ਲਾਲ ਸਿੰਘ ਦਾ ਮੰਨਣਾ ਸੀ ਕਿ ਪਰਮਾਤਮਾ ਵੀ ਤਾਂ ਹੀ ਖ਼ੁਸ਼ ਹੁੰਦਾ ਹੈ ਜੇਕਰ ਅਸੀਂ ਉਸ ਦੀ ਵਡਿਆਈ, ਸਿਫ਼ਤ ਕਰਦੇ ਰਹੀਏ। ਸਾਨੂੰ ਕਿਸੇ ਵੀ ਮਨੁੱਖ ਪ੍ਰਤੀ ਭੱਦੀ ਸ਼ਬਦਾਬਲੀ ਨਹੀਂ ਵਰਤਣੀ ਚਾਹੀਦੀ। ਹਰ ਪਾਰਟੀ ਦੇ ਆਗੂ ਦੀ ਗੱਲ ਸੁਣਨਾ, ਸਤਿਕਾਰ ਦੇਣ ਤੇ ਲੈਣ ਕਾਰਨ ਵਿਰੋਧੀ ਵੀ ਉਨ੍ਹਾਂ ਦੇ ਮੁਰੀਦ ਬਣ ਗਏ ਸਨ।

ਲਾਲ ਸਿੰਘ ਇਕ ਨੇਕ ਸੁਭਾਅ ਵਾਲੇ, ਨਿਮਰ, ਸੁਹਿਰਦ ਅਤੇ ਲੋਕ-ਹਿਤੈਸ਼ੀ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦਾ ਜੀਵਨ ਸਾਧਾਰਨ ਪਰ ਉੱਚੇ ਆਦਰਸ਼ਾਂ ਨਾਲ ਭਰਪੂਰ ਸੀ। ਉਹ ਮਿੱਟੀ ਨਾਲ ਜੁੜੇ ਹੋਏ ਨੇਤਾ ਸਨ, ਜਿਨ੍ਹਾਂ ਦਾ ਸਿਆਸਤ ਵਿਚ ਆਉਣ ਦਾ ਮਕਸਦ ਕੇਵਲ ਸੱਤਾ ਦੀ ਪ੍ਰਾਪਤੀ ਹੀ ਨਹੀਂ ਸੀ ਸਗੋਂ ਆਪਣੇ ਇਲਾਕੇ ਦਾ ਵਿਕਾਸ ਤੇ ਭਾਈਚਾਰੇ ਦਾ ਉੱਥਾਨ ਵੀ ਸੀ। ਉਨ੍ਹਾਂ ਨੇ ਹਮੇਸ਼ਾ ਪਿੰਡਾਂ ਦੇ ਵਿਕਾਸ, ਕਿਸਾਨ ਭਾਈਚਾਰੇ ਅਤੇ ਗ਼ਰੀਬਾਂ ਦੀਆਂ ਦੁੱਖ-ਤਕਲੀਫ਼ਾਂ ਵੱਲ ਉਚੇਚਾ ਧਿਆਨ ਦਿੱਤਾ। ਲੋਕਾਂ ਨਾਲ ਉਨ੍ਹਾਂ ਦਾ ਨਜ਼ਦੀਕੀ ਰਿਸ਼ਤਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਸੀ। ਨਿਮਰ ਸੁਭਾਅ ਹੋਣ ਕਾਰਨ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਅਫ਼ਸਰਸ਼ਾਹੀ ਉਨ੍ਹਾਂ ਦੀ ਕਦਰ ਕਰਦੀ ਸੀ। ਉਨ੍ਹਾਂ ਨੂੰ ਇਕ ਸਤਿਕਾਰਤ ਨੇਤਾ ਵਜੋਂ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਲਗਪਗ ਪੰਜ ਦਹਾਕਿਆਂ ਤੱਕ ਆਪਣੀ ਵਿਲੱਖਣ ਪਛਾਣ ਬਣਾਈ।
ਹਲਕਾ ਸਨੌਰ ਦੇ ਇਕ ਪਛੜੇ ਹੋਏ ਪਿੰਡ ਅਸਰਪੁਰ ਦੇ ਇਕ ਸਾਦੇ ਘਰਾਣੇ ਵਿਚ ਜੰਮੇ ਲਾਲ ਸਿੰਘ ਦੇ ਜੀਵਨ ’ਤੇ ਪੇਂਡੂ ਸੱਭਿਆਚਾਰ ਅਤੇ ਖੇਤੀਬਾੜੀ ਦਾ ਡੂੰਘਾ ਪ੍ਰਭਾਵ ਸੀ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ, ਸਨੌਰ ਤੋਂ ਕੀਤੀ ਅਤੇ ਐੱਮਐੱਲਏ ਬਣਨ ਉਪਰੰਤ ਉੱਚ ਵਿੱਦਿਆ ਪਟਿਆਲਾ ਤੋਂ ਲਈ। ਸੰਨ 1977 ਦੇ ਨਾਜ਼ੁਕ ਦੌਰ ਵਿਚ ਜਦੋਂ ਦੇਸ਼ ਵਿਚ ਐਮਰਜੈਂਸੀ ਲਗਾਏ ਜਾਣ ਕਾਰਨ ਕਾਂਗਰਸ ਪਾਰਟੀ ਕਾਫ਼ੀ ਪੱਛੜ ਚੁੱਕੀ ਸੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖ਼ੁਦ ਵੀ ਚੋਣ ਹਾਰ ਗਏ ਸਨ ਤਾਂ ਲਾਲ ਸਿੰਘ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਜ਼ਿਲ੍ਹਾ ਪਟਿਆਲਾ ਦੇ ਹਲਕਾ ਡਕਾਲਾ ਤੋਂ ਐੱਮਐੱਲਏ ਵਜੋਂ ਪਹਿਲੀ ਜਿੱਤ ਦਰਜ ਕਰ ਕੇ ਕੀਤੀ।
ਦੇਸ਼ ਵਿਚ ਜਨਤਾ ਪਾਰਟੀ ਦੀ ਲਹਿਰ ਦੌਰਾਨ ਉਨ੍ਹਾਂ ਦੀ ਨੌਜਵਾਨ ਆਗੂ ਵਜੋਂ ਜਿੱਤ ਉਨ੍ਹਾਂ ਦੀ ਮਿਹਨਤ ਅਤੇ ਅਕਸ ਦੀ ਜਿੱਤ ਸਾਬਿਤ ਹੋਈ। ਉਨ੍ਹਾਂ ਦਾ ਸਿਆਸੀ ਜੀਵਨ ਉਸ ਸਮੇਂ ਸ਼ੁਰੂ ਹੋਇਆ ਜਦੋਂ ਪਿੰਡਾਂ ਵਿਚ ਬੱਚਿਆਂ ਨੂੰ ਪੜ੍ਹਾਈ, ਸਰਕਾਰੀ ਨੌਕਰੀ, ਸ਼ਹਿਰ ਜਾਣ, ਵਪਾਰ ਅਤੇ ਸਿਆਸਤ ਆਦਿ ਦੀ ਰਤਾ ਵੀ ਸੋਝੀ ਨਹੀਂ ਹੁੰਦੀ ਸੀ। ਅਜਿਹੇ ਨਾਜ਼ੁਕ ਦੌਰ ਵਿਚ ਐੱਮਐੱਲਏ ਬਣਨ ਉਪਰੰਤ ਵੀ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਪਿੰਡ ਵਿਚ ਸਰਕਾਰੀ ਬੱਸ ਲਗਵਾਈ ਤਾਂ ਜੋ ਪਿੰਡ ਦੇ ਲੋਕ ਸ਼ਹਿਰ ਵਿਚ ਜਾ ਕੇ ਪੜ੍ਹਾਈ ਕਰ ਸਕਣ ਅਤੇ ਐੱਮਐੱਲਏ ਹੋਣ ਦੇ ਬਾਵਜੂਦ ਖ਼ੁਦ ਵੀ ਉਸ ਬੱਸ ਵਿਚ ਸਫ਼ਰ ਕਰਨਾ ਉਨ੍ਹਾਂ ਦੀ ਸਾਦਗੀ ਦਾ ਸਬੂਤ ਹੈ।
ਪੰਜਾਬ ਕਾਂਗਰਸ ਵਿਚ ਉਨ੍ਹਾਂ ਨੂੰ ਇਕ ਘਾਗ ਸਿਆਸਤਦਾਨ ਅਤੇ ਕਾਂਗਰਸ ਪਾਰਟੀ ਦੇ ਥੰਮ੍ਹ, ਭੀਸ਼ਮ ਪਿਤਾਮਾ ਅਤੇ ਦਿੱਗਜ ਨੇਤਾ ਵਜੋਂ ਜਾਣਿਆ ਜਾਂਦਾ ਹੈ। ਜਦੋਂ ਵੀ ਪਾਰਟੀ ਵਿਚ ਕੋਈ ਆਪਸੀ ਮਤਭੇਦ ਹੁੰਦਾ ਤਾਂ ਉਹ ਹਾਈ ਕਮਾਨ ਨਾਲ ਸਲਾਹ ਕਰ ਕੇ ਇਹ ਮਤਭੇਦ ਦੂਰ ਕਰ ਦਿੰਦੇ ਸਨ। ਆਪਣੇ ਸਿਆਸੀ ਸਫ਼ਰ ਦੌਰਾਨ ਉਨ੍ਹਾਂ ਕਦੇ ਵੀ ਪਾਰਟੀ ਤੋਂ ਬਗ਼ਾਵਤ ਨਹੀਂ ਕੀਤੀ ਤੇ ਪਾਰਟੀ ਨੂੰ ਹਮੇਸ਼ਾ ਮਜ਼ਬੂਤ ਕੀਤਾ।
ਲਾਲ ਸਿੰਘ ਦਾ ਮੰਨਣਾ ਸੀ ਕਿ ਪਰਮਾਤਮਾ ਵੀ ਤਾਂ ਹੀ ਖ਼ੁਸ਼ ਹੁੰਦਾ ਹੈ ਜੇਕਰ ਅਸੀਂ ਉਸ ਦੀ ਵਡਿਆਈ, ਸਿਫ਼ਤ ਕਰਦੇ ਰਹੀਏ। ਸਾਨੂੰ ਕਿਸੇ ਵੀ ਮਨੁੱਖ ਪ੍ਰਤੀ ਭੱਦੀ ਸ਼ਬਦਾਬਲੀ ਨਹੀਂ ਵਰਤਣੀ ਚਾਹੀਦੀ। ਹਰ ਪਾਰਟੀ ਦੇ ਆਗੂ ਦੀ ਗੱਲ ਸੁਣਨਾ, ਸਤਿਕਾਰ ਦੇਣ ਤੇ ਲੈਣ ਕਾਰਨ ਵਿਰੋਧੀ ਵੀ ਉਨ੍ਹਾਂ ਦੇ ਮੁਰੀਦ ਬਣ ਗਏ ਸਨ। ਇਸੇ ਕਾਰਨ ਚਾਹੇ ਸਿਆਸੀ ਨੇਤਾ ਹੋਣ, ਸਮਾਜਿਕ ਕਾਰਕੁੰਨ ਜਾਂ ਵਿਰੋਧੀ ਪਾਰਟੀਆਂ ਦੇ ਆਗੂ, ਹਰ ਵਿਅਕਤੀ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚਿਆ। ਉਨ੍ਹਾਂ ਨੂੰ ਰੋਜ਼ਾਨਾ ਮਿਲਣ ਵਾਲੇ ਵਰਕਰਾਂ ਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ ਸੀ ਸਗੋਂ ਉਹ ਖ਼ੁਦ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ।
ਲਾਲ ਸਿੰਘ ਇਕ ਧਾਰਮਿਕ ਬਿਰਤੀ ਦੇ ਇਨਸਾਨ ਸਨ। ਧਾਰਮਿਕ ਕੱਟੜਪੁਣੇ ਤੋਂ ਉੱਪਰ ਉੱਠ ਕੇ ਹਰ ਧਰਮ ਦਾ ਸਤਿਕਾਰ ਕਰਨਾ ਉਨ੍ਹਾਂ ਦਾ ਸੁਭਾਅ ਸੀ। ਪੰਜਾਬ ਵਿਚ 84 ਦੇ ਕਾਲੇ ਦੌਰ ਦੌਰਾਨ ਉਨ੍ਹਾਂ ਦੀ ਸੋਚ ਧਰਮ ਨਿਰਪੱਖ ਰਹੀ। ਸਿੱਖ ਅਤੇ ਹਿੰਦੂ ਧਰਮ ਵਿਚ ਉਨ੍ਹਾਂ ਦੀ ਅਥਾਹ ਸ਼ਰਧਾ ਹੋਣ ਕਾਰਨ ਉਨ੍ਹਾਂ ਆਪਣੇ ਜੱਦੀ ਪਿੰਡ ਅਸਰਪੁਰ ਦੇ ਘਰ ਰਾਧਾ ਕ੍ਰਿਸ਼ਨ ਦਾ ਮੰਦਿਰ ਬਣਵਾਇਆ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੀ ਉਸਾਰੀ ਲਈ ਲੱਖਾਂ ਰੁਪਏ ਗੁਪਤ ਦਾਨ ਦਿੱਤਾ। ਵਿਖਾਵੇ ਦੇ ਦੌਰ ਦੇ ਉਲਟ ਗੁਪਤ ਦਾਨ ਬਾਰੇ ਉਨ੍ਹਾਂ ਦਾ ਮਤ ਸੀ ਕਿ ਇਕ ਹੱਥ ਦਾ ਦਿੱਤਾ ਦਾਨ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਗੁਰਬਾਣੀ ਅਤੇ ਸਿੱਖੀ ਵਿਚ ਅਥਾਹ ਸ਼ਰਧਾ ਹੋਣ ਕਾਰਨ ਹਲਕੇ ਵਿਚ ਭੋਗ ਸਮਾਗਮਾਂ ’ਤੇ ਵਿਚਰਦੇ ਸਮੇਂ ਸ਼ਰਧਾਂਜਲੀ ਸਮਾਗਮਾਂ ਵਿਚ ਗੁਰਬਾਣੀ ਦੀਆਂ ਤੁਕਾਂ ਵਰਤਦੇ। ਆਪਣੇ ਸਿਆਸੀ ਜੀਵਨ ਦੀ ਅੱਧੀ ਸਦੀ ਦੌਰਾਨ ਉਨ੍ਹਾਂ ਨੇ ਹਲਕੇ ਦਾ ਵਿਕਾਸ ਅਤੇ ਭਾਈਚਾਰਕ ਸਾਂਝ ਤੇ ਲੋਕ ਹਿਤੈਸ਼ੀ ਭਾਵਨਾ ਕਾਇਮ ਰੱਖੀ। ਉਹ ਹਮੇਸ਼ਾ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਿੰਡਾਂ ਵਿਚ ਸਕੂਲ, ਸੜਕਾਂ, ਡਿਸਪੈਂਸਰੀਆਂ ਦੀ ਉਸਾਰੀ ਲਈ ਜੁਟੇ ਰਹੇ।
ਲਾਲ ਸਿੰਘ ਦੀ ਕੇਂਦਰ ਤੱਕ ਪਹੁੰਚ ਹੋਣ ਕਾਰਨ ਪੰਜਾਬ ਦੇ ਜ਼ਿਆਦਾਤਰ ਕਾਂਗਰਸੀ ਆਗੂ ਉਨ੍ਹਾਂ ਦੀ ਅਗਵਾਈ ਹੇਠ ਵਿਚਰਦੇ ਰਹੇ। ਉਨ੍ਹਾਂ ਨੇ ਸੰਨ 1977, 1980, 1992, 2002, 2007, 2012 ਵਿਚ ਵਿਧਾਨ ਸਭਾ ਚੋਣ ਜਿੱਤੀ। ਇਕ ਹੰਢਿਆ-ਵਰਤਿਆ ਨੇਤਾ ਹੋਣ ਕਾਰਨ 1980 ਤੋਂ ਬਾਅਦ ਉਹ ਦਰਬਾਰਾ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਅਤੇ ਕੈਪਟਨ ਸਰਕਾਰ ਵਿਚ ਵਿੱਤ ਅਤੇ ਯੋਜਨਾ, ਫੂਡ ਸਪਲਾਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸਹਿਕਾਰਤਾ, ਪੇਂਡੂ ਵਿਕਾਸ ਅਤੇ ਰੁਜ਼ਗਾਰ ਆਦਿ ਅਹਿਮ ਵਿਭਾਗਾਂ ਦੇ ਮੰਤਰੀ ਰਹੇ। ਸੰਨ 2002 ਦੀ ਕੈਪਟਨ ਸਰਕਾਰ ਵਿਚ ਜੇ ਉਨ੍ਹਾਂ ਨੂੰ ਪੇਂਡੂ ਸਿਆਸਤ ਦਾ ਕਰਤਾ-ਧਰਤਾ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਛੋਟੇ ਸਿਆਸੀ ਆਗੂ ਉਨ੍ਹਾਂ ਦੇ ਦੁਆਲੇ ਮੱਖੀਆਂ ਦੀ ਤਰ੍ਹਾਂ ਫਿਰਦੇ ਰਹਿੰਦੇ। ਉਨ੍ਹਾਂ ਨੇ ਆਪਣੇ ਹਲਕੇ ਨੂੰ ਇਕ ਮਾਡਲ ਵਜੋਂ ਵਿਕਸਤ ਕੀਤਾ। ਤਰੱਕੀ ਦਾ ਰਸਤਾ ਸੜਕਾਂ ਰਾਹੀਂ ਗੁਜ਼ਰਦਾ ਹੈ, ਇਸ ਕਾਰਨ ਪਹਿਲਾਂ ਸੜਕਾਂ ਦਾ ਨਿਰਮਾਣ ਕਰਵਾਇਆ। ਸਾਲ 2006 ਦਰਮਿਆਨ ਉਨ੍ਹਾਂ ਨੇ ਹਲਕੇ ਦੀ ਇਕ ਵੀ ਪਹੀ ਕੱਚੀ ਨਹੀਂ ਰਹਿਣ ਦਿੱਤੀ। ਹਲਕਾ ਡਕਾਲਾ ਅਤੇ ਸਨੌਰ ਵਿਚ ਕਈ ਪਾਵਰ ਪਲਾਂਟ ਸਥਾਪਤ ਕੀਤੇ, ਸਕੂਲਾਂ ਦੀਆਂ ਇਮਾਰਤਾਂ ਉਸਾਰੀਆਂ, ਸਕੂਲ ਅਪਗ੍ਰੇਡ ਕੀਤੇ ਅਤੇ ਪਿੰਡਾਂ ਵਿਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ।
ਤਾਉਮਰ ਕਾਂਗਰਸ ਪਾਰਟੀ ਵਿਚ ਗੁਜ਼ਾਰਨ ਕਾਰਨ ਉਹ ਸਭ ਤੋਂ ਵੱਧ ਕੱਦਵਾਰ ਆਗੂ ਬਣ ਗਏ ਅਤੇ ਪੰਜਾਬ ਕਾਂਗਰਸ (ਪੀਪੀਸੀਸੀ) ਦੇ ਕਾਰਜਕਾਰੀ ਪ੍ਰਧਾਨ ਅਤੇ ਉਪ ਪ੍ਰਧਾਨ ਵੀ ਚੁਣੇ ਗਏ। ਉਨ੍ਹਾਂ ਨੇ ਵਿੱਤ ਮੰਤਰੀ ਰਹਿੰਦਿਆਂ ਆਰਥਿਕ ਨੀਤੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ। ਪੰਜਾਬ ਵਿਚ ਸੜਕਾਂ ਦਾ ਜਾਲ਼ ਵਿਛਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ। ਕਿਸਾਨਾਂ ਦੀਆਂ ਫ਼ਸਲਾਂ ਦੀ ਖ਼ਰੀਦ ਅਤੇ ਮੰਡੀਕਰਨ ਦੇ ਸੁਧਾਰ ਕੀਤੇ। ਸਾਲ 2017 ਵਿਚ ਉਨ੍ਹਾਂ ਦਾ ਪੁੱਤਰ ਕਾਕਾ ਰਜਿੰਦਰ ਸਿੰਘ ਹਲਕਾ ਸਮਾਣਾ ਤੋਂ ਐੱਮਐੱਲਏ ਬਣਿਆ। ਉਨ੍ਹਾਂ ਦੀ ਅੱਜ ਵਾਲੀ ਸਿਆਸੀ ਦੂਸ਼ਣਬਾਜ਼ੀ ਤੇ ਇਖਲਾਕ ਗੁਆ ਚੁੱਕੀ ਲੀਡਰਸ਼ਿਪ ਤੋਂ ਅਲੱਗ ਲੋਕ ਕੇਂਦਰਿਤ ਵਿਚਾਰਧਾਰਾ ਰਹੀ।
ਅਜੋਕੀ ਗੰਧਲੀ ਸਿਆਸਤ ਤੋਂ ਉਨ੍ਹਾਂ ਨੇ ਤਾਉਮਰ ਆਪਣੇ-ਆਪ ਨੂੰ ਨਿਖੇੜ ਕੇ ਰੱਖਿਆ। ਪਾਰਟੀ ਵਰਕਰਾਂ ਤੋਂ ਫੰਡ ਨਾ ਲੈਣਾ, ਪਰਿਵਾਰਕ ਵਿਆਹ ਸਮਾਗਮਾਂ ਵਿਚ ਸ਼ਗਨ ਤੱਕ ਵੀ ਨਾ ਲੈਣਾ ਉਨ੍ਹਾਂ ਦੀ ਦਿਆਨਤਦਾਰੀ ਵਾਲੇ ਨੇਤਾ ਹੋਣ ਦਾ ਸਬੂਤ ਦਿੰਦੀ ਹੈ। ਨਿਮਰ ਸੁਭਾਅ, ਸਹਿਜਤਾ ਅਤੇ ਸਿਆਸੀ ਬਰੀਕੀਆਂ ਦੀ ਸੋਝੀ ਉਨ੍ਹਾਂ ਦਾ ਅਕਾਲੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਾਲ ਸੁਮੇਲ ਕਰਵਾਉਂਦੀ ਹੈ। ਆਪਣੇ ਜੀਵਨ ਦੇ ਆਖ਼ਰੀ ਸਾਲਾਂ ਦੌਰਾਨ ਉਹ ਪਿੰਡਾਂ ਦੇ ਬਜ਼ੁਰਗਾਂ ਨੂੰ ਮਿਲਣ ਇਕੱਲੇ ਉਨ੍ਹਾਂ ਦੇ ਘਰ ਚਲੇ ਜਾਂਦੇ, ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ। ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਕੀਤੇ ਕੰਮਾਂ ਅਤੇ ਦੱਸੇ ਰਾਹਾਂ ਵਿਚ ਹਮੇਸ਼ਾ ਜਿਉਂਦੀ ਰਹੇਗੀ।
-ਡਾ. ਅਜੀਤਪਾਲ ਸਿੰਘ
-ਮੋਬਾਈਲ : 98786-04518