ਇਸ ਲਈ ਫਾਸਟੈਗ ਤੇ ਯੂਪੀਆਈ ਮਾਧਿਅਮ ਚੁਣਿਆ ਜਾ ਸਕੇਗਾ। ਪੂਰੇ ਦੇਸ਼ ’ਚ ਲਗਪਗ 1150 ਤੋਂ ਵੱਧ ਟੋਲ ਪਲਾਜ਼ੇ ਹਨ ਤੇ ਇਨ੍ਹਾਂ ’ਤੇ ਇਹ ਸਹੂਲਤ ਦਿੱਤੀ ਜਾਵੇਗੀ। ਐੱਨਐੱਚਏਆਈ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਲੇਨ ਵਿਵਸਥਾ ਵੀ ਦਰੁਸਤ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਨਾਲ ਵਾਹਨਾਂ ਦੀ ਭੀੜ ਲੱਗਣ ਤੋਂ ਰਾਹਤ ਮਿਲੇਗੀ।

ਦੇਸ਼ ’ਚ ਟੋਲ ਪਲਾਜ਼ਿਆਂ ਦਾ ਲੰਬਾ-ਚੌੜਾ ਜਾਲ ਹੈ। ਸੜਕਾਂ ਬਣਾਉਣ ਤੋਂ ਲੈ ਕੇ ਇਨ੍ਹਾਂ ਦੀ ਸਾਂਭ-ਸੰਭਾਲ ਤੱਕ ਦਾ ਜ਼ਿੰਮਾ ਇਨ੍ਹਾਂ ਦੇ ਪ੍ਰਬੰਧਕਾਂ ’ਤੇ ਰਹਿੰਦਾ ਹੈ। ਪਿਛਲੇ ਸਮੇਂ ’ਚ ਵਾਹਨ ਚਾਲਕਾਂ ਦੀ ਸਹੂਲਤ ਨੂੰ ਲੈ ਕੇ ਕਈ ਕਦਮ ਚੁੱਕੇ ਗਏ ਹਨ। ਲੰਬੀਆਂ ਲਾਈਨਾਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਫਾਸਟੈਗ ਦੀ ਸੁਵਿਧਾ ਵੀ ਸ਼ੁਰੂ ਕੀਤੀ ਗਈ ਸੀ। ਸਰਕਾਰ ਇਸ ਪਾਸੇ ਨਵਾਂ ਕਦਮ ਪੁੱਟਣ ਜਾ ਰਹੀ ਹੈ। ਦਰਅਸਲ, ਟੋਲ ਪਲਾਜ਼ਿਆਂ ਨੂੰ ਅਪ੍ਰੈਲ ਤੋਂ ਕੈਸ਼ਲੈੱਸ ਕਰਨ ਦੀ ਯੋਜਨਾ ਹੈ। ਇਸ ਨਾਲ ਟੋਲ ਕੁਲੈਕਸ਼ਨ ਸਿਰਫ਼ ਆਨਲਾਈਨ ਤਰੀਕਿਆਂ ਨਾਲ ਹੀ ਹੋਵੇਗੀ।
ਇਸ ਲਈ ਫਾਸਟੈਗ ਤੇ ਯੂਪੀਆਈ ਮਾਧਿਅਮ ਚੁਣਿਆ ਜਾ ਸਕੇਗਾ। ਪੂਰੇ ਦੇਸ਼ ’ਚ ਲਗਪਗ 1150 ਤੋਂ ਵੱਧ ਟੋਲ ਪਲਾਜ਼ੇ ਹਨ ਤੇ ਇਨ੍ਹਾਂ ’ਤੇ ਇਹ ਸਹੂਲਤ ਦਿੱਤੀ ਜਾਵੇਗੀ। ਐੱਨਐੱਚਏਆਈ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਲੇਨ ਵਿਵਸਥਾ ਵੀ ਦਰੁਸਤ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਨਾਲ ਵਾਹਨਾਂ ਦੀ ਭੀੜ ਲੱਗਣ ਤੋਂ ਰਾਹਤ ਮਿਲੇਗੀ।
ਹਾਲਾਂਕਿ ਵਿਭਾਗ ਦਾ ਦਾਅਵਾ ਹੈ ਕਿ ਤਕਰੀਬਨ 98 ਫ਼ੀਸਦੀ ਟੋਲ ਕੁਲੈਕਸ਼ਨ ਫਾਸਟੈਗ ਰਾਹੀਂ ਹੋ ਰਹੀ ਹੈ। ਸੜਕੀ ਵਿਕਾਸ ਜਿਸ ਰਫ਼ਤਾਰ ਨਾਲ ਹੋ ਰਿਹਾ ਹੈ, ਉਸੇ ਹਿਸਾਬ ਨਾਲ ਨਵੀਆਂ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਪਿਛਲੇ ਸਾਲਾਂ ’ਚ ਟੋਲ ਪਲਾਜ਼ਿਆਂ ’ਤੇ ਭੁਗਤਾਨ ਕਰਨ ਵੇਲੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਕਾਰਨ ਕਈ ਤਰ੍ਹਾਂ ਦੀਆਂ ਪਰਸ਼ਾਨੀਆਂ ਦੇਖਣ ਨੂੰ ਮਿਲੀਆਂ ਹਨ।
ਇਸ ਕਾਰਨ ਟੋਲ ਕਰਮਚਾਰੀਆਂ ਦੇ ਵਾਹਨ ਚਾਲਕਾਂ ਨਾਲ ਝਗੜੇ ਆਮ ਗੱਲ ਹੈ। ਕਈ ਥਾਈਂ ਟੋਲ ਕਰਮਚਾਰੀ ਖ਼ੁਦ ਵਾਹਨ ਚਾਲਕ ਕੋਲ ਜਾ ਕੇ ਟੋਲ ਵਸੂਲੀ ਕਰਦਾ ਹੈ ਤਾਂ ਜੋ ਲੋਕਾਂ ਨੂੰ ਕਤਾਰਾਂ ਦੌਰਾਨ ਕਿਸੇ ਤਰ੍ਹਾਂ ਦਾ ਤਣਾਅ ਨਾ ਹੋਵੇ।
ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਕ ਮਿੱਥੇ ਸਮੇਂ ਤੋਂ ਬਾਅਦ ਜੇਕਰ ਟੋਲ ਪਲਾਜ਼ੇ ’ਤੇ ਵਾਹਨ ਚਾਲਕ ਨੂੰ ਅਦਾਇਗੀ ਦੇਣ ਲਈ ਰੁਕਣਾ ਪੈਂਦਾ ਹੈ ਤਾਂ ਉਸ ਦੀ ਫੀਸ ਖ਼ਤਮ ਹੋ ਜਾਂਦੀ ਹੈ। ਹੁਣ ਸਰਕਾਰ ਜੇਕਰ ਇਨ੍ਹਾਂ ’ਤੇ ਆਨਲਾਈਨ ਢੰਗ ਨਾਲ ਟੋਲ ਵਸੂਲੀ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਸ ਪਾਸੇ ਹਰੇਕ ਪੱਧਰ ’ਤੇ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ। ਕੈਸ਼ ਰਹਿਤ ਭੁਗਤਾਨ ਦੇ ਕਈ ਤਰੀਕੇ ਇਸ ਵੇਲੇ ਮੁਲਕ ’ਚ ਕੰਮ ਕਰ ਰਹੇ ਹਨ। ਲੋਕ ਜ਼ਿਆਦਾਤਰ ਪੇਟੀਐੱਮ, ਯੂਪੀਆਈ, ਗੂਗਲ ਪੇਅ, ਫੋਨ ਪੇਅ ਅਤੇ ਬੈਂਕਾਂ ਦੇ ਐਪ ਸਣੇ ਹੋਰ ਕਈ ਤਰੀਕਿਆਂ ਨਾਲ ਆਨਲਾਈਨ ਪੇਮੈਂਟ ਕਰਦੇ ਹਨ। ਜ਼ਮੀਨੀ ਪੱਧਰ ’ਤੇ ਇਸ ਵਿਵਸਥਾ ’ਚ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਨਾਲ ਵੀ ਜੂਝਣਾ ਪੈਂਦਾ ਹੈ।
ਇੰਟਰਨੈੱਟ ਦੀ ਸਹੂਲਤ ’ਚ ਕਮੀ ਕਾਰਨ ਬਹੁਤੀ ਵਾਰ ਭੁਗਤਾਨ ਦੇਰੀ ਨਾਲ ਹੁੰਦਾ ਹੈ ਤੇ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਭੁਗਤਾਨ ਵਾਰ-ਵਾਰ ਰੱਦ ਹੁੰਦਾ ਹੈ। ਪਰ ਫਿਰ ਵੀ ਲੋਕਾਂ ’ਚ ਆਨਲਾਈਨ ਭੁਗਤਾਨ ਦੀ ਆਦਤ ਬਣ ਰਹੀ ਹੈ। ਇਸ ਕਾਰਨ ਹੁਣ ਬਹੁਤੇ ਲੋਕ ਨਕਦੀ ਆਪਣੇ ਨਾਲ ਰੱਖਣ ਤੋਂ ਵੀ ਗੁਰੇਜ਼ ਕਰਨ ਲੱਗੇ ਹਨ। ਭਾਰਤ ’ਚ 74 ਫ਼ੀਸਦੀ ਲੋਕ ਆਨਲਾਈਨ ਤਰੀਕਿਆਂ ਨਾਲ ਭੁਗਤਾਨ ਨੂੰ ਤਰਜੀਹ ਦੇ ਰਹੇ ਹਨ।
ਇਸ ’ਚ 40 ਫ਼ੀਸਦੀ ਅਜਿਹੇ ਹਨ, ਜਿਹੜੇ ਰੋਜ਼ਾਨਾ ਕੋਈ ਨਾ ਕੋਈ ਪੇਮੈਂਟ ਆਨਲਾਈਨ ਢੰਗ ਨਾਲ ਕਰ ਰਹੇ ਹਨ। ਇਸ ’ਚ ਕਰੋਬਾਰਾਂ ਦੇ ਭੁਗਤਾਨ ਅਤੇ ਲੋਕਾਂ ਦੇ ਆਪਣੇ ਨਿੱਜੀ ਲੈਣ-ਦੇਣ ਵੀ ਸ਼ਾਮਲ ਹਨ। ਹਾਲਾਂਕਿ ਇਹ ਵੀ ਜ਼ਰੂਰੀ ਨਹੀਂ ਕਿ ਹਰ ਕੋਈ ਇੰਨਾ ਸਮਰੱਥ ਹੈ ਕਿ ਉਹ ਆਨਲਾਈਨ ਤਰੀਕਿਆਂ ਨਾਲ ਭੁਗਤਾਨ ਕਰਨ ਦੀ ਸਮਝ ਰੱਖਦਾ ਹੋਵੇ। ਹੁਣ ਜਦੋਂ ਸਰਕਾਰ ਟੋਲ ਪਲਾਜ਼ਿਆਂ ਦੀ ਕੁਲੈਕਸ਼ਨ ਆਨਲਾਈਨ ਕਰਨ ਹੀ ਜਾ ਰਹੀ ਹੈ ਤਾਂ ਇਸ ਦਾ ਸਮੁੱਚਾ ਡਿਜੀਟਲ ਪ੍ਰਬੰਧ ਜੜ੍ਹ ਤੋਂ ਹੀ ਦਰੁਸਤ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਤਣਾਅ ਜਾਂ ਪਰੇਸ਼ਾਨੀ ਨਾ ਹੋਵੇ।