- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਾਰਤ ਦਾ ਇਕ ਅਜਿਹਾ ਸੂਬਾ ਹੈ ਜਿਸ ਨੇ ਅੱਤਵਾਦ ਤੇ ਹਥਿਆਰਬੰਦ ਘਟਨਾਵਾਂ ਦਾ ਬਹੁਤ ਵੱਡਾ ਖ਼ਮਿਆਜ਼ਾ ਭੁਗਤਿਆ ਹੈ। ਇਸ ਨੂੰ 1980 ਤੇ 1990 ਦੇ ਦਹਾਕਿਆਂ ਵਿਚ ਅੱਤਵਾਦ ਨੇ ਖ਼ੂਨੀ ਖੇਡ ਦਾ ਮੈਦਾਨ ਬਣਾ ਦਿੱਤਾ ਸੀ। ਉਸ ਤੋਂ ਬਾਅਦ ਲਗਪਗ ਦੋ ਦਹਾਕਿਆਂ ਤੱਕ ਸ਼ਾਂਤੀ ਬਣੀ ਰਹੀ ਪਰ ਹਾਲੀਆ ਸਾਲਾਂ ਵਿਚ ਖ਼ਾਸ ਤੌਰ ’ਤੇ 2024 ਤੋਂ 2026 ਤੱਕ ਪੰਜਾਬ ਵਿਚ ਹੈਂਡ ਗ੍ਰਨੇਡਾਂ, ਆਈਈਡੀਜ਼, ਆਰਡੀਐਕਸ ਅਤੇ ਹੋਰ ਧਮਾਕਾਖੇਜ਼ ਸਮੱਗਰੀ ਦੀ ਵਾਰ-ਵਾਰ ਬਰਾਮਦਗੀ ਨੇ ਮੁੜ ਤੋਂ ਚਿੰਤਾ ਪੈਦਾ ਕਰ ਦਿੱਤੀ ਹੈ।

ਪੰਜਾਬ ਭਾਰਤ ਦਾ ਇਕ ਅਜਿਹਾ ਸੂਬਾ ਹੈ ਜਿਸ ਨੇ ਅੱਤਵਾਦ ਤੇ ਹਥਿਆਰਬੰਦ ਘਟਨਾਵਾਂ ਦਾ ਬਹੁਤ ਵੱਡਾ ਖ਼ਮਿਆਜ਼ਾ ਭੁਗਤਿਆ ਹੈ। ਇਸ ਨੂੰ 1980 ਤੇ 1990 ਦੇ ਦਹਾਕਿਆਂ ਵਿਚ ਅੱਤਵਾਦ ਨੇ ਖ਼ੂਨੀ ਖੇਡ ਦਾ ਮੈਦਾਨ ਬਣਾ ਦਿੱਤਾ ਸੀ। ਉਸ ਤੋਂ ਬਾਅਦ ਲਗਪਗ ਦੋ ਦਹਾਕਿਆਂ ਤੱਕ ਸ਼ਾਂਤੀ ਬਣੀ ਰਹੀ ਪਰ ਹਾਲੀਆ ਸਾਲਾਂ ਵਿਚ ਖ਼ਾਸ ਤੌਰ ’ਤੇ 2024 ਤੋਂ 2026 ਤੱਕ ਪੰਜਾਬ ਵਿਚ ਹੈਂਡ ਗ੍ਰਨੇਡਾਂ, ਆਈਈਡੀਜ਼, ਆਰਡੀਐਕਸ ਅਤੇ ਹੋਰ ਧਮਾਕਾਖੇਜ਼ ਸਮੱਗਰੀ ਦੀ ਵਾਰ-ਵਾਰ ਬਰਾਮਦਗੀ ਨੇ ਮੁੜ ਤੋਂ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਨਾਲ ਇਸ ਗੱਲ ਦਾ ਖ਼ਦਸ਼ਾ ਵਧ ਜਾਂਦਾ ਹੈ ਕਿ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਆਈ ਕੋਈ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਗੁਰਦਾਸਪੁਰ ਵਿਚ ਹੈਂਡ ਗ੍ਰਨੇਡ ਦੇ ਨਾਲ ਹੀ ਡੈਟੋਨੇਟਰ, ਆਈਈਡੀ, ਬੈਟਰੀ ਤੇ ਵਾਕੀ-ਟਾਕੀ ਫੜੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਲਈ ਚੁਣੌਤੀ ਵਧ ਗਈ ਹੈ। ਪੁਲਿਸ ਨੂੰ ਇਹ ਪਤਾ ਕਰਨਾ ਹੋਵੇਗਾ ਕਿ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਗੁਰਗਿਆਂ ਦੇ ਪਾਕਿਸਤਾਨ ਜਾਂ ਹੋਰ ਦੇਸ਼ਾਂ ਵਿਚ ਕਿਸ-ਕਿਸ ਅੱਤਵਾਦੀ ਨਾਲ ਸਬੰਧ ਹਨ। ਪੰਜਾਬ ਵਿਚ ਸੰਗਠਨ ਨਾਲ ਜੁੜੇ ਲੋਕ ਕੌਣ ਹਨ। ਇੰਨੇ ਸਾਰੇ ਹਥਿਆਰ, ਧਮਾਕਾਖੇਜ਼ ਸਮੱਗਰੀ ਤੇ ਹੋਰ ਸਾਮਾਨ ਇਨ੍ਹਾਂ ਨੂੰ ਕਿਸ ਨੇ ਅਤੇ ਕਿੱਥੇ ਉਪਲਬਧ ਕਰਵਾਇਆ। ਹਾਲੀਆ ਮਹੀਨਿਆਂ ਵਿਚ ਅਜਿਹੀਆਂ ਬਰਾਮਦਗੀਆਂ ਲਗਾਤਾਰ ਵਧੀਆਂ ਹਨ। ਮਾਰਚ 2026 ਵਿਚ ਬਠਿੰਡਾ ’ਚ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਅੰਮ੍ਰਿਤਸਰ ਰੂਰਲ ਪੁਲਿਸ ਨੇ ਆਈਈਡੀ ਬਰਾਮਦ ਕੀਤੀ ਅਤੇ ਉਸ ਤੋਂ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੋ ਵਿਅਕਤੀਆਂ ਕੋਲੋਂ ਦੋ ਹੈਂਡ ਗ੍ਰਨੇਡਾਂ, ਪਿਸਤੌਲਾਂ ਤੇ ਮੈਗਜ਼ੀਨਾਂ ਬਰਾਮਦ ਕੀਤੀਆਂ। ਬਟਾਲਾ ਵਿਚ ਵੀ ਚਾਰ ਹੈਂਡ ਗ੍ਰਨੇਡਾਂ ਅਤੇ ਆਈਈਡੀ ਸਣੇ ਇਕ ਵਿਅਕਤੀ ਗ੍ਰਿਫ਼ਤਾਰ ਹੋਇਆ। ਇਸੇ ਤਰ੍ਹਾਂ 2025 ’ਚ ਵੀ ਨਵਾਂਸ਼ਹਿਰ ਜ਼ਿਲ੍ਹੇ ਵਿਚ ਰਾਕਟ-ਪ੍ਰੋਪੈਲਡ ਗ੍ਰਨੇਡ ਤੇ ਆਈਈਡੀ ਬਰਾਮਦ ਹੋਏ ਸਨ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਬਰਾਮਦਗੀਆਂ ਹੁਣ ਇਕ-ਦੋ ਨਹੀਂ, ਸਗੋਂ ਵਾਰ-ਵਾਰ ਤੇ ਵੱਡੀ ਗਿਣਤੀ ਵਿਚ ਹੋ ਰਹੀਆਂ ਹਨ। ਇਸ ਵਧਦੀ ਬਰਾਮਦਗੀ ਦਾ ਮੁੱਖ ਕਾਰਨ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹੋ ਰਹੀ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਦੀ ਤਸਕਰੀ ਹੈ। ਇਹ ਤਸਕਰੀ ਨਾ ਸਿਰਫ਼ ਅੱਤਵਾਦੀਆਂ ਲਈ ਹੈ ਬਲਕਿ ਗੈਂਗਸਟਰਾਂ ਅਤੇ ਅੱਤਵਾਦੀ-ਗੈਂਗਸਟਰ ਮਾਡਿਊਲਾਂ ਨਾਲ ਵੀ ਜੁੜੀ ਹੋਈ ਹੈ। ਬੀਕੇਆਈ, ਖ਼ਾਲਿਸਤਾਨ ਲਿਬਰੇਸ਼ਨ ਫੋਰਸ ਵਰਗੇ ਟੈਰਰ ਗਰੁੱਪਾਂ ਦੇ ਵਿਦੇਸ਼ੀ ਹੈਂਡਲਰ ਯੂਕੇ, ਕੈਨੇਡਾ ਅਤੇ ਪਾਕਿਸਤਾਨ ਤੋਂ ਆਪ੍ਰੇਸ਼ਨ ਚਲਾ ਰਹੇ ਹਨ। ਉਨ੍ਹਾਂ ਵੱਲੋਂ ਲੋਕਲ ਓਵਰਗ੍ਰਾਊਂਡ ਵਰਕਰਾਂ ਰਾਹੀਂ ਇਹ ਸਮੱਗਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਟੀਚਿਆਂ ’ਤੇ ਹਮਲੇ ਲਈ ਵਰਤੀ ਜਾ ਰਹੀ ਹੈ। ਇਸ ਸਭ ਪਿੱਛੇ ਕਈ ਗੰਭੀਰ ਕਾਰਨ ਹਨ। ਆਈਐੱਸਆਈ ਵੱਲੋਂ ਅੱਤਵਾਦ ਨੂੰ ਫਿਰ ਤੋਂ ਜਿਊਂਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੈਂਗਸਟਰਾਂ ਤੇ ਅੱਤਵਾਦੀਆਂ ਵਿਚਕਾਰ ਗੱਠਜੋੜ ਵਧ ਰਿਹਾ ਹੈ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਵਿਚ ਇਹ ਨੈੱਟਵਰਕ ਵਧੇਰੇ ਸਰਗਰਮ ਹਨ। ਇਸ ਸਭ ਨੂੰ ਰੋਕਣ ਲਈ ਪੁਲਿਸ ਨੂੰ ਸਰਹੱਦੀ ਖੇਤਰਾਂ ਵਿਚ ਚੌਕਸੀ ਵਧਾਉਣੀ ਹੋਵੇਗੀ ਕਿਉਂਕਿ ਡ੍ਰੋਨ ਰਾਹੀਂ ਭੇਜੇ ਜਾਣ ਵਾਲੇ ਹਥਿਆਰਾਂ ਨੂੰ ਆਲੇ-ਦੁਆਲੇ ਦੇ ਹੀ ਕੁਝ ਲੋਕ ਟਿਕਾਣੇ ਲਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਖੇਤਰਾਂ ਵਿਚ ਸ਼ੱਕੀ ਸਰਗਰਮੀਆਂ ਵਾਲੇ ਲੋਕਾਂ ’ਤੇ ਤਿੱਖੀ ਨਜ਼ਰ ਰੱਖਣੀ ਹੋਵੇਗੀ। ਸੁਰੱਖਿਆ ਏਜੰਸੀਆਂ ਨੂੰ ਆਪਣਾ ਖ਼ੁਫ਼ੀਆ ਨੈੱਟਵਰਕ ਮਜ਼ਬੂਤ ਕਰਨਾ ਹੋਵੇਗਾ। ਹਥਿਆਰਾਂ ਦੀ ਤਸਕਰੀ ਅਤੇ ਅੱਤਵਾਦੀਆਂ ਦੇ ਡਿਜੀਟਲ ਕਮਿਊਨੀਕੇਸ਼ਨ ਨੂੰ ਲੈ ਕੇ ਵੱਧ ਚੌਕਸੀ ਵਰਤਣੀ ਹੋਵੇਗੀ। ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਵੀ ਵਧਾਉਣੀ ਹੋਵੇਗੀ। ਰਾਜ ਤੇ ਕੇਂਦਰ ਸਰਕਾਰ ਦੀਆਂ ਸੁਰੱਖਿਆਂ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਹੋਣਾ ਵੀ ਜ਼ਰੂਰੀ ਹੈ।