ਪੰਥਕ ਸਫ਼ਾਂ ਵਿਚ ਵਿਚਰਦਿਆਂ ਜਦੋਂ ਉਨ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇਖਿਆ ਕਿ ਕੁਝ ਦੁਕਾਨਦਾਰਾਂ ਅਤੇ ਪ੍ਰਕਾਸ਼ਕਾਂ ਨੇ ‘ਜਾਗਤ ਜੋਤ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਵਪਾਰ ਅਤੇ ਮੁਨਾਫ਼ੇ ਦਾ ਜ਼ਰੀਆ ਬਣਾਇਆ ਹੋਇਆ ਹੈ ਅਤੇ ਛਪਾਈ ਵਿਚ ਅਣਗਹਿਲੀ ਤੇ ਸਰੂਪਾਂ ਨੂੰ ਬਣਦਾ ਸਤਿਕਾਰ ਨਹੀ ਦਿੱਤਾ ਜਾ ਰਿਹਾ ਤਾਂ ਇਸ ਗੱਲ ਨੇ ਉਨ੍ਹਾਂ ਦੇ ਹਿਰਦੇ ਨੂੰ ਝੰਜੋੜ ਕੇ ਰੱਖ ਦਿੱਤਾ।

ਭਾਈ ਸਾਹਿਬ ਡਾ. ਦਲੀਪ ਸਿੰਘ ਦਾ ਸਮੁੱਚਾ ਜੀਵਨ ਸਾਦਗੀ, ਸੇਵਾ, ਸਿਮਰਨ ਅਤੇ ਗੁਰੂ-ਘਰ ਦੇ ਅਦਬ-ਸਤਿਕਾਰ ਦੀ ਇਕ ਅਜਿਹੀ ਮਿਸਾਲ ਹੈ ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਸੇਧ ਲੈਂਦੀਆਂ ਰਹਿਣਗੀਆਂ। ਉਨ੍ਹਾਂ ਦਾ ਜਨਮ 14 ਮਈ 1948 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਪਿਤਾ ਅਜੀਤ ਸਿੰਘ ਦੇ ਗ੍ਰਹਿ ਅਤੇ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਭਾਈ ਸਾਹਿਬ ਸਿਰਫ਼ ਅਧਿਆਤਮਕ ਤੌਰ ’ਤੇ ਹੀ ਬੁਲੰਦ ਨਹੀਂ ਸਨ ਸਗੋਂ ਦੁਨਿਆਵੀ ਵਿੱਦਿਆ ਵਿਚ ਵੀ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਉਨ੍ਹਾਂ ਨੇ ਫਾਰਮੇਸੀ ਦੀ ਪੜ੍ਹਾਈ ਚੁਣੀ ਤੇ ਆਪਣੀ ਮਿਹਨਤ ਤੇ ਲਗਨ ਸਦਕਾ ਉਸ ਸਮੇਂ ਦੇ ਸਾਂਝੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਪੜ੍ਹਾਈ ਮੁਕੰਮਲ ਕਰਨ ਉਪਰੰਤ ਉਨ੍ਹਾਂ ਨੇ ਨਕੋਦਰ ਇਲਾਕੇ ਨੂੰ ਕਰਮ ਭੂਮੀ ਬਣਾਉਂਦਿਆਂ ਮਹਿਤਪੁਰ ਤੇ ਮੱਲ੍ਹੀਆਂ ਕਲਾਂ ਵਿਖੇ ਬਤੌਰ ਫਾਰਮਾਸਿਸਟ ਨੌਕਰੀ ਕੀਤੀ। ਉਨ੍ਹਾਂ ਇਸ ਕਿੱਤੇ ਨੂੰ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਹੀਂ ਸਮਝਿਆ, ਸਗੋਂ ਇਸ ਨੂੰ ‘ਦੁਖ ਭੰਜਨ ਤੇਰਾ ਨਾਮ’ ਦੇ ਸੰਕਲਪ ਨਾਲ ਜੋੜਿਆ। ਉਹ ਅਕਸਰ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੰਦੇ ਤੇ ਸਮੇਂ-ਸਮੇਂ ’ਤੇ ਫ੍ਰੀ ਮੈਡੀਕਲ ਕੈਂਪ ਲਗਾਉਂਦੇ। ਉਨ੍ਹਾਂ ਕੋਲ ਆ ਕੇ ਮਰੀਜ਼ ਦਵਾਈ ਦੇ ਨਾਲ-ਨਾਲ ਉਨ੍ਹਾਂ ਦੇ ਮਿੱਠੇ ਬੋਲਾਂ ਤੇ ਅਰਦਾਸ ਨਾਲ ਹੀ ਠੀਕ ਹੋ ਜਾਂਦੇ ਸਨ।
ਪੰਥਕ ਸਫ਼ਾਂ ਵਿਚ ਵਿਚਰਦਿਆਂ ਜਦੋਂ ਉਨ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇਖਿਆ ਕਿ ਕੁਝ ਦੁਕਾਨਦਾਰਾਂ ਅਤੇ ਪ੍ਰਕਾਸ਼ਕਾਂ ਨੇ ‘ਜਾਗਤ ਜੋਤ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਵਪਾਰ ਅਤੇ ਮੁਨਾਫ਼ੇ ਦਾ ਜ਼ਰੀਆ ਬਣਾਇਆ ਹੋਇਆ ਹੈ ਅਤੇ ਛਪਾਈ ਵਿਚ ਅਣਗਹਿਲੀ ਤੇ ਸਰੂਪਾਂ ਨੂੰ ਬਣਦਾ ਸਤਿਕਾਰ ਨਹੀ ਦਿੱਤਾ ਜਾ ਰਿਹਾ ਤਾਂ ਇਸ ਗੱਲ ਨੇ ਉਨ੍ਹਾਂ ਦੇ ਹਿਰਦੇ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਨੇ ਅਕਾਲ ਪੁਰਖ ਦਾ ਓਟ-ਆਸਰਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਕਾਰਜ ਪੂਰਨ ਮਰਿਆਦਾ ਤੇ ਸਤਿਕਾਰ ਨਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।
ਇਸ ਕਾਰਜ ਲਈ ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਮਾਲੜੀ ਸਾਹਿਬ ਨੂੰ ਚੁਣਿਆ ਤੇ ਇੱਥੇ ਅਤਿ-ਆਧੁਨਿਕ ਪਰ ਮਰਿਆਦਾ ਅਨੁਸਾਰ ਪ੍ਰੈੱਸ ਲਗਾਈ। ਉਹ ਯਕੀਨੀ ਬਣਾਉਂਦੇ ਸਨ ਕਿ ਛਪਾਈ ਦੌਰਾਨ ਹਰ ਸੇਵਾਦਾਰ ਸੁੱਚਮਤਾ ’ਚ ਹੋਵੇ ਤੇ ਹਰ ਸਮੇਂ ਨਾਮ ਦਾ ਜਾਪ ਕਰੇ। ਉਨ੍ਹਾਂ ਗੁਰੂ ਸਾਹਿਬ ਦੇ ਸਤਿਕਾਰ ਤੇ ਸ਼ਰਧਾ ਨੂੰ ਹਮੇਸ਼ਾ ਮੁੱਖ ਰੱਖਿਆ। ਸਮੇਂ ਦੇ ਨਾਲ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਛਪਾਈ ਬੰਦ ਕਰਨ ਦੇ ਸਭ ਨੂੰ ਹੁਕਮ ਹੋਏ ਤਾਂ ਉਨ੍ਹਾਂ ਉੱਥੇ ਹੀ ਸਾਰਾ ਕਾਰਜ ਬੰਦ ਕਰ ਦਿੱਤਾ। ਭਾਈ ਸਾਹਿਬ ਜਾਣਦੇ ਸਨ ਕਿ ਸਮਾਜ ਨੂੰ ਸਹੀ ਸੇਧ ਦੇਣ ਲਈ ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ।
ਇਸੇ ਸੋਚ ਨੂੰ ਅਮਲੀਜਾਮਾ ਪਹਿਨਾਉਣ ਲਈ ਉਨ੍ਹਾਂ ਨੇ ਹੋਰ ਗੁਰਸਿੱਖਾਂ ਨਾਲ ਰਲ ਕੇ ‘ਸੇਵਕ ਚੈਰੀਟੇਬਲ ਟਰੱਸਟ’ ਦੀ ਸਥਾਪਨਾ ਕਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਮੌਕੇ 1988 ਵਿਚ ਸੇਵਕ ਪਬਲਿਕ ਹਾਈ ਸਕੂਲ, ਨਕੋਦਰ ਦੀ ਨੀਂਹ ਰੱਖੀ। ਉਨ੍ਹਾਂ ਦਾ ਸੁਪਨਾ ਸੀ ਕਿ ਇੱਥੇ ਪੜ੍ਹਨ ਵਾਲਾ ਹਰ ਬੱਚਾ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਗੁਰਮਤਿ ਸਿਧਾਂਤਾਂ ਨਾਲ ਵੀ ਜੁੜੇ। ਉਹ ਖ਼ੁਦ ਸਕੂਲ ਦੀਆਂ ਗਤੀਵਿਧੀਆਂ ਵਿਚ ਦਿਲਚਸਪੀ ਲੈਂਦੇ ਅਤੇ ਬੱਚਿਆਂ ਨੂੰ ਸਾਦਗੀ ਤੇ ਸੱਚਾਈ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ। ਅੱਜ ਇਸ ਸਕੂਲ ਤੋਂ ਪੜ੍ਹੇ ਹਜ਼ਾਰਾਂ ਵਿਦਿਆਰਥੀ ਦੇਸ਼-ਵਿਦੇਸ਼ ਵਿਚ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹਨ।
ਡਾ. ਦਲੀਪ ਸਿੰਘ ਦਾ ਸਬੰਧ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੇ ਪਰਿਵਾਰ ਨਾਲ ਸੀ। ਆਪ ਨੇ ਵੀ ਕਈ ਧਾਰਮਿਕ ਪੁਸਤਕਾਂ ਪੰਥ ਦੀ ਝੋਲੀ ਵਿਚ ਪਾਈਆਂ ਪਰ ਉਨ੍ਹਾਂ ਕਦੇ ਵੀ ਕਿਸੇ ਪੁਸਤਕ ਉੱਤੇ ਆਪਣਾ ਨਾਮ ਨਹੀਂ ਲਿਖਿਆ। ਭਾਈ ਵੀਰ ਸਿੰਘ ਵਾਂਗ ਹੀ ਉਨ੍ਹਾਂ ਦੇ ਮਨ ਦੀ ਅਵਸਥਾ ਵੀ ਇਹੋ ਸੀ ਕਿ ‘ਮੇਰੀ ਛਿਪੇ ਰਹਿਣ ਦੀ ਚਾਹ, ਤੇ ਛਿਪ ਟੁਰ ਜਾਣ ਦੀ।’ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਲਿਖਣ ਦੀ ਦਾਤ ਗੁਰੂ ਦੀ ਹੈ ਤਾਂ ਫਿਰ ਮੈਂ ਆਪਣਾ ਨਾਮ ਕਿਉਂ ਛਾਪਾਂ? ਉਹ ਚਾਹੁੰਦੇ ਸਨ ਕਿ ਪਾਠਕ ਲਿਖਾਰੀ ਨਾਲ ਜੁੜਨ ਦੀ ਬਜਾਏ, ਲਿਖਤ ਵਿਚਲੇ ਗਿਆਨ ਤੇ ਗੁਰੂ ਨਾਲ ਜੁੜਨ।
ਉਹ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਪਿੰਡ-ਪਿੰਡ ਜਾ ਕੇ ਕਥਾ ਕਰਦੇ ਸਨ ਤੇ ਸੰਗਤਾਂ ਨੂੰ ਧਾਰਮਿਕ ਸਾਹਿਤ ਤੇ ਪੁਸਤਕਾਂ ਵੰਡਿਆ ਕਰਦੇ ਸਨ ਤਾਂ ਜੋ ਆਮ ਲੋਕਾਈ ਗੁਰੂ ਦੇ ਸ਼ਬਦ ਅਤੇ ਗਿਆਨ ਨਾਲ ਜੁੜ ਸਕੇ। ਉਨ੍ਹਾਂ ਨੇ ਜੀਵਨ ਭਰ ਅਨੇਕ ਮਹਾਨ ਕਾਰਜ ਕੀਤੇ ਪਰ ਕਦੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਜਾਂ ਸਟੇਜਾਂ ਦਾ ਸ਼ਿੰਗਾਰ ਬਣਨ ਦੀ ਇੱਛਾ ਨਹੀਂ ਰੱਖੀ। ਉਨ੍ਹਾਂ ਦੀ ਆਤਮਿਕ ਅਵਸਥਾ ਇੰਨੀ ਬੁਲੰਦ ਸੀ ਕਿ ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ, ਪੰਥ ਦੇ ਜਥੇਦਾਰ ਤੇ ਵਿਦਵਾਨ ਉਨ੍ਹਾਂ ਪਾਸੋਂ ਗੁੰਝਲਦਾਰ ਮਸਲਿਆਂ ’ਤੇ ਸਲਾਹ ਲੈਣ ਲਈ ਆਉਂਦੇ ਸਨ ਪਰ ਉਹ ਹਮੇਸ਼ਾ ਨਿਮਰਤਾ ਦੇ ਪੁਜਾਰੀ ਬਣੇ ਰਹੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ, ਜਥੇਦਾਰ ਗਿਆਨੀ ਤਰਲੋਚਨ ਸਿੰਘ ਤੇ ਜਥੇਦਾਰ ਗਿਆਨੀ ਇਕਬਾਲ ਸਿੰਘ ਭਾਈ ਸਾਹਿਬ ਦੀ ਜੀਵਨ ਸ਼ੈਲੀ, ਨਾਮ-ਅਭਿਆਸ ਤੇ ਪੰਥਕ ਸੇਵਾਵਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਭਾਈ ਸਾਹਿਬ ਨੂੰ ‘ਸੰਤ’ ਦੀ ਉਪਾਧੀ ਦਿੱਤੀ। ਪਰ ‘ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ’ ਦੇ ਧਾਰਨੀ ਭਾਈ ਸਾਹਿਬ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਗੁਰੂ ਦਾ ‘ਸਿੱਖ’ ਤੇ ‘ਸੇਵਕ’ ਹੀ ਰਹਿਣ ਦਿੱਤਾ ਜਾਵੇ। ਉਹ ਜਾਣਦੇ ਸਨ ਕਿ ਅਸਲ ਸਨਮਾਨ ਦੁਨੀਆ ਤੋਂ ਨਹੀਂ, ਸਗੋਂ ਦਰਗਾਹ ਵਿੱਚੋਂ ਮਿਲਦਾ ਹੈ।
ਡਾ. ਸਾਬ੍ਹ ਦਾ ਨਿੱਤ-ਜੀਵਨ ਨਾਮ-ਬਾਣੀ ਵਿਚ ਗੜੁੱਚ ਸੀ। ਉਨ੍ਹਾਂ ਦੇ ਚਿਹਰੇ ’ਤੇ ਹਮੇਸ਼ਾ ਇਕ ਅਲੌਕਿਕ ਨੂਰ ਰਹਿੰਦਾ ਸੀ। ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਾ ਹਰ ਵਿਅਕਤੀ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਸੀ ਰਹਿੰਦਾ। ਕੁਦਰਤ ਦੇ ਨਿਯਮ ਅਨੁਸਾਰ, ਜੋ ਆਇਆ ਹੈ, ਉਸ ਨੇ ਜਾਣਾ ਹੈ। ਕੁਝ ਦਿਨ ਬਿਮਾਰ ਰਹਿਣ ਉਪਰੰਤ ਭਾਈ ਸਾਹਿਬ ਆਪਣੀ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦਿਆਂ 12 ਫਰਵਰੀ ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਵਿਛੋੜਾ ਸਮੁੱਚੇ ਪੰਥ, ਪਰਿਵਾਰ ਤੇ ਸੇਵਕ ਟਰੱਸਟ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਉਹ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਆਰੰਭੇ ਕਾਰਜ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦਾ ਸਾਦਗੀ ਭਰਿਆ ਜੀਵਨ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ। ਵਿੱਦਿਆ ਦੇ ਖੇਤਰ ਵਿਚ ਭਾਈ ਸਾਹਿਬ ਵੱਲੋਂ ਸੇਵਕ ਸਕੂਲ ਦੇ ਰੂਪ ਵਿਚ ਲਾਇਆ ਗਿਆ ਬੂਟਾ ਸਦਾ ਉਨ੍ਹਾਂ ਦੀ ਯਾਦ ਦਿਵਾਉਂਦਾ ਰਹੇਗਾ। ਅੱਜ ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਸੇਵਕ ਪਬਲਿਕ ਹਾਈ ਸਕੂਲ, ਨਕੋਦਰ ਵਿਖੇ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ।
-ਪ੍ਰਿਤਪਾਲ ਸਿੰਘ ਸ਼ਾਹਕੋਟ
-ਮੋਬਾਈਲ: 98881-20180