ਏਆਈ ਆਧਾਰਤ ਐਪਸ ਲਗਾਤਾਰ ਵਿਵਾਦਾਂ ’ਚ ਘਿਰੇ ਰਹੇ ਹਨ। ਆਲਮੀ ਪੱਧਰ ’ਤੇ ਵੀ ਇਸ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਸਵੀਰਾਂ ਨਾਲ ਛੇੜਛਾੜ ਕਰਨ ਤੋਂ ਲੈ ਕੇ ਸਾਈਬਰ ਠੱਗੀਆਂ ਤੇ ਗ਼ਲਤ ਜਾਣਕਾਰੀਆਂ ਦਾ ਪ੍ਰਚਾਰ ਕਰਨ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਲਗਾਤਾਰ ਹੋ ਰਿਹਾ ਤਕਨੀਕ ਦਾ ਵਿਕਾਸ ਮਨੁੱਖ ਦੀ ਜ਼ਿੰਦਗੀ ਨੂੰ ਸੌਖਾ ਕਰ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਇਸ ਕੜੀ ’ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਮੋਬਾਈਲ ’ਚ ਮੌਜੂਦ ਏਆਈ ਆਧਾਰਤ ਕੁਝ ਐਪਸ ਦੀ ਦੁਰਵਰਤੋਂ ਹੋ ਰਹੀ ਹੈ। ਹਾਲੀਆ ਘਟਨਾ ’ਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਏਆਈ ਨਾਲ ਬਣਾਈ ਵੀਡੀਓ ’ਚ ਪਿੰਜਰ ਨੂੰ ਪੱਗ ਬੰਨ੍ਹ ਕੇ ਦਰਸਾਇਆ ਗਿਆ ਹੈ। ਇਸ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤ ’ਚ ਰੋਸ ਹੈ ਤੇ ਇਸ ਵੀਡੀਓ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਉੱਠ ਰਹੀ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਧਾਰਮਿਕ ਅਸਥਾਨਾਂ ਅਤੇ ਤਸਵੀਰਾਂ ਨਾਲ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਜਿਨ੍ਹਾਂ ਦਾ ਉਦੇਸ਼ ਕਿਤੇ ਨਾ ਕਿਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣਾ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਏਆਈ ਦੀ ਮਦਦ ਨਾਲ ਬਣਾਈ ਵੀਡੀਓ ’ਚ ਥਾਰ ਗੱਡੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਘੁੰਮਦੀ ਦਿਖਾਈ ਗਈ ਸੀ। ਏਆਈ ਦੀ ਮਦਦ ਸਮਾਜ ਨੂੰ ਚੰਗੀ ਸੇਧ ਦੇਣ ਲਈ ਕੀਤੀ ਜਾਣੀ ਚਾਹੀਦੀ ਸੀ ਪਰ ਇਸ ਦੇ ਪਿੱਛੇ ਲੁਕੀਆਂ ਸ਼ਕਤੀਆਂ ਖ਼ਤਰਨਾਕ ਮਾਹੌਲ ਸਿਰਜ ਰਹੀਆਂ ਹਨ। ਇਨ੍ਹਾਂ ਸ਼ਰਾਰਤੀ ਤੱਤਾਂ ਦਾ ਜਿੱਥੇ ਪਤਾ ਲਗਾਉਣਾ ਜ਼ਰੂਰੀ ਹੈ, ਉੱਥੇ ਹੀ ਨੌਜਵਾਨਾਂ ਨੂੰ ਏਆਈ ਵਰਗੀ ਨਵੀਂ ਤਕਨੀਕ ਦੇ ਸਦਉਪਯੋਗ ਵੱਲ ਤੋਰਨਾ ਜ਼ਰੂਰੀ ਹੈ।
ਏਆਈ ਆਧਾਰਤ ਐਪਸ ਲਗਾਤਾਰ ਵਿਵਾਦਾਂ ’ਚ ਘਿਰੇ ਰਹੇ ਹਨ। ਆਲਮੀ ਪੱਧਰ ’ਤੇ ਵੀ ਇਸ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਸਵੀਰਾਂ ਨਾਲ ਛੇੜਛਾੜ ਕਰਨ ਤੋਂ ਲੈ ਕੇ ਸਾਈਬਰ ਠੱਗੀਆਂ ਤੇ ਗ਼ਲਤ ਜਾਣਕਾਰੀਆਂ ਦਾ ਪ੍ਰਚਾਰ ਕਰਨ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਏਆਈ ਨਾਲ ਤਿਆਰ ਕੀਤੀਆਂ ਗਈਆਂ ਡੀਪਫੇਕ ਵੀਡੀਓ ਤੇ ਤਸਵੀਰਾਂ ਦੇ ਅਸਲੀ-ਨਕਲੀ ਦੇ ਫ਼ਰਕ ਨੂੰ ਸਮਝਣਾ ਬਹੁਤ ਔਖਾ ਕੰਮ ਹੈ। ਪਹਿਲੀ ਨਜ਼ਰੇ ਕੋਈ ਵੀ ਵਿਅਕਤੀ ਇਨ੍ਹਾਂ ਦੇ ਝਾਂਸੇ ’ਚ ਆ ਸਕਦਾ ਹੈ।
ਸੱਭਿਆਚਾਰ, ਧਰਮ ਤੇ ਭਾਵਨਾਵਾਂ ਨੂੰ ਸੱਟ ਮਾਰਨ ਲਈ ਇਨ੍ਹਾਂ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਔਰਤਾਂ ਅਤੇ ਬੱਚਿਆਂ ਦੀਆਂ ਤਸਵੀਰਾਂ ਨਾਲ ਗ਼ਲਤ ਤਰੀਕੇ ਨਾਲ ਕੀਤੀ ਗਈ ਛੇੜਛਾੜ ਅਤੇ ਸੋਸ਼ਲ ਮੀਡੀਆ ’ਤੇ ਇਨ੍ਹਾਂ ਦੀ ਵਰਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਸੋਸ਼ਲ ਨੈੱਟਵਰਕਿੰਗ ਐਪ ਐਕਸ ਨੂੰ ਆਪਣੇ ਐਪ ਤੋਂ ਹਜ਼ਾਰਾਂ ਦੀ ਗਿਣਤੀ ’ਚ ਅਜਿਹੀਆਂ ਤਸਵੀਰਾਂ ਹਟਾਉਣੀਆਂ ਪਈਆਂ ਹਨ ਜਿਨ੍ਹਾਂ ਦੀ ਵਰਤੋਂ ਲੋਕਾਂ ਦੀ ਮਨਜ਼ੂਰੀ ਤੋਂ ਬਗ਼ੈਰ ਕੀਤੀ ਗਈ ਸੀ। ਅਮਰੀਕਾ ’ਚ ਇਕ ਸਾਲ ਦੇ ਅੰਦਰ 4 ਲੱਖ ਤੋਂ ਵੱਧ ਧੋਖਾਧੜੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚ ਏਆਈ ਦੀ ਮਦਦ ਲਈ ਗਈ ਸੀ।
ਏਆਈ ’ਤੇ ਲੋਕਾਂ ਦੀ ਭਰੋਸੇਯੋਗਤਾ ਇਸ ਪੱਧਰ ਤੱਕ ਵਧ ਰਹੀ ਹੈ ਕਿ ਜਨਤਾ ਮੈਡੀਕਲ ਤੇ ਸਿਹਤ ਸਬੰਧੀ ਸਲਾਹਾਂ ਵੀ ਇਸ ਤੋਂ ਮੰਗ ਰਹੀ ਹੈ। ਕਈ ਮਾਮਲਿਆਂ ’ਚ ਗ਼ਲਤ ਸਲਾਹਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਵੀ ਝੱਲਣਾ ਪਿਆ ਹੈ। ਹਾਲਾਂਕਿ ਏਆਈ ਦੀ ਵਰਤੋਂ ਸੁਚੱਜੇ ਢੰਗ ਨਾਲ ਵੀ ਕੀਤੀ ਜਾ ਸਕਦੀ ਹੈ। ਏਆਈ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਪੱਧਰ ’ਤੇ ਮੌਕੇ ਖੋਲ੍ਹ ਰਹੀ ਹੈ।
ਆਈਟੀ ਸੈਕਟਰ ਅਤੇ ਡਾਟਾਬੇਸ ਕੰਪਨੀਆਂ ਨੂੰ ਅਜਿਹੇ ਨੌਜਵਾਨਾਂ ਦੀ ਭਾਲ ਹੈ ਜੋ ਏਆਈ ਤਕਨੀਕ ਨੂੰ ਵਰਤਣ ’ਚ ਮਾਹਰ ਹੋਣ। ਸਮੇਂ ਦੀ ਬੱਚਤ ਤੇ ਮਨ-ਮਾਫ਼ਕ ਨਤੀਜਿਆਂ ਲਈ ਤਕਨੀਕ ’ਤੇ ਨਿਰਭਰ ਹੋਣਾ ਮਾੜੀ ਗੱਲ ਨਹੀਂ ਪਰ ਇਸ ਵਾਸਤੇ ਗ਼ਲਤ ਮੰਤਵ ਰੱਖਣਾ ਖ਼ਤਰਨਾਕ ਸਿੱਧ ਹੋ ਸਕਦਾ ਹੈ। ਮੋਬਾਈਲ ’ਚ ਮੌਜੂਦ ਏਆਈ ਨਾਲ ਸਬੰਧਤ ਐਪਸ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਪ੍ਰਤੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਦੀ ਲੋੜ ਹੈ। ਤਕਨੀਕੀ ਸਹੂਲਤਾਂ ਨੂੰ ਵਰਤਣ ਵੇਲੇ ਮਾਨਸਿਕਤਾ ਵੀ ਦਰੁਸਤ ਰੱਖਣੀ ਪਵੇਗੀ ਤਾਂ ਜੋ ਸਾਡੀਆਂ ਗ਼ਲਤ ਹਰਕਤਾਂ ਦਾ ਕਿਸੇ ਨੂੰ ਨੁਕਸਾਨ ਨਾ ਹੋਵੇ।