂ ਉਸ ਦੌਰ ਵਿਚ ਹਾਂ ਜਿੱਥੇ ਖ਼ੁਸ਼ੀ ‘ਦਿਲ’ ਨਾਲ ਨਹੀਂ, ‘ਦਿਖਾਵੇ’ ਨਾਲ ਮਾਪੀ ਜਾਂਦੀ ਹੈ। ਜੇ ਮੈਰਿਜ ਪੈਲੇਸ ਵਿਚ ਲਾਈਟਾਂ ਘੱਟ ਹੋਣ ਤਾਂ ਇੱਜ਼ਤ ਘਟ ਜਾਂਦੀ ਹੈ, ਜੇ ਪਕਵਾਨਾਂ ਵਿਚ ਕਿਤੇ ਕੋਈ ਕਮੀ-ਪੇਸ਼ੀ ਰਹਿ ਜਾਂਦੀ ਹੈ ਤਾਂ ਖ਼ਾਨਦਾਨ ਦੀ ਸ਼ਾਨ ਨੂੰ ਢਾਹ ਲੱਗ ਜਾਂਦੀ ਹੈ। ਅਸੀਂ ਇਹ ਭੁੱਲ ਗਏ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਖੁਆ ਕੇ ਖ਼ੁਸ਼ ਕਰਨਾ ਚਾਹੁੰਦੇ ਹਾਂ, ਉਹ ਕਦੇ ਰੱਜਦੇ ਹੀ ਨਹੀਂ। ਉਹ ਤਾਂ ਵਿਆਹ ਦੀ ਵੀਡੀਓ ਦੇਖਦਿਆਂ ਵੀ ਇਹੀ ਕਹਿਣਗੇ ਕਿ ‘ਫੁੱਲ ਥੋੜ੍ਹੇ ਮੁਰਝਾਏ ਹੋਏ ਸਨ।’ ਬਹੁਤ ਦੁਖਦਾਈ ਹੈ ਕਿ ਅਸੀਂ ‘ਫੋਕੀ ਸ਼ੋਹਰਤ’ ਦੇ ਚੱਕਰ ਵਿਚ ਆਪਣਾ ਸਕੂਨ ਵੇਚ ਦਿੱਤਾ ਹੈ। ਬਾਅਦ ਵਿਚ ਜਦੋਂ ਬੈਂਕ ਵਾਲੇ ਬੂਹੇ ’ਤੇ ਆ ਕੇ ਖੜ੍ਹਦੇ ਹਨ, ਉਦੋਂ ਉਹ ‘ਉਹ ਗੱਲ ਨੀ ਬਣੀ’ ਕਹਿਣ ਵਾਲਾ ਕੋਈ ਰਿਸ਼ਤੇਦਾਰ ਸਲਾਹ ਦੇਣ ਵੀ ਨਹੀਂ ਆਉਂਦਾ। ਅਸੀਂ ਆਪਣੀ ਚਾਦਰ ਤੋਂ ਬਾਹਰ ਪੈਰ ਸਿਰਫ਼ ਇਸ ਲਈ ਪਸਾਰਦੇ ਹਾਂ ਤਾਂ ਜੋ ਲੋਕਾਂ ਦੀਆਂ ਅੱਖਾਂ ਚੁੰਧਿਆ ਸਕੀਏ ਪਰ ਅਖ਼ੀਰ ਵਿਚ ਉਹ ਲੋਕ ਸਿਰਫ਼ ‘ਨੁਕਸ’ ਲੱਭ ਕੇ ਸਾਡੇ ਮੂੰਹ ’ਤੇ ਮਾਰਦੇ ਹਨ। ਜੇਕਰ ਅਸੀਂ ਅੱਜ ਵੀ ਨਾ ਸੰਭਲੇ, ਤਾਂ ਇਹ ‘ਉਹ ਗੱਲ ਨੀ ਬਣੀ’ ਵਾਲੀ ਮਾਨਸਿਕਤਾ ਸਾਨੂੰ ਕਿਤੇ ਦਾ ਨਹੀਂ ਛੱਡੇਗੀ। ਵਿਆਹ-ਸ਼ਾਦੀਆਂ ਵਿਚ ਸਾਦਗੀ ਨੂੰ ‘ਕੰਜੂਸੀ’ ਦਾ ਨਾਂ ਦੇ ਕੇ ਅਸੀਂ ਖ਼ੁਦ ਨੂੰ ਤਬਾਹੀ ਦੇ ਰਾਹ ’ਤੇ ਤੋਰ ਲਿਆ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸਲੀ ‘ਗੱਲ’ ਮਹਿੰਗੇ ਪਕਵਾਨਾਂ ਜਾਂ ਪਨੀਰ ਦੇ ਟੁਕੜਿਆਂ ਵਿਚ ਨਹੀਂ, ਬਲਕਿ ਕਰਜ਼ਾ-ਮੁਕਤ ਜੀਵਨ ਅਤੇ ਮਾਨਸਿਕ ਸਕੂਨ ਵਿਚ ਹੁੰਦੀ ਹੈ। ਨਹੀਂ ਤਾਂ, ਸਾਰੀ ਉਮਰ ਕਿਸ਼ਤਾਂ ਭਰਦਿਆਂ ਵੀ ਸਾਡੇ ਅੰਦਰੋਂ ਇਹੀ ਆਵਾਜ਼ ਆਵੇਗੀ, ‘ਜ਼ਿੰਦਗੀ ਤਾਂ ਲੰਘ ਗਈ, ਪਰ ਉਹ ਗੱਲ ਨੀ ਬਣੀ!’
-ਜਤਿੰਦਰ ਭੁੱਚੋ, ਪਿੰਡ : ਭੁੱਚੋ ਖੁਰਦ ,(ਬਠਿੰਡਾ)।-
ਮੋਬਾਈਲ : 95014-75400