ਜੇ ਉਤਪਾਦਨ, ਤਕਨੀਕ, ਊਰਜਾ ਆਦਿ ’ਤੇ ਸਾਡੀ ਬਾਹਰਲੀ ਨਿਰਭਰਤਾ ਬਣੀ ਰਹੇਗੀ ਤਾਂ ਥੋੜ੍ਹੀ ਆਲਮੀ ਹਲਚਲ ਵੀ ਸਾਨੂੰ ਹਿਲਾ ਸਕਦੀ ਹੈ।

ਦੁਨੀਆ ਇਸ ਸਮੇਂ ਇਕ ਅਜੀਬੋ-ਗ਼ਰੀਬ ਦੌਰ ’ਚੋਂ ਗੁਜ਼ਰ ਰਹੀ ਹੈ। ਕਿਤੇ ਯੁੱਧ ਚੱਲ ਰਹੇ ਹਨ, ਕਿਤੇ ਯੁੱਧ ਦੀ ਤਿਆਰੀ ਹੋ ਰਹੀ ਹੈ ਅਤੇ ਕਿਤੇ ਬਿਨਾਂ ਜੰਗ ਦੇ ਵੀ ਸਭ ਕੁਝ ਪ੍ਰਭਾਵਿਤ ਹੋ ਰਿਹਾ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਜੇ ਬਾਜ਼ਾਰ ਖੁੱਲ੍ਹਾ ਰਹੇਗਾ ਤਾਂ ਅਰਥ-ਵਿਵਸਥਾ ਚੱਲਦੀ ਰਹੇਗੀ। ਹਾਲਾਂਕਿ ਹੁਣ ਇਹ ਭਰੋਸਾ ਕਮਜ਼ੋਰ ਹੋ ਰਿਹਾ ਹੈ, ਕਿਉਂਕਿ ਅੱਜ ਦਾ ਸੰਕਟ ਸਿਰਫ਼ ਵਪਾਰ ਦਾ ਨਹੀਂ ਹੈ ਸਗੋਂ ਸਪਲਾਈ, ਸੁਰੱਖਿਆ ਅਤੇ ਭਰੋਸੇ ਦਾ ਵੀ ਹੈ।
ਅਜਿਹੇ ਸਮੇਂ ਵਿਚ ਭਾਰਤ ਨੂੰ ਇਹ ਸਮਝਣਾ ਹੋਵੇਗਾ ਕਿ ਉਹ ਸਿਰਫ਼ ਇਕ ਵੱਡਾ ਬਾਜ਼ਾਰ ਬਣ ਕੇ ਅੱਗੇ ਨਹੀਂ ਵਧ ਸਕਦਾ। ਉਦੋਂ ਤਾਂ ਹੋਰ ਵੀ ਨਹੀਂ ਜਦੋਂ ਬਾਜ਼ਾਰ ਇਕ ਤਾਕਤ ਦੇ ਕਬਜ਼ੇ ਵਿਚ ਰਹੇ। ਇਸ ਨਾਲ ਅਰਥ-ਵਿਵਸਥਾ ਕਦੇ ਵੀ ਡਗਮਗਾ ਸਕਦੀ ਹੈ। ਭਾਰਤ ਸਿਰਫ਼ ਇਕ ਵੱਡਾ ਉਪਭੋਗਤਾ ਦੇਸ਼ ਬਣਦਾ ਜਾ ਰਿਹਾ ਹੈ। ਸਾਡੇ ਕੋਲ ਨੌਜਵਾਨ ਆਬਾਦੀ ਹੈ, ਤੇਜ਼ੀ ਨਾਲ ਵਧਦਾ ਡਿਜੀਟਲ ਅਰਥਚਾਰਾ ਹੈ ਅਤੇ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਲਈ ਇਕ ਵੱਡਾ ਬਾਜ਼ਾਰ ਹੈ, ਪਰ ਕੀ ਸਿਰਫ਼ ਉਪਭੋਗਤਾ ਬਣ ਕੇ ਕੋਈ ਦੇਸ਼ ਮਜ਼ਬੂਤ ਬਣ ਸਕਦਾ ਹੈ?
ਜੇਕਰ ਉਤਪਾਦਨ, ਤਕਨਾਲੋਜੀ, ਊਰਜਾ ਅਤੇ ਹੋਰ ਜ਼ਰੂਰੀ ਸਰੋਤਾਂ ਦੇ ਮਾਮਲੇ ਵਿਚ ਸਾਡੀ ਬਾਹਰਲੀ ਨਿਰਭਰਤਾ ਬਣੀ ਰਹੇਗੀ ਤਾਂ ਥੋੜ੍ਹੀ ਜਿਹੀ ਆਲਮੀ ਹਲਚਲ ਵੀ ਸਾਨੂੰ ਹਿਲਾ ਸਕਦੀ ਹੈ ਅਤੇ ਇਸ ਦੀ ਮਿਸਾਲ ਅੱਜ ਸਾਡੇ ਸਾਹਮਣੇ ਹੈ। ਜੰਗਾਂ ਦਾ ਸਭ ਤੋਂ ਪਹਿਲਾਂ ਅਸਰ ਊਰਜਾ ’ਤੇ ਪੈਂਦਾ ਹੈ। ਤੇਲ ਅਤੇ ਗੈਸ ਦੀ ਕੀਮਤਾਂ ਵਧਦੀਆਂ ਹਨ। ਸਪਲਾਈ ਵਿਚ ਰੁਕਾਵਟ ਆਉਂਦੀ ਹੈ। ਇਸ ਦਾ ਪ੍ਰਭਾਵ ਆਮ ਆਦਮੀ ਦੀ ਜੇਬ ’ਤੇ ਪੈਂਦਾ ਹੈ ਪਰ ਸੰਕਟ ਇੱਥੇ ਹੀ ਖ਼ਤਮ ਨਹੀਂ ਹੁੰਦਾ।
ਇਕ ਹੋਰ ਵੱਡਾ ਖ਼ਤਰਾ ਡਿਜੀਟਲ ਢਾਂਚੇ ਦਾ ਹੈ। ਅੱਜ ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਇੰਟਰਨੈੱਟ, ਡਾਟਾ ਅਤੇ ਕਲਾਊਡ ’ਤੇ ਟਿਕਿਆ ਹੋਇਆ ਹੈ। ਬੈਂਕਿੰਗ ਤੋਂ ਲੈ ਕੇ ਸਰਕਾਰੀ ਸੇਵਾਵਾਂ, ਪੜ੍ਹਾਈ ਤੋਂ ਲੈ ਕੇ ਵਪਾਰ, ਸਭ ਕੁਝ ਡਿਜੀਟਲ ਹੋ ਚੁੱਕਾ ਹੈ। ਅਜਿਹੇ ਵਿਚ ਜੇਕਰ ਯੁੱਧ ਕਾਰਨ ਡਾਟਾ ਸੈਂਟਰ ਪ੍ਰਭਾਵਿਤ ਹੁੰਦੇ ਹਨ, ਇੰਟਰਨੈੱਟ ਦੇ ਰਸਤਿਆਂ ’ਚ ਰੁਕਾਵਟਾਂ ਆਉਂਦੀਆਂ ਹਨ ਜਾਂ ਸਾਈਬਰ ਹਮਲੇ ਵਧਦੇ ਹਨ ਤਾਂ ਪੂਰੀ ਪ੍ਰਣਾਲੀ ਠੱਪ ਹੋ ਸਕਦੀ ਹੈ।
ਸਿਹਤ ਸੇਵਾਵਾਂ ਵੀ ਇਸ ਤੋਂ ਅਣਛੋਹੀਆਂ ਨਹੀਂ ਰਹਿ ਸਕਦੀਆਂ। ਅਸੀਂ ਅਕਸਰ ਸੋਚਦੇ ਹਾਂ ਕਿ ਹਸਪਤਾਲ ਸਿਰਫ਼ ਡਾਕਟਰਾਂ ਅਤੇ ਦਵਾਈਆਂ ਨਾਲ ਚੱਲਦੇ ਹਨ ਪਰ ਸੱਚ ਇਹ ਹੈ ਕਿ ਉਹ ਵਿਸ਼ਵ ਸਪਲਾਈ ਚੇਨ ’ਤੇ ਨਿਰਭਰ ਹੁੰਦੇ ਹਨ। ਉਦਾਹਰਨ ਵਜੋਂ ਐੱਮਆਰਆਈ ਮਸ਼ੀਨ ਵਿਚ ਵਰਤੀ ਜਾਣ ਵਾਲੀ ਹੀਲੀਅਮ ਗੈਸ ਇਕ ਅਜਿਹੀ ਵਿਸ਼ੇਸ਼ ਗੈਸ ਹੈ ਜੋ ਮਸ਼ੀਨ ਨੂੰ ਸਹੀ ਤਾਪਮਾਨ ’ਤੇ ਕੰਮ ਕਰਨ ਵਿਚ ਮਦਦ ਕਰਦੀ ਹੈ।
ਭਾਰਤ ਆਪਣੀ ਹੀਲੀਅਮ ਦੀ ਜ਼ਰੂਰਤ ਦਾ ਵੱਡਾ ਹਿੱਸਾ ਕਤਰ ਤੋਂ ਦਰਾਮਦ ਕਰਦਾ ਹੈ। ਇਹ ਦੇਸ਼ ਦੁਨੀਆ ਦੇ ਵੱਡੇ ਹੀਲੀਅਮ ਉਤਪਾਦਕਾਂ ਵਿੱਚੋਂ ਇਕ ਹੈ। ਜੇਕਰ ਯੁੱਧ ਕਾਰਨ ਉੱਥੋਂ ਦੀ ਸਪਲਾਈ ਰੁਕਦੀ ਹੈ ਤਾਂ ਇਸ ਦਾ ਅਸਰ ਸਿੱਧਾ ਸਾਡੇ ਹਸਪਤਾਲਾਂ ’ਤੇ ਪਵੇਗਾ। ਜਾਂਚ ਵਿਚ ਦੇਰੀ ਨਾਲ ਇਲਾਜ ਮਹਿੰਗਾ ਹੋ ਸਕਦਾ ਹੈ ਅਤੇ ਕਈ ਥਾਵਾਂ ’ਤੇ ਸੇਵਾਵਾਂ ਰੁਕ ਸਕਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਯੁੱਧ ਦਾ ਅਸਰ ਆਮ ਨਾਗਰਿਕਾਂ ਦੇ ਇਲਾਜ ’ਤੇ ਵੀ ਪੈਂਦਾ ਹੈ। ਇਹੀ ਉਹ ਸਥਿਤੀ ਹੈ ਜੋ ਸਾਨੂੰ ਇਹ ਸੋਚਣ ’ਤੇ ਮਜਬੂਰ ਕਰਦੀ ਹੈ ਕਿ ਵਿਕਾਸ ਦਾ ਮਤਲਬ ਸਿਰਫ਼ ਬਾਜ਼ਾਰ ਨਹੀਂ ਹੋ ਸਕਦਾ।
ਬਾਜ਼ਾਰ ਜ਼ਰੂਰੀ ਹੈ ਪਰ ਉਹ ਸਭ ਕੁਝ ਨਹੀਂ ਕਰ ਸਕਦਾ। ਬਾਜ਼ਾਰ ਉੱਥੇ ਜਾਂਦਾ ਹੈ, ਜਿੱਥੇ ਫ਼ਾਇਦਾ ਹੁੰਦਾ ਹੈ ਪਰ ਦੇਸ਼ ਨੂੰ ਉਨ੍ਹਾਂ ਥਾਵਾਂ ’ਤੇ ਵੀ ਕੰਮ ਕਰਨਾ ਪੈਂਦਾ ਹੈ ਜਿੱਥੇ ਫ਼ਾਇਦਾ ਤੁਰੰਤ ਨਹੀਂ ਦਿਖਾਈ ਦਿੰਦਾ ਪਰ ਉਨ੍ਹਾਂ ਖੇਤਰਾਂ ਦੀ ਮਹੱਤਤਾ ਘੱਟ ਨਹੀਂ ਹੁੰਦੀ। ਜਿਵੇਂ ਕਿ ਬੁਨਿਆਦੀ ਢਾਂਚਾ, ਸਿਹਤ, ਸਿੱਖਿਆ, ਊਰਜਾ ਅਤੇ ਰਿਸਰਚ। ਜੇਕਰ ਇਨ੍ਹਾਂ ਖੇਤਰਾਂ ਨੂੰ ਪੂਰੀ ਤਰ੍ਹਾਂ ਬਾਜ਼ਾਰ ਦੇ ਭਰੋਸੇ ਛੱਡ ਦਿੱਤਾ ਜਾਵੇ ਤਾਂ ਅਸਮਾਨਤਾ ਵਧੇਗੀ ਅਤੇ ਦੇਸ਼ ਕਮਜ਼ੋਰ ਹੋਵੇਗਾ। ਇਸੇ ਕਾਰਨ ਜਵਾਹਰਲਾਲ ਨਹਿਰੂ ਨੇ ਸਮਝਿਆ ਸੀ ਕਿ ਇਕ ਨਵੇਂ ਦੇਸ਼ ਨੂੰ ਆਪਣੇ-ਆਪ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਦੀ ਭੂਮਿਕਾ ਜ਼ਰੂਰੀ ਹੈ। ਉਨ੍ਹਾਂ ਨੇ ਉਦਯੋਗ, ਬਿਜਲੀ, ਵਿਗਿਆਨਕ ਸੰਸਥਾਵਾਂ ਅਤੇ ਜਨਤਕ ਖੇਤਰ ’ਤੇ ਜ਼ੋਰ ਦਿੱਤਾ ਤਾਂ ਜੋ ਦੇਸ਼ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਉਨ੍ਹਾਂ ਦਾ ਟੀਚਾ ਸਿਰਫ਼ ਆਰਥਿਕ ਵਿਕਾਸ ਨਹੀਂ, ਸਗੋਂ ਅਜਿਹੀ ਵਿਵਸਥਾ ਬਣਾਉਣਾ ਸੀ ਜੋ ਸੰਕਟ ਦੇ ਸਮੇਂ ਵੀ ਟਿਕ ਸਕੇ।
ਬਾਹਰਲੀ ਦੁਨੀਆ ਨਾਲ ਤਾਲਮੇਲ ਦੀ ਕੜੀ ਮੰਨੀ ਜਾਣ ਵਾਲੀ ਵਿਦੇਸ਼ ਨੀਤੀ ਵਿਚ ਵੀ ਅੱਜ ਅਸੰਤੁਲਨ ਦਿਖਾਈ ਦਿੰਦਾ ਹੈ। ਇਕ ਪਾਸੇ ਅਸੀਂ ਸੁਤੰਤਰ ਨਿਰਣਿਆਂ ਦੀ ਗੱਲ ਕਰਦੇ ਹਾਂ ਪਰ ਕਈ ਵਾਰ ਵਿਵਹਾਰ ਵਿਚ ਝੁਕਾਅ ਜ਼ਿਆਦਾ ਸਪਸ਼ਟ ਦਿਖਾਈ ਦਿੰਦਾ ਹੈ। ਪੱਛਮੀ ਦੇਸ਼ਾਂ ਨਾਲ ਵਧਦੀ ਨਜ਼ਦੀਕੀ ਜ਼ਰੂਰੀ ਹੋ ਸਕਦੀ ਹੈ ਪਰ ਜੇਕਰ ਸੰਤੁਲਨ ਵਿਗੜਦਾ ਹੈ ਤਾਂ ਸਾਡੇ ਪਰੰਪਰਾਗਤ ਸਬੰਧ ਕਮਜ਼ੋਰ ਹੋ ਸਕਦੇ ਹਨ।
ਵਿਦੇਸ਼ ਨੀਤੀ ਦੀ ਤਾਕਤ ਇਸੇ ਵਿਚ ਹੁੰਦੀ ਹੈ ਕਿ ਉਹ ਸਾਰੀਆਂ ਧਿਰਾਂ ਨਾਲ ਸਬੰਧ ਬਣਾਈ ਰੱਖੇ। ਅਸੰਤੁਲਨ ਇਹ ਵੀ ਹੈ ਕਿ ਵਿਦੇਸ਼ ਨੀਤੀ ਅਤੇ ਆਰਥਿਕ ਨੀਤੀ ਵਿਚਕਾਰ ਹਮੇਸ਼ਾ ਸਪਸ਼ਟ ਤਾਲਮੇਲ ਨਹੀਂ ਦਿਖਾਈ ਦਿੰਦਾ। ਅਸੀਂ ਵਿਸ਼ਵ ਪੱਧਰੀ ਮੰਚਾਂ ’ਤੇ ਸੁਤੰਤਰ ਰੁਖ਼ ਦੀ ਗੱਲ ਕਰਦੇ ਹਾਂ ਪਰ ਵਪਾਰ ਅਤੇ ਤਕਨੀਕ ਦੇ ਮਾਮਲਿਆਂ ਵਿਚ ਕੁਝ ਖ਼ਾਸ ਦੇਸ਼ਾਂ ’ਤੇ ਨਿਰਭਰਤਾ ਵਧਦੀ ਜਾ ਰਹੀ ਹੈ। ਇਹ ਸਥਿਤੀ ਭਵਿੱਖ ਵਿਚ ਜੋਖ਼ਮ ਪੈਦਾ ਕਰ ਸਕਦੀ ਹੈ, ਖ਼ਾਸ ਕਰਕੇ ਉਦੋਂ ਜਦੋਂ ਦੁਨੀਆ ਪਹਿਲਾਂ ਹੀ ਬੇਯਕੀਨੀ ਨਾਲ ਭਰੀ ਹੋਵੇ। ਇਕ ਮਜ਼ਬੂਤ ਵਿਦੇਸ਼ ਨੀਤੀ ਉਹੀ ਹੁੰਦੀ ਹੈ ਜੋ ਹਰ ਸਥਿਤੀ ਵਿਚ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰੇ ਅਤੇ ਕਿਸੇ ਇਕ ਦਿਸ਼ਾ ’ਤੇ ਹੱਦੋਂ ਵੱਧ ਨਿਰਭਰਤਾ ਤੋਂ ਬਚੇ। ਅੱਜ ਦੁਨੀਆ ਕਈ ਖੇਮਿਆਂ ਵਿਚ ਵੰਡੀ ਹੋਈ ਹੈ।
ਵੱਡੇ ਦੇਸ਼ ਆਪਣੇ ਹਿਸਾਬ ਨਾਲ ਫ਼ੈਸਲੇ ਲੈ ਰਹੇ ਹਨ। ਅਜਿਹੇ ਵਿਚ ਭਾਰਤ ਨੂੰ ਸਾਵਧਾਨੀ ਨਾਲ ਚੱਲਣਾ ਹੋਵੇਗਾ। ਅਸੀਂ ਸਭਨਾਂ ਨਾਲ ਸਬੰਧ ਰੱਖਣੇ ਹਨ ਪਰ ਕਿਸੇ ਇਕ ’ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੋਣਾ। ਇਹ ਸੰਤੁਲਨ ਸਾਡੀ ਤਾਕਤ ਹੋ ਸਕਦੀ ਹੈ। ਅੱਜ ਸਵੈ-ਨਿਰਭਰਤਾ ਦਾ ਮਤਲਬ ਸਿਰਫ਼ ਕਾਰਖਾਨੇ ਲਗਾਉਣਾ ਨਹੀਂ ਹੈ। ਇਸ ਦਾ ਅਰਥ ਹੈ ਕਿ ਅਸੀਂ ਜ਼ਰੂਰੀ ਚੀਜ਼ਾਂ ਲਈ ਪੂਰੀ ਤਰ੍ਹਾਂ ਵਿਦੇਸ਼ ’ਤੇ ਨਿਰਭਰ ਨਾ ਰਹੀਏ। ਸਾਨੂੰ ਊਰਜਾ ਦੇ ਵੱਖ-ਵੱਖ ਸਰੋਤਾਂ ਦੀ ਲੋੜ ਹੈ, ਡਿਜੀਟਲ ਢਾਂਚਾ ਆਪਣੇ ਨਿਯੰਤਰਣ ਵਿਚ ਚਾਹੀਦਾ ਹੈ, ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਾਜ਼ੋ-ਸਾਮਾਨ ਦੇਸ਼ ਵਿਚ ਬਣਨੇ ਚਾਹੀਦੇ ਹਨ। ਸਾਨੂੰ ਤਕਨਾਲੋਜੀ ਵਿਚ ਵੀ ਸਮਰੱਥਾਵਾਂ ਵਧਾਉਣੀਆਂ ਹੋਣਗੀਆਂ। ਇਹ ਸਭ ਬਾਜ਼ਾਰ ਆਪਣੇ-ਆਪ ਨਹੀਂ ਕਰੇਗਾ। ਇਸ ਲਈ ਨੀਤੀ, ਨਿਵੇਸ਼ ਅਤੇ ਯੋਜਨਾ ਦੀ ਜ਼ਰੂਰਤ ਹੁੰਦੀ ਹੈ। ਇਸ ਰਾਹ ਵਿਚ ਇਕ ਚੁਣੌਤੀ ਇਹ ਵੀ ਹੈ ਕਿ ਵਿਕਾਸ ਦੀ ਚਾਹਤ ਵਿਚ ਆਪਣੀ ਸੁਰੱਖਿਆ ਅਤੇ ਸੁਤੰਤਰਤਾ ਨੂੰ ਕਮਜ਼ੋਰ ਨਾ ਹੋਣ ਦੇਈਏ। ਜੇਕਰ ਅਸੀਂ ਸਿਰਫ਼ ਬਾਜ਼ਾਰ ’ਤੇ ਭਰੋਸਾ ਕਰਾਂਗੇ ਤਾਂ ਸ਼ਾਇਦ ਕੁਝ ਸਮੇਂ ਲਈ ਤੇਜ਼ੀ ਦਿਖਾਈ ਦੇਵੇਗੀ ਪਰ ਲੰਬੇ ਸਮੇਂ ਵਿਚ ਜੋਖ਼ਮ ਵਧ ਜਾਵੇਗਾ।
ਹੁਣ ਵਿਕਾਸ ਦਾ ਮਤਲਬ ਸਿਰਫ਼ ਜ਼ਿਆਦਾ ਖ਼ਰੀਦਣਾ ਅਤੇ ਵੇਚਣਾ ਨਹੀਂ ਹੈ। ਇਸ ਦਾ ਮਤਲਬ ਹੈ ਆਪਣੇ ਦੇਸ਼ ਨੂੰ ਹਰ ਤਰ੍ਹਾਂ ਦੇ ਸੰਕਟ ਲਈ ਤਿਆਰ ਕਰਨਾ। ਊਰਜਾ ਹੋਵੇ, ਡਾਟਾ ਜਾਂ ਸਿਹਤ ਸੇਵਾਵਾਂ ਹੋਣ, ਹਰ ਖੇਤਰ ਵਿਚ ਸਾਨੂੰ ਮਜ਼ਬੂਤ ਬਣਨਾ ਪਵੇਗਾ। ਭਾਰਤ ਲਈ ਸਹੀ ਰਸਤਾ ਉਹੀ ਹੈ ਜਿਸ ਵਿਚ ਬਾਜ਼ਾਰ ਦੀ ਤਾਕਤ ਵੀ ਹੋਵੇ ਅਤੇ ਰਾਜ ਦੀ ਸਮਝ ਵੀ। ਜਿੱਥੇ ਨਿੱਜੀ ਖੇਤਰ ਅੱਗੇ ਵਧੇ ਪਰ ਰਾਸ਼ਟਰ ਦੇ ਹਿੱਤ ਵੀ ਪਿੱਛੇ ਨਾ ਛੁੱਟਣ। ਦੁਨੀਆ ਨਾਲ ਵੀ ਜੁੜੇ ਰਹੀਏ ਪਰ ਸਵੈ-ਨਿਰਭਰਤਾ ਵੀ ਬਣੀ ਰਹੇ। ਜੇਕਰ ਅਸੀਂ ਇਹ ਸੰਤੁਲਨ ਬਣਾ ਸਕੇ ਤਾਂ ਭਾਰਤ ਸਿਰਫ਼ ਇਕ ਵੱਡਾ ਬਾਜ਼ਾਰ ਨਹੀਂ ਰਹੇਗਾ, ਸਗੋਂ ਇਕ ਮਜ਼ਬੂਤ ਤੇ ਸਵੈ-ਭਰੋਸੇ ਨਾਲ ਭਰਪੂਰ ਰਾਸ਼ਟਰ ਬਣ ਕੇ ਵੀ ਉੱਭਰੇਗਾ।
-ਰਾਜੀਵ ਸ਼ੁਕਲਾ
-(ਲੇਖਕ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹੈ)।
-response@jagran.com