ਜਵਾਨਾਂ ਲਈ ਇਹ ਕਾਰਜ ਕੋਈ ਮੁਸ਼ਕਲ ਭਰਿਆ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਹਾਲਾਤ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਜਾਂਦਾ ਹੈ, ਟਰੇਨਿੰਗ ਦਿੱਤੀ ਜਾਂਦੀ ਹੈ। ਜਵਾਨ ਜਿੱਥੇ ਸਰੀਰਕ ਰੂਪ ਵਿਚ ਫਿੱਟ ਰੱਖੇ ਜਾਂਦੇ ਹਨ, ਉੱਥੇ ਹੀ ਮਾਨਸਿਕ ਰੂਪ ਵਿਚ ਵੀ ਤੰਦਰੁਸਤ ਰੱਖੇ ਜਾਂਦੇ ਹਨ।

ਸੰਨ 2009 ਦੀ ਗੱਲ ਹੈ। ਮੇਰੀ ਬਟਾਲੀਅਨ ਕਸ਼ਮੀਰ ਦੇ ਬਾਰਡਰ ਇਲਾਕੇ ਵਿਚ ਬਹੁਤ ਮੁਸ਼ਕਲ ਖੇਤਰ ’ਚ ਤੈਨਾਤ ਸੀ। ਇੱਥੇ ਬਰਫ਼ਬਾਰੀ ਕਰਕੇ ਨਵੰਬਰ ਮਹੀਨੇ ਦੇ ਅੱਧ ਵਿਚ ਹੀ ਆਉਣ-ਜਾਣ ਦੇ ਸਾਰੇ ਰਾਹ ਬੰਦ ਹੋ ਜਾਂਦੇ ਸਨ ਅਤੇ ਫਿਰ ਅਪ੍ਰੈਲ-ਮਈ ਦੇ ਮਹੀਨੇ ਹੀ ਖੁੱਲ੍ਹਦੇ ਸਨ। ਇਸ ਦੌਰਾਨ ਕਿਸੇ ਐਮਰਜੈਂਸੀ ਦੀ ਸਥਿਤੀ ਵਿਚ ਹੀ ਛੁੱਟੀ ਮਿਲਦੀ ਸੀ, ਨਹੀਂ ਤਾਂ ਪੰਜ-ਛੇ ਮਹੀਨੇ ਫ਼ੌਜੀ ਜਵਾਨ ਆਪਣੀਆਂ ਪੋਸਟਾਂ ’ਤੇ ਹੀ ਤੈਨਾਤ ਰਹਿੰਦੇ ਸਨ।
ਜਵਾਨਾਂ ਲਈ ਇਹ ਕਾਰਜ ਕੋਈ ਮੁਸ਼ਕਲ ਭਰਿਆ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਹਾਲਾਤ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਤਿਆਰ ਕੀਤਾ ਜਾਂਦਾ ਹੈ, ਟਰੇਨਿੰਗ ਦਿੱਤੀ ਜਾਂਦੀ ਹੈ। ਜਵਾਨ ਜਿੱਥੇ ਸਰੀਰਕ ਰੂਪ ਵਿਚ ਫਿੱਟ ਰੱਖੇ ਜਾਂਦੇ ਹਨ, ਉੱਥੇ ਹੀ ਮਾਨਸਿਕ ਰੂਪ ਵਿਚ ਵੀ ਤੰਦਰੁਸਤ ਰੱਖੇ ਜਾਂਦੇ ਹਨ। ਹਾਂ, ਇੱਕਾ-ਦੁੱਕਾ ਘਟਨਾਵਾਂ ਜਾਂ ਜਵਾਨਾਂ ਨੂੰ ਛੱਡ ਦੇਈਏ ਤਾਂ ਇਹ ਫ਼ੌਜ ਦੀ ਰੁਟੀਨ ਡਿਊਟੀ ਹੀ ਹੁੰਦੀ ਹੈ। ਖ਼ੈਰ, ਵਿਸਾਖੀ ਤੋਂ ਬਾਅਦ ਮੈਂ ਛੁੱਟੀ ਲਈ ਬੇਨਤੀ ਕੀਤੀ ਜੋ ਮਨਜ਼ੂਰ ਹੋ ਗਈ। ਫਿਰ ਮੈਂ ਇਕ ਮਹੀਨੇ ਲਈ ਆਪਣੇ ਘਰ ਆ ਗਿਆ।
ਮੈਨੂੰ ਛੁੱਟੀ ਆਏ ਨੂੰ ਅਜੇ ਕੁਝ ਦਿਨ ਹੀ ਬੀਤੇ ਸਨ ਕਿ ਇਕ ਦਿਨ ਬਟਾਲੀਅਨ ’ਚੋਂ ਸੁਨੇਹਾ ਆਇਆ ਕਿ ਤੁਸੀਂ ਅੰਬਾਲੇ ਦੇ ਨੇੜੇ (ਪੰਜੋਖਰਾ ਸਾਹਿਬ) ਪਿੰਡ ਵਿਚ ਆਪਣੇ ਇਕ ਸ਼ਹੀਦ ਫ਼ੌਜੀ ਜਵਾਨ ਸਵਰਨ ਸਿੰਘ ਦੇ ਭੋਗ ’ਤੇ ਜਾਣਾ ਹੈ। ਅਸਲ ਵਿਚ ਮੇਰੀ ਬਟਾਲੀਅਨ ਦਾ ਇਹ ਜਵਾਨ ਲੰਘੇ ਵਰ੍ਹੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ।
ਇਸ ਸਾਲ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਰਹੇ ਸਨ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਸਾਡੀ ਬਟਾਲੀਅਨ ਨੂੰ ਭੇਜੀ ਸੀ। ਮੇਰਾ ਘਰ ਕਿਉਂਕਿ ਅੰਬਾਲੇ ਦੇ ਨੇੜੇ ਹੀ ਸੀ, ਇਸ ਲਈ ਮੇਰੀ ਡਿਊਟੀ ਲਗਾਈ ਗਈ ਕਿ ਮੈਂ ਬਟਾਲੀਅਨ ਵੱਲੋਂ ਸ਼ਹੀਦ ਜਵਾਨ ਸਵਰਨ ਸਿੰਘ ਦੀ ਯਾਦ ’ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ’ਤੇ ਜਾ ਕੇ ਆਵਾਂ। ਇੱਥੇ ਖ਼ਾਸ ਗੱਲ ਇਹ ਹੈ ਕਿ ਫ਼ੌਜ ਦੀਆਂ ਬਹੁਤ ਸਾਰੀਆਂ ਬਟਾਲੀਅਨਾਂ ਵਿਚ ਇਹ ਰਿਵਾਜ ਹੈ ਕਿ ਉਹ ਆਪਣੇ ਜਵਾਨਾਂ ਦੇ ਸੁੱਖ-ਦੁੱਖ ਵਿਚ (ਸੇਵਾ ਮੁਕਤ ਹੋਣ ਤੋਂ ਬਾਅਦ ਵੀ) ਸ਼ਾਮਲ ਹੁੰਦੀਆਂ ਹਨ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਾਲੇ ਦਿਨ ਮੈਂ ਪੰਜੋਖਰਾ ਸਾਹਿਬ ਜਾਣ ਲਈ ਤਿਆਰ ਹੋ ਗਿਆ। ਪਿੰਡ ’ਚ ਸ਼ਹੀਦ ਜਵਾਨ ਦਾ ਘਰ ਲੱਭਦਿਆਂ ਮੈਨੂੰ ਥੋੜ੍ਹਾ ਸਮਾਂ ਲੱਗ ਗਿਆ। ਇਸ ਲਈ ਜਦੋਂ ਮੈਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਾਠ ਦੀ ਸਮਾਪਤੀ ਉਪਰੰਤ ਦੇਗ ਵਰਤਾਈ ਜਾ ਰਹੀ ਸੀ। ਮੈਂ ਵੀ ਮੱਥਾ ਟੇਕ ਕੇ ਸੰਗਤ ਵਿਚ ਹੀ ਬੈਠ ਗਿਆ।
ਉਦੋਂ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਮੈਂ ਸ਼ਹੀਦ ਜਵਾਨ ਸਵਰਨ ਸਿੰਘ ਦੀ ਬਟਾਲੀਅਨ ’ਚੋਂ ਆਇਆ ਹਾਂ। ਦੇਗ ਲੈਣ ਤੋਂ ਬਾਅਦ ਬਹੁਤੀ ਸੰਗਤ ਲੰਗਰ ਛਕਣ ਲਈ ਪੰਗਤ ਵਿਚ ਬੈਠ ਗਈ ਅਤੇ ਮੈਂ ਸ਼ਹੀਦ ਸਵਰਨ ਸਿੰਘ ਦੀ ਮਾਤਾ ਜੀ ਕੋਲ ਜਾ ਕੇ ਬੈਠ ਗਿਆ। ਮਾਤਾ ਜੀ ਨਾਲ ਗੱਲ ਕਰਦਿਆਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਉਨ੍ਹਾਂ ਦੇ ਪੁੱਤ ਦੀ ਬਟਾਲੀਅਨ ’ਚੋਂ ਆਇਆ ਹਾਂ ਤਾਂ ਉਹ ਉੱਠ ਕੇ ਮੇਰੇ ਗਲ ਲੱਗ ਕੇ ਰੋਣ ਲੱਗੇ। ਮੈਂ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਚੁੱਪ ਕਰਵਾਉਣ ਦਾ ਯਤਨ ਕੀਤਾ।
ਕਾਫ਼ੀ ਦੇਰ ਬਾਅਦ ਉਹ ਥੋੜ੍ਹਾ ਸੰਭਲੇ ਅਤੇ ਉੱਠ ਕੇ ਕਮਰੇ ਵੱਲ ਚਲੇ ਗਏ। ਮੈਂ ਬਾਹਰ ਬਰਾਂਡੇ ਵਿਚ ਬੈਠਾ ਰਿਹਾ। ਸ਼ਹੀਦ ਜਵਾਨ ਦੀ ਮਾਤਾ ਅੰਦਰੋਂ ਇਕ ਵੱਡੀ ਸਾਰੀ ਫੋਟੋ ਹੱਥ ’ਚ ਫੜ ਕੇ ਬਾਹਰ ਲਿਆਏ। ਇਹ ਮੇਰੀ ਬਟਾਲੀਅਨ ਦੇ ਜਵਾਨਾਂ ਦੀ ਗਰੁੱਪ ਫੋਟੋ ਸੀ। ਮਾਤਾ ਜੀ ਮੈਨੂੰ ਫੋਟੋ ਦਿਖਾ ਕੇ ਕਹਿਣ ਲਗੇ, “ਦੇਖ ਪੁੱਤ, ਮੇਰਾ ਪੁੱਤ ਕਿੰਨਾ ਸੋਹਣਾ ਲੱਗ ਰਿਹਾ ਹੈ? ਸਭ ਤੋਂ ਲੰਮਾ, ਸਭ ਤੋਂ ਸੁਨੱਖਾ ਜਵਾਨ!” ਮੈਂ ਕਿਹਾ, “ਜੀ ਮਾਤਾ ਜੀ।
ਸਵਰਨ ਸਿੰਘ ਵਾਕਈ ਬਹੁਤ ਵਧੀਆ, ਅਨੁਸ਼ਾਸ਼ਨ ਵਾਲਾ ਜਵਾਨ ਸੀ।” ਖ਼ੌਰੇ! ਮਾਤਾ ਜੀ ਦਾ ਧਿਆਨ ਮੇਰੀ ਗੱਲ ਵੱਲ ਨਹੀਂ ਸੀ। ਉਹ ਤਾਂ ਆਪਣੇ ਪੁੱਤ ਦੀ ਫੋਟੋ ਨੂੰ ਨੀਝ ਲਗਾ ਕੇ ਦੇਖ ਰਹੇ ਸਨ। ਖ਼ਬਰੇ! ਕੁਝ ਕਹਿਣਾ ਚਾਹੁੰਦੇ ਹੋਣ ਪਰ ਉਨ੍ਹਾਂ ਨੂੰ ਲਫ਼ਜ਼ ਨਹੀਂ ਸਨ ਔੜ ਰਹੇ। ਜੇਕਰ ਲਫ਼ਜ਼ ਹੁੰਦੇ ਵੀ ਤਾਂ ਸਮੇਂ ਨੇ ਤਾਂ ਇਹ ਮੌਕਾ ਹੀ ਨਹੀਂ ਦਿੱਤਾ ਕਿ ਉਹ ਕੁਝ ਕਹਿ ਪਾਉਂਦੇ। ਵਾਹਵਾ ਚਿਰ ਮਾਤਾ ਜੀ ਇੰਜ ਹੀ ਬੈਠੇ ਰਹੇ ਅਤੇ ਮੈਂ ਵੀ ਉਨ੍ਹਾਂ ਦੇ ਕੋਲ ਬੈਠਾ ਸੋਚਾਂ ਦੇ ਸਮੁੰਦਰ ਵਿਚ ਗੁਆਚਿਆ ਰਿਹਾ। ਨਾ ਉਹ ਕੁਝ ਬੋਲੇ ਅਤੇ ਨਾ ਹੀ ਮੇਰੇ ਕੋਲੋਂ ਕੋਈ ਗੱਲ ਹੋਈ।
“ਵੀਰ ਜੀ, ਤੁਸੀਂ ਵੀ ਲੰਗਰ ਛਕ ਲਓ।” ਇਸ ਆਵਾਜ਼ ਨੇ ਮੈਨੂੰ ਅਤੇ ਮਾਤਾ ਨੂੰ ਵਰਤਮਾਨ ਸਮੇਂ ’ਚ ਲਿਆਂਦਾ। “ਜੀ ਛਕਦਾ ਹਾਂ।” ਆਖ ਕੇ ਮੈਂ ਮਾਤਾ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ। “ਜਾ ਪੁੱਤ, ਤੂੰ ਵੀ ਲੰਗਰ ਛਕ ਲੈ।” ਮਾਤਾ ਜੀ ਨੇ ਆਪਣੇ-ਆਪ ਨੂੰ ਸੰਭਾਲ ਕੇ ਕਿਹਾ। “ਜੀ ਮਾਤਾ ਜੀ।” ਆਖ ਕੇ ਮੈਂ ਉੱਠ ਖਲੋਤਾ। ਫਿਰ ਲੰਗਰ ਛਕ ਕੇ, ਗੱਲਾਂ-ਬਾਤਾਂ ਕਰ ਕੇ ਮੈਂ ਉਨ੍ਹਾਂ ਤੋਂ ਆਗਿਆ ਲਈ। ਤੁਰਨ ਲੱਗਿਆਂ ਮਾਤਾ ਜੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਮੈਨੂੰ ਜਾਪਿਆ ਕਿ ਉਹ ਆਪਣੇ ਪੁੱਤ ਦੇ ਅਹਿਸਾਸ ਨੂੰ ਮਹਿਸੂਸ ਕਰ ਰਹੇ ਹਨ। ਮਾਤਾ ਜੀ ਦੇ ਨਾਲ- ਨਾਲ ਮੇਰੀਆਂ ਅੱਖਾਂ ’ਚੋਂ ਵੀ ਹੰਝੂ ਵਹਿ ਤੁਰੇ। ਰਾਹ ’ਚ ਆਉਂਦਿਆਂ ਮੇਰੇ ਮਨ ’ਚ ਇਹ ਵਿਚਾਰ ਘੁੰਮਣ ਲੱਗੇ ਕਿ ਮਨੁੱਖ ਕਿੰਨਾ ਕੋਮਲ ਹਿਰਦੇ ਦਾ ਮਾਲਕ ਹੁੰਦਾ ਹੈ? ਆਪਣੇ-ਪਿਆਰਿਆਂ ਦੇ ਅਹਿਸਾਸਾਂ ਨੂੰ ਸਾਲਾਂਬੱਧੀ ਜ਼ਿਹਨ ’ਚ ਲੁਕੋ ਕੇ ਰੱਖਦਾ ਹੈ।
ਫਿਰ ਸਹੀ ਸ਼ਖ਼ਸ ਸਾਹਮਣੇ ਆਉਂਦਿਆਂ ਹੀ ਝਟਪਟ ਪਿਘਲ ਜਾਂਦਾ ਹੈ, ਢਹਿ ਜਾਂਦਾ ਹੈ। ਖ਼ੈਰ! ਜਾਮ ਵਾਲੇ ਚਲੇ ਜਾਂਦੇ ਹਨ ਪਰ ਯਾਦਾਂ ਪਿੱਛੇ ਛੱਡ ਜਾਂਦੇ ਹਨ। ਫਿਰ ਇਨ੍ਹਾਂ ਯਾਦਾਂ ਦੇ ਸਹਾਰੇ ਹੀ ਪਰਿਵਾਰਕ ਮੈਂਬਰ ਜ਼ਿੰਦਗੀ ਕੱਟਦੇ ਹਨ। ਲੜਾਈਆਂ ਲੜੀਆਂ ਜਾਂਦੀਆਂ ਹਨ, ਜਿੱਤੀਆਂ ਜਾਂਦੀਆਂ ਹਨ। ਜਸ਼ਨ ਮਨਾਏ ਜਾਂਦੇ ਹਨ।
ਟੈਲੀਵਿਜ਼ਨਾਂ ’ਤੇ ਜਿੱਤ ਦੇ ਸੋਹਲੇ ਗਾਏ ਜਾਂਦੇ ਹਨ। ਮੈਡਲ ਮਿਲਦੇ ਹਨ, ਤਰੱਕੀਆਂ ਮਿਲਦੀਆਂ ਹਨ, ਮਾਣ-ਸਨਮਾਨ ਦਿੱਤੇ ਜਾਂਦੇ ਹਨ ਪਰ ਐਨਾ ਸਭ ਕੁਝ ਹੋਣ ਦੇ ਬਾਵਜੂਦ ਕੁਝ ਵਿਰਲਾਂ ਭਰੀਆਂ ਨਹੀਂ ਜਾ ਸਕਦੀਆਂ ਜਿਹੜੀਆਂ ਆਪਣੇ ਪਿਆਰਿਆਂ ਨੂੰ ਗੁਆਉਣ ਤੋਂ ਬਾਅਦ ਖ਼ਾਲੀ ਹੋਈਆਂ ਹੁੰਦੀਆਂ ਹਨ।
ਇਨ੍ਹਾਂ ਵਿਰਲਾਂ ਥਾਣੀ ਖ਼ਾਲੀ ਹੋਈ ਜ਼ਿੰਦਗੀ ਸਿਰਫ਼ ਢੋਈ ਜਾ ਸਕਦੀ ਹੈ, ਬਤੀਤ ਨਹੀਂ ਕੀਤੀ ਜਾ ਸਕਦੀ ਪਰ ਇਨ੍ਹਾਂ ਅਹਿਸਾਸਾਂ ਨੂੰ ਕੌਣ ਸਮਝਦਾ ਹੈ? ਕੌਣ ਮਹਿਸੂਸ ਕਰਦਾ ਹੈ? ਖ਼ਬਰੇ! ਕੋਈ ਨਹੀਂ ਕਿਉਂਕਿ ਜਿਸ ਘਰ ’ਚੋਂ ਕੋਈ ਆਪਣਾ ਪਿਆਰਾ ਗਿਆ ਹੁੰਦਾ ਹੈ, ਸਿਰਫ਼ ਉਸੇ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ, ਹੋਰ ਕਿਸੇ ਨੂੰ ਨਹੀਂ। ਬਾਕੀ ਲੋਕ ਤਾਂ ਚੰਦ ਦਿਨਾਂ ਬਾਅਦ ਭੁੱਲ-ਭੁਲਾ ਜਾਂਦੇ ਹਨ। ਕੰਮਾਂ-ਕਾਰਾਂ ’ਚ ਮਸਰੂਫ਼ ਹੋ ਜਾਂਦੇ ਹਨ। ਇਹੋ ਦੁਨੀਆ ਦੀ ਰੀਤ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਹੈ :
“ਸੋ ਕਤ ਜਾਨੈ ਪੀਰ ਪਰਾਈ।।
ਜਾ ਕੈ ਅੰਤਰਿ ਦਰਦੁ ਨ ਪਾਈ।। ਰਹਾਉ।।”
(ਰਾਗ ਸੂਹੀ, ਬਾਣੀ ਭਗਤ ਰਵਿਦਾਸ ਜੀ ਕੀ, ਅੰਗ- 793) ਅਤੇ
“ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ।।
ਕਉਣੁ ਜਾਣੈ ਪੀਰ ਪਰਾਈ।।
ਹਮ ਨਾਹੀ ਚਿੰਤ ਪਰਾਈ।। ਰਹਾਉ।।” (ਅੰਗ- 795)
ਸ਼ਾਲਾ! ਮੁਲਕ ਦੇ ਬਾਰਡਰਾਂ ’ਤੇ ਅਮਨ-ਅਮਾਨ ਰਹੇ ਅਤੇ ਸਾਰੀਆਂ ਮਾਵਾਂ ਦੇ ਪੁੱਤਰ ਜਿਉਂਦੇ-ਵਸਦੇ ਰਹਿਣ। ਇਹੋ ਅਰਦਾਸ ਹੈ ਮੇਰੀ..!
-ਡਾ. ਨਿਸ਼ਾਨ ਸਿੰਘ ਰਾਠੌਰ
-ਸੰਪਰਕ : 90414-98009