ਹਾਲ ਹੀ ਵਿਚ ਮਦਰਾਸ ਹਾਈ ਕੋਰਟ ਨੇ ਲਿਵ-ਇਨ-ਰਿਲੇਸ਼ਨਸ਼ਿਪ ਦੇ ਚਲਨ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਜਿਹੇ ਰਿਸ਼ਤਿਆਂ ਵਿਚ ਮਹਿਲਾਵਾਂ ਨੂੰ ਪਤਨੀ ਦਾ ਦਰਜਾ ਦੇ ਕੇ ਸੁਰੱਖਿਆ ਦਿੱਤੀ ਜਾਵੇ। ਕੋਰਟ ਨੇ ਇਹ ਵੀ ਕਿਹਾ, ‘‘ਲਿਵ-ਇਨ-ਰਿਲੇਸ਼ਨ ਭਾਰਤੀ ਸਮਾਜ ਲਈ ਇਕ ਸੱਭਿਆਚਾਰਕ ਝਟਕਾ ਹੈ ਪਰ ਇਹ ਵੱਡੇ ਪੈਮਾਨੇ ’ਤੇ ਹੋ ਰਹੇ ਹਨ। ਲੜਕੀਆਂ ਸੋਚਦੀਆਂ ਹਨ ਕਿ ਉਹ ਮਾਡਰਨ ਹਨ

-ਰਿਤੂ ਸਾਰਸਵਤ
ਅਦਾਲਤੀ ਫ਼ੈਸਲਿਆਂ ਤੋਂ ਲੈ ਕੇ ਕਈ ਅਧਿਐਨ ਦਰਸਾਉਂਦੇ ਹਨ ਕਿ ਲਿਵ-ਇਨ-ਰਿਲੇਸ਼ਨ ਵਿਆਹ ਸੰਸਥਾ ਦਾ ਬਦਲ ਨਹੀਂ ਹੋ ਸਕਦਾ।
---
ਹਾਲ ਹੀ ਵਿਚ ਮਦਰਾਸ ਹਾਈ ਕੋਰਟ ਨੇ ਲਿਵ-ਇਨ-ਰਿਲੇਸ਼ਨਸ਼ਿਪ ਦੇ ਚਲਨ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਜਿਹੇ ਰਿਸ਼ਤਿਆਂ ਵਿਚ ਮਹਿਲਾਵਾਂ ਨੂੰ ਪਤਨੀ ਦਾ ਦਰਜਾ ਦੇ ਕੇ ਸੁਰੱਖਿਆ ਦਿੱਤੀ ਜਾਵੇ। ਕੋਰਟ ਨੇ ਇਹ ਵੀ ਕਿਹਾ, ‘‘ਲਿਵ-ਇਨ-ਰਿਲੇਸ਼ਨ ਭਾਰਤੀ ਸਮਾਜ ਲਈ ਇਕ ਸੱਭਿਆਚਾਰਕ ਝਟਕਾ ਹੈ ਪਰ ਇਹ ਵੱਡੇ ਪੈਮਾਨੇ ’ਤੇ ਹੋ ਰਹੇ ਹਨ। ਲੜਕੀਆਂ ਸੋਚਦੀਆਂ ਹਨ ਕਿ ਉਹ ਮਾਡਰਨ ਹਨ ਅਤੇ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿਣ ਦਾ ਫ਼ੈਸਲਾ ਕਰਦੀਆਂ ਹਨ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਰਿਸ਼ਤਾ ਸ਼ਾਦੀ ਦੀ ਤਰ੍ਹਾਂ ਕੋਈ ਸੁਰੱਖਿਆ ਨਹੀਂ ਦੇ ਰਿਹਾ ਹੈ।’’ ਤਮਾਮ ਅਦਾਲਤਾਂ ਨਿਰੰਤਰ ਇਸ ਬਾਬਤ ਖ਼ਬਰਦਾਰ ਕਰਦੀਆਂ ਰਹੀਆਂ ਹਨ ਕਿ ਲਿਵ-ਇਨ-ਰਿਲੇਸ਼ਨਸ਼ਿਪ ਉਮੀਦ ਮੁਤਾਬਕ ਲੜਕੀਆਂ ਲਈ ਸਮਾਜਿਕ ਤੌਰ ’ਤੇ ਕਿਤੇ ਜ਼ਿਆਦਾ ਨੁਕਸਾਨਦੇਹ ਹੈ ਪਰ ਸ਼ਾਇਦ ਨੌਜਵਾਨਾਂ ਲਈ ਆਧੁਨਿਕ ਹੋਣ ਦਾ ਮਤਲਬ ਪੱਛਮੀ ਸੰਸਕ੍ਰਿਤੀ ਨੂੰ ਅਪਣਾਉਣਾ ਹੋ ਗਿਆ ਹੈ। ਉਨ੍ਹਾਂ ਦੀ ਇਹ ਸੋਚ ਉਨ੍ਹਾਂ ਨੂੰ ਅਜਿਹੇ ਹਾਲਾਤ ਵਿਚ ਧੱਕ ਦਿੰਦੀ ਹੈ ਜਿੱਥੋਂ ਨਿਕਲਣ ਦਾ ਹਰ ਉਪਰਾਲਾ ਨਾਕਾਮ ਹੋ ਜਾਂਦਾ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿਣ ਵਾਲਾ ਕੋਈ ਵੀ ਜੋੜਾ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ ਹੋਇਆ ਨਹੀਂ ਦਿਖਾਈ ਦਿੰਦਾ। ਅਗਸਤ 2023 ਵਿਚ ‘ਅਦਨਾਨ ਬਨਾਮ ਉੱਤਰ ਪ੍ਰਦੇਸ਼ ਰਾਜ ਅਤੇ ਹੋਰ’ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਦੀ ਟਿੱਪਣੀ ਸੀ ਕਿ ਜ਼ਿਆਦਾਤਰ ਲਿਵ-ਇਨ ਜੋੜਿਆਂ ਵਿਚਾਲੇ ਬ੍ਰੇਕਅੱਪ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਮਹਿਲਾ ਲਈ ਸਮਾਜ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਕ ਤਰ੍ਹਾਂ ਨਾਲ ਸਮਾਜਿਕ ਬਾਈਕਾਟ ਤੋਂ ਲੈ ਕੇ ਬੇਹੂਦਾ ਜਨਤਕ ਟਿੱਪਣੀਆਂ ਲਿਵ-ਇਨ-ਰਿਲੇਸ਼ਨਸ਼ਿਪ ਤੋਂ ਬਾਅਦ ਉਸ ਦੇ ਕਸ਼ਟਾਂ ਦਾ ਹਿੱਸਾ ਬਣ ਜਾਂਦੀਆਂ ਹਨ। ਜਿਸ ਪੱਛਮੀ ਸੰਸਕ੍ਰਿਤੀ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਪੀੜ੍ਹੀ ਲਿਵ-ਇਨ-ਰਿਲੇਸ਼ਨਸ਼ਿਪ ਅਪਣਾ ਰਹੀ ਹੈ, ਉਸ ਨੂੰ ਇਹ ਜਾਣਨਾ ਹੋਵੇਗਾ ਕਿ ਅੱਜ ਵੀ ਪੁਰਸ਼ਾਂ ਤੇ ਇਸਤਰੀਆਂ ਲਈ ਸਪਸ਼ਟ ਤੌਰ ’ਤੋਂ ਅਲੱਗ ਨੈਤਿਕ ਨਿਯਮ ਹਨ ਅਤੇ ਇਸ ਦੀ ਮਿਸਾਲ ਬ੍ਰੀਏਨਾ ਪੇਰੇਲੀ-ਹੈਰਿਸ ਦੀ ਖੋਜ ਹੈ ਜੋ ਯੂਰਪ ਦੇ 11 ਦੇਸ਼ਾਂ ’ਤੇ ਆਧਾਰਤ ਹੈ। ਇਸ ਵਿਚ ਦੇਖਿਆ ਗਿਆ ਕਿ ਲਿਵ-ਇਨ ਵਿਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਪੁਰਸ਼ਾਂ ਦੀ ਤੁਲਨਾ ਵਿਚ ਜ਼ਿਆਦਾ ਨਾਂਹ-ਪੱਖੀ ਦ੍ਰਿਸ਼ਟੀ, ਚਰਿੱਤਰ ਬਾਰੇ ਸ਼ੱਕ ਅਤੇ ਸਮਾਜਿਕ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਖੋਜ ਇਹ ਵੀ ਦੱਸਦੀ ਹੈ ਕਿ ਜਿੱਥੇ ਰਵਾਇਤੀ ਪਰਿਵਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਜ਼ਿਆਦਾ ਮਜ਼ਬੂਤ ਹਨ, ਓਥੇ ਹੀ ਲਿਵ-ਇਨ ਤੋਂ ਬਾਅਦ ਔਰਤਾਂ ਲਈ ਨਵੇਂ ਸਬੰਧਾਂ ਵਿਚ ਸਥਾਪਤ ਹੋਣਾ, ਸਮਾਜਿਕ ਪ੍ਰਵਾਨਗੀ ਹਾਸਲ ਕਰਨਾ ਅਤੇ ਸਨਮਾਨਜਨਕ ਜੀਵਨ ਵਿਚ ਮੁੜ ਪ੍ਰਵੇਸ਼ ਕਰਨਾ ਕਿਤੇ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਇਸੇ ਅਸਮਾਨ ਅਤੇ ਕਠੋਰ ਸਮਾਜਿਕ ਵਿਵਹਾਰ ਨੂੰ ਖੋਜ-ਕਰਤਾਵਾਂ ਨੇ ਸਪਸ਼ਟ ਰੂਪ ਵਿਚ ‘ਜੈਂਡਰਜ਼ ਸਟਿਗਮਾ’ ਕਿਹਾ ਹੈ। ਉਕਤ ਖੋਜ ਇਹ ਸਥਾਪਤ ਕਰਦੀ ਹੈ ਕਿ ਲਿਵ-ਇਨ ਸਬੰਧ ਮਹਿਲਾਵਾਂ ਲਈ ਸਿਰਫ਼ ਨਿੱਜੀ ਬਦਲ ਨਹੀਂ ਰਹਿ ਜਾਂਦਾ ਬਲਕਿ ਇਕ ਅਜਿਹਾ ਸਮਾਜਿਕ ਜੋਖ਼ਮ ਬਣ ਜਾਂਦਾ ਹੈ ਜਿਸ ਦੇ ਲੰਬੇ ਸਮੇਂ ਦੇ ਮਾਨਸਿਕ, ਸਮਾਜਿਕ ਅਤੇ ਭਵਿੱਖੀ ਮਾੜੇ ਨਤੀਜੇ ਹੁੰਦੇ ਹਨ। ਤਮਾਮ ਅਧਿਐਨ ਇਸ ਤੱਥ ਨੂੰ ਸਥਾਪਤ ਕਰ ਰਹੇ ਹਨ ਕਿ ਲਿਵ-ਇਨ-ਰਿਲੇਸ਼ਨਸ਼ਿਪ ਕਦੇ ਵੀ ਵਿਆਹ ਸੰਸਥਾ ਦਾ ਬਦਲ ਨਹੀਂ ਹੋ ਸਕਦਾ। ਮਨੋਵਿਗਿਆਨੀ ਸਕਾਟ ਐੱਮ ਸਟੈਨਲੀ ਆਪਣੇ ‘ਸਲਾਈਡਿੰਗ ਬਨਾਮ ਡੀਸਲਾਈਡਿੰਗ ਸਿਧਾਂਤ’ ਵਿਚ ਸਪਸ਼ਟ ਕਰਦਾ ਹੈ ਕਿ ਲਿਵ-ਇਨ ਸਬੰਧਾਂ ਵਿਚ ਨੌਜਵਾਨ ਵਰਗ ਅਕਸਰ ਸੋਚ-ਸਮਝ ਕੇ ਫ਼ੈਸਲਾ ਨਹੀਂ ਲੈਂਦਾ ਬਲਕਿ ਹਾਲਾਤ ਦੇ ਨਾਲ ਹੌਲੀ-ਹੌਲੀ ਬਹਿਕਦੇ ਹੋਏ ਜੀਵਨ ਦੇ ਵੱਡੇ ਫ਼ੈਸਲੇ ਲੈ ਬੈਠਦਾ ਹੈ। ਇਨ੍ਹਾਂ ਰਿਸ਼ਤਿਆਂ ਵਿਚ ਸਪਸ਼ਟ ਅਤੇ ਸੁਚੇਤ ਪ੍ਰਤੀਬੱਧਤਾ ਨਹੀਂ ਹੁੰਦੀ। ਇਹੀ ਅਸੰਤੁਲਨ ਅੱਗੇ ਚੱਲ ਕੇ ਭਾਵਨਾਤਮਕ ਅਸੁਰੱਖਿਆ, ਮਾਨਸਿਕ ਤਣਾਅ ਅਤੇ ਸਬੰਧਾਂ ਦੀ ਅਸਥਿਰਤਾ ਦਾ ਕਾਰਨ ਬਣਦਾ ਹੈ। ਸਟੈਨਲੀ ਦੀ ਖੋਜ ਕਹਿੰਦੀ ਹੈ ਕਿ ਲਿਵ-ਇਨ ਸਬੰਧ ਟੁੱਟਣ ’ਤੇ ਤਣਾਅ, ਆਤਮ-ਸਨਮਾਨ ਵਿਚ ਗਿਰਾਵਟ ਅਤੇ ਭਵਿੱਖ ਦੇ ਰਿਸ਼ਤਿਆਂ ’ਤੇ ਨਾਂਹ-ਪੱਖੀ ਅਸਰ ਛੱਡਦੇ ਹਨ। ਸਟੈਨਲੀ ਦਾ ਮੰਨਣਾ ਹੈ ਕਿ ਲਿਵ-ਇਨ ਸਬੰਧ ਆਕਰਸ਼ਕ ਲੱਗ ਸਕਦੇ ਹਨ ਪਰ ਅਸਲ ਵਿਚ ਉਹ ਉੱਚ ਜੋਖ਼ਮ ਵਾਲੇ ਹਨ ਜਿਨ੍ਹਾਂ ਦੇ ਅਕਸਰ ਨਾਂਹ-ਪੱਖੀ ਨਤੀਜੇ ਸਾਹਮਣੇ ਆਉਂਦੇ ਹਨ। ਅਦਨਾਨ ਬਨਾਮ ਉੱਤਰ ਪ੍ਰਦੇਸ਼ ਰਾਜ ਅਤੇ ਹੋਰ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਦੀ ਇਹ ਟਿੱਪਣੀ ਇਕ ਤਰ੍ਹਾਂ ਨਾਲ ਸਟੈਨਲੀ ਦੀ ਵਿਚਾਰਧਾਰਾ ’ਤੇ ਮੋਹਰ ਲਾਉਂਦੀ ਹੋਈ ਦਿਖਾਈ ਦਿੰਦੀ ਹੈ ਕਿ ਵਿਆਹ ਸੰਸਥਾ ਵਿਅਕਤੀ ਨੂੰ ਜੋ ਸੁਰੱਖਿਆ, ਸਮਾਜਿਕ ਪ੍ਰਵਾਨਗੀ, ਪ੍ਰਗਤੀ ਅਤੇ ਸਥਿਰਤਾ ਪ੍ਰਦਾਨ ਕਰਦੀ ਹੈ, ਉਹ ਲਿਵ-ਇਨ-ਰਿਲੇਸ਼ਨਸ਼ਿਪ ਕਦੇ ਨਹੀਂ ਦੇ ਸਕਦਾ।
ਭਾਰਤੀ ਸਮਾਜ ਦੀ ਸਭ ਤੋਂ ਵੱਡੀ ਚੁਣੌਤੀ ਉਸ ਸੰਸਕ੍ਰਿਤੀ ਦੇ ਪਿੱਛੇ ਭੱਜਣਾ ਹੈ ਜਿਸ ਨੂੰ ਪੱਛਮੀ ਸੰਸਕ੍ਰਿਤੀ ਅਤੇ ਬਾਲੀਵੁੱਡ ਨੇ ਸਥਾਪਤ ਕੀਤਾ ਹੈ। ਇਸ ਸਬੰਧ ਵਿਚ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਸੀ ਕਿ ਇਸ ਦੇਸ਼ ਵਿਚ ਵਿਆਹ ਸੰਸਥਾ ਨੂੰ ਨਸ਼ਟ ਕਰਨ ਅਤੇ ਸਮਾਜ ਨੂੰ ਅਸਥਿਰ ਕਰਨ ਅਤੇ ਸਾਡੇ ਦੇਸ਼ ਦੀ ਤਰੱਕੀ ਵਿਚ ਅੜਿੱਕਾ ਪਾਉਣ ਦੀ ਵਿਵਸਥਿਤ ਯੋਜਨਾ ਹੈ। ਫਿਲਮਾਂ ਤੇ ਟੀਵੀ ਸੀਰੀਅਲਾਂ ਦੇ ਪ੍ਰਸਾਰਨ ਨਾਲ ਵਿਆਹ ਸੰਸਥਾ ਦਾ ਖ਼ਾਤਮਾ ਹੋ ਰਿਹਾ ਹੈ। ਵਿਆਹੁਤਾ ਰਿਸ਼ਤਿਆਂ ਵਿਚ ਸਾਥੀ ਨਾਲ ਬੇਵਫ਼ਾਈ ਅਤੇ ਸੁਤੰਤਰ ਲਿਵ-ਇਨ-ਰਿਲੇਸ਼ਨਸ਼ਿਪ ਨੂੰ ਪ੍ਰਗਤੀਸ਼ੀਲ ਸਮਾਜ ਦੀ ਨਿਸ਼ਾਨੀ ਦੱਸਿਆ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਅਜਿਹੇ ਦਰਸ਼ਨ ਵੱਲ ਖਿੱਚੀ ਜਾ ਰਹੀ ਹੈ ਕਿਉਂਕਿ ਉਸ ਨੂੰ ਇਸ ਦੇ ਲੰਬੇ ਸਮੇਂ ਦੇ ਨਤੀਜਿਆਂ ਦਾ ਪਤਾ ਨਹੀਂ ਹੈ। ਇਕ ਰਿਸ਼ਤੇ ਤੋਂ ਦੂਜੇ ਵਿਚ ਕੁੱਦਣਾ ਕਿਸੇ ਵੀ ਤਰ੍ਹਾਂ ਨਾਲ ਤਸੱਲੀਬਖ਼ਸ਼ ਜੀਵਨ ਨਹੀਂ ਹੈ। ਵਿਆਹ ਸੰਸਥਾ ਵਿਅਕਤੀ ਦੇ ਜੀਵਨ ਨੂੰ ਜੋ ਸੁਰੱਖਿਆ ਅਤੇ ਸਥਿਰਤਾ ਪ੍ਰਦਾਨ ਕਰਦੀ ਹੈ, ਉਹ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਉਮੀਦ ਨਹੀਂ ਕੀਤੀ ਜਾ ਸਕਦੀ। ਲਿਵ-ਇਨ ਦੇ ਸਮਰਥਕਾਂ ਨੂੰ ਸੋਸ਼ਲ ਸਾਇੰਸ ਰਿਸਰਚ ਵਿਚ ਪ੍ਰਕਾਸ਼ਿਤ ਖੋਜ ‘ਕੋਹੈਬਿਟੇਸ਼ਨ ਡਿਸੋਲਿਊਸ਼ਨ ਐਂਡ ਸਾਈਕੋਲਾਜੀਕਲ ਡਿਸਟ੍ਰੈਸ ਅੰਗ ਯੰਗ ਅਡਲਟਸ’ ਨੂੰ ਪੜ੍ਹਨਾ ਚਾਹੀਦਾ ਹੈ। ਇਸ ਖੋਜ ਮੁਤਾਬਕ ਲਿਵ-ਇਨ ਸਬੰਧ ਟੁੱਟਣ ਤੋਂ ਬਾਅਦ ਤਣਾਅ, ਮਾਨਸਿਕ ਤਣਾਅ ਅਤੇ ਭਾਵਨਾਤਮਕ ਅਸਥਿਰਤਾ ਵਧਦੀ ਹੈ। ਲਿਵ-ਇਨ-ਸਬੰਧ ਦਾ ਟੁੱਟਣਾ ਇਕ ਗੰਭੀਰ ਤਣਾਅਪੂਰਨ ਜੀਵਨ-ਘਟਨਾ ਹੈ ਜਿਸ ਦੇ ਦੂਰਗਾਮੀ ਅਤੇ ਘਾਤਕ ਮਨੋਵਿਗਿਆਨਕ ਨਤੀਜੇ ਹੋ ਸਕਦੇ ਹਨ।
-(ਲੇਖਿਕਾ ਸਮਾਜ ਸ਼ਾਸਤਰੀ ਹੈ)।