-ਇਕਬਾਲ ਸਿੰਘ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਥਾਂ ਦੀਆਂ ਲਕੀਰਾਂ ਦੇ ਆਸਰੇ ਜਿਊਣ ਵਾਲੇ ਸਮਾਜ ਨੂੰ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦਾ ਜੋ ਸਦਾਬਹਾਰ 'ਦੋ ਹਰਫੀ' ਸਿਧਾਂਤ ਦਿੱਤਾ ਉਸ ਦੀ ਅੱਜ ਕੋਰੋਨਾ ਮਹਾਮਾਰੀ ਦੌਰਾਨ ਵਿਸ਼ਵ ਪੱਧਰ 'ਤੇ ਚਰਚਾ ਹੋ ਰਹੀ ਹੈ। ਪਹਿਲੇ ਪਾਤਸ਼ਾਹ ਨੇ ਮਹਿਜ਼ ਪੂਜਾ-ਪਾਠ ਨੂੰ ਕਿਸੇ ਖ਼ਾਹਿਸ਼ ਦੀ ਪ੍ਰਾਪਤੀ ਦਾ ਸਾਧਨ ਮੰਨੀ ਬੈਠੇ ਲੋਕਾਂ ਨੂੰ ਦੱਸਿਆ ਕਿ ਹੱਥ ਦੀਆਂ ਲਕੀਰਾਂ ਆਸਰੇ ਜਿਊਣ ਵਾਲੇ ਲੋਕੋ, ਜਿੱਥੇ ਇਹ ਲਕੀਰਾਂ ਮੁੱਕਦੀਆਂ ਹਨ, ਉੱਥੋਂ ਉਂਗਲਾਂ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਹੋ ਮਿਹਨਤ ਦਾ ਮਾਪਦੰਡ ਬਣਾਉਂਦੀਆਂ ਹਨ। ਦਸਾਂ ਨਹੁੰਆਂ ਨਾਲ ਕੀਤੀ ਕਿਰਤ-ਕਮਾਈ ਮਨੁੱਖ ਦੀ ਅਸਲ ਜੀਵਨ ਜਾਚ ਹੈ। ਆਪ ਜੀ ਨੇ ਆਪਣੇ ਨਾਮਲੇਵਾ ਲਈ ਕਿਰਤ ਨੂੰ ਧਰਮ ਨਾਲ ਜੋੜ ਕੇ ਬੇਸ਼ਕੀਮਤੀ ਫਲਸਫਾ ਦਿੱਤਾ ਜਿਸ ਨਾਲ ਦੱਬੇ-ਕੁਚਲੇ ਸਮਾਜ 'ਚੋਂ ਗਰੀਬੀ ਤੇ ਕਿਸਮਤਪ੍ਰਸਤੀ ਖੰਭ ਲਾ ਕੇ ਉੱਡ ਗਈ।

ਇਸ ਨਿੱਕੇ ਜਿਹੇ ਕਾਫ਼ਲੇ ਨੇ ਆਪਣੇ ਏਸੇ 'ਦੋ ਹਰਫੀ' ਸਿਧਾਂਤ ਨਾਲ ਨਾ ਸਿਰਫ਼ ਸੰਸਾਰ ਭਰ ਵਿਚ ਅੱਡਰੀ ਪਛਾਣ ਬਣਾਈ ਸਗੋਂ ਰਾਜ-ਭਾਗ ਦੇ ਮਾਲਕ ਵੀ ਬਣ ਗਏ। ਮੇਰੇ ਮੈਂਬਰ ਪਾਰਲੀਮੈਂਟ ਹੋਣ ਦੌਰਾਨ ਅਕਸਰ ਮੇਰੇ ਕਈ ਐੱਮਪੀ ਦੋਸਤ ਸਮਾਜਿਕ ਬਰਾਬਰੀ ਵਗੈਰਾ 'ਤੇ ਚਰਚਾ ਕਰਦੇ ਹੋਏ ਕਾਰਲ ਮਾਰਕਸ ਦਾ ਜ਼ਿਕਰ ਕਰਦੇ ਹੁੰਦੇ ਸਨ। ਮੈਂ ਉਨ੍ਹਾਂ ਨੂੰ ਜਦੋਂ ਦੱਸਿਆ ਕਿ ਕਾਰਲ ਮਾਰਕਸ ਨੇ 19ਵੀਂ ਸਦੀ ਵਿਚ ਜੋ ਕਿਹਾ ਹੈ, ਉਸ ਤੋਂ ਕਿਤੇ ਡੂੰਘਾਈ ਵਿਚ ਗੁਰੂ ਨਾਨਕ ਸਾਹਿਬ ਨੇ ਪੰਜ ਸਦੀਆਂ ਪਹਿਲਾਂ ਸੰਵਾਦ ਰਚਾ ਕੇ ਸਮਾਜਿਕ ਬਰਾਬਰੀ ਲਈ ਸੰਘਰਸ਼ ਵਿੱਢ ਦਿੱਤਾ ਸੀ। ਇਸ ਸਬੰਧੀ ਉਨ੍ਹਾਂ ਨੂੰ ਜਦੋਂ ਪੁਸਤਕਾਂ ਦਿੱਤੀਆਂ ਤਾਂ ਉਹ ਹੈਰਾਨ ਰਹਿ ਗਏ। ਸਿੱਖੀ ਦਾ ਬੂਟਾ ਲਗਾਉਣ ਵਾਲੇ ਪਹਿਲੇ ਪਾਤਸ਼ਾਹ ਨੇ ਕਿਰਤ ਨੂੰ ਧਾਰਮਿਕ ਅਕੀਦਿਆਂ ਨਾਲ ਅਜਿਹਾ ਜੋੜਿਆ ਕਿ ਸਮੂਹ ਨਾਨਕ ਨਾਮਲੇਵਾ ਸੰਗਤ ਸਮਾਜ ਵਿਚ ਹੱਥੀਂ ਕਾਰ ਵੀ ਭਗਤੀ ਤੇ ਸ਼ਕਤੀ ਵਾਂਗ ਕਰਨ ਲੱਗ ਪਈ ਜਿਸ ਦਾ ਨਤੀਜਾ ਹੈ ਕਿ ਹਰੇਕ ਗੁਰਦੁਆਰਾ ਸਾਹਿਬ ਵਿਚ ਅਟੁੱਟ ਲੰਗਰ ਦੀ ਮਰਿਆਦਾ ਅੱਜ ਵੀ ਚੱਲ ਰਹੀ ਹੈ। ਕਿਰਤ ਨਾਮੀ ਵਿਸਮਾਦ ਪੂੰਜੀ ਦੀ ਸਿੱਖੀ ਵਿਚ ਇੰਨੀ ਅਹਿਮੀਅਤ ਹੈ ਕਿ ਬਾਬਾ ਨਾਨਕ ਆਪਣੀਆਂ ਉਦਾਸੀਆਂ ਦੌਰਾਨ ਹਮੇਸ਼ਾ ਕਿਰਤੀ ਲੋਕਾਂ ਦੇ ਘਰੇ ਹੀ ਠਹਿਰਾਅ ਕਰਦੇ ਸਨ। ਉਸ ਦੌਰ ਦੇ ਕਿਰਤੀ ਸਿੱਖਾਂ ਵਿਚ ਭਾਈ ਲਾਲੋ ਜੀ, ਭਾਈ ਬਾਢੀ ਜੀ, ਭਾਈ ਮੂਲਾ ਜੀ, ਭਾਈ ਹੱਸੂ ਲੋਹਾਰ ਜੀ, ਭਾਈ ਸੀਹਾ ਛੀਂਬਾ ਜੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ। ਕਿਰਤ ਦਾ ਇਹੋ ਫ਼ਲਸਫ਼ਾ ਬਾਕੀ ਗੁਰੂ ਸਾਹਿਬਾਨ ਨੇ ਵੀ ਅੰਤਿਮ ਸੁਆਸਾਂ ਤਕ ਨਿਭਾਇਆ। ਉਮਰ ਦੇ ਆਖ਼ਰੀ ਦੌਰ ਵਿਚ ਵੀ ਗੁਰੂ ਜੀ ਨੇ ਜਦੋਂ ਕਰਤਾਰਪੁਰ ਸਾਹਿਬ ਵਿਚ ਖੇਤੀ ਲਈ ਜ਼ਮੀਨ ਖ਼ਰੀਦੀ ਤਾਂ ਨਾ ਸਿਰਫ਼ ਹੱਥੀਂ ਖੇਤੀ ਕੀਤੀ ਸਗੋਂ ਖੇਤੀ ਲਈ ਸਾਰੇ ਔਜ਼ਾਰ ਉਨ੍ਹਾਂ ਨੇ ਹੱਥੀਂ ਤਿਆਰ ਕੀਤੇ ਅਤੇ ਕਰਵਾਏ ਸਨ। ਉਨ੍ਹਾਂ ਦੀ ਸਖ਼ਤ ਮਿਹਨਤ ਦੀਆਂ ਧੁੰਮਾਂ ਹਰ ਪਾਸੇ ਸਨ ਜਿਸ ਦੇ ਗਵਾਹ ਨਾਰੋਵਾਲ, ਦੋਦੇ ਆਦਿ ਇਲਾਕਿਆਂ ਦੇ ਉਹ ਕਿਰਤੀ ਸਨ ਜਿਹੜੇ ਗੁਰੂ ਸਾਹਿਬ ਕੋਲ ਕੰਮ ਕਰਿਆ ਕਰਦੇ ਸਨ। ਭਾਈ ਲਹਿਣਾ ਜੀ ਜਦੋਂ ਖਡੂਰ ਸਾਹਿਬ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਆਪ ਜੀ ਝੋਨੇ 'ਚੋਂ ਨਦੀਨ ਕੱਢ ਰਹੇ ਸਨ।

ਆਪਸੀ ਵਿਚਾਰ-ਚਰਚਾ ਦੌਰਾਨ ਵੀ ਉਨ੍ਹਾਂ ਨੇ ਕੰਮ ਕਰਨਾ ਜਾਰੀ ਰੱਖਿਆ। ਅਖ਼ੀਰ ਜਦੋਂ ਘਾਹ ਦੀ ਲਿੱਬੜੀ ਪੰਡ ਉਨ੍ਹਾਂ ਨੇ ਭਾਈ ਲਹਿਣਾ ਨੂੰ ਚੁੱਕ ਕੇ ਡੇਰੇ 'ਚ ਲਿਜਾਣ ਲਈ ਕਿਹਾ ਤਾਂ ਇਹ ਦੂਜੀ ਪਾਤਸ਼ਾਹੀ ਲਈ 'ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ' ਦੇ ਸਿਧਾਂਤ ਦਾ ਪਹਿਲਾ ਪਰਚਾ ਸੀ ਜਿਸ 'ਚੋਂ ਉਹ ਪਾਸ ਹੋ ਗਏ। ਸਿੱਖ ਇਤਿਹਾਸ ਦਾ ਇਹ ਵੀ ਬੜਾ ਕਮਾਲ ਦਾ ਪਹਿਲੂ ਹੈ ਕਿ ਜਿਸ ਗੁਰੂ ਸਾਹਿਬ ਨੂੰ ਵੀ ਗੁਰੂਗੱਦੀ ਦੀ ਬਖ਼ਸ਼ਿਸ਼ ਹੁੰਦੀ ਰਹੀ, ਉਸ ਸ਼ਖ਼ਸੀਅਤ ਨੇ ਹੀ ਆਪਣਾ ਨਵਾਂ ਸਥਾਨ ਤੇ ਸ਼ਹਿਰ ਬੜੀ ਸਖ਼ਤ ਮਿਹਨਤ ਨਾਲ ਉਸਾਰਿਆ। ਇਸੇ ਕਿਰਤੀ ਵਿਰਾਸਤ ਨੇ ਅੱਜ ਸਿੱਖਾਂ ਨੂੰ ਮਾਇਕ ਤੌਰ 'ਤੇ ਹੀ ਨਹੀਂ ਸਗੋਂ ਦਿਲੋਂ ਵੀ ਅਮੀਰ ਬਣਾ ਦਿੱਤਾ ਹੈ। ਗੱਲ ਉਸ ਦੌਰ ਦੀ ਯਾਦ ਆ ਰਹੀ ਹੈ ਜਦੋਂ ਮੈਂ ਬਿਹਾਰ ਸੂਬੇ ਦਾ ਪਾਰਟੀ ਵੱਲੋਂ ਇੰਚਾਰਜ ਸੀ ਤਾਂ ਕਿਸੇ ਕੰਮ ਉਦੋਂ ਬਿਹਾਰ ਦੇ ਪਿੰਡਾਂ ਵਿਚ ਜਾਣਾ ਪੈ ਗਿਆ। ਇਹ ਗੁਰਪੁਰਬ ਦੇ ਦਿਨਾਂ ਦੀ ਗੱਲ ਹੋਵੇਗੀ ਕਿ ਇਕ ਸੜਕ 'ਤੇ ਕਿਰਤੀ ਸਿੱਖ ਨੇ ਲੰਗਰ ਲਗਾਇਆ ਹੋਇਆ ਸੀ। ਮੈਂ ਲੰਗਰ ਛਕਦਿਆਂ ਉਸ ਦੀ ਹਾਲਤ ਤੇ ਸ਼ਰਧਾ ਦੇਖ ਕੇ ਪੁੱਛ ਹੀ ਲਿਆ ਕਿ ਮਾਇਆ ਦੇ ਸਹਿਯੋਗ ਲਈ ਕਿਸੇ ਤਰ੍ਹਾਂ ਦੀ ਦਿੱਕਤ ਤਾਂ ਨਹੀਂ ਆਈ?

ਉਸ ਨੇ ਬੜੇ ਫੱਕਰ ਸੁਭਾਅ ਨਾਲ ਕਿਹਾ, ''ਸਾਡੇ ਬਾਪੂ ਨੇ ਸਦੀਆਂ ਪਹਿਲਾਂ 20 ਰੁਪਏ ਦੀ ਐੱਫਡੀ ਕਰਵਾਈ ਸੀ, ਏਹ ਉਸੇ ਦੇ ਵਿਆਜ ਦਾ ਲੰਗਰ ਹੈ, ਮੈਂ ਪੱਲਿਓਂ ਕੁਝ ਨਹੀਂ ਪਾਇਆ।'' ਉਸ ਨੇਕ ਕਮਾਈ ਵਾਲੇ ਕਿਰਤੀ ਸਿੱਖ ਦੀ ਅੱਜ ਵੀ ਤਸਵੀਰ ਅੱਖਾਂ ਮੂਹਰੇ ਆ ਜਾਂਦੀ ਹੈ। ਉਸ ਦੇ ਲੰਗਰ ਪਿੱਛੇ ਲੱਗਾ ਬੈਨਰ ਜਿਸ ਉਪਰ ਹਿੰਦੀ ਵਿਚ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਲਿਖਿਆ ਹੋਇਆ ਸੀ, ਮੇਰੀਆਂ ਯਾਦਾਂ ਵਿਚ ਤਾਜ਼ਾ ਰਹਿੰਦਾ ਹੈ।

ਸਿੱਖ ਭਾਈਚਾਰਾ ਅੱਜ ਦੂਰ-ਦੁਰਾਡੇ ਅਤੇ ਤਕਰੀਬਨ ਹਰ ਦੇਸ਼ ਵਿਚ ਵਸ ਚੁੱਕਾ ਹੈ ਅਤੇ ਉੱਥੇ ਵੀ ਆਪੋ-ਆਪਣੇ ਖਿੱਤੇ ਦੀਆਂ ਮੁਸ਼ਕਲਾਂ ਨੂੰ ਆਪਣੀ ਕਿਰਤ ਦੇ ਬਲਬੂਤੇ ਨਿਪਟਾ ਰਿਹਾ ਹੈ। ਭਾਵੇਂ ਕਿਤੇ ਸੁਨਾਮੀ, ਭੂਚਾਲ ਜਾਂ ਕੋਈ ਹੋਰ ਕੁਦਰਤੀ ਆਫ਼ਤ ਆਈ ਹੋਵੇ, ਸਿੱਖ ਜਦੋਂ ਮੂਹਰੇ ਹੋ ਕੇ ਸੇਵਾ ਵਿਚ ਰੁੱਝਦੇ ਹਨ ਤਾਂ ਆਪ-ਮੁਹਾਰੇ ਵਿਸ਼ਵ ਚਰਚਾ ਦਾ ਹਿੱਸਾ ਬਣ ਜਾਂਦੇ ਹਨ।

ਇਹ ਸਾਰੀ ਗੁਰੂ ਨਾਨਕ ਦੇਵ ਜੀ ਦੀ ਆਪਣੇ ਸਿੱਖਾਂ ਨੂੰ ਦਿੱਤੀ ਗਈ ਗੁੜ੍ਹਤੀ ਹੈ। ਕੋਰੋਨਾ ਦੀ ਵਿਸ਼ਵ ਮਹਾਮਾਰੀ ਦੌਰਾਨ ਵੀ ਹਰ ਦੇਸ਼ ਵਿਚ ਸਿੱਖਾਂ ਦੀ ਅਜਿਹੀ ਹੀ ਬੇਮਿਸਾਲ ਸੇਵਾ ਚੱਲ ਰਹੀ ਹੈ ਜਿਸ ਦੀ ਸ਼ਲਾਘਾ ਵਿਸ਼ੇਸ਼ ਤੌਰ 'ਤੇ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਹੋਈ ਅਤੇ ਸਿੱਖ ਭਾਈਚਾਰੇ ਵੱਲੋਂ ਕੀਤੀ ਸੇਵਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉੱਥੋਂ ਦੀਆਂ ਸਰਕਾਰਾਂ ਨੇ ਸਿੱਖ ਸੰਸਥਾਵਾਂ ਨੂੰ ਸਨਮਾਨਤ ਵੀ ਕੀਤਾ। ਉਨ੍ਹਾਂ ਨੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਸਿੱਖ ਆਪਣੀ ਕਿਰਤ ਦੇ ਜ਼ੋਰ 'ਤੇ ਜਿਊਂਦਾ ਹੈ ਅਤੇ ਮੰਗ ਕੇ ਖਾਣ ਨੂੰ ਸਭ ਤੋਂ ਭੈੜਾ ਮੰਨਿਆ ਜਾਂਦਾ ਹੈ। ਇਸ ਦੌਰ ਵਿਚ 'ਖ਼ਾਲਸਾ ਏਡ' ਦੇ ਰਵੀ ਸਿੰਘ ਸਮੇਤ ਸਿੱਖ ਏਡ, ਦਸਵੰਧ ਸਭਾਵਾਂ ਤੇ ਕਿਰਤੀ ਸੰਸਥਾਵਾਂ ਦਾ ਜ਼ਿਕਰ ਕਰਨਾ ਵਿਸ਼ੇਸ਼ ਤੌਰ 'ਤੇ ਮਾਣ ਵਾਲੀ ਗੱਲ ਹੈ। ਜਿਵੇਂ ਸ. ਰਵੀ ਸਿੰਘ ਰੋਹੰਗੀਆ ਮੁਸਲਮਾਨ ਭਾਈਚਾਰੇ ਦੀ ਬੰਗਲਾਦੇਸ਼ ਵਿਚ ਅਤੇ ਇਸੇ ਤਰ੍ਹਾਂ ਅਫ਼ਰੀਕੀ ਤੇ ਹੋਰਨਾਂ ਦੇਸ਼ਾਂ ਵਿਚ ਸ਼ਰਨਾਰਥੀਆਂ ਤੇ ਪੀੜਤਾਂ ਦੀ ਸੇਵਾ ਕਰ ਰਹੇ ਹਨ, ਉਸ ਨੇ ਸੰਸਾਰ ਭਰ ਦਾ ਧਿਆਨ ਸਿੱਖ ਪੰਥ ਵੱਲ ਖਿੱਚਿਆ ਹੈ। ਪਰਮਾਤਮਾ ਏਸ ਕਿਰਤੀ ਫੁਲਵਾੜੀ ਨੂੰ ਇਸੇ ਤਰ੍ਹਾਂ ਫ਼ਲਦਾਰ ਬਣਾਈ ਰੱਖੇ।

'ਹਿੰਮਤ ਏ ਮਰਦਾਂ, ਮਦਦ ਏ ਖ਼ੁਦਾ।'

-(ਸਾਬਕਾ ਉਪ ਰਾਜਪਾਲ ਪੁਡੂਚੇਰੀ)।

-ਮੋਬਾਈਲ ਨੰ. : 98140-05859

Posted By: Sunil Thapa