ਇਸ ਬਾਰੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਜੋ ਪੱਤਰ ਲਿਖਿਆ ਹੈ, ਉਸ ਮੁਤਾਬਕ ਮੀਂਹ ਤੇ ਗੜੇਮਾਰੀ ਕਾਰਨ ਸੂਬੇ ’ਚ 1.30 ਲੱਖ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ। ਇਹ ਅਨੁਮਾਨਤ ਨੁਕਸਾਨ ਹੈ ਤੇ ਗਿਰਦਾਵਰੀ ਤੋਂ ਬਾਅਦ ਅਸਲ ਤਸਵੀਰ ਕੁਝ ਹੋਰ ਹੋ ਸਕਦੀ ਹੈ।

ਮੌਸਮ ਨਿੱਤ ਮਿਜ਼ਾਜ ਬਦਲ ਰਿਹਾ ਹੈ। ਤੇਜ਼ ਮੀਂਹ ਬਾਰੇ ਮੌਸਮ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਭਵਿੱਖਬਾਣੀਆਂ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਰਹੀਆਂ ਹਨ। ਸਖ਼ਤ ਮਿਹਨਤ ਨਾਲ ਤਿਆਰ ਹੋਈ ਫ਼ਸਲ ਨੂੰ ਅੱਖਾਂ ਸਾਹਮਣੇ ਬਰਬਾਦ ਹੁੰਦੇ ਦੇਖਣਾ ਕੋਈ ਸੌਖਾ ਕੰਮ ਨਹੀਂ ਹੈ। ਇਸ ਵਾਰ ਮਾਰਚ-ਅਪ੍ਰੈਲ ’ਚ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਖੇਤਾਂ ’ਚ ਤਬਾਹੀ ਵਾਲੇ ਹਾਲਾਤ ਬਣਨਗੇ, ਸ਼ਾਇਦ ਇਹ ਕਿਸੇ ਦੇ ਵੀ ਚਿੱਤ-ਚੇਤੇ ਨਹੀਂ ਸੀ। ਮੰਡੀਆਂ ’ਚ ਕਣਕ ਦੀ ਖ਼ਰੀਦ ਹੋ ਰਹੀ ਹੈ ਤੇ ਖੇਤਾਂ ’ਚ ਪੱਕੀ ਫ਼ਸਲ ਨੂੰ ਮੀਂਹ-ਕਣੀ ਤੋਂ ਬਚਾਉਣਾ ਕਿਸਾਨਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪੰਜਾਬ ’ਚ ਇਸ ਵਾਰ ਬੇਮੌਸਮੇ ਤੇਜ਼ ਮੀਂਹ ਕਾਰਨ ਕਣਕ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ।
ਇਸ ਬਾਰੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਜੋ ਪੱਤਰ ਲਿਖਿਆ ਹੈ, ਉਸ ਮੁਤਾਬਕ ਮੀਂਹ ਤੇ ਗੜੇਮਾਰੀ ਕਾਰਨ ਸੂਬੇ ’ਚ 1.30 ਲੱਖ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ। ਇਹ ਅਨੁਮਾਨਤ ਨੁਕਸਾਨ ਹੈ ਤੇ ਗਿਰਦਾਵਰੀ ਤੋਂ ਬਾਅਦ ਅਸਲ ਤਸਵੀਰ ਕੁਝ ਹੋਰ ਹੋ ਸਕਦੀ ਹੈ। ਇਕੱਲੀ ਕਣਕ ਦਾ ਹੀ ਮੀਂਹ-ਹਨੇਰੀ ਨੇ ਨੁਕਸਾਨ ਨਹੀਂ ਕੀਤਾ ਹੈ। ਇਸ ਕਾਰਨ ਫ਼ਲਾਂ, ਸਬਜ਼ੀਆਂ ਤੇ ਹਰੇ ਚਾਰੇ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ।
ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ, ਅੰਮ੍ਰਿਤਸਰ, ਮੋਗਾ ਤੇ ਮਾਨਸਾ ਸਣੇ ਕਈ ਜ਼ਿਲ੍ਹਿਆਂ ’ਚ ਹਾਲਾਤ ਜ਼ਿਆਦਾ ਗੰਭੀਰ ਹਨ। ਮੀਂਹ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨਾ ਇਕੱਲੀ ਸੂਬਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ। ਪੰਜਾਬ ਦੇ ਸੱਤ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ’ਚ ਮੀਂਹ ਕਾਰਨ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਹੈ, ਇਹ ਤਸਵੀਰ ਬੇਸ਼ੱਕ ਆਉਣ ਵਾਲੇ ਦਿਨਾਂ ’ਚ ਸਾਫ਼ ਹੋ ਜਾਵੇਗੀ ਪਰ ਇਸ ਵੇਲੇ ਉਨ੍ਹਾਂ ਨੂੰ ਫ਼ੌਰੀ ਤੌਰ ’ਤੇ ਆਰਥਿਕ ਮਦਦ ਦੀ ਲੋੜ ਹੈ। ਖੇਤਾਂ ’ਚ ਨੁਕਸਾਨੀ ਗਈ ਫ਼ਸਲ ਨੂੰ ਸਾਂਭਣਾ ਵੀ ਵੱਡੀ ਚੁਣੌਤੀ ਹੈ। ਇਸ ਲਈ ਵੱਖਰੇ ਤੌਰ ’ਤੇ ਲੇਬਰ ਤੇ ਹੋਰ ਖ਼ਰਚਿਆਂ ਦੇ ਪ੍ਰਬੰਧ ਕਰਨੇ ਪੈਂਦੇ ਹਨ। ਇਹ ਉਹ ਫ਼ਸਲਾਂ ਹਨ ਜੋ ਕਿਸਾਨਾਂ ਨੇ ਵੱਡੇ ਕਰਜ਼ੇ ਚੁੱਕ ਕੇ ਬੀਜੀਆਂ ਹਨ।
ਖੇਤੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਆਰਥਿਕ ਚੁਣੌਤੀਆਂ ਨਾਲ ਪਹਿਲਾਂ ਹੀ ਪੰਜਾਬ ਦੇ ਕਿਸਾਨ ਜੂਝ ਰਹੇ ਹਨ। ਦੇਸ਼ ’ਚ ਅਨਾਜ ਦੀ ਮੰਗ ਨੂੰ ਪੂਰਾ ਕਰਦਿਆਂ ਉਨ੍ਹਾਂ ਨੂੰ ਕਈ ਵਾਰ ਫ਼ਸਲਾਂ ’ਚੋਂ ਲਾਗਤ ਮੁੱਲ ਵੀ ਹਾਸਲ ਨਹੀਂ ਹੁੰਦਾ। ਦੂਜੇ ਪਾਸੇ ਅਜਿਹੀਆਂ ਆਫ਼ਤਾਂ ਉਨ੍ਹਾਂ ਦਾ ਦੁੱਗਣਾ ਨੁਕਸਾਨ ਕਰ ਦਿੰਦੀਆਂ ਹਨ। ਪਿਛਲੇ ਸਾਲ ਹੜ੍ਹਾਂ ਕਾਰਨ ਕਿਸਾਨਾਂ ਨੂੰ ਵੱਡੇ ਨੁਕਸਾਨ ਝੱਲਣੇ ਪਣੇ ਸਨ। ਇਕ ਰਿਪੋਰਟ ਮੁਤਾਬਕ ਢਾਈ ਲੱਖ ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆਈ ਸੀ। ਖੇਤਾਂ ’ਚ ਕਈ-ਕਈ ਫੁੱਟ ਰੇਤ ਜਮ੍ਹਾ ਹੋਣ ਕਾਰਨ ਨੁਕਸਾਨੀ ਜ਼ਮੀਨ ’ਚ ਮੁੜ ਕੋਈ ਫ਼ਸਲ ਬੀਜਣੀ ਕਿਸਾਨਾਂ ਲਈ ਵੱਡੀ ਪਰੇਸ਼ਾਨੀ ਬਣ ਗਈ ਸੀ। ਹੜ੍ਹਾਂ ਕਾਰਨ 1.75 ਲੱਖ ਹੈਕਟੇਅਰ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਸਨ।
ਸਭ ਤੋਂ ਵੱਧ ਝੋਨੇ ਦੀ ਫ਼ਸਲ ਨੁਕਸਾਨੀ ਗਈ ਸੀ। ਇਕ ਅੰਦਾਜ਼ੇ ਮੁਤਾਬਕ 20 ਹਜ਼ਾਰ ਕਰੋੜ ਦਾ ਆਰਥਿਕ ਨੁਕਸਾਨ ਹੋਇਆ ਸੀ। ਕੁਦਰਤੀ ਆਫ਼ਤਾਂ ’ਤੇ ਬੇਸ਼ੱਕ ਕਿਸੇ ਦਾ ਜ਼ੋਰ ਨਹੀਂ ਹੈ ਪਰ ਜਿਹੜੇ ਇਨ੍ਹਾਂ ਦੀ ਮਾਰ ਹੇਠ ਵਾਰ-ਵਾਰ ਆਉਂਦੇ ਹਨ, ਉਨ੍ਹਾਂ ਖ਼ਾਸ ਕਰਕੇ ਕਿਸਾਨਾਂ ਪ੍ਰਤੀ ਸਰਕਾਰ ਨੂੰ ਕੋਈ ਲੰਬੇ ਸਮੇਂ ਦੀ ਯੋਜਨਾ ਬਣਾ ਕੇ ਚੱਲਣ ਦੀ ਲੋੜ ਹੈ। ਪੰਜਾਬ ਸਰਹੱਦੀ ਤੇ ਖੇਤੀ ਪ੍ਰਧਾਨ ਸੂਬਾ ਹੈ।
ਬਰਸਾਤਾਂ ਦੇ ਦਿਨਾਂ ’ਚ ਛੱਡਿਆ ਜਾਣ ਵਾਲਾ ਡੈਮਾਂ ਦਾ ਪਾਣੀ ਵੀ ਹੜ੍ਹ ਦਾ ਰੂਪ ਧਾਰਨ ਕਰ ਕੇ ਫ਼ਸਲਾਂ ਦੀ ਤਬਾਹੀ ਕਰਦਾ ਹੈ। ਅਜਿਹੇ ਨੁਕਸਾਨਾਂ ਤੋਂ ਕਿਸਾਨਾਂ ਨੂੰ ਬਚਾਉਣ ਲਈ ਖੇਤੀ ਨਾਲ ਸਬੰਧਤ ਬੀਮਿਆਂ ਦਾ ਦਾਇਰਾ ਵਧਾਉਣਾ ਚਾਹੀਦਾ ਹੈ। ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕਿਸਾਨਾਂ ਨੂੰ ਖੇਤੀਬਾੜੀ ’ਚ ਹੋਏ ਨੁਕਸਾਨ ਨਾਲ ਸਬੰਧਤ ਮੁਆਵਜ਼ੇ ਦੇਣੇ ਚਾਹੀਦੇ ਹਨ।