ਮਾਂ-ਬੋਲੀ ਫੁੱਲ ਦੀ ਸੁਗੰਧੀ ਵਾਂਗ ਹੁੰਦੀ ਹੈ। ਇਹ ਸੁਗੰਧੀ ਸਾਡੇ ਮਨ-ਮਸਤਕ ਨੂੰ ਹਰ ਦਮ ਖੇੜਾ ਪ੍ਰਦਾਨ ਕਰਦੀ ਰਹਿੰਦੀ ਹੈ। ਫੁੱਲ ਦਾ ਮਹੱਤਵ ਅਤੇ ਮੁੱਲ ਉਸ ਦੀ ਸੁਗੰਧੀ ਕਰਕੇ ਹੁੰਦਾ ਹੈ, ਉਵੇਂ ਹੀ ਮਾਂ-ਬੋਲੀ ਦਾ ਮੁੱਲ ਤੇ ਮਹੱਤਵ ਉਸ ਦੇ ਗੁਣਾਂ ਦੀ ਮਹਿਕ ਅਤੇ ਸੁਗੰਧ ਕਰਕੇ ਹੁੰਦਾ ਹੈ।

ਜਨਮਦਾਤੀ ਮਾਂ ਅਤੇ ਮਾਂ-ਬੋਲੀ ਦਾ ਰਿਸ਼ਤਾ ਮੁੱਢ-ਕਦੀਮੀ ਹੈ। ਇਹ ਰਿਸ਼ਤਾ ਏਨਾ ਗੂੜ੍ਹਾ, ਡੂੰਘਾ, ਅਟੁੱਟ ਅਤੇ ਅਦੁੱਤੀ ਹੁੰਦਾ ਹੈ ਕਿ ਇਸ ਦੀ ਲੋਅ ਵਿਚ ਮਨੁੱਖ ਨੂੰ ਆਪਣੀ ਜ਼ਿੰਦਗੀ ਰੌਸ਼ਨ-ਰੌਸ਼ਨ, ਚਾਨਣ-ਚਾਨਣ, ਉਜਲੀ-ਉਜਲੀ, ਮਧੁਰ-ਮਧੁਰ, ਸੁਰੀਲੀ-ਸੁਰੀਲੀ, ਅਨੋਖੀ-ਅਨੋਖੀ ਅਤੇ ਜਾਦੂਈ ਲੱਗਦੀ ਰਹਿੰਦੀ ਹੈ। ਮਨੁੱਖ ਇਸ ਦੇ ਗੁਣਾਂ ਦੀ ਗੋਦ ਵਿਚ ਬੈਠ ਕੇ ਜ਼ਿੰਦਗੀ ਦੇ ਮਿੱਠੇ-ਮਿੱਠੇ ਗੀਤ ਗੁਣਗੁਣਾਉਂਦਾ ਰਹਿੰਦਾ ਹੈ। ਜਦੋਂ ਮਨੁੱਖ ਜ਼ਿੰਦਗੀ ਦਾ ਕੋਈ ਮਿੱਠਾ ਗੀਤ ਗਾਉਣਾ ਸਿੱਖ ਜਾਂਦਾ ਹੈ ਤਾਂ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਸਫਲ ਮਨੁੱਖ ਹੀ ਰੂਹ ਦਾ ਰੱਜਿਆ ਮਨੁੱਖ ਹੁੰਦਾ ਹੈ।
ਰੂਹ ਦਾ ਰੱਜਿਆ ਮਨੁੱਖ ਪਿਆਰ ਦੀਆਂ ਪੀਂਘਾਂ ਝੂਟ ਸਕਦਾ ਹੈ ਅਤੇ ਹੋਰਨਾਂ ਨੂੰ ਵੀ ਪਿਆਰ ਦੀਆਂ ਪੀਂਘਾਂ ਦੇ ਝੂਟੇ ਦੇ ਸਕਣ ਦੇ ਯੋਗ ਹੋ ਸਕਦਾ ਹੈ। ਜਿਨ੍ਹਾਂ ਸਮਾਜਾਂ ਵਿਚ ਮਨੁੱਖ ਪਿਆਰ ਦਾ ਪਾਠ ਪੜ੍ਹ ਲੈਂਦਾ ਹੈ, ਉਨ੍ਹਾਂ ਸਮਾਜਾਂ ਦਾ ਵਰਤਮਾਨ ਤੇ ਭਵਿੱਖ ਵੀ ਸੁਰਾਂਗਲਾ ਬਣ ਜਾਂਦਾ ਹੈ। ਆਪਸੀ ਪਿਆਰ, ਮੁਹੱਬਤ ਤੇ ਸਹਿਹੋਂਦ ਦੇ ਗੁਣਾਂ ਨਾਲ ਸਮਾਜ ਤਰੱਕੀ ਦੇ ਰਾਹਾਂ ਦਾ ਪਾਂਧੀ ਬਣ ਜਾਂਦਾ ਹੈ। ਇਹ ਪਾਠ ਮਾਂ-ਬੋਲੀ ਦੀ ਗੋਦੀ ਵਿਚ ਬੈਠ ਕੇ ਹੀ ਸਿੱਖੇ ਜਾ ਸਕਦੇ ਹਨ। ਮਨ ਦਾ ਪੰਛੀ ਮਾਂ-ਬੋਲੀ ਵਿਚ ਹੀ ਗਾ ਸਕਦਾ ਹੈ। ਸਾਡੇ ਚਿਹਰੇ ’ਤੇ ਮੁਸਕਰਾਹਟ ਅਤੇ ਖ਼ੁਸ਼ੀ ਆਪਣੀ ਮਾਂ- ਬੋਲੀ ਦੇ ਗੀਤ ਗਾਉਣ ਨਾਲ ਹੀ ਆ ਸਕਦੀ ਹੈ। ਨੱਚਿਆ ਤਾਂ ਹੀ ਜਾ ਸਕਦਾ ਹੈ ਜੇ ਮਾਂ-ਬੋਲੀ ਵਿਚ ਬੋਲੀਆਂ ਪੈ ਰਹੀਆਂ ਹੋਣ।
ਮਨ ਸਮੁੰਦਰ ਵਾਂਗ ਹੈ ਅਤੇ ਮਾਂ-ਬੋਲੀ ਉਸ ਵਿਚਲੀਆਂ ਲਹਿਰਾਂ ਦੇ ਸੰਗੀਤ ਵਾਂਗ ਹੈ। ਨਦੀ ਦੇ ਗਾਉਣ ਲਈ ਬੰਸਰੀ ਦੀ ਜ਼ਰੂਰਤ ਨਹੀਂ ਪੈਂਦੀ, ਇਸੇ ਤਰ੍ਹਾਂ ਮਾਂ-ਬੋਲੀ ਵਿਚ ਗੀਤ ਸਿਰਜਣ ਲਈ ਕਿਸੇ ਉਚੇਚ ਦੀ ਜ਼ਰੂਰਤ ਨਹੀਂ ਹੁੰਦੀ। ਮਾਂ-ਬੋਲੀ ਸਾਡੀ ਰੂਹ ਦੀ ਖੁਰਾਕ ਹੈ। ਇਹ ਸਾਡੇ ਸਾਹਾਂ ਦੀ ਸੁਗੰਧ ਹੈ। ਮਾਂ-ਬੋਲੀ ਸਾਡੀਆਂ ਅੱਖੀਆਂ ਦੀ ਰੌਸ਼ਨੀ ਹੈ, ਨੂਰ ਹੈ। ਮਾਂ-ਬੋਲੀ ਸਾਡੇ ਚਾਵਾਂ ਦਾ ਚਾਨਣ ਹੈ। ਮਾਤ ਭਾਸ਼ਾ ਸਾਡੀਆਂ ਮੰਜ਼ਿਲਾਂ ਦਾ ਰਾਹ ਹੈ, ਰਸਤਾ ਹੈ। ਮਾਂ-ਬੋਲੀ ਸਾਡੇ ਪੈਰਾਂ ਦੀ ਰਫ਼ਤਾਰ ਹੈ, ਗਤੀ ਹੈ, ਪ੍ਰਗਤੀ ਹੈ। ਸਾਡੇ ਮਨ ਵਿਚ ਅਸੰਖ ਵਿਚਾਰ ਪੈਦਾ ਹੁੰਦੇ ਹਨ।
ਮਨ ਵਿਚਲੇ ਵਿਚਾਰ ਹਨੇਰੇ ਕਮਰੇ ’ਚ ਬੰਦ ਵਿਚਾਰ ਹੀ ਹੁੰਦੇ ਹਨ ਪਰ ਮਾਂ-ਬੋਲੀ ਉਨ੍ਹਾਂ ਅਸੰਖ ਵਿਚਾਰਾਂ ਦੀ ਉਂਗਲ ਫੜ ਕੇ ਜੀਵਨ ਵਿਚ ਸਾਨੂੰ ਨੱਚਣ ਲਾ ਦਿੰਦੀ ਹੈ। ਨੱਚਦੇ ਵਿਚਾਰ ਹੀ ਜ਼ਿੰਦਗੀ ਦੀ ਖ਼ੂਬਸੂਰਤੀ ਦਾ ਨਜ਼ਾਰਾ ਪੇਸ਼ ਕਰਦੇ ਹਨ। ਨੱਚਦੇ ਵਿਚਾਰਾਂ ਦੀ ਖ਼ੂਬਸੂਰਤੀ ਤੋਂ ਬਿਨਾਂ ਜ਼ਿੰਦਗੀ ਨੀਰਸ ਤੇ ਰਸਹੀਣ ਹੋ ਜਾਂਦੀ ਹੈ। ਮਾਂ-ਬੋਲੀ ਮਨੁੱਖ ਦੇ ਜੀਵਨ ਵਿਚ ਸੂਰਜ ਵਾਂਗ ਉਦੈ ਹੁੰਦੀ ਹੈ ਅਤੇ ਸਾਰੀ ਉਮਰ ਉਸ ਦੇ ਰਾਹਾਂ ਨੂੰ ਰੌਸ਼ਨ ਕਰਦੀ ਰਹਿੰਦੀ ਹੈ।
ਉਸ ਨੂੰ ਨਿੱਘ ਪ੍ਰਦਾਨ ਕਰਦੀ ਰਹਿੰਦੀ ਹੈ। ਆਪਾਂ ਸਾਰੇ ਇਸ ਗੱਲ ਦਾ ਤਾਂ ਅਹਿਸਾਸ ਸਹਿਜੇ ਹੀ ਕਰ ਸਕਦੇ ਹਾਂ ਕਿ ਸੂਰਜ ਦੇ ਨਿੱਘ ਤੇ ਰੌਸ਼ਨੀ ਦਾ ਸਾਡੇ ਜੀਵਨ ਵਿਚ ਕਿੰਨਾ ਮਹੱਤਵ ਹੈ। ਇਸੇ ਤਰ੍ਹਾਂ ਮਾਂ-ਬੋਲੀ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਨਿੱਘ ਤੇ ਰੌਸ਼ਨੀ ਦਾ ਮਹੱਤਵ ਵੀ ਬਹੁਮੁੱਲਾ ਤੇ ਲਾਸਾਨੀ ਕਿਹਾ ਜਾ ਸਕਦਾ ਹੈ। ਮਾਂ-ਬੋਲੀ ਨੂੰ ਸੰਬੋਧਨ ਹੁੰਦਾ ਮਨ ਕਹਿ ਉੱਠਦਾ ਹੈ : ਹੇ! ਮਾਂ-ਬੋਲੀ ਤੂੰ ਮਿਠਾਸ ਬਣ, ਮੇਰੇ ਹਿਰਦੇ ਵਿਚ ਘੁਲ ਜਾਵੀਂ!
ਹੇ! ਮਾਂ-ਬੋਲੀ ਤੂੰ ਖੁਸ਼ਬੂ ਬਣ, ਮੇਰੇ ਸਾਹਾਂ ’ਚ ਵਸ ਜਾਵੀਂ!
ਹੇ ਮਾਂ-ਬੋਲੀ ਤੂੰ ਰੌਸ਼ਨੀ ਬਣ ਕੇ, ਮੇਰੀਆਂ ਅੱਖਾਂ ਵਿਚ ਟਿਕਾਣਾ ਕਰੀਂ!
ਹੇ! ਮਾਂ-ਬੋਲੀ ਤੂੰ ਸੰਗੀਤ ਦੀ ਧੁਨ ਬਣ ਕੇ,ਮੇਰੇ ਕੰਨਾਂ ਵਿਚ ਰਸ ਘੋਲਦੀ ਰਹੀਂ!
ਹੇ! ਮਾਂ-ਬੋਲੀ ਤੂੰ ਛਾਂ ਬਣ ਕੇ, ਮੇਰੇ ਸਿਰ ਦਾ ਛਤਰ ਬਣੀ ਰਹੀਂ!
ਹੇ! ਮਾਂ-ਬੋਲੀ ਤੂੰ ਨਿੱਘ ਬਣ ਕੇ, ਸਾਡੇ ਜੀਵਨ ਨੂੰ ਗਰਮਾਉਂਦੀ ਰਹੀਂ!
ਹੇ! ਮਾਂ-ਬੋਲੀ ਤੂੰ ਸਤਰੰਗੀ ਪੀਂਘ ਵਾਂਗ, ਸਾਡੀ ਜ਼ਿੰਦਗੀ ਦੇ ਅਸਮਾਨ ਉੱਤੇ
ਜਗਮਗ ਕਰਦੀ ਰਹੀਂ, ਝਿਲਮਿਲਾਉਂਦੀ ਰਹੀਂ!
ਮਾਂ-ਬੋਲੀ ਇਕ ਅਜਿਹੀ ਸਿਤਾਰ ਵਾਂਗ ਹੁੰਦੀ ਹੈ ਜਿਸ ਵਿੱਚੋਂ ਹਜ਼ਾਰਾਂ ਧੁਨਾਂ ਨਿਕਲਦੀਆਂ ਹਨ। ਮਾਂ-ਬੋਲੀ ਦੀ ਪੂਜਾ ਕਰਨ ਲਈ ਕਿਸੇ ਪੂਜਾ ਸਥਲ ਦੀ ਉਸਾਰੀ ਜ਼ਰੂਰਤ ਨਹੀਂ ਹੁੰਦੀ। ਮਾਂ-ਬੋਲੀ ਦੀ ਪੂਜਾ ਤਾਂ ਆਪਣੇ ਮਨ- ਮੰਦਰ ਵਿਚ ਸਹਿਜੇ ਹੀ ਕੀਤੀ ਜਾ ਸਕਦੀ ਹੈ। ਮਾਂ-ਬੋਲੀ ਦੇ ਘਰ ਵਿਚ ਹਮੇਸ਼ਾ ਚਿਰਾਗ ਬਲਦੇ ਰਹਿੰਦੇ ਹਨ। ਕਿਸੇ ਵੀ ਸ਼ਖ਼ਸ ਨੂੰ ਮਾਂ-ਬੋਲੀ ਕੋਲ ਜਾਣ ਲਈ ਭਟਕਣਾ ਨਹੀਂ ਪੈਂਦਾ।
ਮਾਂ-ਬੋਲੀ ਹਮੇਸ਼ਾ ਆਪਣੇ ਬਨੇਰੇ ਉੱਤੇ ਦੀਵੇ ਬਾਲ ਕੇ ਰੱਖਦੀ ਹੈ। ਮਾਂ-ਬੋਲੀ ਚੜ੍ਹਦੇ ਸੂਰਜ ਦੀ ਲਾਲੀ ਵਾਂਗ ਸਾਡੇ ਜੀਵਨ ਵਿਚ ਆਉਂਦੀ ਹੈ ਤੇ ਸਾਡੇ ਜੀਵਨ ਵਿਚ ਵੀ ਚਾਰੇ ਪਾਸੇ ਰੌਸ਼ਨੀਆਂ ਦੇ ਦੀਪ ਜਗਮਗਾਉਣ ਲਾ ਦਿੰਦੀ ਹੈ। ਮਾਂ-ਬੋਲੀ ਦੀਆਂ ਐਨਕਾਂ ਨਾਲ ਜ਼ਿੰਦਗੀ ਬਹੁਤ ਹੀ ਹੁਸੀਨ, ਖ਼ੂਬਸੂਰਤ, ਰੰਗੀਨ ਤੇ ਅਪਣੱਤ ਨਾਲ ਭਰੀ ਲੱਗਦੀ ਹੈ। ਜਿਹੜੇ ਲੋਕ ਹੋਰਨਾਂ ਭਾਸ਼ਾਵਾਂ ਦੀਆਂ ਐਨਕਾਂ ਲਾ ਕੇ ਜ਼ਿੰਦਗੀ ਬਤੀਤ ਕਰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਨੀਰਸ, ਰਸਹੀਣ, ਰੰਗਹੀਣ ਤੇ ਸੁਗੰਧਹੀਣ ਹੋ ਜਾਂਦੀ ਹੈ। ਅਜਿਹੇ ਪ੍ਰਾਣੀ ਉੱਖੜੇ-ਉੱਖੜੇ ਤੇ ਡਿਕਡੋਲੇ ਖਾਂਦੇ ਦਿਖਾਈ ਦਿੰਦੇ ਹਨ। ਅਜਿਹੇ ਲੋਕ ਜ਼ਿੰਦਗੀ ਨੂੰ ਭਮੱਤਰੇ ਹੋਏ ਵੇਖਦੇ ਰਹਿੰਦੇ ਹਨ ਤੇ ਜ਼ਿੰਦਗੀ ਉਨ੍ਹਾਂ ਤੋਂ ਦੂਰ ਖੜ੍ਹੀ ਉਨ੍ਹਾਂ ’ਤੇ ਵਿਅੰਗ ਭਰੀ ਮੁਸਕਰਾਹਟ ਸੁੱਟਦੀ ਰਹਿੰਦੀ ਹੈ।
ਮਾਂ-ਬੋਲੀ ਫੁੱਲ ਦੀ ਸੁਗੰਧੀ ਵਾਂਗ ਹੁੰਦੀ ਹੈ। ਇਹ ਸੁਗੰਧੀ ਸਾਡੇ ਮਨ-ਮਸਤਕ ਨੂੰ ਹਰ ਦਮ ਖੇੜਾ ਪ੍ਰਦਾਨ ਕਰਦੀ ਰਹਿੰਦੀ ਹੈ। ਫੁੱਲ ਦਾ ਮਹੱਤਵ ਅਤੇ ਮੁੱਲ ਉਸ ਦੀ ਸੁਗੰਧੀ ਕਰਕੇ ਹੁੰਦਾ ਹੈ, ਉਵੇਂ ਹੀ ਮਾਂ-ਬੋਲੀ ਦਾ ਮੁੱਲ ਤੇ ਮਹੱਤਵ ਉਸ ਦੇ ਗੁਣਾਂ ਦੀ ਮਹਿਕ ਅਤੇ ਸੁਗੰਧ ਕਰਕੇ ਹੁੰਦਾ ਹੈ। ਗੁਣਾਂ ਦੀ ਇਹ ਸੁਗੰਧੀ ਹੋਰ ਕਿਸੇ ਵੀ ਸੁਗੰਧੀ ਨਾਲੋਂ ਵਧੇਰੇ ਮੁੱਲਵਾਨ ਤੇ ਮਹੱਤਵਪੂਰਨ ਹੁੰਦੀ ਹੈ। ਮਾਂ-ਬੋਲੀ ਸਾਨੂੰ ਪਿਆਰ, ਮੁਹੱਬਤ, ਅਪਣੱਤ ਤੇ ਭਾਈਚਾਰੇ ਦਾ ਪਾਠ ਪੜ੍ਹਾਉਂਦੀ ਹੈ।
ਮਾਂ-ਬੋਲੀ ਦੀ ਉਂਗਲ ਫੜ ਕੇ ਹੀ ਪਿਆਰ ਦੀਆਂ ਪਵਿੱਤਰ ਵਾਦੀਆਂ ਵਿਚ ਘੁੰਮਿਆ ਜਾ ਸਕਦਾ ਹੈ। ਮਾਂ-ਬੋਲੀ ਮਨੁੱਖ ਦੀ ਜ਼ਿੰਦਗੀ ਵਿਚ ਮਿਠਾਸ ਭਰ ਦਿੰਦੀ ਹੈ। ਪਿਆਰ ਸ਼ਬਦ ਦੁਨੀਆ ਦੇ ਕੋਮਲ ਸ਼ਬਦਾਂ ਵਿਚ ਆਪਣਾ ਸ੍ਰੇਸ਼ਠ ਸਥਾਨ ਰੱਖਦਾ ਹੈ। ਜਦੋਂ ਕੋਈ ਇਹ ਕਹਿੰਦਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਜਾਂ ਮੈਂ ਤੈਨੂੰ ਪਿਆਰ ਕਰਦੀ ਹਾਂ ਤਾਂ ਉਸੇ ਵਕਤ ਜ਼ਿੰਦਗੀ ਦੇ ਬੱਲਬ ਜਗ ਉੱਠਦੇ ਹਨ। ਜ਼ਿੰਦਗੀ ਨੱਚਣ ਲੱਗਦੀ ਹੈ, ਗਾਉਣ ਲੱਗਦੀ ਹੈ, ਮੁਸਕਰਾਉਣ ਲੱਗਦੀ ਹੈ ਤੇ ਮਨੁੱਖ ਆਪਣਾ ਆਲਾ-ਦੁਆਲਾ ਮਹਿਕਾਉਣ ਲੱਗਦਾ ਹੈ। ਜ਼ਿੰਦਗੀ ਦਾ ਇਹ ਪਿਆਰਾ ਤੇ ਨਿਆਰਾ ਸ਼ਬਦ ਬੋਲਣ ਦਾ ਬਲ, ਹੁਨਰ ਤੇ ਸਮਰੱਥਾ ਸਾਨੂੰ ਮਾਂ-ਬੋਲੀ ਹੀ ਪ੍ਰਦਾਨ ਕਰਦੀ ਹੈ। ਆਓ ਸਾਰੇ ਮਿਲ ਕੇ ਗਾਈਏ : ਮਾਂ-ਬੋਲੀ ਦੇ ਰੰਗ ਨਿਆਰੇ,ਚਾਨਣ ਕਰਦੀ ਜਗ ਵਿਚ ਸਾਰੇ।
-ਡਾ. ਸੁਦਰਸ਼ਨ ਗਾਸੋ
-ਮੋਬਾਈਲ : 98962-01036