ਅੱਜ ਦੁਨੀਆ ਵਿਚ ਬਹੁਤ ਸਾਰੀਆ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਜਿਹੜੀ ਭਾਸ਼ਾ ਬੱਚੇ ਨੂੰ ਮਾਂ ਤੋਂ ਸਿੱਖਣ ਨੂੰ ਮਿਲਦੀ ਹੈ, ਉਹੀ ਉਸ ਦੀ ਮਾਂ-ਬੋਲੀ ਹੁੰਦੀ ਹੈ। ਜਿੱਥੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨਾ ਚੰਗੀ ਗੱਲ ਹੈ, ਉੱਥੇ ਹੀ ਆਪਣੀ ਮਾਂ-ਬੋਲੀ ਨੂੰ ਆਪਣੇ ਦਿਲ ਵਿਚ ਵਸਾ ਕੇ ਰੱਖਣਾ ਵਧੀਆ ਗੱਲ ਹੈ। ਪੰਜਾਬੀ ਸਾਡੀ ਮਾਂ-ਬੋਲੀ ਹੈ। ਪੰਜਾਬੀ ਬੋਲੀ ਅੱਜ ਦੁਨੀਆ ਦੇ ਹਰ ਕੋਨੇ ਵਿਚ ਵਸਦੇ ਪੰਜਾਬੀਆਂ ਵੱਲੋਂ ਬੋਲੀ ਜਾਂਦੀ ਹੈ।

ਅੱਜ ਦੁਨੀਆ ਵਿਚ ਬਹੁਤ ਸਾਰੀਆ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ। ਜਿਹੜੀ ਭਾਸ਼ਾ ਬੱਚੇ ਨੂੰ ਮਾਂ ਤੋਂ ਸਿੱਖਣ ਨੂੰ ਮਿਲਦੀ ਹੈ, ਉਹੀ ਉਸ ਦੀ ਮਾਂ-ਬੋਲੀ ਹੁੰਦੀ ਹੈ। ਜਿੱਥੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨਾ ਚੰਗੀ ਗੱਲ ਹੈ, ਉੱਥੇ ਹੀ ਆਪਣੀ ਮਾਂ-ਬੋਲੀ ਨੂੰ ਆਪਣੇ ਦਿਲ ਵਿਚ ਵਸਾ ਕੇ ਰੱਖਣਾ ਵਧੀਆ ਗੱਲ ਹੈ। ਪੰਜਾਬੀ ਸਾਡੀ ਮਾਂ-ਬੋਲੀ ਹੈ। ਪੰਜਾਬੀ ਬੋਲੀ ਅੱਜ ਦੁਨੀਆ ਦੇ ਹਰ ਕੋਨੇ ਵਿਚ ਵਸਦੇ ਪੰਜਾਬੀਆਂ ਵੱਲੋਂ ਬੋਲੀ ਜਾਂਦੀ ਹੈ। ਪੰਜਾਬੀ ਆਪਣੇ-ਆਪ ਵਿਚ ਵਿਲੱਖਣ ਅਤੇ ਅਮੀਰ ਬੋਲੀ ਹੈ। ਵਿਡੰਬਣਾ ਇਹ ਹੈ ਕਿ ਅੱਜ-ਕੱਲ੍ਹ ਪੰਜਾਬ ਵਿਚਲੇ ਹੀ ਬਹੁਤ ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ ਪੰਜਾਬੀ ਬੋਲਣ ’ਚ ਸੰਕੋਚ ਤੇ ਸ਼ਰਮ ਮਹਿਸੂਸ ਕੀਤੀ ਜਾਣ ਲੱਗੀ ਹੈ। ਬੱਚਿਆਂ ਨੂੰ ਅੰਗਰੇਜ਼ੀ ਸ਼ਬਦ ਮਾਪਿਆਂ ਵੱਲੋਂ ਸਿਖਾਏ ਜਾ ਰਹੇ ਹਨ। ਆਪਣੇ-ਆਪ ਨੂੰ ਮਾਡਰਨ ਕਹਾਉਣ ਵਾਲੇ ਮਾਪੇ ਬੱਚਿਆਂ ਤੋਂ ਨੱਕ ਨੂੰ ਨੋਜ਼, ਗੇਂਦ ਨੂੰ ਬਾਲ, ਕੁੱਤੇ ਨੂੰ ਡੋਗੀ ਤੇ ਚਮਚੇ ਨੂੰ ਸਪੂਨ ਆਦਿ ਅਖਵਾਉਣ ਵਿਚ ਫ਼ਖ਼ਰ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਰਿਸ਼ਤਿਆਂ ਦਾ ਰੂਪ ਵੀ ਬਦਲ ਕੇ ਰੱਖ ਦਿੱਤਾ ਹੈ। ਪੱਛਮੀ ਸੱਭਿਅਤਾ ਦੇ ਅਸਰ ਹੇਠ ਮਾਮੇ, ਚਾਚੇ, ਤਾਏ, ਮਾਸੜ, ਫੁੱਫੜ, ਮਾਮੀ, ਚਾਚੀ, ਤਾਈ, ਮਾਸੀ, ਭੂਆ ਆਦਿ ਨਜ਼ਦੀਕੀ ਰਿਸ਼ਤਿਆਂ ਦੀ ਜਗ੍ਹਾ ਅੰਕਲ ਤੇ ਆਂਟੀ ਨੇ ਲੈ ਲਈ ਹੈ ਜੋ ਪਿਆਰ ਤੇ ਨਿੱਘ ਤੋਂ ਸੱਖਣੇ ਹਨ। ਪਿਤਾ ਜੀ, ਪਾਪਾ ਜੀ, ਮਾਤਾ ਜੀ, ਬੀਬੀ ਜੀ ਆਦਿ ਸ਼ਬਦਾਂ ਦੀ ਜਗ੍ਹਾ ਡੈਡ ਜਾਂ ਪਾਪਾ, ਮੰਮੀ ਜਾਂ ਮੌਮ ਸ਼ਬਦਾਂ ਨੇ ਲੈ ਲਈ ਹੈ। ਇਸ ਤਰ੍ਹਾਂ ਰਿਸ਼ਤਿਆਂ ਦੇ ਨਾਂ ਬਦਲ ਜਾਣਾ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਮਾੜਾ ਵਿਵਹਾਰ ਹੈ। ਜਿਹੜੇ ਲੋਕ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੱਥਾਂ ਵਿਚ ਬੈਨਰ ਚੁੱਕੀ ਫਿਰਦੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਦੇ ਬੱਚੇ ਅਜਿਹੇ ਸਕੂਲਾਂ ਵਿਚ ਪੜ੍ਹਦੇ ਹਨ ਜਿੱਥੇ ਪੰਜਾਬੀ ਬੋਲਣਾ ਮਨ੍ਹਾ ਹੈ। ਪੰਜਾਬੀ ਬੋਲਣ ’ਤੇ ਬੱਚਿਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਹੋਰ ਤਾਂ ਹੋਰ, ਪਿੰਡਾਂ ਦੇ ਬੱਚੇ ਜੋ ਸ਼ਹਿਰਾਂ ਵਿਚ ਪੜ੍ਹਨ ਜਾਂਦੇ ਹਨ, ਉਹ ਵੀ ਅੰਗਰੇਜ਼ੀ ਵਿਚ ਗੱਲ ਕਰਨੀ ਆਪਣੀ ਸ਼ਾਨ ਸਮਝਦੇ ਹਨ। ਉਹ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਮੰਨਦੇ ਹਨ। ਪੰਜਾਬੀ ਬੋਲੀ ਬੋਲਣ ਵਿਚ ਸ਼ਰਮ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਬਾਬਾ ਨਜਮੀ ਗ਼ਦਾਰ ਕਹਿੰਦਾ ਹੈ। ਅੱਜ-ਕੱਲ੍ਹ ਅਸੀਂ ਵੇਖਦੇ ਹਾਂ ਕਿ ਵਿਆਹਾਂ ਸਮੇਂ ਛਪਵਾਏ ਜਾਣ ਵਾਲੇ ਕਾਰਡ ਪੰਜਾਬੀ ਦੀ ਬਜਾਏ ਅੰਗਰੇਜ਼ੀ ’ਚ ਛਪਵਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪੰਜਾਬੀ ਭਾਸ਼ਾ ਦਾ ਸਫ਼ਰ ਬਹੁਤ ਪੁਰਾਣਾ ਹੈ। ਸਾਡੇ ਗੁਰੂਆਂ ਦੀ ਬਾਣੀ ਇਸੇ ਭਾਸ਼ਾ ਵਿਚ ਹੀ ਰਚੀ ਹੋਈ ਹੈ, ਇਸ ਤੋਂ ਇਲਾਵਾ ਪੁਰਾਤਨ ਤੇ ਆਧੁਨਿਕ ਕਵੀਆਂ ਨੇ ਆਪਣੀਆਂ ਰਚਨਾਵਾਂ ਇਸ ਬੋਲੀ ਵਿਚ ਰਚ ਕੇ ਇਸ ਨੂੰ ਅਮੀਰ ਬਣਾਇਆ ਹੈ। ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਪੀਲੂ, ਦਮੋਦਰ, ਬਾਬੂ ਫਿਰੋਜ਼ਦੀਨ ਸ਼ਰਫ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਇਸੇ ਪੰਜਾਬੀ ਬੋਲੀ ਨੂੰ ਸਮਰਪਿਤ ਕੀਤੀਆਂ ਹਨ। ਪੰਜਾਬੀ ਸਾਹਿਤ ਵਿਚ ਪ੍ਰੋਫੈਸਰ ਪੂਰਨ ਸਿੰਘ ਭਾਵੇਂ ਅੰਗਰੇਜ਼ੀ ਦੇ ਵਿਦਵਾਨ ਸਨ ਪਰ ਉਨ੍ਹਾਂ ਨੇ ਪੰਜਾਬੀ ਵਿਚ ਖੁੱਲ੍ਹੀ ਕਵਿਤਾ ਦੀ ਰਚਨਾ ਕੀਤੀ। ਪੰਜਾਬੀ ਸੱਭਿਆਚਾਰ ਵਿਚਲੇ ਪੰਜਾਬੀ ਲੋਕ-ਗੀਤ, ਮਾਹੀਏ, ਢੋਲੇ, ਸੁਹਾਗ, ਘੋੜੀਆਂ, ਟੱਪੇ, ਸਿੱਠਣੀਆਂ ਆਦਿ ਪੰਜਾਬੀਅਤ ਦਾ ਅਨਮੋਲ ਖ਼ਜ਼ਾਨਾ ਹਨ। ਜੇ ਅਸੀਂ ਪੰਜਾਬੀ ਬੋਲੀ ਨੂੰ ਹੀ ਨਾ ਸਾਂਭ ਸਕੇ ਤਾਂ ਇਹ ਖ਼ਜ਼ਾਨਾ ਸਾਂਭਣਾ ਸਾਡੇ ਲਈ ਔਖਾ ਹੈ। ਆਪਣਾ ਵਿਰਸੇ, ਇਤਿਹਾਸ, ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਮਾਂ-ਬੋਲੀ ਦੀ ਸਮਝ ਹੋਣੀ ਜ਼ਰੂਰੀ ਹੈ। ਬੇਸ਼ੱਕ ਅਸੀਂ ਆਪਣੀ ਮਾਂ-ਬੋਲੀ ਦੀ ਸੰਭਾਲ ਕਰਨ ਪੱਖੋਂ ਬਹੁਤ ਸਮਾਂ ਅਜਾਈਂ ਗੁਆ ਲਿਆ ਹੈ ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅਜੇ ਵੀ ਅਸੀਂ ਹਾਲਾਤ ਨੂੰ ਬਦਲ ਸਕਦੇ ਹਾਂ। ਸਾਡੇ ਯਤਨਾਂ ਨਾਲ ਹੀ ਸਾਡੀ ਮਾਂ-ਬੋਲੀ ਨੂੰ ਬਣਦਾ ਮਾਣ-ਸਤਿਕਾਰ ਮਿਲ ਸਕਦਾ ਹੈ। ਸੋ, ਆਓ! ਅਸੀਂ ਆਪਣੀ ਮਾਂ-ਬੋਲੀ ਦੇ ਸੁਨਹਿਰੀ ਭਵਿੱਖ ਵਾਸਤੇ ਹੰਭਲਾ ਮਾਰੀਏ।
-ਵੀਰਪ੍ਰੀਤ ਕੌਰ, ਪੰਜਾਬੀ ਮਿਸਟ੍ਰੈਸ, ਕਾਲੇਕੇ।