ਨਤੀਜਾ ਭਾਵੇਂ ਪ੍ਰੀਖਿਆ ਦਾ ਹੋਵੇ, ਚੋਣਾਂ ਦਾ ਜਾਂ ਜੀਵਨ ’ਚ ਲਏ ਕਿਸੇ ਹੋਰ ਫ਼ੈਸਲੇ ਦਾ, ਦਿਲਾਂ ਦੀਆਂ ਧੜਕਣਾਂ ਤੇਜ਼ ਹੋਣੀਆਂ ਸੁਭਾਵਿਕ ਹਨ। ਸਫਲਤਾ, ਅਸਫਲਤਾ ਨਤੀਜੇ ’ਤੇ ਨਿਰਭਰ ਕਰਦੀ ਹੈ। ਚੋਣਾਂ ਸਮੇਂ ਨਤੀਜਾ ਕਈ ਉਮੀਦਵਾਰਾਂ ਨੂੰ ਹਸਪਤਾਲਾਂ ਦੇ ਦਰਸ਼ਨ ਕਰਵਾ ਦਿੰਦਾ ਹੈ, ਵਿਦਿਆਰਥੀਆਂ ਨੂੰ ਪਸੀਨੇ ਲਿਆ ਦਿੰਦਾ ਹੈ। ਇਹ ਤਿੰਨ ਅੱਖਰਾਂ ਦਾ ਸ਼ਬਦ ਚਿਹਰਿਆਂ ਦੇ ਹਾਵ-ਭਾਵ ਮਿੰਟਾਂ-ਸਕਿੰਟਾਂ ’ਚ ਬਦਲ ਦਿੰਦਾ ਹੈ।

-ਹਰਸੰਤ ਸਿੰਘ ਢੀਂਡਸਾ
ਨਤੀਜਾ ਭਾਵੇਂ ਪ੍ਰੀਖਿਆ ਦਾ ਹੋਵੇ, ਚੋਣਾਂ ਦਾ ਜਾਂ ਜੀਵਨ ’ਚ ਲਏ ਕਿਸੇ ਹੋਰ ਫ਼ੈਸਲੇ ਦਾ, ਦਿਲਾਂ ਦੀਆਂ ਧੜਕਣਾਂ ਤੇਜ਼ ਹੋਣੀਆਂ ਸੁਭਾਵਿਕ ਹਨ। ਸਫਲਤਾ, ਅਸਫਲਤਾ ਨਤੀਜੇ ’ਤੇ ਨਿਰਭਰ ਕਰਦੀ ਹੈ। ਚੋਣਾਂ ਸਮੇਂ ਨਤੀਜਾ ਕਈ ਉਮੀਦਵਾਰਾਂ ਨੂੰ ਹਸਪਤਾਲਾਂ ਦੇ ਦਰਸ਼ਨ ਕਰਵਾ ਦਿੰਦਾ ਹੈ, ਵਿਦਿਆਰਥੀਆਂ ਨੂੰ ਪਸੀਨੇ ਲਿਆ ਦਿੰਦਾ ਹੈ। ਇਹ ਤਿੰਨ ਅੱਖਰਾਂ ਦਾ ਸ਼ਬਦ ਚਿਹਰਿਆਂ ਦੇ ਹਾਵ-ਭਾਵ ਮਿੰਟਾਂ-ਸਕਿੰਟਾਂ ’ਚ ਬਦਲ ਦਿੰਦਾ ਹੈ।
ਸਕੂਲੀ ਸਿੱਖਿਆ ਵਿਭਾਗ ਵਿਚ ਪੁਰਾਣੇ ਸਮੇ ਤੋਂ ਹੀ ਮਾਰਚ ਮਹੀਨੇ ਦਾ ਅੰਤਲਾ ਦਿਨ 31 ਮਾਰਚ ਇਤਿਹਾਸਕ ਰਿਹਾ ਹੈ। ਪਿਛਲੇ ਸਮੇਂ ਵਿਦਿਆਰਥੀਆਂ ਦੇ ਨਤੀਜੇ ਇਸ ਦਿਨ ਹੀ ਘੋਸ਼ਿਤ ਕੀਤੇ ਜਾਂਦੇ ਸਨ। ਸਾਰੇ ਸਾਲ ਦੀ ਮਿਹਨਤ ਦਾ ਮੁਲਾਂਕਣ ਪ੍ਰੀਖਿਆ ਦੇ ਰੂਪ ਵਿਚ ਮਾਰਚ ਮਹੀਨੇ ਹੀ ਕੀਤਾ ਜਾਂਦਾ ਹੈ। ਇਸ ਲਈ ਇਹ ਦਿਨ ਕਈਆਂ ਨੂੰ ਰੁਆਉਂਦਾ ਹੈ ਤੇ ਕਈਆਂ ਨੂੰ ਹਸਾਉਂਦਾ। ਕਈਆਂ ਦੀ ਕਿਸਮਤ ਚਮਕਦੀ ਅਤੇ ਕਈ ਵਿਚਾਰੇ ਮੂੰਹ ਲਮਕਾ ਕੇ ਬਹਿ ਜਾਂਦੇ। ਮੈਨੂੰ ਅੱਜ ਵੀ ਆਪਣੇ ਸਕੂਲ ’ਚ ਪੜ੍ਹਾਈ ਕਰਨ ਦੇ ਦਿਨ ਯਾਦ ਆ ਜਾਂਦੇ ਹਨ। ਅੱਜ-ਕੱਲ੍ਹ ਪ੍ਰਾਈਵੇਟ ਸਕੂਲਾਂ ਨੇ ਵਿਦਿਆਰਥੀਆਂ ਦੇ ਨਤੀਜੇ ਫਰਵਰੀ ’ਚ ਹੀ ਐਲਾਨਣੇ ਸ਼ੁਰੂ ਕਰ ਦਿੱਤੇ ਹਨ, ਵਿੱਦਿਆ ਦਾ ਨਿੱਜੀਕਰਨ ਹੋ ਗਿਆ ਹੈ, ਫੇਲ੍ਹ ਕਰਨਾ ਤਾਂ ਦੂਰ ਦੀ ਗੱਲ, ਪ੍ਰਾਈਵੇਟ ਸਕੂਲਾਂ ਵਾਲੇ ਤਾਂ 98% ਤੋਂ ਘੱਟ ਅੰਕ ਹੀ ਕਿਸੇ ਵਿਦਿਆਰਥੀ ਨੂੰ ਨਹੀਂ ਦਿੰਦੇ, ਕਿਉਂਕਿ ਸਿੱਖਿਆ ਵਪਾਰ ਬਣ ਗਈ ਹੈ। ਜੇਕਰ ਵਿਦਿਆਰਥੀ ਦੇ ਨੰਬਰ ਘੱਟ ਹੋਣਗੇ ਤਾਂ ਮਾਪੇ ਸਕੂਲ ਬਦਲਣ ਦੀ ਗੱਲ ਕਰਨਗੇ।
ਪ੍ਰਾਈਵੇਟ ਸਕੂਲਾਂ ਦੀ ਸਿੱਖਿਆ ਦੇ ਪ੍ਰਭਾਵ ਕਾਰਨ ਸਰਕਾਰੀ ਸਕੂਲਾਂ ਦੀਆਂ ਨੀਤੀਆਂ ਵੀ ਅਜਿਹੀਆਂ ਹੀ ਬਣ ਗਈਆਂ ਹਨ। ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਤਹਿਤ ਅੱਠਵੀਂ ਤੱਕ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਕਰਨਾ। ਇੰਜ ਫੇਲ੍ਹ ਹੋਣ ਦਾ ਡਰ ਚੁੱਕਿਆ ਗਿਆ। ਦੀਵਾਰਾਂ ਉੱਤੇ ਸਾਫ਼ ਲਿਖਿਆ ਹੁੰਦਾ ਹੈ, ਪੰਜਵੀਂ ਫੇਲ੍ਹ, ਅੱਠਵੀਂ ਫੇਲ੍ਹ, ਸਿੱਧੀ ਦਸਵੀਂ ਕਰੋ, ਦਸਵੀਂ-ਬਾਰ੍ਹਵੀਂ ਦੀ ਤਾਂ ਗੱਲ ਹੀ ਛੱਡੋ, ਪ੍ਰਾਈਵੇਟ ਯੂਨੀਵਰਸਿਟੀਆਂ ਘਰ ਬੈਠੇ ਬੱਚਿਆਂ ਨੂੰ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਮੁੱਲ ਵੇਚਣ ਲੱਗ ਪਈਆਂ ਹਨ। ਇੰਜ ਬੱਚਿਆਂ ’ਚੋਂ ਫੇਲ੍ਹ ਹੋਣ ਦਾ ਡਰ ਚੁੱਕਿਆ ਗਿਆ ਹੈ। ਕਈ ਚੰਗੇ ਵਿਦਿਆਰਥੀ ਵੀ ਮਾੜੇ ਸਿਸਟਮ ਦੀ ਭੇਟ ਚੜ੍ਹ ਕੇ ਜ਼ਿੰਦਗੀ ’ਚੋਂ ਹੀ ਫੇਲ੍ਹ ਹੋ ਗਏ।
ਪੁਰਾਣੇ ਸਮੇਂ ਵਿਦਿਆਰਥੀ ਬਹੁਤ ਮਿਹਨਤ ਕਰਦੇ ਸਨ। ਪ੍ਰੀਖਿਆ ਤੋਂ ਬਾਅਦ ਨਤੀਜੇ ਦੇ ਦਿਨ ਨੇੜੇ ਆਉਣ ਕਾਰਨ ਡਰ ਜਿਹਾ ਲੱਗਣ ਲੱਗਦਾ, ਰਾਤਾਂ ਦੀ ਨੀਂਦ ਉੱਡਣ ਲੱਗਦੀ। ਸੁਪਨੇ ਵੀ ਨਤੀਜੇ ਦੇ ਆਉਂਦੇ। ਜਿਵੇਂ ਵਿਅਕਤੀ ਸੁਪਨੇ ’ਚ ਡਰਦਾ ਮਾਰਿਆ ਭੱਜ ਨਹੀਂ ਸਕਦਾ, ਇਸੇ ਤਰ੍ਹਾਂ ਹੀ ਚੰਗੀ ਪ੍ਰੀਖਿਆ ਦਿੱਤੀ ਹੋਣ ਦੇ ਬਾਵਜੂਦ ਮਨ ’ਚ ਫੇਲ੍ਹ ਹੋਣ ਦਾ ਧੁੜਕੂ ਲੱਗਾ ਰਹਿੰਦਾ। ਚੰਗੇ ਨੰਬਰਾਂ ਦੀ ਤਾਂ ਗੱਲ ਛੱਡੋ, ਉਸ ਸਮੇਂ ਫੇਲ੍ਹ-ਪਾਸ ਦੀ ਹੀ ਗੱਲ ਹੁੰਦੀ। ਵਿਦਿਆਰਥੀ ਪਾਸ ਹੋਣ ਲਈ ਸੁੱਖਣਾ ਸੁੱਖਦੇ, ਪਰਮਾਤਮਾ ਅੱਗੇ ਅਰਦਾਸਾਂ ਕਰਦੇ। ਮੈਨੂੰ ਚੇਤੇ ਹੈ ਕਿ ਸਾਡੇ ਪਿੰਡ ’ਚ ਬਾਬਾ ਟਹਿਲ ਦਾਸ ਦੀ ਪੁਰਾਣੀ ਸਮਾਧ ਹੈ। ਜਦੋਂ ਨਤੀਜਾ ਆ ਜਾਂਦਾ ਤਾਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਪਤਾਸੇ ਲੈ ਕੇ ਮੱਥਾ ਟੇਕਣ ਲਈ ਕਤਾਰ ਲੱਗ ਜਾਂਦੀ। ਉਸ ਸਮੇਂ ਸਵਾ ਪੰਜ ਰੁਪਏ ਦੇ ਪਤਾਸੇ ਹੀ ਬਹੁਤ ਆ ਜਾਂਦੇ ਸਨ। ਵਿਦਿਆਰਥੀਆਂ ’ਚ ਬਹੁਤ ਵਿਸ਼ਵਾਸ ਹੁੰਦਾ ਤੇ ਉਹ ਬਾਬਾ ਜੀ ਨੂੰ ਭਵਿੱਖ ਵਿਚ ਵੀ ਮਿਹਰ ਭਰਿਆ ਹੱਥ ਸਿਰ ’ਤੇ ਰੱਖਣ ਦੀ ਅਰਦਾਸ ਕਰਦੇ।
ਜਦੋਂ ਪ੍ਰੀਖਿਆ ਹੁੰਦੀ, ਉਸ ਸਮੇਂ ਮਾਵਾਂ ਬੱਚਿਆਂ ਨੂੰ ਦਹੀਂ ’ਚ ਸ਼ੱਕਰ ਪਾ ਕੇ ਖਾਣ ਲਈ ਦਿੰਦੀਆਂ। ਉਹ ਕਹਿੰਦੀਆਂ, ‘‘ਪੁੱਤ, ਤੇਰਾ ਪੇਪਰ ਬਹੁਤ ਵਧੀਆ ਹੋਵੇਗਾ, ਦਹੀਂ ਖਾ ਕੇ ਜਾ।’’ ਪੇਪਰ ਵਧੀਆ ਹੋਵੇ, ਚਾਹੇ ਨਾ, ਵਿਦਿਆਰਥੀ ਉਸ ਸਮੇਂ ਭੁੱਖੇ ਨਹੀਂ ਜਾਂਦੇ ਸਨ। ਹੁਣ ਵਾਲੇ ਕੁਰਕਰੇ ਤੇ ਚਿਪਸ ਨਾਂ ਦੀ ਕੋਈ ਚੀਜ਼ ਨਹੀਂ ਸੀ। ਬੱਚਿਆਂ ਲਈ ਹਰ ਘਰ ’ਚ ਖੋਆ, ਪੰਜੀਰੀ, ਗੁੜ ਵਾਲੀਆਂ ਆਟੇ ਦੀਆਂ ਮੱਠੀਆਂ ਤੇ ਬਿਸਕੁਟ ਆਦਿ ਸਾਮਾਨ ਹੁੰਦਾ। ਵਿਦਿਆਰਥੀ ਸਾਦਗੀ ਭਰਿਆ ਜੀਵਨ ਜਿਉਂਦੇ। ਜੋ ਪਾਸ ਹੋਣ ਦਾ ਚਾਅ ਹੁੰਦਾ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰੀਖਿਆ ਦੇਣ ਉਪਰੰਤ ਵਿਦਿਆਰਥੀ ਘੋੜੇ ਵੇਚ ਕੇ ਸੌਂ ਜਾਂਦੇ ਭਾਵ ਦਿਮਾਗ ਤੋਂ ਬੋਝ ਲਹਿ ਜਾਂਦਾ ਪਰ ਅਸਲ ਬੋਝ ਤਾਂ ਨਤੀਜਾ ਆਉਣ ਉਪਰੰਤ ਹੀ ਲਹਿੰਦਾ। ਪ੍ਰੀਖਿਆ ਦੇਣ ਉਪਰੰਤ ਨਤੀਜੇ ਦੀ ਸੋਚ ਸ਼ੁਰੂ ਹੋ ਜਾਂਦੀ। ਪਾਸ ਹੋਣ ’ਤੇ ਇੰਜ ਲੱਗਦਾ ਜਿਵੇਂ ਵੱਡੇ ਝੰਜਟ ਤੋਂ ਸੁਰਖਰੂ ਹੋ ਗਏ ਹੋਈਏ। ਫਿਰ ਅਗਲੀ ਜਮਾਤ ’ਚ ਦਾਖ਼ਲਾ ਲੈਣ ਦਾ ਚਾਅ ਚੜ੍ਹ ਜਾਣਾ। ਨਵੀਆਂ ਕਿਤਾਬਾਂ-ਕਾਪੀਆਂ ਮਿਲਣੀਆਂ ਹੀ ਬਹੁਤ ਵੱਡੀ ਗੱਲ ਹੁੰਦੀ ਸੀ।
ਬੱਚੇ ਕਿਤਾਬਾਂ ਉੱਤੇ ਜਿਲਦਾਂ ਚਾੜ੍ਹਦੇ ਤੇ ਆਪਣੇ ਨਾਂ ਲਿਖਦੇ। ਜਦੋਂ ਵੱਡੀ ਕਲਾਸ ਦਾ ਨਾਂ ਲਿਖਣਾ, ਤਾਂ ਮਨ ’ਚ ਅਥਾਹ ਖ਼ੁਸ਼ੀ ਹੋਣੀ। ਹਾਂ, ਜਿਹੜਾ ਕੋਈ ਸਾਥੀ ਫੇਲ੍ਹ ਹੋ ਜਾਂਦਾ, ਉਸ ਨੂੰ ਬਹੁਤ ਦੁੱਖ ਹੁੰਦਾ ਸੀ, ਪਾਸ ਹੋਣ ਵਾਲੇ ਸਾਰੇ ਸਾਥੀ ਉਸ ਨੂੰ ਹੌਸਲਾ ਦਿੰਦੇ। ਮੈਨੂੰ ਚੇਤੇ ਹੈ ਕਿ ਸਾਡੇ ਸਕੂਲ ’ਚ ਇਕ ਵਾਰ ਪੰਜਵੀਂ ਜਮਾਤ ਜੋ ਕਿ ਬੋਰਡ ਦੀ ਸੀ, ਉਸ ਜਮਾਤ ਦਾ ਇਕ ਵਿਦਿਆਰਥੀ ਸਤਿਗੁਰ ਸਿੰਘ ਜਿਸ ਨੂੰ ਪਿਆਰ ਨਾਲ ਸਾਰੇ ਸੱਤੂ ਕਹਿੰਦੇ ਸਨ, ਪੰਜਵੀਂ ਜਮਾਤ ਵਿੱਚੋਂ ਫੇਲ੍ਹ ਹੋ ਗਿਆ। ਉਸ ਦੇ ਫੇਲ੍ਹ ਹੋਣ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅਧਿਆਪਕਾਂ ਨੂੰ ਵੀ ਯਕੀਨ ਨਾ ਆਵੇ। ਸਾਡਾ ਅਧਿਆਪਕ ਅਮਰੀਕ ਸਿੰਘ ਕਹੇ ਕਿ ਇਹ ਕਿਵੇਂ ਹੋ ਗਿਆ ਕਿ ਤੈਥੋਂ ਘੱਟ ਹੁਸ਼ਿਆਰ ਵਿਦਿਆਰਥੀ ਪਾਸ ਹੋ ਗਏ। ਉਸ ਵਿਦਿਆਰਥੀ ਨੇ ਫੇਲ੍ਹ ਹੋਣ ’ਤੇ ਅੱਖਾਂ ਭਰ ਲਈਆਂ। ਅਧਿਆਪਕ ਦਾ ਵੀ ਦਿਲ ਭਰ ਆਇਆ। ਸਾਰੇ ਵਿਦਿਆਰਥੀ ਭਾਵੁਕ ਹੋ ਗਏ। ਉਸ ਸਮੇਂ ਵਿਦਿਆਰਥੀਆਂ ’ਚ ਪਿਆਰ-ਮੁਹੱਬਤ ਬਹੁਤ ਹੁੰਦਾ ਸੀ। ਅਧਿਆਪਕ ਬੱਚਿਆਂ ਨੂੰ ਆਪਣੇ ਬੱਚਿਆਂ ਨਾਲੋਂ ਵੱਧ ਸਮਝਦੇ ਸਨ। ਪਦਾਰਥਵਾਦੀ ਸੋਚ ਨੇ ਗੁਰੂ-ਚੇਲੇ ਦੇ ਰਿਸ਼ਤੇ ਖ਼ਤਮ ਕਰ ਦਿੱਤੇ ਹਨ। ਅੱਜ-ਕੱਲ੍ਹ ਕਿਸੇ ਵਿਦਿਆਰਥੀ ਦੇ ਫੇਲ੍ਹ ਹੋਣ ’ਤੇ ਮੈਂ ਕਿਸੇ ਅਧਿਆਪਕ ਨੂੰ ਉਸ ਤਰ੍ਹਾਂ ਭਾਵੁਕ ਹੁੰਦੇ ਨਹੀਂ ਦੇਖਿਆ। ਫੇਲ੍ਹ ਹੋਣ ਵਾਲੇ ਵਿਦਿਆਰਥੀ ਵੀ ਹੁਣ ਗੱਲ ਦਿਲ ’ਤੇ ਨਹੀਂ ਲਾਉਂਦੇ। ਪੁਰਾਣੇ ਸਮਿਆਂ ’ਚ ਬਹੁਤ ਡਰ ਹੁੰਦਾ ਸੀ ਕਿ ਜੇਕਰ ਫੇਲ੍ਹ ਹੋ ਗਏ ਤਾਂ ਘਰ ਦਿਆਂ ਨੇ ਡੰਗਰਾਂ ਦਾ ਪਾਲੀ ਬਣਾ ਦੇਣਾ ਹੈ। ਫੇਲ੍ਹ ਹੋਣ ’ਤੇ ਜ਼ਿਆਦਾਤਰ ਬੱਚਿਆਂ ਨੂੰ ਸਕੂਲੋਂ ਹਟਾ ਕੇ ਖੇਤੀ ਦੇ ਕੰਮਾਂ ’ਚ ਲਾ ਲਿਆ ਜਾਂਦਾ। ਵਿਦਿਆਰਥੀ ਔਖੇ ਕੰਮ ਕਰਨ ਤੋਂ ਡਰਦੇ ਹੋਏ ਪੜ੍ਹਾਈ ਕਰਨ ਨੂੰ ਚੰਗਾ ਸਮਝਦੇ। ਜਿਨ੍ਹਾਂ ਵਿਦਿਆਰਥੀਆਂ ਨੇ ਅੱਖਰਾਂ ਦੀ ਖ਼ਾਕ ਛਾਣੀ ਹੈ, ਉਨ੍ਹਾਂ ਨੂੰ ਤਾਂ ਅੱਜ ਵੀ ਪੇਪਰਾਂ ਦੇ ਸੁਪਨੇ ਆਉਂਦੇ ਹਨ ਕਿ ਹਾਏ, ਪੇਪਰ ’ਚ ਲੇਟ ਤਾਂ ਨਹੀਂ ਹੋ ਗਏ, ਕਿਤੇ ਪੇਪਰ ਕਰਨਾ ਰਹਿ ਤਾਂ ਨਹੀਂ ਗਿਆ। ਅੱਜ ਵੀ ਕਈ ਵਾਰ ਤ੍ਰਭਕ ਕੇ ਉੱਠਦੇ ਹਨ। ਪੜ੍ਹਾਈ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਇਹ ਕਠਿਨ ਤਪੱਸਿਆ ਹੈ, ਫ਼ਕੀਰੀ ਹੈ। ਜੋ ਵਿਦਿਆਰਥੀ ਜ਼ਿੰਦਗੀ ’ਚ ਮਿਹਨਤ ਕਰਦੇ ਹਨ, ਪਰਮਾਤਮਾ ਉਨ੍ਹਾਂ ਦੀ ਮਿਹਨਤ ਦਾ ਮੁੱਲ ਜ਼ਰੂਰ ਪਾਉਂਦਾ ਹੈ। ਉਹ ਜੀਵਨ ’ਚ ਜ਼ਰੂਰ ਕਾਮਯਾਬ ਹੁੰਦੇ ਹਨ। ਉਨ੍ਹਾਂ ਲਈ 31 ਮਾਰਚ ਸੁਨਹਿਰੀ ਦਿਨ ਹੈ, ਜਿਸ ਨੇ ਉਨਾਂ ਦੀ ਤਕਦੀਰ ਨੂੰ ਚਮਕਾਇਆ ਹੈ। ਉਹ ਇਸ ਸੁਨਹਿਰੀ ਦਿਨ ਨੂੰ ਕਿਵੇਂ ਭੁੱਲ ਸਕਦੇ ਹਨ।
-(ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੌਹਰੀਆਂ (ਸੰਗਰੂਰ)।
-ਮੋਬਾਈਲ : 98781-97000