ਇਜ਼ਰਾਈਲ ਨੇ ਇਸ ਆਪ੍ਰੇਸ਼ਨ ਨੂੰ ‘ਰੋਅਰਿੰਗ ਲਾਇਨ’ ਦਾ ਕੋਡਨੇਮ ਦਿੱਤਾ ਸੀ। ਦਹਾੜਦੇ ਹੋਏ ਇਜ਼ਰਾਇਲੀ ਸ਼ੇਰ ਨੇ ਜਦੋਂ ਪੈਗੰਬਰ ਦੀ ਨੁਮਾਇੰਦਗੀ ਕਰਨ ਵਾਲੇ ਨੂੰ ਨੇਸਤੋ-ਨਾਬੂਦ ਕਰ ਦਿੱਤਾ ਤਾਂ ਟੀਵੀ ਐਂਕਰਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਲਾਈਵ ਹੁੰਦਿਆਂ ਉਨ੍ਹਾਂ ਦੀਆਂ ਅੱਖਾਂ ’ਚੋਂ ਅੱਥਰੂਆਂ ਦੀ ਝੜੀ ਲੱਗ ਗਈ ਸੀ।
ਪੱਤਰਕਾਰੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਜਦੋਂ ਈਰਾਨ ਦੇ ਸਰਬਉੱਚ ਰਹਿਬਰ, ਆਇਤੁੱਲਾ ਅਲੀ ਖਾਮਨੇਈ ਦੀ ਮੌਤ ਬਾਰੇ ਖ਼ਬਰ ਨਸ਼ਰ ਕਰਦਿਆਂ ਕੇਵਲ ਟੀਵੀ ਐਂਕਰ ਹੀ ਨਹੀਂ, ਬਲਕਿ ਉਨ੍ਹਾਂ ਦਾ ਸਮੁੱਚਾ ਸਟਾਫ ਵੀ ਜ਼ਾਰ-ਜ਼ਾਰ ਰੋ ਰਿਹਾ ਸੀ। ਪੇਸ਼ੇਵਰ ਮਰਿਆਦਾ ਦੀ ਪਰਵਾਹ ਨਾ ਕਰਦਿਆਂ ਟੀਵੀ ਮੇਜ਼ਬਾਨ ਮੁਜਾਹਿਦਾਂ ਵਾਂਗ ਨਾਅਰੇਬਾਜ਼ੀ ਕਰਨ ਲੱਗ ਪਏ ਸਨ। ‘ਖ਼ੂਨ ਦਾ ਬਦਲਾ ਖ਼ੂਨ’ ਤੱਕ ਦੇ ਨਾਅਰੇ ਵੀ ਗੂੰਜੇ।
ਯਾਜੀਦ (ਇਸਲਾਮੀ ਇਤਿਹਾਸ ਦਾ ਵਿਵਾਦਤ ਸ਼ਾਸਕ, ਜਿਸ ਨੇ ਪੈਗੰਬਰ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤੇ) ਅਤੇ ਉਨ੍ਹਾਂ ਦੇ ਬੱਚਿਆਂ ਸਮੇਤ 72 ਸਾਥੀਆਂ ਨੂੰ ਸੰਨ 680 ਵਿਚ ਕਰਬਲਾ ਦੀ ਜੰਗ ਵਿਚ ਸ਼ਹੀਦ ਕੀਤਾ ਸੀ, ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਹੁਸੈਨ ਦੇ ਵਾਰਿਸਾਂ ਦਾ ਮਨੋਬਲ ਕਦੇ ਨਹੀਂ ਟੁੱਟੇਗਾ।
ਇਹ ਹਮਲਾ ਸਬਰ, ਸ਼ਾਂਤੀ ਅਤੇ ਸ਼ੁਕਰਾਨੇ ਦਾ ਪ੍ਰਤੀਕ ਮੰਨੇ ਜਾਂਦੇ ਪਵਿੱਤਰ ਰਮਜ਼ਾਨ ਦੇ ਮਹੀਨੇ ’ਚ ਕੀਤਾ ਗਿਆ ਜਦੋਂ ਮੁਸਲਿਮ ਭਾਈਚਾਰਾ ਰੋਜ਼ੇ ਰੱਖਦਾ ਹੈ। ਇਬਾਦਤਗਾਹਾਂ ਅੰਦਰ ਪੱਕੇ ਮੁਸਲਮਾਨਾਂ ਦੇ ਹੱਥ ਅੰਬਰ ਵੱਲ ਉੱਠੇ ਹੁੰਦੇ ਹਨ। ਖ਼ੁਦ ਨੂੰ ਪੂਰੇ ਆਲਮ ਦਾ ਲੰਬੜਦਾਰ ਸਮਝਣ ਵਾਲੇ ਅਮਰੀਕਾ ਦੇ ਸਦਰ ਡੋਨਾਲਡ ਟਰੰਪ ਦੀ ਸ਼ਹਿ ’ਤੇ ਇਜ਼ਰਾਈਲ ਨੇ 28 ਫਰਵਰੀ ਅਤੇ ਇਕ ਮਾਰਚ ਦੀ ਦਰਮਿਆਨੀ ਰਾਤ ਵੇਲੇ ਮਿਜ਼ਾਈਲਾਂ ਸੁੱਟ ਕੇ ਈਰਾਨ ਦੇ ਪਹਿਲੀ ਕਤਾਰ ਦੇ ਨੇਤਾਵਾਂ/ਫ਼ੌਜੀ ਕਮਾਂਡਰਾਂ ਆਦਿ ਨੂੰ ਮਾਰ-ਮੁਕਾਇਆ ਸੀ।
ਇਜ਼ਰਾਈਲ ਨੇ ਇਸ ਆਪ੍ਰੇਸ਼ਨ ਨੂੰ ‘ਰੋਅਰਿੰਗ ਲਾਇਨ’ ਦਾ ਕੋਡਨੇਮ ਦਿੱਤਾ ਸੀ। ਦਹਾੜਦੇ ਹੋਏ ਇਜ਼ਰਾਇਲੀ ਸ਼ੇਰ ਨੇ ਜਦੋਂ ਪੈਗੰਬਰ ਦੀ ਨੁਮਾਇੰਦਗੀ ਕਰਨ ਵਾਲੇ ਨੂੰ ਨੇਸਤੋ-ਨਾਬੂਦ ਕਰ ਦਿੱਤਾ ਤਾਂ ਟੀਵੀ ਐਂਕਰਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਲਾਈਵ ਹੁੰਦਿਆਂ ਉਨ੍ਹਾਂ ਦੀਆਂ ਅੱਖਾਂ ’ਚੋਂ ਅੱਥਰੂਆਂ ਦੀ ਝੜੀ ਲੱਗ ਗਈ ਸੀ। ਈਰਾਨ ਦੇ ਸਰਕਾਰੀ ਚੈਨਲਾਂ ’ਤੇ ਚੱਲ ਰਹੇ ਪ੍ਰੋਗਰਾਮ ਰੁਕ ਗਏ ਤੇ ਸਕਰੀਨਾਂ ’ਤੇ ਕਾਲਾ ਰੰਗ ਛਾ ਗਿਆ ਸੀ। ਕਈ ਐਂਕਰਾਂ ਦੀਆਂ ਅੱਖਾਂ ਰੋਣ ਕਾਰਨ ਸੁੱਜੀਆਂ ਦਿਖਾਈ ਦਿੱਤੀਆਂ। ਨਿਊਜ਼ ਐਂਕਰ ਮਰੀਅਮ ਅਜ਼ਰਚੇਹਰ ਤਾਂ ਟੀਵੀ ਦੇ ਪਰਦੇ ’ਤੇ ਆਉਂਦਿਆਂ ਸਾਰ ਡੁਸਕ ਪਈ। ਉਸ ਅੱਗੇ ਪਈ ਖ਼ਬਰ ਮਹਿਜ਼ ਸੂਚਨਾ ਨਹੀਂ ਸਗੋਂ ਇਕ ਯੁੱਗ ਦੇ ਅੰਤ ਦੀ ਘੋਸ਼ਣਾ ਸੀ।
ਅਜਿਹੀ ਖ਼ਬਰ ਪੜ੍ਹਦਿਆਂ ਉਹ ਖ਼ੁਦ ਨੂੰ ਮਨਹੂਸ ਸਮਝ ਰਹੀ ਸੀ। ਜਿਵੇਂ ਹੀ ਮਰੀਅਮ ਨੇ ‘ਰਹਿਬਰ-ਏ-ਇਨਕਲਾਬ’ ਦੇ ਫ਼ੌਤ ਹੋ ਜਾਣ ਦੀ ਪੁਸ਼ਟੀ ਕੀਤੀ ਤਾਂ ਉਸ ਦੀ ਆਵਾਜ਼ ਕੰਬਣ ਲੱਗ ਪਈ। ਗੱਚ ਭਰ ਆਇਆ। ਸ਼ਬਦ ਉਸ ਦਾ ਸਾਥ ਨਹੀਂ ਸਨ ਦੇ ਰਹੇ। ਉਸ ਨੇ ਲਰਜ਼ਦੇ ਬੋਲਾਂ ਵਿਚ ਕਿਹਾ, ‘‘ਅੱਜ ਪੂਰੇ ਆਲਮ ਦੇ ਯਤੀਮ ਉਸੇ ਤਰ੍ਹਾਂ ਰੋਣਗੇ ਜਿਵੇਂ ਇਮਾਮ ਹੁਸੈਨ ਦੀ ਸ਼ਹਾਦਤ ’ਤੇ ਉਹ ਭੁੱਬਾਂ ਮਾਰ ਰਹੇ ਸਨ। ਸਟੂਡੀਓ ਵਿਚ ਵੀ ਮਾਤਮ ਛਾਇਆ ਹੋਇਆ ਸੀ। ਐਂਕਰ ਹੀ ਨਹੀਂ ਬਲਕਿ ਕੈਮਰਾਮੈਨ ਤੇ ਸਟੂਡੀਓ ਦੇ ਸਟਾਫ ਦੇ ਰੋਣ ਦੀਆਂ ਆਵਾਜ਼ਾਂ ਵੀ ਟੀਵੀ ’ਤੇ ਸਾਫ਼ ਸੁਣਾਈ ਦੇ ਰਹੀਆਂ ਸਨ। ਹੰਝੂਆਂ ਨੂੰ ਪੂੰਝਦਿਆਂ ਮਰੀਅਮ ਨੇ ਕੜਕਦੀ ਆਵਾਜ਼ ਵਿਚ ਕਿਹਾ, ‘‘ਬਹੁਤ ਜਲਦੀ ਇੰਤਕਾਮ ਲਿਆ ਜਾਵੇਗਾ।’’
ਉਹ ਮਾਨੋ ਸਮੁੱਚੇ ਸ਼ੀਆ ਭਾਈਚਾਰੇ ਦਾ ਦਰਦ ਬਿਆਨ ਕਰ ਰਹੀ ਸੀ। ਉਸ ਦੀ ਵੀਡੀਓ ਕਲਿੱਪ ਕਸ਼ਮੀਰ ਤੋਂ ਲੈ ਕੇ ਲੈਬਨਾਨ ਤੱਕ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਗਈ। ਈਰਾਨ ਦੇ ਪ੍ਰਮੁੱਖ ਫ਼ਾਰਸੀ ਚੈਨਲ ਆਈਆਰਆਈਬੀ ਦੀ ਐਂਕਰ ਸ਼ਬਨਮ ਰੋਮਾਨੀ ਵੀ ਖ਼ਬਰ ਪੜ੍ਹਦਿਆਂ ਹਟਕੋਰੇ ਲੈ ਰਹੀ ਸੀ। ਉਸ ਨੇ ਜਿਵੇਂ ਹੀ ‘ਇਨਾ ਲਿਲਾਹੀ ਵਾ ਇਨਾ ਇਲੈਹੀ ਰਾਜੀਊਨ (ਅਸੀਂ ਅੱਲਾ ਦੀ ਸੰਤਾਨ ਹਾਂ ਤੇ ਆਖ਼ਰ ਸਭ ਨੇ ਉਸ ਦੀ ਸ਼ਰਨ ਵਿਚ ਜਾਣਾ ਹੈ) ਕਿਹਾ ਤਾਂ ਉਹ ਡੁਸਕਣ ਲੱਗੀ ਤੇ ਅੱਗੇ ਕੁਝ ਨਾ ਬੋਲ ਸਕੀ। ਫ਼ਲਸਰੂਪ, ਸਕਰੀਨ ’ਤੇ ਖਾਮਨੇਈ ਦੀਆਂ ਤਸਵੀਰਾਂ ਚਲਾ ਦਿੱਤੀਆਂ ਗਈਆਂ ਕਿਉਂਕਿ ਉਹ ਅੱਗੇ ਬੋਲਣ ਦੀ ਹਾਲਤ ਵਿਚ ਨਹੀਂ ਸੀ।
ਲਾਈਵ ਸਟ੍ਰੀਮਿੰਗ ਦੌਰਾਨ ਈਰਾਨ ਦਾ ਮਕਬੂਲ ਐਂਕਰ ਰਜ਼ਾ ਰਸ਼ੀਦਪੁਰ ਵੀ ਬੇਹੱਦ ਭਾਵੁਕ ਹੋ ਗਿਆ ਸੀ। ਅਜਿਹੇ ਭਾਵੁਕ ਪਲਾਂ ਦੌਰਾਨ ਈਰਾਨੀ ਟੀਵੀ ਮੇਜ਼ਬਾਨਾਂ ਨੇ ਖ਼ਬਰਾਂ ਪੜ੍ਹਨ ਦੀ ਬਜਾਏ ਰੋਹੀਲੀਆਂ ਤਕਰੀਰਾਂ ਕੀਤੀਆਂ ਜੋ ਖ਼ੁਦ-ਬ-ਖ਼ੁਦ ਜੰਗ ਦਾ ਐਲਾਨ ਸਨ। ਉਨ੍ਹਾਂ ਨੇ ਐਲਾਨੀਆ ਕਿਹਾ ਕਿ ਇਜ਼ਰਾਈਲ-ਅਮਰੀਕਾ ਦੀ ਜੋੜੀ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਅਮਨ ਨੂੰ ਲਾਂਬੂ ਲਾਇਆ ਹੈ ਜਿਸ ਦਾ ਸੇਕ ਉਨ੍ਹਾਂ ਦੇ ਆਪਣੇ ਘਰਾਂ ਤੱਕ ਅਵੱਸ਼ ਪਹੁੰਚੇਗਾ। ਸ਼ਬਨਮ ਰੋਮਾਨੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਰਮਜ਼ਾਨ ਦੇ ਮਹੀਨੇ ਅਸੀਂ ਹਲਫ਼ ਲੈਂਦੇ ਹਾਂ ਕਿ ਹਰ ਮੁਸਲਮਾਨ ਆਪਣੇ ਖ਼ੂਨ ਦੇ ਆਖ਼ਰੀ ਕਤਰੇ ਤੱਕ ਲੜੇਗਾ ਤੇ ਹਰ ਕਤਰੇ ’ਚੋਂ ਇਕ ਨਵਾਂ ਖਾਮਨੇਈ ਪੈਦਾ ਹੋਵੇਗਾ।
ਟੀਵੀ ਐਂਕਰਾਂ ਦੀਆਂ ਤਕਰੀਰ-ਨੁਮਾ ਖ਼ਬਰਾਂ ਕਰਕੇ ਸ਼ੀਆ ਭਾਈਚਾਰੇ ਵਿਚ ਸਮੂਹਿਕ ਰੋਸ ਜਾਗ ਪਿਆ। ਹਰ ਕਿਸੇ ਲਈ ਇਹ ਜ਼ਲਜ਼ਲੇ ਤੋਂ ਘੱਟ ਨਹੀਂ ਸੀ। ਚਾਰ-ਚੁਫੇਰੇ ਜਿਵੇਂ ਝੱਖੜ ਝੁੱਲ ਰਿਹਾ ਸੀ। ਤੁੰਦ ਹਵਾਵਾਂ ਮਰਸੀਏ ਗਾ ਰਹੀਆਂ ਪ੍ਰਤੀਤ ਹੋਈਆਂ। ਇਹ ਮੁਸ਼ਤਰਕਾ ਗ਼ਮ (ਕੌਮੀ ਪੀੜ) ਸੀ ਜਿਸ ਦੀ ਝਲਕ ਟੀਵੀ ਚੈਨਲਾਂ ’ਤੇ ਆ ਰਹੀਆਂ ਖ਼ਬਰਾਂ ’ਚੋਂ ਮਿਲ ਰਹੀ ਸੀ। ਦਾਸਤਾਨ-ਏ-ਦਰਦ ਸਰਹੱਦਾਂ ਤੇ ਸਮੇਂ ਦੀਆਂ ਹੱਦਾਂ ਨੂੰ ਚੀਰਨ ਵਾਲੀ ਸੀ। ਗ਼ਮ-ਏ-ਦੌਰਾਂ (ਜ਼ਮਾਨੇ ਦਾ ਦਰਦ) ਅਸਹਿ ਤੇ ਅਕਹਿ ਸੀ। ਅਵਾਮ ਖਾਮਨੇਈ ਦੀ ਕੱਟੜਤਾ ਤੇ ਹਕੂਮਤ ਵੱਲੋਂ ਧਰਮ ਦੇ ਨਾਂ ’ਤੇ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਨੂੰ ਭੁੱਲ ਕੇ ਮਾਤਮ ਦੇ ਗਹਿਰੇ ਸਾਗਰ ਵਿਚ ਡੁੱਬਿਆ ਹੋਇਆ ਸੀ।
ਈਰਾਨ 1979 ਦੀ ‘ਇਸਲਾਮਿਕ ਕ੍ਰਾਂਤੀ’ ਤੋਂ ਬਾਅਦ ਕਰਬ-ਏ-ਮੁਸਲਸਲ (ਬੇਚੈਨੀ ਤੇ ਪੀੜਾ ਦੀ ਲਗਾਤਾਰਤਾ) ’ਚੋਂ ਗੁਜ਼ਰ ਰਿਹਾ ਸੀ। ਸ਼ਾਹ ਦੀ ਹਕੂਮਤ ਵੇਲੇ ਔਰਤਾਂ ਨੂੰ ਪੱਛਮੀ ਸੱਭਿਆਚਾਰ ਦੀ ਤਰਜ਼ ’ਤੇ ਆਜ਼ਾਦੀ ਮਿਲੀ ਹੋਈ ਸੀ। ਕੱਟੜਤਾ ਨੇ ਜਦੋਂ ਇਹ ਆਜ਼ਾਦੀ ਖੋਹ ਲਈ ਤਾਂ ਔਰਤਾਂ ਨੇ ਇਸਲਾਮਿਕ ਕ੍ਰਾਂਤੀ ਨੂੰ ਇਕ ਭ੍ਰਾਂਤੀ ਸਮਝਣਾ ਸ਼ੁਰੂ ਕਰ ਦਿੱਤਾ ਸੀ। ‘ਇਖ਼ਲਾਕੀ ਪੁਲਿਸ’ ਜਦੋਂ ਖ਼ਾਤੂਨਾਂ ਦੇ ਨਾਲ ਪਰਛਾਵੇਂ ਵਾਂਗ ਚੱਲਣ ਲੱਗੀ ਤਾਂ ਉਨ੍ਹਾਂ ਨੂੰ ਘੁਟਣ ਮਹਿਸੂਸ ਹੋਣ ਲੱਗ ਪਈ। ਜਨਤਕ ਥਾਵਾਂ ’ਤੇ ਨੌਜਵਾਨ ਕੁੜੀਆਂ ਆਪਣੇ ਬੁਰਕੇ ਉਤਾਰ ਕੇ ਵਾਲ ਕੱਟਣ ਲੱਗੀਆਂ। ਇਸ ਸਭ ਦੇ ਬਾਵਜੂਦ, ਇਜ਼ਰਾਈਲ ਦੇ ‘ਦਹਾੜਦੇ ਸ਼ੇਰ’ ਨੇ ਹਕੂਮਤ ਦੇ ਬਾਗ਼ੀਆਂ ਨੂੰ ਇਕ ਮੰਚ ’ਤੇ ਲੈ ਆਂਦਾ ਸੀ।
ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਥਾਂ-ਥਾਂ ਮਰਸੀਏ ਗਾਏ ਜਾ ਰਹੇ ਸਨ। ਟੀਵੀ ਚੈਨਲਾਂ ’ਤੇ ਪੜ੍ਹੀਆਂ ਜਾ ਰਹੀਆਂ ਖ਼ਬਰਾਂ ਵਕਤ ਦੇ ਪੰਨਿਆਂ ’ਤੇ ਲਿਖੀ ਜਾ ਰਹੀ ਅਜਿਹੀ ਗਾਥਾ ਸੀ ਜਿਸ ਦੀ ਗੂੰਜ ਕਰਬਲਾ ਦੇ ਨੌਹਿਆਂ ਵਾਂਗ ਕਿਆਮਤ ਤੱਕ ਸੁਣਾਈ ਦੇਵੇਗੀ। ਕਾਲਜਿਆਂ ’ਚੋਂ ਸਿੱਧੇ ਨਿਕਲੇ ਵੈਣ ਖ਼ਬਰਾਂ ਦੀ ਤਾਸੀਰ ਨੂੰ ਸਮਝਣ ਲਈ ਕਾਫ਼ੀ ਸਨ। ਇਬਾਦਤ ਤੇ ਰੋਜ਼ਿਆਂ ਦੇ ਦਿਨਾਂ ਵਿਚ ਬਾਰੂਦ ਦੀ ਬੁਛਾੜ, ਜ਼ੁਲਮ-ਏ-ਸਿਤਮ ਦੀ ਇੰਤਹਾ ਸੀ। ਕੁਝ ਘੰਟਿਆਂ ਦੇ ਫ਼ਰਕ ਨਾਲ ਇਜ਼ਰਾਈਲ ਨੇ ਮਿਨਾਬ ਸੂਬੇ ’ਚ ਸਥਿਤ ਕੁੜੀਆਂ ਦੇ ਪ੍ਰਾਇਮਰੀ ਸਕੂਲ ’ਤੇ ਹਮਲਾ ਕਰ ਕੇ ਸੱਤ ਤੋਂ ਬਾਰਾਂ ਸਾਲ ਦੀਆਂ 165 ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਸਕੂਲ ਤੋਂ ਛੁੱਟੀ ਹੋਣ ਮਗਰੋਂ ਉਨ੍ਹਾਂ ਨੇ ਆਪਣੀਆਂ ਮਾਵਾਂ ਕੋਲੋਂ ਇਫ਼ਤਾਰ ਦੇ ਮੇਜ਼ ’ਤੇ ਮਨ-ਪਸੰਦ ਭੋਜਨ ਖਾਣਾ ਸੀ। ਚਿੱਟੇ ਦਿਨ ਕੀਤੇ ਗਏ ਹਮਲੇ ਤੋਂ ਬਾਅਦ ਵਾਲਾ ਮੰਜ਼ਿਰ ਦਿਲਾਂ ਨੂੰ ਧੂਹ ਪਾਉਂਦਾ ਸੀ। ਬੱਚੀਆਂ ਤੇ ਉਨ੍ਹਾਂ ਦੇ ਬਸਤੇ ਮਲਬੇ ਹੇਠਾਂ ਦੱਬ ਗਏ ਸਨ। ਆਲਮੀ ਪੱਧਰ ’ਤੇ ‘ਦਹਾੜਦੇ ਸ਼ੇਰ’ ਦੀ ਤੋਏ-ਤੋਏ ਹੋਈ ਸੀ। ਪਹਿਲਾਂ ਵੀ ਇਜ਼ਰਾਈਲ ਨੇ ਮੁਸਲਿਮ ਦੇਸ਼ਾਂ ’ਤੇ ਕੀਤੇ ਅਚਨਚੇਤ ਹਮਲਿਆਂ ਲਈ ਰਮਜ਼ਾਨ ਦੇ ਮਹੀਨੇ ਨੂੰ ਚੁਣਿਆ ਸੀ। ਰਣਨੀਤਕ ਪੈਂਤੜੇ ਵਜੋਂ ਅਜਿਹੇ ਹਮਲੇ ਤਾਂ ਕੀਤੇ ਜਾਂਦੇ ਰਹੇ ਕਿਉਂਕਿ ਮੁਸਲਿਮ ਭਾਈਚਾਰੇ ਨੂੰ ਰੋਜ਼ਿਆਂ ਵਿਚ ਹੋਣ ਕਾਰਨ ਭੁੱਖਣ-ਭਾਣੇ ਲੜਨਾ ਮੁਹਾਲ ਹੁੰਦਾ ਹੈ। ਓਆਈਸੀ (ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪ੍ਰੇਸ਼ਨ ਦੇ 57 ਦੇਸ਼ਾਂ ਨੇ ‘ਦਹਾੜਦੇ ਸ਼ੇਰ’ ਨੂੰ ਨੱਥ ਪਾਉਣ ਦੀ ਗੱਲ ਕਹੀ ਹੈ। ਸੰਨ 1973 ਦੀ ਅਰਬ-ਇਜ਼ਰਾਈਲ ਜੰਗ, ਜਿਸ ਨੂੰ ‘ਰਮਜ਼ਾਨ ਜੰਗ’ ਦੇ ਨਾਲ ਜਾਣਿਆ ਜਾਂਦਾ ਹੈ, ਵਕਤ ਵੀ ਮੁਸਲਿਮ ਭਾਈਚਾਰੇ ਨੇ ਇਕਜੁੱਟਤਾ ਦਾ ਸਬੂਤ ਦਿੱਤਾ ਸੀ।
ਅਜੋਕੇ ਸਮੇਂ ਮੁਸਲਿਮ ਭਾਈਚਾਰਾ ਸੁੰਨੀ-ਸ਼ੀਆ ਦਰਮਿਆਨ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ। ਅਮਰੀਕਾ ਨੇ ਕਈ ਇਸਲਾਮਿਕ ਦੇਸ਼ਾਂ ’ਚ ਫੌ਼ਜੀ ਅੱਡੇ ਬਣਾਏ ਹੋਏ ਹਨ ਜਿਨ੍ਹਾਂ ਨੂੰ ਈਰਾਨ ਦੀਆਂ ਮਿਜ਼ਾਈਲਾਂ ਤਬਾਹ ਕਰ ਰਹੀਆਂ ਹਨ। ਅਮਰੀਕਾ ਤੇ ਇਜ਼ਰਾਈਲ ਈਰਾਨ ਤੇ ਇਸ ਦੇ ਇਮਦਾਦੀ ਮੁਲਕਾਂ ਨੂੰ ਤਬਾਹ ਕਰ ਕੇ ਖਿੱਤੇ ਵਿਚ ਆਪਣੀ ਸਰਦਾਰੀ ਕਾਇਮ ਕਰਨਾ ਚਾਹੁੰਦੇ ਹਨ। ਅਮਰੀਕਾ, ਈਰਾਨ ਕੋਲ ਪਰਮਾਣੂ ਬੰਬ ਹੋਣ ਦਾ ਬਹਾਨਾ ਲਾ ਕੇ ‘ਇਸਲਾਮਿਕ ਕ੍ਰਾਂਤੀ’ ਨੂੰ ਫੇਲ੍ਹ ਕਰਨਾ ਲੋਚਦਾ ਹੈ। ਦਰਅਸਲ, ਉਸ ਦੀ ਅੱਖ ਈਰਾਨ ਦੇ ਤੇਲ-ਭੰਡਾਰਾਂ ’ਤੇ ਹੈ।
ਉਂਜ ਵੀ, ਦੁਨੀਆ ਵਿਚ ਕਿਤੇ ਨਾ ਕਿਤੇ ਬਹੁਕਰ ਖੜ੍ਹੀ ਕਰਨ ਨਾਲ ਅਮਰੀਕਾ ਦੇ ਅਸਲੇ ਦੀ ਚੋਖੀ ਵਿਕਰੀ ਹੁੰਦੀ ਹੈ। ਈਦ ਦੇ ਚੰਨ ਤੋਂ ਪਹਿਲਾਂ ਹੀ ਚੰਨ ਚੜ੍ਹਾ ਕੇ ਅਮਰੀਕਾ-ਇਜ਼ਰਾਈਲ ਜੋੜੀ ਨੇ ਜੰਗੀ ਅਪਰਾਧ ਤੋਂ ਇਲਾਵਾ ਮਨੁੱਖਤਾ ਦਾ ਘਾਣ ਕਰਨ ਵਾਲਾ ਕਾਰਾ ਕੀਤਾ ਹੈ। ਭੂ-ਰਾਜਨੀਤਕ ਸੰਕਟ ਨੇ ਆਲਮੀ ਅਸਥਿਰਤਾ ਨੂੰ ਜਨਮ ਦਿੱਤਾ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਹਮਲਾ ਉਸ ਵੇਲੇ ਹੋਇਆ ਜਦੋਂ ਈਰਾਨ ਤੇ ਅਮਰੀਕਾ ਦਰਮਿਆਨ ਪਰਮਾਣੂ ਪ੍ਰੋਗਰਾਮ ਦੇ ਮੁੱਦੇ ’ਤੇ ਗੱਲਬਾਤ ਚੱਲ ਰਹੀ ਸੀ।
ਵਰਿੰਦਰ ਸਿੰਘ ਵਾਲੀਆ
ਸੰਪਾਦਕ