ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਵਿਕਸਿਤ ਭਾਰਤ’ ਦਾ ਨਜ਼ਰੀਆ ਸਿਰਫ਼ ਭਾਰਤ ਦੇ ਸਿੱਧੇ-ਪੱਧਰੇ ਰਾਹਾਂ ਵਾਲੇ ਸੂਬਿਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਦੇ ਇਸ ਨਜ਼ਰੀਏ ਦੀ ਝਲਕ ਉੱਤਰ-ਪੂਰਬ ਦੇ ਸੰਘਣੇ ਜੰਗਲਾਂ ਵਾਲੇ ਪਹਾੜੀ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲਦੀ ਹੈ। ਅਸਲ ਵਿਚ ਇਹ ਉਨ੍ਹਾਂ ਦੀ ਸਮੁੱਚੇ ਦੇਸ਼ ਲਈ ਵਿਕਾਸ ਦੀ ਵਚਨਬੱਧਤਾ ਦੀ ਪ੍ਰਤੀਕ ਹੈ ਜੋ ਉੱਤਰ-ਪੂਰਬ ਦੇ ਬਾਕੀ ਸੂਬਿਆਂ ਦੇ ਨਾਲ-ਨਾਲ ਆਪਣੇ ਵਿਲੱਖਣ ਸਲੀਕੇ ਨਾਲ ਜਾਣੇ ਜਾਂਦੇ ਮਿਜ਼ੋਰਮ ’ਚ ਵੀ ਦੇਖਣ ਨੂੰ ਮਿਲਦੀ ਹੈ।

-ਡਾ. ਵਿਕਰਮ ਸਿੰਘ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਵਿਕਸਿਤ ਭਾਰਤ’ ਦਾ ਨਜ਼ਰੀਆ ਸਿਰਫ਼ ਭਾਰਤ ਦੇ ਸਿੱਧੇ-ਪੱਧਰੇ ਰਾਹਾਂ ਵਾਲੇ ਸੂਬਿਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਦੇ ਇਸ ਨਜ਼ਰੀਏ ਦੀ ਝਲਕ ਉੱਤਰ-ਪੂਰਬ ਦੇ ਸੰਘਣੇ ਜੰਗਲਾਂ ਵਾਲੇ ਪਹਾੜੀ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲਦੀ ਹੈ। ਅਸਲ ਵਿਚ ਇਹ ਉਨ੍ਹਾਂ ਦੀ ਸਮੁੱਚੇ ਦੇਸ਼ ਲਈ ਵਿਕਾਸ ਦੀ ਵਚਨਬੱਧਤਾ ਦੀ ਪ੍ਰਤੀਕ ਹੈ ਜੋ ਉੱਤਰ-ਪੂਰਬ ਦੇ ਬਾਕੀ ਸੂਬਿਆਂ ਦੇ ਨਾਲ-ਨਾਲ ਆਪਣੇ ਵਿਲੱਖਣ ਸਲੀਕੇ ਨਾਲ ਜਾਣੇ ਜਾਂਦੇ ਮਿਜ਼ੋਰਮ ’ਚ ਵੀ ਦੇਖਣ ਨੂੰ ਮਿਲਦੀ ਹੈ।
ਮਿਜ਼ੋਰਮ ਹੁਣ ਤੱਕ ਆਪਣੇ ਵਿਲੱਖਣ ਸਲੀਕੇ ਅਤੇ ਇਮਾਨਦਾਰੀ ਲਈ ਤਾਂ ਜਾਣਿਆ ਹੀ ਜਾਂਦਾ ਸੀ ਪਰ ਹੁਣ ਤੋਂ ਇਹ ਕਦੇ ਸਾਕਾਰ ਨਾ ਹੋਣ ਵਾਲੇ ਖ਼ਾਬ ਦੇ ਦ੍ਰਿੜ ਇੱਛਾ ਨਾਲ ਸਾਕਾਰ ਹੋਣ ਲਈ ਵੀ ਜਾਣਿਆ ਜਾ ਰਿਹਾ ਹੈ। ਭੂਗੋਲਿਕ ਸਥਿਤੀਆਂ ਕਾਰਨ ਮਿਜ਼ੋਰਮ ਦੀ ਧਰਤੀ ਉੱਤੇ ਰੇਲਵੇ ਲਾਈਨ ਦਾ ਖ਼ਾਬ ਦੇਖਣਾ ਤਾਂ ਦੂਰ, ਇਸ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਪਰ 13 ਸਤੰਬਰ 2025 ਦਾ ਦਿਨ ਮਿਜ਼ੋਰਮ ਲਈ ਇਤਿਹਾਸਕ ਸੀ। ਇਹ ਉਹ ਦਿਨ ਸੀ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਹਰੀ ਝੰਡੀ ਦਿਖਾ ਕੇ ਮਿਜ਼ੋਰਮ ਨੂੰ ਭਾਰਤੀ ਰੇਲ ਦੇ ਨਕਸ਼ੇ ਉੱਤੇ ਹੀ ਨਹੀਂ ਲਿਆਂਦਾ ਸਗੋਂ ਉਨ੍ਹਾਂ ਦੇ ਹੱਥ ਵਿਚ ਲਹਿਰਾ ਰਹੀ ਹਰੀ ਝੰਡੀ ਨੇ ਇਹ ਵੀ ਸਾਬਿਤ ਕਰ ਦਿੱਤਾ ਕਿ ਸਕਾਰਾਤਮਕ ਨਜ਼ਰੀਆ, ਹਿੰਮਤ ਅਤੇ ਆਪਣੇ ਦੇਸ਼-ਵਾਸੀਆਂ ਦੀ ਸੇਵਾ ਲਈ ਕੁਝ ਕਰ ਦਿਖਾਉਣ ਦਾ ਜਜ਼ਬਾ ਹਰ ਔਖੀ ਤੋਂ ਔਖੀ ਮੁਸ਼ਕਲ ਨੂੰ ਵੀ ਨਾਕਾਮ ਕਰ ਕੇ ਸੁਪਨਿਆਂ ਨੂੰ ਹਕੀਕਤ ਬਣਾ ਸਕਦਾ ਹੈ।
ਆਖਣ ਨੂੰ ਤਾਂ ਇਹ ਸਿਰਫ਼ ਬੇਰਾੲਵੀ ਤੋਂ ਸਾਰੰਗ ਤੱਕ ਦੀ ਸਿਰਫ਼ 51.38 ਕਿੱਲੋਮੀਟਰ ਦੀ ਰੇਲ ਲਾਈਨ ਹੈ ਪਰ ਜਿਸ ਤਰ੍ਹਾਂ ਦੇ ਪਹਾੜਾਂ ਵਿਚ ਵਿਗਿਆਨਕ ਤਰੀਕੇ ਨਾਲ ਕਰੀਬ 45 ਸੁਰੰਗਾਂ ਅਤੇ 88 ਬ੍ਰਿਜ ਬਣਾ ਕੇ ਇਹ ਰੇਲ ਲਾਈਨ ਵਿਛਾਈ ਗਈ ਹੈ, ਉਸ ਨੂੰ ਦੇਖ ਕੇ ਹਰ ਭਾਰਤੀ ਦਾ ਸਿਰ ਫ਼ਖ਼ਰ ਨਾਲ ਉੱਚਾ ਹੋ ਜਾਂਦਾ ਹੈ। ਇਸ ਰੇਲ ਲਾਈਨ ਉੱਤੇ ਦੌੜਦੀਆਂ ਰੇਲਾਂ ਨੂੰ ਹਾਲੇ ਕਰੀਬ 200 ਤੋਂ ਵੱਧ ਦਿਨ ਹੀ ਹੋਏ ਹਨ ਪਰ ਇਸ ਦੇ ਸਕਾਰਾਤਮਕ ਨਤੀਜੇ ਮਿਜ਼ੋਰਮ ਨੂੰ ਮਿਲਣੇ ਸ਼ੁਰੂ ਹੋ ਗਏ ਹਨ। ਬੇਰਾੲਵੀ ਤੋਂ ਸਾਰੰਗ ਤੱਕ ਜਿੱਥੇ ਸੜਕ ਦੇ ਰਸਤੇ ਚਾਰ ਤੋਂ ਪੰਜ ਘੰਟੇ ਲੱਗਦੇ ਸਨ, ਉੱਥੇ ਇਹ ਸਫ਼ਰ ਰੇਲ ਰਾਹੀਂ ਸਿਰਫ਼ ਡੇਢ ਘੰਟੇ ਦਾ ਰਹਿ ਗਿਆ ਹੈ। ਇਹ ਰੇਲ ਲਾਈਨ ਉੱਤਰੀ ਭਾਰਤ ਦੇ ਕਾਲਕਾ-ਸ਼ਿਮਲਾ ਰੇਲ ਲਾਈਨ ਵਰਗਾ ਲੁਤਫ਼ ਤਾਂ ਦਿੰਦੀ ਹੀ ਹੈ, ਸਗੋਂ ਇਸ ਸਦਕਾ ਸੈਰ-ਸਪਾਟੇ ਦੇ ਨਾਲ-ਨਾਲ ਸਿੱਖਿਆ, ਮੈਡੀਕਲ ਅਤੇ ਵਪਾਰ ਆਦਿ ਦੇ ਖੇਤਰ ਨੂੰ ਵੀ ਹੁਲਾਰਾ ਮਿਲਿਆ ਹੈ। ਸ਼ੁਰੂਆਤੀ ਦਿਨਾਂ ਵਿਚ ਇਸ ਰੇਲ ਲਾਈਨ ਰਾਹੀਂ ਖ਼ਾਸ ਕਰਕੇ ਸੀਮੈਂਟ, ਬਜਰੀ ਅਤੇ ਰੇਤੇ ਦੀ ਢੋਆ-ਢੁਆਈ ਹੋਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਕਾਫ਼ੀ ਘਟ ਗਈਆਂ ਹਨ। ਸੂਬੇ ਵਿਚ ਉਸਾਰੀ ਦੇ ਕੰਮਾਂ ਦੀ ਰਫ਼ਤਾਰ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ।
ਮਿਜ਼ੋਰਮ ਦੇ ਟਰਾਂਸਪੋਰਟ ਖੇਤਰ ਦਾ ਵਿਕਾਸ ਅਟੁੱਟ ਹਿੰਮਤ ਦਾ ਪ੍ਰਤੀਕ ਤਾਂ ਹੈ ਹੀ, ਸਗੋਂ ਖ਼ੁਸ਼ਦਿਲ ਲੋਕਾਂ ਦਾ ਇਹ ਸੂਬਾ ਸਲੀਕੇ ਅਤੇ ਇਮਾਨਦਾਰੀ ਦਾ ਸਬਕ ਵੀ ਸਿਖਾਉਂਦਾ ਹੈ। ਲਗਪਗ ਗਿਆਰਾਂ ਲੱਖ ਦੀ ਆਬਾਦੀ ਵਾਲੇ ਇਸ ਸੂਬੇ ਦੀ ਚਾਹੇ ਸਭ ਤੋਂ ਵੱਧ ਆਬਾਦੀ (ਪੰਜ ਕੁ ਲੱਖ) ਵਾਲੇ ਸ਼ਹਿਰ ਆਈਜ਼ੌਲ ਚਲੇ ਜਾਓ ਜਾਂ ਇਸ ਦੇ ਬਾਕੀ ਦਸ ਜ਼ਿਲ੍ਹਿਆਂ ਦੀ ਕਿਸੇ ਵੀ ਗਲੀ ਵਿਚ ਜਾਓ, ਉੱਥੇ ਲੋਕਾਂ ਦੇ ਵਿਹਾਰ ਵਿਚ ‘ਪਹਿਲੇ ਆਪ’ ਵਾਲਾ ਸਲੀਕਾ ਹਰ ਜਗ੍ਹਾ ਮਹਿਸੂਸ ਹੋਵੇਗਾ।
ਇਸ ਸੂਬੇ ਦੀਆਂ ਸੜਕਾਂ ਉੱਤੇ ਦੌੜਦੇ ਵਾਹਨਾਂ ਤੋਂ ਕਦੇ ਵੀ ਹੋਰਨਜ਼ ਦੀਆਂ ਆਵਾਜ਼ਾਂ ਨਹੀਂ ਸੁਣਾਈ ਦਿੰਦੀਆਂ। ਇਸੇ ਕਰਕੇ ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਨੂੰ ‘ਭਾਰਤ ਦੀ ਸਾਈਲੈਂਟ ਸਿਟੀ’ ਦਾ ਰੁਤਬਾ ਮਿਲਿਆ ਹੋਇਆ ਹੈ। ਇੱਥੇ ਸੜਕਾਂ ਉੱਤੇ ਜਾਮ ਲੱਗਦੇ ਹੀ ਸਾਰੇ ਵਾਹਨ ਇਕ ਕਤਾਰ ਵਿਚ ਖੜ੍ਹੇ ਨਜ਼ਰ ਆਉਂਦੇ ਹਨ। ਜਦੋਂ ਕੋਈ ਸ਼ਖ਼ਸ ਪੈਦਲ ਸੜਕ ਨੂੰ ਪਾਰ ਕਰਨ ਲਈ ਰੁਕਦਾ ਹੈ ਤਾਂ ਚੱਲਦੇ ਹੋਏ ਵਾਹਨ ਮੱਲੋ-ਮੱਲੀ ਰੁਕ ਜਾਂਦੇ ਹਨ। ਇੱਥੇ ਖ਼ਾਸ ਗੱਲ ਇਹ ਹੈ ਕਿ ਵਾਹਨ ਰੋਕਣ ਵਾਲੇ ਦੇ ਚਿਹਰੇ ਉੱਤੇ ਫ਼ਖ਼ਰ ਵਾਲਾ ਖੇੜਾ ਹੁੰਦਾ ਹੈ, ਨਾ ਕਿ ਤਿਊੜੀਆਂ! ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਇੱਥੇ ਕਿਸੇ ਸੜਕ ਉੱਤੇ ਨਾ ਤਾਂ ਟਰੈਫਿਕ ਲਾਈਟਾਂ ਹਨ ਅਤੇ ਨਾ ਹੀ ਵਾਹਨਾਂ ਦਾ ਚਾਲਾਨ ਕੱਟਣ ਵਾਲੀ ਪੁਲਿਸ। ਟਰੈਫਿਕ ਨਿਯਮਾਂ ਦੀ ਪਾਲਣਾ ਇੱਥੋਂ ਦੇ ਲੋਕਾਂ ਲਈ ‘ਡਰ’ ਨਹੀਂ ਸਗੋਂ ‘ਨੈਤਿਕ ਜ਼ਿੰਮੇਵਾਰੀ’ ਹੈ।
ਮਿਜ਼ੋਰਮ ਦੀ ਕੁੱਲ ਆਬਾਦੀ ਵਿਚ ਲਗਪਗ ਅੱਧੀ ਔਰਤਾਂ ਦੀ ਹੈ। ਔਰਤਾਂ ਪ੍ਰਤੀ ਇਸ ਸੂਬੇ ਦਾ ਸਕਾਰਾਤਮਕ ਨਜ਼ਰੀਆ ਇਸ ਪੱਖੋਂ ਨਜ਼ਰ ਆਉਂਦਾ ਹੈ ਕਿ ਇਸ ਧਰਤੀ ਉੱਤੇ ਧੀਆਂ ਦੇ ਮਾਪਿਆਂ ਦੇ ਸ਼ਬਦਕੋਸ਼ ਵਿਚ ‘ਦਾਜ’ ਸ਼ਬਦ ਹੀ ਨਹੀਂ ਹੈ। ਇੱਥੋਂ ਦੀਆਂ ਰਸਮਾਂ ਅਨੁਸਾਰ ਮਿਜ਼ੋਰਮ ਦਾ ਪੁਰਸ਼ ਆਪਣੇ ਹੋਣ ਵਾਲੇ ਸਹੁਰਿਆਂ ਕੋਲ ਵਿਆਹ ਦੀ ਇਜਾਜ਼ਤ ਲੈਣ ਜਾਂਦਾ ਹੈ ਅਤੇ ਉਸ ਨੂੰ ਵਿਆਹ ਲਈ ਕੁੜੀ ਵਾਲਿਆਂ ਨੂੰ ਸ਼ਗਨ ਦੇ ਰੂਪ ਵਿਚ ਕੁਝ ਸੌ ਰੁਪਏ ਦੇਣੇ ਪੈਂਦੇ ਹਨ। ਔਰਤਾਂ ਦੀ ਮਹੱਤਤਾ ਸਿਰਫ਼ ਮਿਜ਼ੋਰਮ ਦੀਆਂ ਰਸਮਾਂ ਵਿਚ ਹੀ ਸੀਮਤ ਨਹੀਂ, ਸਗੋਂ ਇੱਥੇ ਘੁੰਮਦੇ ਹੋਏ ਹਰ ਤਰ੍ਹਾਂ ਦੇ ਕੰਮ ਨਾਲ ਸਬੰਧਤ ਕਰੀਬ 95 ਫ਼ੀਸਦ ਦੁਕਾਨਾਂ ਅਜਿਹੀਆਂ ਮਿਲਣਗੀਆਂ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਔਰਤਾਂ ਹੀ ਸੰਭਾਲ ਰਹੀਆਂ ਹਨ। ਇਹ ਮਿਜ਼ੋਰਮ ਦੀਆਂ ਔਰਤਾਂ ਦੇ ਸਵੈ-ਨਿਰਭਰ ਅਤੇ ਸੂਬੇ ਦੀ ਤਰੱਕੀ ਵਿਚ ਉਨ੍ਹਾਂ ਦੀ ਭਾਗੀਦਾਰੀ ਦੀ ਉਮਦਾ ਮਿਸਾਲ ਹੈ।
ਮਿਜ਼ੋਰਮ ਵਿਚ ਬਿਨਾਂ ਦੁਕਾਨਦਾਰਾਂ ਵਾਲੀਆਂ ਦੁਕਾਨਾਂ ਦੀ ਇਕ ਵਿਲੱਖਣ ਪਰੰਪਰਾ ਹੈ। ਇਹ ਦੁਕਾਨਾਂ ਭਰੋਸੇ ਦੀ ਬੁਨਿਆਦ ’ਤੇ ਚੱਲਦੀਆਂ ਹਨ। ਇੱਥੋਂ ਗਾਹਕ ਆਪਣੀ ਪਸੰਦ ਦਾ ਸਾਮਾਨ ਲੈ ਸਕਦੇ ਹਨ ਅਤੇ ਸਾਮਾਨ ਕੋਲ ਰੱਖੇ ਬਾਕਸ ਵਿਚ ਪੈਸੇ ਪਾ ਸਕਦੇ ਹਨ ਜਾਂ ਆਨਲਾਈਨ ਭੁਗਤਾਨ ਕਰ ਸਕਦੇ ਹਨ। ਇਹ ਪ੍ਰਥਾ ਮਿਜ਼ੋ ਸੱਭਿਆਚਾਰ ਦੇ ਧੁਰ ਅੰਦਰ ਤੱਕ ਵਸੀ ਹੋਈ ਹੈ, ਜੋ ਇਮਾਨਦਾਰੀ ਅਤੇ ਭਾਈਚਾਰਕ ਸਾਂਝ ’ਤੇ ਜ਼ੋਰ ਦਿੰਦੀ ਹੈ। ਇਹ ਦੁਕਾਨਾਂ ਖ਼ਾਸ ਕਰਕੇ ਹਾਈਵੇ ਦੇ ਕਿਨਾਰਿਆਂ ’ਤੇ ਮਿਲਦੀਆਂ ਹਨ, ਉਨ੍ਹਾਂ ਇਲਾਕਿਆਂ ਵਿਚ ਜਿੱਥੇ ਕਿਸਾਨਾਂ ਲਈ ਆਵਾਜਾਈ ਦੇ ਖ਼ਰਚੇ ਕਾਰਨ ਬਾਜ਼ਾਰਾਂ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਿਜ਼ੋਰਮ ਦੀ ਧਰਤੀ ਉੱਤੇ ਇੰਨੀ ਖ਼ੁਸ਼ਹਾਲ ਅਤੇ ਸਲੀਕੇ ਭਰਪੂਰ ਜ਼ਿੰਦਗੀ ਦਾ ਰਾਜ਼ ਕੀ ਹੈ। ਅਸਲ ਵਿਚ ਇਸ ਪਿੱਛੇ ਮਿਜ਼ੋਰਮ ਦੀਆਂ ਧਾਰਮਿਕ ਸੰਸਥਾਵਾਂ ਅਤੇ ‘ਯੰਗ ਮਿਜ਼ੋ ਐਸੋਸੀਏਸ਼ਨ’ ਤੋਂ ਇਲਾਵਾ ਭਾਰਤ ਦਾ ਸਭ ਤੋਂ ਵੱਧ ਸਾਖ਼ਰਤਾ ਦਰ ਵਾਲਾ ਸੂਬਾ (ਲਗਪਗ 98.2%) ਹੋਣ ਦੀ ਖ਼ਾਸ ਭੂਮਿਕਾ ਹੈ। ਐਤਵਾਰ ਵਾਲੇ ਦਿਨ ਮਿਜ਼ੋਰਮ ਤਕਰੀਬਨ ਬੰਦ ਹੁੰਦਾ ਹੈ ਕਿਉਂਕਿ ਇਸ ਦਿਨ ਇੱਥੋਂ ਦੇ ਲੋਕ ਧਾਰਮਿਕ ਅਸਥਾਨਾਂ ’ਤੇ ਇਕੱਤਰ ਹੁੰਦੇ ਹਨ। ਉੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਹਰ ਕਿਸੇ ਨੂੰ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮਿਜ਼ੋਰਮ ਵਿਚ ‘ਯੰਗ ਮਿਜ਼ੋ ਐਸੋਸੀਏਸ਼ਨ’ ਰਾਜ ਦੀ ਸਭ ਤੋਂ ਵੱਡੀ ਸਵੈ-ਸੇਵੀ ਸੰਸਥਾ ਹੈ ਜਿਸ ਦੇ ਚਾਰ ਲੱਖ ਤੋਂ ਵੱਧ ਮੈਂਬਰ ਹਨ। ਇਸ ਸੰਸਥਾ ਦੀਆਂ ਗਤੀਵਿਧੀਆਂ ਮਿਜ਼ੋ ਲੋਕਾਂ ਦੇ ਸਮਾਜਿਕ ਜੀਵਨ ਦਾ ਮਾਰਗਦਰਸ਼ਨ ਕਰਦੀਆਂ ਹਨ। ਮਿਜ਼ੋਰਮ ਪੀਐੱਮ ਮੋਦੀ ਦੇ ‘ਵਿਕਸਿਤ ਭਾਰਤ’ ਦੇ ਸੁਪਨੇ ਅਤੇ ਉੱਚ-ਨੈਤਿਕਤਾ ਦਾ ਸੁਮੇਲ ਹੈ। ਆਪਣੇ ਸਲੀਕੇ, ਅਨੁਸ਼ਾਸਨ, ਇਮਾਨਦਾਰੀ ਅਤੇ ਸਵੈ-ਨਿਰਭਰ ਔਰਤਾਂ ਰਾਹੀਂ ਇਹ ਸੂਬਾ ਸਾਬਿਤ ਕਰਦਾ ਹੈ ਕਿ ਅਸਲ ਵਿਕਾਸ ਉੱਥੇ ਹੁੰਦਾ ਹੈ, ਜਿੱਥੇ ਆਧੁਨਿਕਤਾ ਅਤੇ ਸੰਸਕਾਰ ਇਕ-ਦੂਜੇ ਦੀ ਉਂਗਲ ਫੜ ਕੇ ਤੁਰਦੇ ਹਨ।
-(ਲੇਖਕ ਸੂਚਨਾ ਤੇ ਪ੍ਰਸਾਰਨ ਮੰਤਰਾਲੇ ’ਚ ਭਾਰਤੀ ਸੂਚਨਾ ਸੇਵਾ ਦਾ ਅਧਿਕਾਰੀ ਹੈ)।
-ਸੰਪਰਕ : 98884-13836