- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਕੋਈ ਪੁਰਾਣੇ ਬੰਦਿਆਂ ’ਚ ਕਾਮਰੇਡ ਦਲੀਪ ਸਿੰਘ ਮਸਤ ਦਾ ਨਾਂ ਲੈਂਦਾ ਹੈ ਤਾਂ ਢਲ਼ੀ ਉਮਰ ਵਾਲ਼ੇ ਕੰਨ ਚੁੱਕ ਲੈਂਦੇ ਨੇ। ਉਨ੍ਹਾਂ ਦੀਆਂ ਅੱਖਾਂ ਅੱਗੇ ਕਾਮਰੇਡਾਂ ਦੇ ਡਰਾਮਿਆਂ ਦੇ ਦ੍ਰਿਸ਼ ਘੁੰਮਣ ਲੱਗ ਪੈਂਦੇ ਨੇ। ਮਸਤ ਸੀਪੀਆਈ ਨੂੰ ਪ੍ਰਣਾਇਆ ਹੋਇਆ ਸੀ। ਉਹਦਾ ਸਭ ਕੁਝ ਪਾਰਟੀ ਹੀ ਸੀ। ਮਾਂ ਵੀ, ਪਿਉ ਵੀ, ਘਰ-ਪਰਿਵਾਰ ਵੀ।

ਬੂਟਾ ਸਿੰਘ ਚੌਹਾਨ
ਜਦੋਂ ਕੋਈ ਪੁਰਾਣੇ ਬੰਦਿਆਂ ’ਚ ਕਾਮਰੇਡ ਦਲੀਪ ਸਿੰਘ ਮਸਤ ਦਾ ਨਾਂ ਲੈਂਦਾ ਹੈ ਤਾਂ ਢਲ਼ੀ ਉਮਰ ਵਾਲ਼ੇ ਕੰਨ ਚੁੱਕ ਲੈਂਦੇ ਨੇ। ਉਨ੍ਹਾਂ ਦੀਆਂ ਅੱਖਾਂ ਅੱਗੇ ਕਾਮਰੇਡਾਂ ਦੇ ਡਰਾਮਿਆਂ ਦੇ ਦ੍ਰਿਸ਼ ਘੁੰਮਣ ਲੱਗ ਪੈਂਦੇ ਨੇ। ਮਸਤ ਸੀਪੀਆਈ ਨੂੰ ਪ੍ਰਣਾਇਆ ਹੋਇਆ ਸੀ। ਉਹਦਾ ਸਭ ਕੁਝ ਪਾਰਟੀ ਹੀ ਸੀ। ਮਾਂ ਵੀ, ਪਿਉ ਵੀ, ਘਰ-ਪਰਿਵਾਰ ਵੀ।
ਜਲਾਲਦੀਵਾਲ਼ (ਨੇੜੇ ਰਾਏਕੋਟ) ਦਾ ਰਹਿਣ ਵਾਲ਼ਾ ਸੀ। ਛੋਟਾ ਹੁੰਦਾ ਹੀ ਉਹ ਨਿਯਾਮ ਨੂੰ ਬਦਲਣ ਦੇ ਰਾਹ ਪੈ ਗਿਆ ਸੀ ਤੇ ਫੇਰ ਉਪੇਰਿਆਂ ਦਾ ਅੰਗ ਬਣ ਗਿਆ ਸੀ। ਕੰਮ ਕੋਈ ਪਹਿਲਾਂ-ਪਹਿਲਾਂ ਕੀਤਾ ਹੋਣੈ, ਪਿੱਛੋਂ ਨਹੀਂ। ਪਾਰਟੀ ਖ਼ੂਨ ਬਣ ਕੇ ਨਾੜਾਂ ’ਚ ਵਗਣ ਲੱਗ ਪਈ ਸੀ। ਘਰੇ ਕਦੇ-ਕਦਾਈਂ ਜਾਂਦਾ ਸੀ। ਬਾਹਰ ਹੀ ਰਹਿੰਦਾ। ਕਦੇ ਕਿਸੇ ਪਿੰਡ ਤੇ ਕਦੇ ਕਿਸੇ ਪਿੰਡ। ਡਰਾਮੇ ਨਿੱਤ ਰਹਿੰਦੇ ਸੀ। ਪਾਰਟੀ ਪ੍ਰੋਗਰਾਮ ਤਹਿਤ ਜੇਲ੍ਹਾਂ ’ਚ ਵੀ ਜਾਂਦਾ ਸੀ। ਜੋ ਕਾਰਜ ਬਾਹਰ ਕਰਦਾ ਸੀ, ਉਹ ਜੇਲ੍ਹ ’ਚ ਵੀ ਕਰਦਾ। ਉਪੇਰਿਆਂ ’ਚ ਉਹ ਮਰਦਾਂ ਦੇ ਰੋਲ ਵੀ ਕਰਦਾ ਤੇ ਕਿਸੇ-ਕਿਸੇ ਉਪੇਰੇ ’ਚ ਪਹਿਲਾਂ ਜਵਾਨ ਹੁੰਦਾ ਔਰਤਾਂ ਦੇ ਵੀ ਰੋਲ ਕਰਦਾ ਸੀ। ਇਹ ਉਸ ਦੀ ਵਿਲੱਖਣ ਪਛਾਣ ਦਾ ਇਕ ਵੱਖਰਾ ਰੂਪ ਕਿਹਾ ਜਾ ਸਕਦਾ ਸੀ।
ਮਾਲਵੇ ਦਾ ਕੋਈ ਪਿੰਡ ਬਚਿਆ ਹੋਵੇਗਾ, ਜਿੱਥੇ ਉਹ ਨਹੀਂ ਗਿਆ। ਜਿਸ ਕਿਸੇ ਨੂੰ ਇਹ ਪਤਾ ਸੀ ਕਿ ਇਹ ਕਾਮਰੇਡਾਂ ਦੀ ਪਾਰਟੀ ਹੈ। ਉਹਨੂੰ ਇਹ ਵੀ ਪਤਾ ਸੀ ਕਿ ਦਲੀਪ ਮਸਤ ਨਾਮ ਦਾ ਕੋਈ ਬੰਦਾ ਹੈ। ਹੈ ਵੀ ਬੜਾ ਵਧੀਆ-ਖ਼ਰਾ। ਗਰੀਬਾਂ ਨੂੰ ਸੁਖੀ ਦੇਖਣ ਦਾ ਇੱਛੁਕ। ਆਪਣੀ ਜ਼ਿੰਦਗੀ ਹੋਰਾਂ ਦੇ ਲੇਖੇ ਲਾ ਕੇ ਭਲੀ ਸੋਚਣ ਵਾਲ਼ਾ ਮਸਤ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿਆਸੀ ਪਾਰਟੀਆਂ ਨੇ ਉੱਭਰਨਾ ਵੀ ਹੁੰਦਾ ਹੈ। ਉੱਚਾਈ ਪਿੱਛੋਂ ਨਿਵਾਣ ਵੀ ਆਉਂਦੀ ਹੈ। ਉੱਚਾਈ ’ਤੇ ਖੜ੍ਹਿਆਂ ਨੂੰ ਦੁਨੀਆਂ ਦੇਖਦੀ ਹੈ। ਪਹਾੜ ਦੀਆਂ ਜੜਾਂ ’ਚ ਖੜ੍ਹਿਆਂ ਬੰਦਿਆਂ ਨੂੰ ਹਰ ਕੋਈ ਨਹੀਂ ਦੇਖਦਾ। ਕੋਈ ਸਮਾਂ ਸੀ, ਮਸਤ ਕਾਮਰੇਡਾਂ ਦੇ ਪੇਂਡੂ ਡਰਾਮਿਆਂ ਦੀ ਰੀੜ੍ਹ ਦੀ ਹੱਡੀ ਸੀ। ਹੇਠਾਂ ਤੋਂ ਲੈ ਕੇ ਉੱਪਰ ਤੱਕ ਪਾਰਟੀ ’ਚ ਉਸਨੂੰ ਜਾਣਦੇ ਸੀ। ਦਿਲੋਂ ਕਦਰ ਵੀ ਕਰਦੇ ਸੀ।
ਜੀਵਨ ਦੀ ਢਲਾਣ ’ਚ ਉਸ ਨੇ ਕਸਬਾ ਸ਼ੇਰਪੁਰ ’ਚ ਜੜ੍ਹਾਂ ਲਾਉਣੀਆਂ ਚਾਹੀਆਂ। ਲੋਕ ਸਤਿਕਾਰ ਵੀ ਕਰਦੇ ਸੀ। ਥੋੜ੍ਹੀ-ਬਹੁਤੀ ਦਵਾਈ-ਬੂਟੀ ਵੀ ਕਰਨ ਲੱਗ ਪਿਆ ਸੀ ਪਰ ਫੇਰ ਕਿਸੇ ਕਾਰਨ ਸ਼ੇਰਪੁਰ ਛੱਡਣਾ ਪਿਆ। ਬੰਦਿਆਂ ਦੇ ਟਿਕਾਣੇ ਬਣ ਜਾਂਦੇ ਨੇ ਪਰ ਪੰਛੀਆਂ ਦੇ ਮਨੁੱਖਾਂ ਵਾਂਗ ਟਿਕਾਣੇ ਨਹੀਂ ਬਣਦੇ। ਮਸਤ ਉੱਡਦਾ ਪੰਛੀ ਰਿਹਾ ਸੀ। ਫੇਰ ਕਿਵੇਂ ਲਾ ਲੈਂਦਾ ਉਹ ਸ਼ੇਰਪੁਰ ਦੀ ਧਰਤੀ ’ਤੇ ਜੜ੍ਹਾਂ। ਇਹ ਵੱਖਰੀ ਗੱਲ ਹੈ ਕਿ ਉਹ ਜੜ੍ਹਹੀਣ ਨਹੀਂ ਸੀ। ਲੋਕਾਂ ਦੇ ਮਨਾਂ ’ਚ ਉਹਦੀਆਂ ਜੜ੍ਹਾਂ ਸੀ ਤੇ ਹੁਣ ਵੀ ਨੇ। ਜੀਵਨ ਦੀ ਢਲਾਣ ’ਤੇ ਉਹ ਜਾਣਕਾਰਾਂ ਕੋਲ਼ ਵਿਚਰਨ ਲੱਗ ਪਿਆ ਸੀ। ਸਾਈਕਲ ਉਹਦੇ ਕੋਲ਼ ਸੀ। ਇਕ ਰਾਤ ਕਿਤੇ, ਦੂਜੀ ਰਾਤ ਕਿਤੇ। ਹਲਟ ਦੀਆਂ ਟਿੰਡਾਂ ਵਾਂਗ ਉਹਦੇ ਰਾਤ-ਦਿਨ ਭਰ-ਭਰ ਕੇ ਮੁਧੀ ਜਾਂਦੇ। ਸਾਰੇ ਕਾਮਰੇਡ ਪਰਿਵਾਰ ਉਹਨੂੰ ਜਾਣਦੇ ਸੀ। ਸੀਪੀਆਈ ਵਾਲ਼ੇ ਵੀ, ਸੀਪੀਐੱਮ ਵਾਲ਼ੇ ਵੀ।
ਦੋਹੇਂ ਪਾਰਟੀਆਂ ’ਚ ਤੱਤੀ ਸੋਚ ਵਾਲ਼ੇ ਬਹੁਤ ਲਾਲ ਹੋਏ ਵੀ। ਇਹ ਸਾਰੇ ਲੋਕ ਸੀਪੀਆਈ ਦੀ ਭੱਠੀ ’ਚੋਂ ਤਿੜਕੇ ਹੋਏ ਦਾਣੇ ਸੀ ਪਰ ਮਸਤ ਤਿੜਕੇ ਦਾਣਿਆਂ ’ਚੋਂ ਨਹੀਂ ਸੀ। ਜੇ ਰੋਟੀ ਖਾਂਦਾ ਸੀ, ਚਾਹ ਪੀਂਦਾ ਸੀ, ਉਹਨੂੰ ਇਕ ਨਸ਼ਾ ਅਖ਼ਬਾਰ ਪੜ੍ਹਨ ਦਾ ਵੀ ਸੀ। ਇਹ ਵੀ ਉਸ ਦੀ ਆਦਤ ਵਿਚ ਸ਼ਾਮਲ ਸੀ। ਉਹ ਜਿੱਥੇ ਰਾਤ ਕੱਟਦਾ, ਪੁਰਾਣੇ ਜਾਣਕਾਰ ਤੁਰਦੇ ਨੂੰ ਸਨਮਾਨ ਵੀ ਦਿੰਦੇ। ਜੇਬ ’ਚ ਹੱਥ ਵੀ ਪਾਉਂਦੇ। ਨਹੀਂ, ਨਹੀਂ ਕਰਦੇ ਮਸਤ ਨੂੰ ਰਾਹਦਾਰੀ ਵਜੋਂ ਕੁਝ ਨਾ ਕੁਝ ਦਿੰਦੇ ਵੀ।
ਮੈਂ ਵੀ ਛੋਟੇ ਹੁੰਦੇ ਨੇ ਉਹਨੂੰ ਇਕ ਨਹੀਂ ਦਰਜਨਾਂ ਨਾਟਕਾਂ ਅਤੇ ਉਪੇਰਿਆਂ ’ਚ ਦੇਖਿਆ ਸੀ। ਤਪੇ ਮੰਡੀ ਵੀ ਤੇ ਮਾਨਸਾ ਵੀ। ਮੈਂ ਇਨ੍ਹਾਂ ਦੋਵਾਂ ਥਾਵਾਂ ’ਤੇ ਵੱਖ-ਵੱਖ ਮੌਕਿਆਂ ’ਤੇ ਰਿਹਾ ਸੀ। ਬਰਨਾਲੇ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਮਾਲਵਾ ਸਾਹਿਤ ਸਭਾ ਵੱਲੋਂ ਦਲੀਪ ਸਿੰਘ ਮਸਤ ਦਾ ਸਨਮਾਨ ਹੋਣਾ ਹੈ।
ਸਭਾ ਵਾਲ਼ਿਆਂ ਦਾ ਫ਼ੈਸਲਾ ਸੀ ਕਿ ਜਦੋਂ ਵੀ ਕਿਸੇ ਮੈਂਬਰ ਜਾਂ ਅਹੁਦੇਦਾਰ ਦੇ ਘਰੇ ਖ਼ੁਸ਼ੀ ਦਾ ਮੌਕਾ ਆਵੇ, ਉਸ ਮੌਕੇ ਕਿਸੇ ਲੇਖਕ ਜਾਂ ਕਿਸੇ ਕਲਾ ਦੇ ਖੇਤਰ ’ਚ ਜ਼ਿੰਦਗੀ ਲਾਉਣ ਵਾਲ਼ੇ ਵਿਅਕਤੀ ਦਾ ਸਨਮਾਨ ਕੀਤਾ ਜਾਵੇ। ਸਨਮਾਨ ਵੀ ਲੋਈ ਤੇ ਮਮੈਂਟੋ ਨਾਲ਼ ਹੀ ਨਹੀਂ, ਪੁੱਗਤ ਅਨੁਸਾਰ ਮਾਇਆ ਵੀ ਦਿੱਤੀ ਜਾਵੇ। ਸਨਮਾਨ ਵੇਲ਼ੇ ਮੈਂ ਗਿਆ। ਉਹਨੂੰ ਮਿਲਿਆ।
ਆਪਣੀ ਹਮੇਸ਼ਾ ਵਾਂਗ ਦੀ ਆਦਤ ਦੇ ਅਨੁਸਾਰ ਹੱਸ ਕੇ ਮਿਲਿਆ। ਸਰੀਰ ਪਹਿਲਵਾਨਾਂ ਵਰਗਾ ਸੀ। ਬੁਢਾਪੇ ਕਾਰਨ ਭਾਵੇਂ ਕੁਝ ਨਾ ਕੁਝ ਸੂਤਿਆ ਗਿਆ ਸੀ ਪਰ ਬਹੁਤਾ ਫ਼ਰਕ ਨਹੀਂ ਸੀ ਪਿਆ। ਉੱਨੀ-ਇੱਕੀ ਦਾ ਫ਼ਰਕ ਸੀ। ਹੱਸਿਆ ਤਾਂ ਪੁਰਾਣਾ ਮਸਤ ਅੱਖਾਂ ਅੱਗੇ ਆ ਖੜ੍ਹਾ। ਮਸਤ ਦਾ ਸਨਮਾਨ ਹੋਇਆ। ਸਨਮਾਨ ’ਚ ਲੋਈ ਤੇ ਯਾਦਗਾਰੀ ਚਿੰਨ੍ਹ ਦੇ ਨਾਲ਼ ਇਕਵੰਜਾ ਸੌ ਰੁਪਿਆ ਵੀ ਦਿੱਤਾ ਗਿਆ। ਇਹ ਵੀਹਵੀਂ ਸਦੀ ਦੇ ਅੰਤਲੇ ਸਾਲ ਦੀ ਗੱਲ ਹੈ। ਇਹ ਸਨਮਾਨ ਡਾ. ਸੰਪੂਰਨ ਸਿੰਘ ਟੱਲੇਵਾਲ਼ ਨੇ ਆਪਣੀ ਨਵੀਂ ਬਣਾਈ ਕੋਠੀ ਦੀ ਚੱਠ ਦੀ ਖ਼ੁਸ਼ੀ ’ਚ ਦਿੱਤਾ ਸੀ।
ਸਨਮਾਨ ਹੋਇਆ ਤਾਂ ਸਟੇਜ ਸੈਕਟਰੀ ਨੇ ਮਸਤ ਨੂੰ ਕੁਝ ਬੋਲਣ ਲਈ ਕਿਹਾ। ਉਹ ਮਾਈਕ ’ਤੇ ਆਇਆ ਤੇ ਕਹਿਣ ਲੱਗਿਆ, ‘ਸਭਾ ਵਾਲ਼ਿਆਂ ਨੇ ਮੈਨੂੰ ਪੈਸੇ ਦਿੱਤੇ ਨੇ। ਏਨੇ ਪੈਸਿਆਂ ਦੀ ਮੈਨੂੰ ਲੋੜ ਨਹੀਂ ਸੀ। ਮੈਂ ਸਾਈਕਲ ਦੀ ਟੁੱਟ-ਭੱਜ ਹੀ ਕਰਾਉਣੀ ਹੁੰਦੀ ਹੈ ਜਾਂ ਮੁੱਲ ਲੈ ਕੇ ਅਖ਼ਬਾਰ ਪੜ੍ਹਨਾ ਹੁੰਦਾ ਹੈ। ਉਹ ਵੀ ਰੋਜ਼-ਰੋਜ਼ ਨੀ। ਅੱਜ ਮੈਨੂੰ ਏਨੇ ਪੈਸੇ ਦੇ ਦਿੱਤੇ ਨੇ ਕਿ ਹੁਣ ਮੈਨੂੰ ਇਹ ਸਾਰੀ ਉਮਰ ਨਹੀਂ ਮੁੱਕਦੇ। ਮੇਰਾ ਇੱਕੋ ਸੁਪਨਾ ਕਿ ਛੋਟੇ-ਵੱਡੇ ’ਚ ਪਾੜਾ ਮੁੱਕਣਾ ਚਾਹੀਦਾ ਹੈ। ਮੈਥੋਂ ਤਾਂ ਇਹ ਕੰਮ ਨਹੀਂ ਹੋ ਸਕਿਆ।
ਜ਼ਿੰਦਗੀ ਪਤਾ ਨਹੀਂ ਕਿੰਨੇ ਚਿਰ ਦੀ ਹੈ। ਤੁਹਾਥੋਂ ਹੋ ਸਕਿਆ ਤਾਂ ਜ਼ਰੂਰ ਕਰਿਉ।’ ਇਹ ਕਹਿੰਦਿਆਂ ਉਹਦੀ ਆਵਾਜ਼ ਹੰਝੂਆਂ ’ਚ ਭਿੱਜ ਗਈ ਸੀ। ਸਾਹਮਣੇ ਬੈਠੇ ਚਾਲ਼ੀ-ਪੰਜਾਹ ਸਰੋਤਿਆਂ ’ਚੋਂ ਕਈਆਂ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ। ਮਾਹੌਲ ਸੋਗੀ ਹੋ ਗਿਆ ਸੀ। ਇਹ ਮਾਹੌਲ ਇੰਜ ਸੀ ਜਿਵੇਂ ਆਲਾ-ਦੁਆਲਾ ਕੀਲਿਆ ਗਿਆ ਹੋਵੇ।
ਫੇਰ ਕਿਸੇ ਮਨਚਲੇ ਨੇ ਕਿਹਾ, ‘ਮਸਤ ਜੀ! ਤੁਸੀਂ ਸਟੇਜ ’ਤੇ ਹਸਾਉਂਦੇ ਬਹੁਤ ਸੀ। ਖ਼ੁਸ਼ੀ ਦਾ ਮੌਕਾ ਹੈ। ਹੋ ਜੇ ਫੇਰ ਕੁਸ਼?’ ਮਸਤ ਸੰਭਲ਼ਿਆ। ਸਲਾਬ੍ਹੀ ਹੋਈ ਆਵਾਜ਼ ’ਚੋਂ ਆਏ ਹੰਝੂਆਂ ਦਾ ਰਲ਼ਾਅ ਘਟਾਇਆ ਤੇ ਕਹਿਣ ਲੱਗਿਆ, ‘ਹੋਰ ਤਾਂ ਮੈਂ ਕੀ ਸੁਣਾਉਣੈ, ਮੈਂ ਥੋਨੂੰ ਦੋ-ਤਿੰਨ ਮਿੰਟ ਹਸਾ ਦਿੰਨਾਂ।’
ਇਹ ਕਹਿ ਕੇ ਉਹਨੇ ਸਨਮਾਨ ’ਚ ਦਿੱਤੀ ਲੋਈ ਖੋਲ੍ਹੀ ਤੇ ਔਰਤਾਂ ਦੇ ਸ਼ਾਲ ਲੈਣ ਵਾਂਗ ਸਿਰ ’ਤੇ ਲੈ ਲਈ ਤੇ ਫੇਰ ਕਹਿਣ ਲੱਗਿਆ, ‘ਹੁਣ ਭਾਵੇਂ ਤੀਵੀਆਂ ਦੇ ਘੁੰਢ ਕੱਢਣ ਦਾ ਰਿਵਾਜ਼ ਨਹੀਂ ਰਿਹਾ, ਪਰ ਥੋਨੂੰ ਨੀ ਪਤਾ ਘੁੰਢ ਛੇ ਕਿਸਮ ਦਾ ਹੁੰਦਾ ਸੀ।’ ਉਹਨੇ ਸਟੇਜ ’ਤੇ ਨਵੀਂ ਵਿਆਹੀ ਬਹੂ ਤੋਂ ਲੈ ਕੇ ਬੁੜ੍ਹੀ ਹੋਣ ਤੱਕ ਘੁੰਢ ਕੱਢਣ ਦੇ ਰੂਪ ਵੀ ਦਿਖਾਏ ਤੇ ਮਿੰਨ੍ਹੀ-ਮਿੰਨ੍ਹੀ ਹਾਸੀ ਵੀ ਬਿਖੇਰੀ।
ਲੋਕਾਂ ਨੇ ਏਨੀਆਂ ਤਾੜੀਆਂ ਮਾਰੀਆਂ ਕਿ ਸਰਕਾਰੀ ਹਾਈ ਸਕੂਲ ਬਰਨਾਲਾ ਦੇ ਵੱਡੇ ਹਾਲ ਦੇ ਖੂੰਜਿਆਂ ’ਚ ਲੱਗੇ ਜਾਲ਼ੇ ਵੀ ਹਿੱਲਣ ਲੱਗ ਪਏ। ਮੈਂ ਆਪਣੀ ਹੁਣ ਤੱਕ ਦੀ ਜ਼ਿੰਦਗੀ ’ਚ ਸਬਰ ਦੀ ਏਦੂੰ ਵੱਡੀ ਕੋਈ ਮਿਸਾਲ ਨਹੀਂ ਦੇਖੀ।