ਲੋਕ-ਗੀਤਾਂ ਜਿੰਨੀ ਉਮਰ ਦੀ ਅਸੀਸ ਲੰਬੀ, ਅਰਥਪੂਰਨ ਤੇ ਯਾਦਗਾਰ ਜ਼ਿੰਦਗੀ ਦੀ ਕਾਮਨਾ ਹੈ। ਇਤਿਹਾਸ ਗਵਾਹ ਹੈ ਕਿ ਕੁਝ ਗੀਤ ਤੇ ਗਾਇਕ ਆਮ ਤੋਂ ਖ਼ਾਸ ਹਰ ਦਿਲ ਵਿਚ ਵਸ ਜਾਂਦੇ ਹਨ। ਉਹ ਬੱਚਿਆਂ ਨੂੰ ਵੀ ਆਪਣੇ ਲੱਗਦੇ ਹਨ ਤੇ ਬਜ਼ੁਰਗਾਂ ਨੂੰ ਵੀ ਕਿਉਂਕਿ ਉਨ੍ਹਾਂ ਵਿਚ ਮਨੋਰੰਜਨ ਦੇ ਨਾਲ-ਨਾਲ ਸੰਸਕਾਰ ਤੇ ਜੀਵਨ-ਜਾਚ ਦੀ ਝਲਕ ਹੁੰਦੀ ਹੈ। ਕੁਝ ਗੀਤ ਸਮੇਂ ਨਾਲ ਮਿਟਦੇ ਨਹੀਂ; ਸਗੋਂ ਉਹ ਹੋਰ ਡੂੰਘੇ ਹੋ ਕੇ ਅਗਲੀ ਪੀੜ੍ਹੀ ਦੇ ਦਿਲਾਂ ਵਿਚ ਵਸਦੇ ਹਨ। ਦਾਦੇ-ਦਾਦੀਆਂ ਤੇ ਪੋਤੇ-ਪੋਤੀਆਂ ਜਦੋਂ ਇਕੱਠੇ ਇਨ੍ਹਾਂ ਦਾ ਆਨੰਦ ਲੈਂਦੇ ਹਨ ਤਾਂ ਸੱਭਿਆਚਾਰਕ ਨਿਰੰਤਰਤਾ ਬਣੀ ਰਹਿੰਦੀ ਹੈ।

-ਡਾ. ਹੀਰਾ ਸਿੰਘ ਭੂਪਾਲ
-ਗੀਤਾਂ ਨੂੰ ਸੁਣ ਕੇ ਮੇਰੇ ਪਿਤਾ ਜੀ ਹੋਏ ਸਿਹਤਯਾਬ
ਲੋਕ-ਗੀਤਾਂ ਜਿੰਨੀ ਉਮਰ ਦੀ ਅਸੀਸ ਲੰਬੀ, ਅਰਥਪੂਰਨ ਤੇ ਯਾਦਗਾਰ ਜ਼ਿੰਦਗੀ ਦੀ ਕਾਮਨਾ ਹੈ। ਇਤਿਹਾਸ ਗਵਾਹ ਹੈ ਕਿ ਕੁਝ ਗੀਤ ਤੇ ਗਾਇਕ ਆਮ ਤੋਂ ਖ਼ਾਸ ਹਰ ਦਿਲ ਵਿਚ ਵਸ ਜਾਂਦੇ ਹਨ। ਉਹ ਬੱਚਿਆਂ ਨੂੰ ਵੀ ਆਪਣੇ ਲੱਗਦੇ ਹਨ ਤੇ ਬਜ਼ੁਰਗਾਂ ਨੂੰ ਵੀ ਕਿਉਂਕਿ ਉਨ੍ਹਾਂ ਵਿਚ ਮਨੋਰੰਜਨ ਦੇ ਨਾਲ-ਨਾਲ ਸੰਸਕਾਰ ਤੇ ਜੀਵਨ-ਜਾਚ ਦੀ ਝਲਕ ਹੁੰਦੀ ਹੈ। ਕੁਝ ਗੀਤ ਸਮੇਂ ਨਾਲ ਮਿਟਦੇ ਨਹੀਂ; ਸਗੋਂ ਉਹ ਹੋਰ ਡੂੰਘੇ ਹੋ ਕੇ ਅਗਲੀ ਪੀੜ੍ਹੀ ਦੇ ਦਿਲਾਂ ਵਿਚ ਵਸਦੇ ਹਨ। ਦਾਦੇ-ਦਾਦੀਆਂ ਤੇ ਪੋਤੇ-ਪੋਤੀਆਂ ਜਦੋਂ ਇਕੱਠੇ ਇਨ੍ਹਾਂ ਦਾ ਆਨੰਦ ਲੈਂਦੇ ਹਨ ਤਾਂ ਸੱਭਿਆਚਾਰਕ ਨਿਰੰਤਰਤਾ ਬਣੀ ਰਹਿੰਦੀ ਹੈ।
ਮੇਰੇ ਲਈ ਇਹ ਗੱਲ ਕਹਾਵਤ ਨਹੀਂ ਰਹੀ, ਸਗੋਂ ਹਸਪਤਾਲ ਦੇ ਵਾਰਡ ਵਿਚ ਸਦੀਵੀ ਸੱਚ ਬਣੀ। ਤਕਰੀਬਨ ਦੋ ਸਾਲ ਪਹਿਲਾਂ ਅਗਸਤ ਦਾ ਮਹੀਨਾ ਮੇਰੇ ਜੀਵਨ ਦਾ ਸਭ ਤੋਂ ਔਖਾ ਸਮਾਂ ਸੀ। ਜਦੋਂ ਦੇਸ਼ ਭਰ ਵਿਚ ਤਿਰੰਗਾ ਲਹਿਰਾਇਆ ਜਾ ਰਿਹਾ ਸੀ, ਮੇਰੇ ਦਿਲੋ-ਦਿਮਾਗ ਵਿਚ ਚਿੰਤਾ ਤੇ ਅਣਜਾਣ ਡਰ ਲਹਿਰਾ ਰਿਹਾ ਸੀ। ਉਹ ਸਾਰਾ ਮਹੀਨਾ ਲੁਧਿਆਣੇ ਦੇ ਇਕ ਪ੍ਰਸਿੱਧ ਹਸਪਤਾਲ ਦੇ ਨਿਊਰੋ-ਸਰਜਰੀ ਵਿਭਾਗ ਵਿਚ ਬੀਤਿਆ ਜਿੱਥੇ ਉਮੀਦ ਤੇ ਅਨਿਸ਼ਚਿਤਤਾ ਇਕੱਠੇ ਸਾਹ ਲੈਂਦੇ ਹਨ।
ਹਸਪਤਾਲ ’ਚ ਦਾਖ਼ਲ ਕਰਾਉਣ ਤੋਂ ਕੁਝ ਮਹੀਨੇ ਪਹਿਲਾਂ ਬਾਪੂ ਜੀ ਨੂੰ ਲੱਗੀ ਮਾਮੂਲੀ ਚੋਟ ਅਚਾਨਕ ਦਿਮਾਗੀ ਕਲੋਟ ਬਣ ਗਈ ਜਿਸ ਦਾ ਇਲਾਜ ਸਿਰਫ਼ ਤੇ ਸਿਰਫ਼ ਸਰਜਰੀ ਸੀ। ਜੋ ਮਨੁੱਖ ਕੱਲ੍ਹ ਤੱਕ ਆਪਣੇ ਪੈਰਾਂ ’ਤੇ ਘਰ ਦੀ ਢਾਲ ਸੀ, ਉਹ ਤੁਰਨ ਤੋਂ ਅਸਮਰੱਥ ਹੋ ਗਿਆ। ਸਾਡੇ ਪਰਿਵਾਰ ਲਈ ਇਹ ਵੱਡਾ ਤੇ ਅਸਹਿ ਝਟਕਾ ਸੀ। ਘਰ ਦੀ ਰੌਣਕ ਪਲ ਵਿਚ ਖ਼ਾਮੋਸ਼ੀ ਬਣ ਗਈ।
ਵਾਰਡ ਵਿਚ ਨਿੱਕੇ ਬੱਚੇ ਤੋਂ ਬਜ਼ੁਰਗ ਤੱਕ ਮਰੀਜ਼ ਸਨ। ਹਰ ਬਿਸਤਰੇ ਨਾਲ ਦੁੱਖ, ਡਰ ਅਤੇ ਭਰੋਸੇ ਦੀ ਕਹਾਣੀ ਜੁੜੀ ਜਾਪਦੀ ਸੁਭਾਵਿਕ ਸੀ। ਚਿਹਰੇ ਮੁਰਝਾਏ ਤੇ ਅੱਖਾਂ ਬੇਚੈਨ ਸਨ। ਮਾਪੇ ਦੁਆਵਾਂ ਕਰ ਰਹੇ ਸਨ, ਬੱਚੇ ਹੌਸਲਾ ਬਣ ਰਹੇ ਸਨ। ਉਸ ਤਣਾਅ ਭਰੇ ਮਾਹੌਲ ਵਿਚ ਅਸੀਂ ਵੀ ਰੱਬ ’ਤੇ ਪੂਰੀ ਟੇਕ ਰੱਖੀ ਬੈਠੇ ਸਾਂ।
ਨਿਊਰੋ-ਸਰਜਰੀ ਦੇ ਮਰੀਜ਼ ਲਈ ਦਵਾਈ ਦੇ ਨਾਲ-ਨਾਲ ਮਨ ਦੀ ਤਾਕਤ ਵੀ ਲਾਜ਼ਮੀ ਹੁੰਦੀ ਹੈ। ਮੈਨੂੰ ਅਹਿਸਾਸ ਹੋਇਆ ਕਿ ਜੇ ਮਨ ਟੁੱਟੇ ਤਾਂ ਸਰੀਰ ਦੀ ਲੜਾਈ ਵੀ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਮੈਂ ਪਾਪਾ ਜੀ ਦੇ ਆਲੇ-ਦੁਆਲੇ ਸਕਾਰਾਤਮਕ ਮਾਹੌਲ ਬਣਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਿੱਥੇ ਨਿਰਾਸ਼ਾ ਲਈ ਕੋਈ ਥਾਂ ਨਾ ਹੋਵੇ।
ਪੇਂਡੂ ਪਰਿਵਾਰਾਂ ਵਿਚ ਪਿਉ-ਪੁੱਤ ਦਾ ਰਿਸ਼ਤਾ ਅੱਤ ਦਾ ਡੂੰਘਾ ਤੇ ਗਹਿਰਾ ਹੁੰਦਾ ਹੈ ਪਰ ਅਕਸਰ ਝਿਜਕ ਪਿੱਛੇ ਲੁਕਿਆ ਰਹਿੰਦਾ ਹੈ। ਅਸੀਂ ਬੇਅੰਤ ਪਿਆਰ ਕਰਦੇ ਹਾਂ ਪਰ ਕਹਿ ਨਹੀਂ ਪਾਉਂਦੇ ਕਦੇ ਵੀ। ਹਸਪਤਾਲ ਦੇ ਬਿਸਤਰੇ ਨੇ ਇਹ ਦੂਰੀ ਘਟਾਉਣ ਦਾ ਮੌਕਾ ਦਿੱਤਾ। ਮੈਂ ਚਾਹੁੰਦਾ ਸੀ ਕਿ ਉਹ ਸਿਰਫ਼ ਪਿਤਾ ਨਹੀਂ, ਮੇਰੇ ਦੋਸਤ ਵਾਂਗ ਖੁੱਲ੍ਹ ਕੇ ਗੱਲ ਕਰਨ। ਹੌਲੀ-ਹੌਲੀ ਗੱਲਾਂ ਸ਼ੁਰੂ ਹੋਈਆਂ, ਬਚਪਨ ਦੀਆਂ ਸ਼ਰਾਰਤਾਂ, ਜਵਾਨੀ ਦੇ ਸੰਘਰਸ਼, ਸਾਥੀਆਂ ਦੀਆਂ ਯਾਦਾਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ। ਮੈਨੂੰ ਸਮਝ ਆਇਆ ਕਿ ਸਰੀਰ ਕਮਜ਼ੋਰ ਹੋ ਸਕਦਾ ਹੈ ਪਰ ਯਾਦਾਂ ਤੇ ਜਜ਼ਬਾਤ ਮਨੁੱਖ ਨੂੰ ਮੁੜ ਖੜ੍ਹਾ ਕਰਨ ਦੀ ਤਾਕਤ ਰੱਖਦੇ ਹਨ।
ਜਦੋਂ ਮੈਂ ਉਨ੍ਹਾਂ ਦੇ ਪਸੰਦੀਦਾ ਗਾਇਕ ਬਾਰੇ ਪੁੱਛਿਆ ਤਾਂ ਉਹ ਪਹਿਲਾਂ ਝਿਜਕੇ, ਕਿਉਂਕਿ ਅਸੀਂ ਕਦੇ ਇਹੋ ਜਿਹੀਆਂ ਗੱਲਾਂ ਕੀਤੀਆਂ ਹੀ ਨਹੀਂ ਸਨ। ਸ਼ਾਇਦ ਲੁਕਵੇਂ ਦਰਦ ਤੇ ਅਣਕਹੇ ਜਜ਼ਬਾਤ ਸ਼ਬਦ ਰੋਕ ਰਹੇ ਸਨ। ਕੁਝ ਪਲਾਂ ਬਾਅਦ ਉਹ ਮੁਸਕਰਾਏ ਤੇ ਸਾਧਾਰਨ ਪਰ ਭਾਵਪੂਰਣ ਜਵਾਬ ਦਿੱਤਾ “ਗੁਰਦਾਸ ਮਾਨ…। ਓਹਦੇ ਗੀਤ ਸੁਣ ਕੇ ਨਜ਼ਾਰਾ ਆ ਜਾਂਦਾ।” ਇਹ ਸਿਰਫ਼ ਪ੍ਰਸ਼ੰਸਾ ਨਹੀਂ, ਇਕ ਪੀੜ੍ਹੀ ਦੀ ਭਾਵਨਾ ਸੀ। ਉਸ ਵੇਲੇ ਮੈਨੂੰ ਸਮਝ ਆਇਆ ਕਿ ਸੰਗੀਤ ਸਿਰਫ਼ ਸੁਰ ਨਹੀਂ, ਯਾਦਾਂ ਦੀ ਡੋਰ ਹੈ ਜੋ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦੀ ਹੈ।
ਮੈਂ ਤੁਰੰਤ ਫੋਨ ’ਤੇ ਮਾਨ ਸਾਹਿਬ ਦੇ ਗੀਤ ਹੌਲੀ ਆਵਾਜ਼ ਵਿਚ ਚਲਾਏ। ਸੁੰਨੇ ਹਸਪਤਾਲੀ ਮਾਹੌਲ ਵਿਚ ਜਿਵੇਂ ਨਵੀਂ ਰੌਸ਼ਨੀ ਆ ਗਈ। ਪਾਪਾ ਜੀ ਦੇ ਚਿਹਰੇ ’ਤੇ ਚਮਕ ਆ ਗਈ, ਅੱਖਾਂ ਤਾਜ਼ਾ ਹੋ ਗਈਆਂ। ਜੋ ਗੱਲਾਂ ਰੁਕ-ਰੁਕ ਕੇ ਆ ਰਹੀਆਂ ਸਨ, ਹੁਣ ਰਵਾਨਗੀ ਨਾਲ ਵਗਣ ਲੱਗੀਆਂ, ਜਿਵੇਂ ਸੁਰਾਂ ਨੇ ਦਰਦ ਨੂੰ ਪਿੱਛੇ ਧੱਕ ਦਿੱਤਾ ਹੋਵੇ। ਉਸ ਪਲ ਮੈਂ ਸੰਗੀਤ ਦੀ ਅਸਲ ਤਾਕਤ ਮਹਿਸੂਸ ਕੀਤੀ। ਖੋਜਾਂ ਵੀ ਦੱਸਦੀਆਂ ਹਨ ਕਿ ਮਨਪਸੰਦ ਸੰਗੀਤ ਮਰੀਜ਼ ਨੂੰ ਸ਼ਾਂਤੀ, ਆਸ ਅਤੇ ਘੱਟ ਤਣਾਅ ਦਾ ਅਹਿਸਾਸ ਕਰਾਉਂਦਾ ਹੈ ਅਤੇ ਇਲਾਜ ਦੇ ਪ੍ਰਭਾਵ ਨੂੰ ਤੇਜ਼ ਕਰਦਾ ਹੈ। ਉਸ ਦਿਨ ਮੈਂ “ਮਿਊਜ਼ਿਕ ਥੈਰੇਪੀ” ਹਕੀਕਤ ’ਚ ਮਹਿਸੂਸ ਕੀਤੀ।
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਗੁਰਦਾਸ ਮਾਨ ਦੀ ਕਲਾ ਮਨੋਰੰਜਨ ਤੱਕ ਸੀਮਤ ਨਹੀਂ। ਉਸ ਵਿਚ ਜੀਵਨ ਦੀ ਧੜਕਣ, ਆਸ ਦੀ ਰੌਸ਼ਨੀ ਤੇ ਜਿਊਣ ਦੀ ਤਲਬ ਵਸਦੀ ਹੈ। ਉਨ੍ਹਾਂ ਦੇ ਗੀਤਾਂ ਦੀ ਸੰਵੇਦਨਾ, ਮਿੱਟੀ ਨਾਲ ਜੁੜੀ ਸਾਦਗੀ ਅਤੇ ਆਤਮਿਕ ਤਾਕਤ ਸੁਣਨ ਵਾਲੇ ਦੇ ਮਨ ਵਿਚ ਹੌਸਲਾ ਤੇ ਨਵੀਂ ਉਮੀਦ ਜਗਾਉਂਦੀ ਹੈ। ਇਸੇ ਕਰਕੇ ਉਹ ਦਾਦਿਆਂ ਦੀਆਂ ਯਾਦਾਂ ਨਾਲ ਵੀ ਜੁੜਦੇ ਹਨ ਅਤੇ ਨੌਜਵਾਨਾਂ ਦੇ ਸੁਪਨਿਆਂ ਨਾਲ ਵੀ। ਉਨ੍ਹਾਂ ਨੂੰ ਚਾਰ ਪੀੜ੍ਹੀਆਂ ਦਾ ਗਾਇਕ ਕਹਿਣਾ ਅਤਿਕਥਨੀ ਨਹੀਂ।
ਇਨ੍ਹਾਂ ਗੱਲਾਂ ਦੌਰਾਨ ਪਾਪਾ ਜੀ ਨੇ ਆਪਣੀ ਸੰਘਰਸ਼-ਭਰੀ ਜ਼ਿੰਦਗੀ ਦੇ ਅਣਸੁਣੇ ਪੰਨੇ ਖੋਲ੍ਹ ਦਿੱਤੇ। ਹਰ ਘਟਨਾ ਉਹ ਤਰੀਕ, ਮੌਸਮ ਤੇ ਹਾਲਾਤ ਸਮੇਤ ਇੰਨੀ ਸਪਸ਼ਟਤਾ ਨਾਲ ਦੱਸਦੇ ਕਿ ਸਭ ਕੁਝ ਅੱਖਾਂ ਸਾਹਮਣੇ ਦਿਸਦਾ ਪ੍ਰਤੀਤ ਹੋ ਰਿਹਾ ਸੀ। ਕਦੇ ਕਹਿੰਦੇ, “ਹਾਲਾਤ ਮੁੱਠੀ ਦੀ ਰੇਤ ਵਾਂਗ ਸਨ” ਪਰ ਹੌਸਲੇ ਤੇ ਮਿਹਨਤ ਨਾਲ ਉਨ੍ਹਾਂ ਨੂੰ ਸੰਵਾਰ ਲਿਆ। ਕਦੇ ਮੁਸਕਰਾ ਕੇ ਆਖਦੇ, “ਜਿਹੜਾ ਮਿਹਨਤ ਦਾ ਬੀਜ ਬੀਜਦਾ ਹੈ, ਉਹੀ ਕਾਮਯਾਬੀ ਦਾ ਫਲ ਚੱਖਦਾ ਹੈ।”
ਕਈ ਵਾਰ ਉਨ੍ਹਾਂ ਦੀਆਂ ਅੱਖਾਂ ਭਿੱਜ ਜਾਂਦੀਆਂ ਪਰ ਵਿਸ਼ਵਾਸ ਕਾਇਮ ਰਹਿੰਦਾ। ਮੁਸ਼ਕਲਾਂ ਵਿਚ ਵੀ ਉਨ੍ਹਾਂ ਨੇ ਹਿੰਮਤ ਨਹੀਂ ਛੱਡੀ। ਇਹ ਸਿਰਫ਼ ਸ਼ਬਦ ਨਹੀਂ, ਤਜਰਬੇ ਨਾਲ ਨਿਕਲਿਆ ਜੀਵਨ-ਸਾਰ ਸੀ। ਉਨ੍ਹਾਂ ਦੀ ਯਾਦਦਾਸ਼ਤ ਵਾਕਈ ਕਾਬਿਲ-ਏ-ਦਾਦ ਹੈ, ਹਰ ਚਿਹਰਾ ਤੇ ਹਰ ਪਲ ਉਨ੍ਹਾਂ ਨੂੰ ਕੱਲ੍ਹ ਵਾਂਗ ਯਾਦ ਸੀ। ਮੈਂ ਸੁਝਾਅ ਦਿੱਤਾ ਕਿ ਇਹ ਅਨਮੋਲ ਅਨੁਭਵ ਕਲਮਬੰਦ ਕਰ ਕੇ ਇਕ ਕਿਤਾਬ ਲਿਖੀ ਜਾਵੇ ਕਿਉਂਕਿ ਲਿਖਿਆ ਹੀ ਸਦੀਵੀਂ ਰਹਿੰਦਾ ਹੈ।
ਉਹ ਬਿਨਾਂ ਕਿਸੇ ਹਿਚਕਚਾਹਟ ਦੇ ਸਹਿਮਤ ਹੋ ਗਏ। ਉਸ ਪਲ ਮੈਨੂੰ ਅਹਿਸਾਸ ਹੋਇਆ ਜਿਵੇਂ ਸਿਹਤਯਾਬੀ ਦੀ ਚਾਬੀ ਮੇਰੇ ਹੱਥ ਲੱਗ ਗਈ ਹੋਵੇ, ਉਨ੍ਹਾਂ ਨੂੰ ਜਿਊਣ ਦਾ ਇਕ ਨਵਾਂ ਮਕਸਦ ਮਿਲ ਗਿਆ ਹੋਵੇ। ਸੱਚ ਇਹ ਹੈ ਕਿ ਜਦੋਂ ਮਨੁੱਖ ਨੂੰ ਜੀਵਨ ਦਾ ਮਕਸਦ ਮਿਲ ਜਾਂਦਾ ਹੈ, ਤਦ ਉਸ ਦੇ ਅੰਦਰ ਜੀਣ ਦੀ ਤਾਂਘ ਤੇ ਤਾਕਤ ਕਈ ਗੁਣਾ ਹੋ ਜਾਂਦੀ ਹੈ। ਹਾਸੇ-ਮਜ਼ਾਕ ਦੇ ਹਲਕੇ ਲਹਿਜ਼ੇ ਵਿਚ ਮੈਂ ਕਿਹਾ, “ਪਾਪਾ ਜੀ, ਜੇਕਰ ਤੁਸੀਂ ਇਹ ਕਿਤਾਬ ਲਿਖ ਦਿਉ ਤਾਂ ਉਸ ਦਾ ਲੋਕ-ਅਰਪਣ ਅਸੀਂ ਗੁਰਦਾਸ ਮਾਨ ਤੋਂ ਹੀ ਕਰਵਾਵਾਂਗੇ।” ਇਹ ਸੁਣਦੇ ਹੀ ਉਨ੍ਹਾਂ ਦੇ ਚਿਹਰੇ ’ਤੇ ਜੋ ਅਦਭੁੱਤ ਰੌਣਕ ਉੱਭਰੀ, ਉਹ ਦੇਖਣਯੋਗ ਸੀ। ਅੱਖਾਂ ਵਿਚ ਨਵੀਂ ਚਮਕ, ਬੋਲਾਂ ਵਿਚ ਤਾਜ਼ਗੀ ਤੇ ਕੜਕ ਅਤੇ ਦਿਲ ਵਿਚ ਉਤਸ਼ਾਹ, ਜਿਵੇਂ ਬਿਮਾਰੀ ਦੀ ਛਾਂ ਅਚਾਨਕ ਹੀ ਪਿੱਛੇ ਸਰਕ ਗਈ ਹੋਵੇ। ਉਸ ਪਲ ਮੈਨੂੰ ਡੂੰਘਾ ਅਹਿਸਾਸ ਹੋਇਆ ਕਿ ਕਈ ਵਾਰ ਇਕ ਨਿੱਕੀ ਜਿਹੀ ਆਸ ਵੀ ਦਵਾਈ ਤੋਂ ਵੱਧ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੀ ਹੈ।
ਰੱਬ ਦੀ ਕਿਰਪਾ, ਸਨੇਹੀਆਂ ਦੀਆਂ ਦੁਆਵਾਂ ਅਤੇ ਡਾਕਟਰਾਂ ਦੀ ਸਮਰਪਿਤ ਸੇਵਾ ਨਾਲ ਉਹ ਅੱਜ ਪੂਰੀ ਤਰ੍ਹਾਂ ਤੰਦਰੁਸਤ ਹਨ। ਹੁਣ ਜਦੋਂ ਉਹ ਮੁਸਕਰਾਉਂਦੇ ਹਨ, ਦਿਲੋਂ ਸ਼ੁਕਰਾਨਾ ਉੱਠਦਾ ਹੈ-ਪਰਮਾਤਮਾ ਲਈ, ਉਨ੍ਹਾਂ ਸਭਨਾਂ ਵਾਸਤੇ ਜਿਨ੍ਹਾਂ ਨੇ ਔਖੀ ਘੜੀ ਵਿਚ ਸਾਥ ਦਿੱਤਾ ਅਤੇ ਉਸ ਸੰਗੀਤ ਲਈ ਵੀ ਜਿਸ ਨੇ ਥੈਰੇਪੀ ਵਾਂਗ ਮਨ ਤੇ ਸਰੀਰ ਨੂੰ ਸਹਾਰਾ ਦਿੱਤਾ।
-ਮੋਬਾਈਲ : 95016-01144