ਇਸਲਾਮਾਬਾਦ ਵਾਰਤਾ ਦੀ ਨਾਕਾਮੀ ਉਸੇ ਪੁਰਾਣੀ ਰਵਾਇਤ ਨੂੰ ਹੀ ਦੁਹਰਾਉਂਦੀ ਹੈ ਜਿੱਥੇ ਕੂਟਨੀਤੀ ਟਕਰਾਅ ਨੂੰ ਵਧਾਉਣ ਵਾਲੇ ਪਹਿਲੂਆਂ ਦੇ ਨਾਲ ਤਾਲਮੇਲ ਨਹੀਂ ਬਿਠਾ ਪਾਉਂਦੀ।

ਇਸਲਾਮਾਬਾਦ ਵਿਚ ਅਮਰੀਕਾ-ਈਰਾਨ ਦੀ ਵਾਰਤਾ ’ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਇਸ ਦੇ ਨਤੀਜੇ ਹਾਂ-ਪੱਖੀ ਨਹੀਂ ਰਹੇ। ਇਸ ਵਾਰਤਾ ਦਾ ਅਸਫਲ ਹੋਣਾ ਰਾਜਨੀਤਕ ਕੁਪ੍ਰਬੰਧਨ ਘੱਟ, ਬਲਕਿ ਉਸ ਬੁਨਿਆਦੀ ਠਹਿਰਾ ਨੂੰ ਜ਼ਿਆਦਾ ਉਜਾਗਰ ਕਰਦਾ ਹੈ ਜੋ ਅੱਜ ਵੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪਰਿਭਾਸ਼ਤ ਕਰਦਾ ਹੈ। ਦੋਵਾਂ ਧਿਰਾਂ ਦੀ ਲੀਡਰਸ਼ਿਪ ਦੀ ਮੌਜੂਦਗੀ ਅਤੇ ਉੱਚ ਪੱਧਰੀ ਸੰਪਰਕ ਦਰਮਿਆਨ ਇਹ ਵਾਰਤਾ ਅੱਤ ਦੀਆਂ ਮੰਗਾਂ, ਡੂੰਘੀ ਬੇਭਰੋਸਗੀ ਅਤੇ ਗ਼ੈਰ-ਤਰਕਸੰਗਤ ਰਣਨੀਤਕ ਦ੍ਰਿਸ਼ਟੀਕੋਣ ਦੇ ਬੋਝ ਹੇਠ ਦੱਬੀ ਰਹੀ।
ਇਸਲਾਮਾਬਾਦ ਵਾਰਤਾ ਦਾ ਨਤੀਜਾ ਪ੍ਰਕਿਰਿਆ ਦੀ ਨਾਕਾਮੀ ਨਹੀਂ ਸਗੋਂ ਅੜਿੱਕੇ ਨਾਲ ਭਰੇ ਉਨ੍ਹਾਂ ਹਾਲਾਤ ਦਾ ਹੀ ਇਕ ਪੂਰਵ-ਅਨੁਮਾਨਤ ਨਤੀਜਾ ਰਹੀ ਜਿਨ੍ਹਾਂ ਹਾਲਾਤ ਨੂੰ ਬਦਲਣ ਲਈ ਦੋਵਾਂ ਹੀ ਧਿਰਾਂ ਵਿਚ ਨਾ ਤਾਂ ਕੋਈ ਸਮਰੱਥ ਦਿਸ ਰਿਹਾ ਸੀ ਅਤੇ ਨਾ ਹੀ ਇਸ ਵਾਸਤੇ ਤਿਆਰ। ਇਸ ਅੜਿੱਕੇ ਦਾ ਇਕ ਅਹਿਮ ਪਹਿਲੂ ਹੈ ਪਰਮਾਣੂ ਹਥਿਆਰਾਂ ਨੂੰ ਲੈ ਕੇ ਈਰਾਨ ਦਾ ਮੋਹ। ਸੁਭਾਵਕ ਹੈ ਕਿ ਈਰਾਨ ਇਹ ਮੋਹ ਛੱਡਣ ਲਈ ਤਿਆਰ ਨਹੀਂ ਹੈ।
ਓਥੇ ਹੀ ਅਮਰੀਕਾ ਦਾ ਸਪਸ਼ਟ ਰੁਖ਼ ਹੈ ਕਿ ਈਰਾਨ ਨੂੰ ਨਾ ਸਿਰਫ਼ ਪਰਮਾਣੂ ਮੋਰਚੇ ’ਤੇ ਹੋਈ ਤਰੱਕੀ ਨੂੰ ਪਿੱਛੇ ਛੱਡਣਾ ਹੋਵੇਗਾ ਸਗੋਂ ਉਸ ਤਕਨੀਕੀ ਸਮਰੱਥਾ ਤੋਂ ਵੀ ਵਿਰਵਾ ਹੋਣਾ ਪਵੇਗਾ ਜੋ ਭਵਿੱਖ ਵਿਚ ਉਸ ਨੂੰ ਪਰਮਾਣੂ ਸ਼ਕਤੀ ਨਾਲ ਸੰਪੰਨ ਕਰਨ ਵਿਚ ਮਦਦਗਾਰ ਬਣੇ। ਪਰਮਾਣੂ ਦੀ ਇਹ ਬੁਝਾਰਤ ਈਰਾਨ ਲਈ ਉਸ ਦੀ ਪ੍ਰਭੂਸੱਤਾ ਦਾ ਸਵਾਲ ਬਣ ਗਈ ਹੈ।
ਵਾਰਤਾ ਦੇ ਦਾਇਰੇ ਅਤੇ ਖ਼ਾਹਿਸ਼ਾਂ ਨੂੰ ਲੈ ਕੇ ਉਪਜੇ ਮਤਭੇਦਾਂ ਨੇ ਵੀ ਇਸ ਨੂੰ ਹੋਰ ਜਟਿਲ ਬਣਾ ਦਿੱਤਾ। ਅਮਰੀਕਾ ਜਿੱਥੇ ਪਰਮਾਣੂ ਪਾਬੰਦੀਆਂ ਅਤੇ ਹੋਰਮੁਜ਼ ਜਲ ਮਾਰਗ ਵਿਚ ਸੁਤੰਤਰ ਅਤੇ ਮੁਕਤ ਆਵਾਜਾਈ ਵਰਗੇ ਸੀਮਤ ਉਦੇਸ਼ਾਂ ਦੇ ਨਾਲ ਵਾਰਤਾ ਦੀ ਮੇਜ਼ ’ਤੇ ਆਇਆ, ਓਥੇ ਹੀ ਈਰਾਨ ਦਾ ਏਜੰਡਾ ਕਿਤੇ ਜ਼ਿਆਦਾ ਵਿਆਪਕ ਸੀ। ਈਰਾਨ ਸਿਰਫ਼ ਤਣਾਅ ਘਟਾਉਣ ਦੀ ਮੰਗ ਦੇ ਨਾਲ ਹੀ ਸਾਹਮਣੇ ਨਹੀਂ ਆਇਆ ਬਲਕਿ ਉਸ ਨੇ ਪੱਛਮ ਨਾਲ ਆਪਣੇ ਸਬੰਧਾਂ ਦੇ ਨਵੇਂ ਸਿਰੇ ਤੋਂ ਸੰਯੋਜਨ ਦੀ ਮੰਗ ਰੱਖੀ। ਇਸ ਪੁਨਰ-ਸੰਯੋਜਨ ਵਿਚ ਪਾਬੰਦੀਆਂ ਤੋਂ ਰਾਹਤ, ਜ਼ਬਤ ਕੀਤੇ ਹੋਏ ਅਸਾਸਿਆਂ ਤੱਕ ਬੇਰੋਕ-ਟੋਕ ਪਹੁੰਚ, ਹਾਲੀਆ ਫ਼ੌਜੀ ਹਮਲਿਆਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਅਤੇ ਇਕ ਵਿਆਪਕ ਖੇਤਰੀ ਜੰਗਬੰਦੀ ਸ਼ਾਮਲ ਸੀ ਜਿਸ ਵਿਚ ਹਿਜ਼ਬੁੱਲਾ ਵਰਗੇ ਸਹਿਯੋਗੀਆਂ ਵਿਰੁੱਧ ਇਜ਼ਰਾਇਲੀ ਫ਼ੌਜੀ ਕਾਰਵਾਈਆਂ ’ਤੇ ਰੋਕ ਵੀ ਸ਼ਾਮਲ ਸੀ।
ਵਾਰਤਾ ਦੇ ਇਸ ਢਾਂਚੇ ਵਿਚ ਮੌਜੂਦ ਤਰੁੱਟੀਆਂ ਨੇ ਪਹਿਲਾਂ ਤੋਂ ਹੀ ਯਕੀਨੀ ਕਰ ਦਿੱਤਾ ਸੀ ਕਿ ਗੱਲ ਨਹੀਂ ਬਣਨ ਵਾਲੀ। ਜਿੱਥੇ ਵਾਸ਼ਿੰਗਟਨ ਇਸ ਨੂੰ ਇਕ ਤਤਕਾਲੀ ਸੰਕਟ ਦੇ ਰੂਪ ਵਿਚ ਦੇਖਦੇ ਹੋਏ ਫ਼ੌਰੀ ਰਾਹਤ ’ਤੇ ਜ਼ੋਰ ਦੇ ਰਿਹਾ ਸੀ, ਓਥੇ ਹੀ ਤਹਿਰਾਨ ਨੂੰ ਇਹ ਆਪਣੇ ਸਮੀਕਰਨਾਂ ਨੂੰ ਨਵੇਂ ਸਿਰੇ ਤੋਂ ਤੈਅ ਕਰਨ ਦਾ ਮੌਕਾ ਮਹਿਸੂਸ ਹੋਇਆ। ਯਾਨੀ ਅਮਰੀਕਾ ਬਸ ਅੱਗ ਨੂੰ ਬੁਝਾਉਣਾ ਚਾਹੁੰਦਾ ਸੀ ਅਤੇ ਈਰਾਨ ਦੀ ਮਨਸ਼ਾ ਆਪਣੇ ਨੁਕਸਾਨੇ ਭਵਨਾਂ ਦੇ ਨਵੇਂ ਸਿਰੇ ਤੋਂ ਨਿਰਮਾਣ ਦੀ ਸੀ। ਦੋਵਾਂ ਧਿਰਾਂ ਵਿਚਾਲੇ ਹੋਰਮੁਜ਼ ਜਲ ਮਾਰਗ ਇਕ ਅਹਿਮ ਬਿੰਦੂ ਬਣ ਗਿਆ ਹੈ।
ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਾਸਤੇ ਇਸ ਜਲ ਮਾਰਗ ਦੇ ਮਾਧਿਅਮ ਨਾਲ ਊਰਜਾ ਸਪਲਾਈ ਬੇਰੋਕ-ਟੋਕ ਯਕੀਨੀ ਬਣਾਉਣਾ ਇਕ ਰਣਨੀਤਕ ਜ਼ਰੂਰਤ ਹੈ। ਇਸੇ ਲਈ ਵਾਸ਼ਿੰਗਟਨ ਨੇ ਬੇਨਤੀ ਕੀਤੀ ਕਿ ਪਰਸਪਰ ਭਰੋਸੇ ਦੀ ਬਹਾਲੀ ਲਈ ਇਸ ਨੂੰ ਤੁਰੰਤ ਖੋਲ੍ਹਿਆ ਜਾਵੇ। ਜਦਕਿ ਤਹਿਰਾਨ ਦਾ ਜ਼ੋਰ ਵਿਆਪਕ ਸਮਝੌਤੇ ਨੂੰ ਅਮਲ ਵਿਚ ਲਿਆਉਣ ’ਤੇ ਸੀ। ਦੇਖਿਆ ਜਾਵੇ ਤਾਂ ਈਰਾਨ ਨੇ ਆਪਣੀ ਉਮੀਦ ਮੁਤਾਬਕ ਕਮਜ਼ੋਰ ਫ਼ੌਜੀ ਤਾਕਤ ਅਤੇ ਆਰਥਿਕ ਕਮਜ਼ੋਰੀਆਂ ਦੇ ਮੁਕਾਬਲੇ ਹੋਰਮੁਜ਼ ਦੀ ਭੂਗੋਲਿਕ ਸਥਿਤੀ ਨੂੰ ਆਪਣੀ ਰਣਨੀਤਕ ਢਾਲ ਦੇ ਰੂਪ ਵਿਚ ਇਸਤੇਮਾਲ ਕਰ ਕੇ ਇਸ ਸੰਘਰਸ਼ ਵਿਚ ਸੰਤੁਲਨ ਦਾ ਯਤਨ ਕੀਤਾ ਹੈ। ਉਸ ਦਾ ਸੰਦੇਸ਼ ਸਪਸ਼ਟ ਹੈ ਕਿ ਈਰਾਨ ਦੇ ਹਿੱਤਾਂ ਨੂੰ ਕੁਝ ਟੁਕੜਿਆਂ ਵਿਚ ਨਹੀਂ ਬਲਕਿ ਸਮੁੱਚੇ ਤੌਰ ’ਤੇ ਦੇਖਣਾ ਹੋਵੇਗਾ।
ਇਸ ਸਿਲਸਿਲੇ ਵਿਚ ਹੋਰਮੁਜ਼ ਜਲ ਮਾਰਗ ਇਕ ਸਮੁੰਦਰੀ ਆਵਾਜਾਈ ਅਤੇ ਢੋਆ-ਢੁਆਈ ਤੋਂ ਵੱਧ ਇਕ ਵੱਡੀ ਭੂ-ਰਾਜਨੀਤਕ ਸੌਦੇਬਾਜ਼ੀ ਦਾ ਔਜ਼ਾਰ ਬਣ ਗਿਆ ਹੈ।
ਇਸ ਦੇ ਬੰਦ ਹੋਣ ਕਾਰਨ ਦੁਨੀਆ ਵਿਚ ਤੇਲ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਿਸ ਦੇ ਆਲਮੀ ਅਰਥਚਾਰੇ ’ਤੇ ਬੁਰੇ ਅਸਰ ਪੈ ਰਹੇ ਹਨ। ਇਸ ਕਾਰਨ ਅਮਰੀਕਾ ’ਤੇ ਇਸ ਸਮੁੰਦਰੀ ਲਾਂਘੇ ਨੂੰ ਖੁਲ੍ਹਵਾਉਣ ਲਈ ਦਬਾਅ ਵਧਦਾ ਹੀ ਜਾ ਰਿਹਾ ਹੈ ਜਦਕਿ ਈਰਾਨ ਇਸ ਨੂੰ ਇਕ ਅਹਿਮ ਰਣਨੀਤਕ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਉਹ ਹਰ ਹਾਲਤ ’ਚ ਇਸ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ ਤੇ ਇੱਥੋਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ ਤੋਂ ਫੀਸ ਵੀ ਲੈ ਰਿਹਾ ਹੈ।
ਗੱਲਬਾਤ ਦੀ ਨਾਕਾਮੀ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਇਕ-ਦੂਜੇ ’ਤੇ ਇਲਜ਼ਾਮ-ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪਰਸਪਰ ਦੂਸ਼ਣਬਾਜ਼ੀ ਦਾ ਇਹ ਦੌਰ ਕਿਸੇ ਪੁਰਾਣੇ ਨਾਸੂਰ ਦਾ ਪ੍ਰਤੀਕ ਹੈ। ਜਿੱਥੇ ਅਮਰੀਕੀ ਅਧਿਕਾਰੀਆਂ ਨੇ ਈਰਾਨ ਦੇ ਪ੍ਰਸਤਾਵਾਂ ਨੂੰ ਨਾਕਾਫ਼ੀ ਅਤੇ ਗੰਭੀਰਤਾ ਦੀ ਘਾਟ ਤੋਂ ਗ੍ਰਸਤ ਦੱਸਿਆ ਤਾਂ ਈਰਾਨੀ ਪ੍ਰਤੀਨਿਧੀਆਂ ਨੇ ਵਾਸ਼ਿੰਗਟਨ ’ਤੇ ਭਲੀ ਮਨਸ਼ਾ ਦੇ ਬਿਨਾਂ ਹੱਦ ਤੋਂ ਜ਼ਿਆਦਾ ਅਤੇ ਨਾਜਾਇਜ਼ ਮੰਗਾਂ ਥੋਪਣ ਦਾ ਦੋਸ਼ ਲਗਾਇਆ ਹੈ।
ਇਹ ਦੋਸ਼ ਕਿਸੇ ਵਾਕ ਯੁੱਧ ਤੋਂ ਜ਼ਿਆਦਾ ਉਸ ਰੁਝਾਨ ਨੂੰ ਹੀ ਦਰਸਾਉਂਦੇ ਹਨ ਜਿਸ ਕਾਰਨ ਅਤੀਤ ਦੀਆਂ ਵਾਰਤਾਵਾਂ ਵੀ ਪਟੜੀ ਤੋਂ ਉਤਰਦੀਆਂ ਰਹੀਆਂ। ਇਸ ਵਿਚ 2025 ਤੇ 2026 ਵਿਚ ਓਮਾਨ ਦੀ ਵਿਚੋਲਗੀ ਵਿਚ ਨਾਕਾਮ ਵਾਰਤਾਵਾਂ ਦਾ ਦੌਰ ਵੀ ਸ਼ਾਮਲ ਹੈ। ਇਨ੍ਹਾਂ ਕੂਟਨੀਤਕ ਯਤਨਾਂ ’ਤੇ ਸ਼ੱਕ ਦੇ ਬੱਦਲ ਹੀ ਛਾਏ ਰਹੇ ਅਤੇ ਹਰ ਧਿਰ ਦੂਜੀ ’ਤੇ ਬੁਰੀ ਮਨਸ਼ਾ ਦਾ ਦੋਸ਼ ਮੜ੍ਹਦੀ ਰਹੀ ਕਿ ਇਹ ਸਭ ਧਿਆਨ ਭਟਕਾਉਣ ਜਾਂ ਨਿਰੰਤਰ ਰਿਆਇਤਾਂ ਮੰਗਣ ਲਈ ਹੋ ਰਿਹਾ ਹੈ।
ਇਸ ਨਾਲ ਭਰੋਸੇ ਦੀ ਪਰਤ ਇਸ ਤਰ੍ਹਾਂ ਪਿਘਲਦੀ ਗਈ ਕਿ ਨੇਕ ਇਰਾਦਿਆਂ ਦੇ ਨਾਲ ਕੀਤੀ ਜਾਣ ਵਾਲੀ ਕੋਈ ਸਾਰਥਕ ਪਹਿਲ ਵੀ ਨਾਕਾਮ ਹੋਣ ਲਈ ਸਰਾਪੀ ਜਿਹੀ ਹੋ ਗਈ ਹੈ। ਇਸਲਾਮਾਬਾਦ ਵਾਰਤਾ ਦੀ ਨਾਕਾਮੀ ਦੇ ਗੰਭੀਰ ਤਤਕਾਲੀ ਅਤੇ ਦੂਰਗਾਮੀ ਨਤੀਜਿਆਂ ਦਾ ਖ਼ਦਸ਼ਾ ਵਧ ਗਿਆ ਹੈ। ਹਾਲੇ ਜੋ ਜੰਗ ਰੁਕੀ ਹੋਈ ਦਿਸ ਰਹੀ ਹੈ, ਉਹ ਆਉਣ ਵਾਲੇ ਦਿਨਾਂ ਵਿਚ ਹੋਰ ਭਿਆਨਕ ਰੂਪ ਧਾਰ ਸਕਦੀ ਹੈ। ਇਸ ਦੇ ਆਰਥਿਕ ਨਤੀਜੇ ਵੀ ਬਹੁਤ ਘਾਤਕ ਹੋ ਸਕਦੇ ਹਨ। ਆਲਮੀ ਊਰਜਾ ਬਾਜ਼ਾਰ ਵਿਚ ਇਕ ਅਹਿਮ ਕਿਰਦਾਰ ਹੋਰਮੁਜ਼ ਜਲ ਮਾਰਗ ਵਿਚ ਰੁਕਾਵਟ ਪੈਣ ਕਾਰਨ ਆਲਮੀ ਅਰਥਚਾਰੇ ਦੀ ਸਿਹਤ ਵਿਗੜ ਸਕਦੀ ਹੈ। ਇਸ ਨਾਲ ਜਹਾਜ਼ਾਂ ਰਾਹੀਂ ਢੁਆਈ ਮਹਿੰਗੀ ਹੋਣ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਵੇਗਾ ਅਤੇ ਮਹਿੰਗਾਈ ਦਾ ਦਬਾਅ ਵੀ ਅਸਰ ਦਿਖਾਵੇਗਾ।
ਪਹਿਲਾਂ ਤੋਂ ਹੀ ਨਾਜ਼ੁਕ ਦੌਰ ’ਚੋਂ ਗੁਜ਼ਰ ਰਹੀ ਆਲਮੀ ਅਰਥ-ਵਿਵਸਥਾ ਲਈ ਇਹ ਹੋਰ ਵੱਡਾ ਝਟਕਾ ਹੋਵੇਗਾ। ਵਾਰਤਾ ਦੀ ਨਾਕਾਮੀ ਈਰਾਨ ਦੇ ਰਾਜਨੀਤਕ ਅਤੇ ਰਣਨੀਤਕ ਭਵਿੱਖ ਨੂੰ ਵੀ ਨਵਾਂ ਆਕਾਰ ਦੇ ਸਕਦੀ ਹੈ। ਪਾਬੰਦੀਆਂ ਤੋਂ ਰਾਹਤ ਨਾ ਮਿਲਣਾ ਈਰਾਨ ਦੀਆਂ ਆਰਥਿਕ ਚੁਣੌਤੀਆਂ ਨੂੰ ਹੋਰ ਵਧਾਵੇਗਾ ਜਿਸ ਨਾਲ ਘਰੇਲੂ ਸਥਿਰਤਾ ਬਣਾਈ ਰੱਖਣ ਦੀਆਂ ਮੌਜੂਦਾ ਸ਼ਾਸਨ ਦੀਆਂ ਸਮਰੱਥਾਵਾਂ ’ਤੇ ਭਾਰੀ ਦਬਾਅ ਪਵੇਗਾ।
ਇਹ ਕੂਟਨੀਤਕ ਅਸਫਲਤਾ ਈਰਾਨ ਵਿਚ ਕੱਟੜਪੰਥੀ ਤਾਕਤਾਂ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ ਜੋ ਇਹ ਦਲੀਲ ਦੁਹਰਾਉਣਗੇ ਕਿ ਪੱਛਮ ਨਾਲ ਜੁੜਨ ’ਤੇ ਕੋਈ ਹਕੀਕੀ ਲਾਭ ਸੰਭਵ ਨਹੀਂ ਹੈ। ਇਹ ਸਥਿਤੀ ਈਰਾਨ ਵਿਚ ਟਕਰਾਅ ਵਧਾਉਣ ਦਾ ਕੰਮ ਕਰੇਗੀ, ਜਿਸ ਵਿਚ ਉਸ ਦੀਆਂ ਪਰਮਾਣੂ ਕਾਬਲੀਅਤਾਂ ਨੂੰ ਲੈ ਕੇ ਯਤਨ ਵਧਣਗੇ ਅਤੇ ਕੌਮਾਂਤਰੀ ਨਿਗਰਾਨੀ ਤੰਤਰ ਨਾਲ ਸਹਿਯੋਗ ਘਟੇਗਾ। ਖੇਤਰੀ ਪੱਧਰ ’ਤੇ ਵੀ ਇਸ ਦੇ ਡੂੰਘੇ ਸਵਾਰਥ ਹੋਣਗੇ। ਇਸ ਵਿਚ ਇਹ ਖ਼ਦਸ਼ਾ ਹੈ ਕਿ ਹਿਜ਼ਬੁੱਲਾ ਵਰਗੇ ਨਵੇਂ ਸਹਿਯੋਗੀ ਸੰਗਠਨ ਸੰਘਰਸ਼ ਵਿਚ ਉਤਰ ਕੇ ਅਸਥਿਰਤਾ ਅਤੇ ਬਦਅਮਨੀ ਦਾ ਭੂਗੋਲਿਕ ਦਾਇਰਾ ਵਧਾ ਸਕਦੇ ਹਨ। ਕੁੱਲ ਮਿਲਾ ਕੇ, ਇਸਲਾਮਾਬਾਦ ਵਾਰਤਾ ਦੀ ਨਾਕਾਮੀ ਉਹੀ ਪੁਰਾਣੀ ਰਵਾਇਤ ਨੂੰ ਹੀ ਦੁਹਰਾਉਂਦੀ ਹੈ ਕਿ ਜਿੱਥੇ ਕੂਟਨੀਤੀ ਟਕਰਾਅ ਨੂੰ ਵਧਾਉਣ ਵਾਲੇ ਪਹਿਲੂਆਂ ਨਾਲ ਤਾਲਮੇਲ ਨਹੀਂ ਬਿਠਾ ਪਾਉਂਦੀ।
-ਹਰਸ਼.ਵੀ. ਪੰਤ
-(ਲੇਖਕ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦਾ ਉਪ ਮੁਖੀ ਹੈ)।
-response@jagran.com