ਅਦਾਲਤ ਨੇ ਇੱਥੋਂ ਤੱਕ ਕਿਹਾ ਹੈ ਕਿ ਬੱਚਿਆਂ ਨੂੰ ਮੌਜ-ਮਸਤੀ ਲਈ ਹੱਦੋਂ ਵੱਧ ਜੇਬ ਖ਼ਰਚਾ ਦੇਣਾ ਕਿਸੇ ਵੀ ਤਰੀਕੇ ਨਾਲ ਮਨਜ਼ੂਰ ਨਹੀਂ ਹੈ। ਦਰਅਸਲ, ਇਹ ਹਾਦਸਾ ਇੰਨਾ ਗੰਭੀਰ ਸੀ ਕਿ 17 ਸਾਲਾਂ ਦੇ ਲੜਕੇ ਨੇ ਦੋ ਆਈਟੀ ਪੇਸ਼ੇਵਰਾਂ ਨੂੰ ਦਰੜ ਕੇ ਮਾਰ ਦਿੱਤਾ ਸੀ। ਪੋਰਸ਼ ਗੱਡੀ ’ਚ ਦੋ ਨਾਬਾਲਗ ਲੜਕੇ ਸਨ।
ਗੱਡੀਆਂ ਦੀ ਰਫ਼ਤਾਰ ਤੇਜ਼ ਹੋ ਰਹੀ ਹੈ ਤੇ ਦੂਜੇ ਪਾਸੇ ਸੜਕਾਂ ’ਤੇ ਟਰੈਫਿਕ ਦਾ ਦਬਾਅ ਬਹੁਤ ਵਧ ਗਿਆ ਹੈ। ਜਦੋਂ ਮੋਟਰ-ਗੱਡੀਆਂ ਦੀਆਂ ਚਾਬੀਆਂ ਨਾਬਾਲਗਾਂ ਦੇ ਹੱਥਾਂ ’ਚ ਆਉਂਦੀਆਂ ਹਨ ਤਾਂ ਬਹੁਤੀ ਵਾਰ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਨਾਬਾਲਗ ਚਾਲਕਾਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ। ਸਾਲ 2024 ’ਚ ਪੁਣੇ ’ਚ ਪੋਰਸ਼ ਗੱਡੀ ਚਾਲਕ ਇਕ ਨਾਬਾਲਗ ਵੱਲੋਂ ਕੀਤੇ ਗਏ ਭਿਆਨਕ ਸੜਕ ਹਾਦਸੇ ਦਾ ਹਵਾਲਾ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹੇ ਹਾਦਸਿਆਂ ਲਈ ਸਿੱਧੇ ਤੌਰ ’ਤੇ ਮਾਪੇ ਜ਼ਿੰਮੇਵਾਰ ਹਨ।
ਅਦਾਲਤ ਨੇ ਇੱਥੋਂ ਤੱਕ ਕਿਹਾ ਹੈ ਕਿ ਬੱਚਿਆਂ ਨੂੰ ਮੌਜ-ਮਸਤੀ ਲਈ ਹੱਦੋਂ ਵੱਧ ਜੇਬ ਖ਼ਰਚਾ ਦੇਣਾ ਕਿਸੇ ਵੀ ਤਰੀਕੇ ਨਾਲ ਮਨਜ਼ੂਰ ਨਹੀਂ ਹੈ। ਦਰਅਸਲ, ਇਹ ਹਾਦਸਾ ਇੰਨਾ ਗੰਭੀਰ ਸੀ ਕਿ 17 ਸਾਲਾਂ ਦੇ ਲੜਕੇ ਨੇ ਦੋ ਆਈਟੀ ਪੇਸ਼ੇਵਰਾਂ ਨੂੰ ਦਰੜ ਕੇ ਮਾਰ ਦਿੱਤਾ ਸੀ। ਪੋਰਸ਼ ਗੱਡੀ ’ਚ ਦੋ ਨਾਬਾਲਗ ਲੜਕੇ ਸਨ।
ਮਾਪਿਆਂ ਦੀ ਬੇਪਰਵਾਹੀ ਅਤੇ ਨਾਬਲਗਾਂ ਦੀ ਨਾਸਮਝੀ ਇਸ ਹਾਦਸੇ ਦਾ ਅਹਿਮ ਕਾਰਨ ਸੀ। ਇਸ ਮਾਮਲੇ ਦੀ ਸੁਣਵਾਈ ਵੇਲੇ ਅਦਾਲਤ ਦੀਆਂ ਬਾਕੀ ਟਿੱਪਣੀਆਂ ਵੀ ਗ਼ੌਰ ਕਰਨ ਵਾਲੀਆਂ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਕਿਤੇ ਨਾ ਕਿਤੇ ਮਾਪਿਆਂ ਨਾਲ ਹੈ। ਅਦਾਲਤ ਨੇ ਇੱਥੋਂ ਤੱਕ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਕਾਬੂ ਨਹੀਂ ਰੱਖਦੇ। ਉਨ੍ਹਾਂ ਦੀਆਂ ਲੋੜਾਂ ਦੀ ਅਹਿਮੀਅਤ ਨੂੰ ਸਮਝੇ ਬਗ਼ੈਰ ਹੀ ਖ਼ਰਚਾ ਦਿੰਦੇ ਹਨ ਜਿਸ ਦੇ ਨਤੀਜੇ ਦਿਲ ਕੰਬਾਊ ਨਿਕਲਦੇ ਹਨ।
ਕੁਝ ਸਾਲਾਂ ਦੀਆਂ ਸੜਕ ਹਾਦਸਿਆਂ ਬਾਰੇ ਰਿਪੋਰਟਾਂ ਦੇਖੀਆਂ ਜਾਣ ਤਾਂ ਇਸ ਗੱਲ ਤੋਂ ਪਰਦਾ ਉੱਠ ਜਾਂਦਾ ਹੈ ਕਿ ਕੁਝ ਮਾਪੇ ਆਪਣੇ ਬੱਚਿਆਂ ਦੀਆਂ ਬੇਲੋੜੀਆਂ ਖ਼ੁਸ਼ੀਆਂ ਪੂਰੀਆਂ ਕਰਦੇ ਹੋਏ ਹੋਰਾਂ ਲਈ ਖ਼ਤਰਾ ਪੈਦਾ ਕਰਦੇ ਹਨ। ਸਾਲ 2023 ਅਤੇ 2024 ’ਚ ਵਾਪਰੇ 11,890 ਮਾਮਲਿਆਂ ’ਚ ਨਾਬਾਲਗ ਮੁਲਜ਼ਮ ਸਨ। ਸਰਕਾਰੀ ਅੰਕੜਿਆਂ ਅਨੁਸਾਰ ਰੋਜ਼ਾਨਾ ਲਗਪਗ 16 ਅਜਿਹੇ ਮਾਮਲੇ ਵਾਪਰ ਰਹੇ ਹਨ। ਇਸੇ ਤਰ੍ਹਾਂ 2018 ਤੋਂ 2022 ਤੱਕ ਪੂਰੇ ਮੁਲਕ ’ਚ 77 ਹਜ਼ਾਰ ਤੋਂ ਵੱਧ ਸੜਕ ਹਾਦਸੇ ਹੋਏ ਜਿਨ੍ਹਾਂ ਲਈ ਜ਼ਿੰਮੇਵਾਰਾਂ ਦੀ ਉਮਰ ਵੀ 18 ਸਾਲ ਤੋਂ ਘੱਟ ਸੀ। ਇਕ ਹੋਰ ਸਰਕਾਰੀ ਅੰਕੜੇ ਮੁਤਾਬਕ ਸਾਲ 2023 ’ਚ 2500 ਤੋਂ ਵੱਧ ਸੜਕ ਹਾਦਸਿਆਂ ਦੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਪਿੱਛੇ ਨਾਬਲਗ ਡਰਾਈਵਰ ਸਨ।
ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹਰਿਆਣਾ ’ਚ 2023 ’ਚ 51 ਮੌਤਾਂ ਨਾਬਾਲਗਾਂ ਵੱਲੋਂ ਵਾਹਨ ਚਲਾਉਣ ਕਾਰਨ ਹੋਈਆਂ ਸਨ। ਮੁਲਕ ਦਾ ਸੜਕੀ ਤਾਣਾ-ਬਾਣਾ ਵੱਡਿਆਂ ਲਈ ਵੀ ਸੁਖਦ ਡਰਾਈਵਿੰਗ ਦਾ ਮਾਹੌਲ ਪੈਦਾ ਕਰਦਾ ਨਹੀਂ ਦਿਸਦਾ ਤੇ ਬੱਚਿਆਂ ਨੂੰ ਗੱਡੀਆਂ-ਕਾਰਾਂ ਦੀਆਂ ਚਾਬੀਆਂ ਬਿਨਾਂ ਸੋਚੇ-ਸਮਝੇ ਫੜਾ ਦੇਣਾ ਕਿਸੇ ਵੀ ਤਰੀਕੇ ਨਾਲ ਖ਼ਤਰੇ ਤੋਂ ਖ਼ਾਲੀ ਨਹੀਂ ਕਿਹਾ ਜਾ ਸਕਦਾ। ਨਾਬਾਲਗਾਂ ਨੂੰ ਟਰੈਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ।
ਛੋਟੀ ਉਮਰ ’ਚ ਤਜਰਬੇ ਦੀ ਘਾਟ ਅਤੇ ਸੜਕਾਂ ’ਤੇ ਟਰੈਫਿਕ ਦੇ ਵਾਧੂ ਤਣਾਅ ਨੂੰ ਝੱਲਣ ਦੇ ਵੀ ਉਹ ਕਾਬਲ ਨਹੀਂ ਹੁੰਦੇ। ਕਈ ਮਾਮਲਿਆਂ ’ਚ ਟਰੈਫਿਕ ਨਿਯਮਾਂ ਦੀ ਜਾਣਕਾਰੀ ਨਾ ਹੋਣਾ ਅਤੇ ਬਿਨਾਂ ਹੈਲਮਟ ਦੇ ਦੋਪਹੀਆ ਵਾਹਨ ਚਲਾਉਣ ਕਾਰਨ ਉਹ ਆਪਣੇ ਤੇ ਦੂਜਿਆਂ ਲਈ ਖ਼ਤਰਾ ਪੈਦਾ ਕਰਦੇ ਹਨ।
ਮਾਪਿਆਂ ਦਾ ਆਪਣੇ ਬੱਚਿਆਂ ’ਤੇ ਵਹੀਕਲ ਚਲਾਉਣ ਨੂੰ ਲੈ ਕੇ ਹੱਦੋਂ ਵੱਧ ਭਰੋਸਾ ਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨਾ ਵੀ ਇਨ੍ਹਾਂ ਹਾਦਸਿਆਂ ਪਿੱਛੇ ਇਕ ਵੱਡਾ ਕਾਰਨ ਕਿਹਾ ਜਾ ਸਕਦਾ ਹੈ। ਬੱਚਿਆਂ ਨੂੰ ਡਰਾਈਵਿੰਗ ਕਰਨ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਮਾਪਿਆਂ ਨੂੰ ਸੜਕਾਂ ’ਤੇ ਟਰੈਫਿਕ ਦੇ ਮਾਹੌਲ, ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਤੇ ਨਾਬਾਲਗਾਂ ਦੇ ਮਾਨਸਿਕ ਪੱਧਰ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।