ਪਿੱਛੇ ਜਿਹੇ ਗਾਜ਼ੀਆਬਾਦ ਤੇ ਭੋਪਾਲ ਤੋਂ ਤਿੰਨ ਲੜਕੀਆਂ ਸਮੇਤ ਚਾਰ ਨਾਬਾਲਗਾਂ ਵੱਲੋਂ ਖ਼ੁਦਕੁਸ਼ੀ ਦੀਆਂ ਦੋ ਮੰਦਭਾਗੀਆਂ ਖ਼ਬਰਾਂ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖ਼ਰ ਅਸੀਂ ਮੋਬਾਈਲ ਫੋਨ ਅਤੇ ਵੱਖ-ਵੱਖ ਐਪਸ ਦੇ ਗ਼ੁਲਾਮ ਕਿਉਂ ਹੋ ਗਏ ਹਾਂ! ਦੋਵਾਂ ਘਟਨਾਵਾਂ ਲਈ ਦੋ ਮੋਬਾਈਲ ਗੇਮਾਂ ਜ਼ਿੰਮੇਵਾਰ ਦੱਸੀਆਂ ਗਈਆਂ ਹਨ।

ਪਿੱਛੇ ਜਿਹੇ ਗਾਜ਼ੀਆਬਾਦ ਤੇ ਭੋਪਾਲ ਤੋਂ ਤਿੰਨ ਲੜਕੀਆਂ ਸਮੇਤ ਚਾਰ ਨਾਬਾਲਗਾਂ ਵੱਲੋਂ ਖ਼ੁਦਕੁਸ਼ੀ ਦੀਆਂ ਦੋ ਮੰਦਭਾਗੀਆਂ ਖ਼ਬਰਾਂ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖ਼ਰ ਅਸੀਂ ਮੋਬਾਈਲ ਫੋਨ ਅਤੇ ਵੱਖ-ਵੱਖ ਐਪਸ ਦੇ ਗ਼ੁਲਾਮ ਕਿਉਂ ਹੋ ਗਏ ਹਾਂ! ਦੋਵਾਂ ਘਟਨਾਵਾਂ ਲਈ ਦੋ ਮੋਬਾਈਲ ਗੇਮਾਂ ਜ਼ਿੰਮੇਵਾਰ ਦੱਸੀਆਂ ਗਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੋਕੀ ਜ਼ਿੰਦਗੀ ਵਿਚ ਮੋਬਾਈਲ ਫੋਨ ਅਹਿਮ ਭੂਮਿਕਾ ਨਿਭਾ ਰਿਹਾ ਹੈ। ਰੋਜ਼ਮੱਰਾ ਦੀਆਂ ਕਈ ਲੋੜਾਂ ਤੇ ਮੁਸ਼ਕਲਾਂ ਦਾ ਹੱਲ ਮੋਬਾਈਲ ਰਾਹੀਂ ਮਿਲ ਰਿਹਾ ਹੈ ਪਰ ਕੀ ਅਸੀਂ ਸਹੀ ਮਾਅਨਿਆਂ ਵਿਚ ਇਸ ਦਾ ਸਦਉਪਯੋਗ ਕਰ ਰਹੇ ਹਾਂ? ਉਪਰੋਕਤ ਦਰਦਨਾਕ ਘਟਨਾਵਾਂ ਦੇ ਵਾਪਰਨ ਮਗਰੋਂ ਮੈਨੂੰ ਇਹ ਮਹਿਸੂਸ ਹੋਇਆ ਹੈ ਕਿ ਅਸੀਂ ਮੋਬਾਈਲ ਦੀ ਸੁਚੱਜੀ ਵਰਤੋਂ ਦੀ ਥਾਂ ਕੁਵਰਤੋਂ ਵਧੇਰੇ ਕੀਤੀ ਹੈ, ਖ਼ਾਸ ਕਰਕੇ ਨੌਜਵਾਨ ਤੇ ਨਾਬਾਲਗ ਮੋਬਾਈਲ ’ਤੇ ਹੱਦੋਂ ਵੱਧ ਸਮਾਂ ਲਗਾ ਕੇ ਸੋਸ਼ਲ ਮੀਡੀਆ, ਵੱਖ-ਵੱਖ ਐਪਸ, ਗੇਮਾਂ ਆਦਿ ਦੇ ਵੱਧ ‘ਸ਼ਿਕਾਰ’ ਹੋ ਰਹੇ ਹਨ। ਜਿਨ੍ਹਾਂ ਨੇ ਮੋਬਾਈਲ ਤੋਂ ਲਾਭ ਪ੍ਰਾਪਤ ਕਰਨਾ ਹੈ, ਉਹ ਘੱਟ ਸਮੇਂ ਵਿਚ ਵੱਧ ਤੋਂ ਵੱਧ ਗਿਆਨ ਹਾਸਲ ਕਰ ਕੇ ਵੱਡੇ-ਵੱਡੇ ਇਮਤਿਹਾਨਾਂ ਨੂੰ ਪਾਸ ਕਰ ਜਾਂਦੇ ਹਨ। ਜ਼ਿੰਦਗੀ ਵਿਚ ਖ਼ਾਸ ਮੁਕਾਮ ਹਾਸਲ ਕਰਨ ਦੇ ਚਾਹਵਾਨ ਮੋਬਾਈਲ ਦੇ ਲਾਭਾਂ ਨੂੰ ਚੁਣਦੇ ਹਨ। ਮੋਬਾਈਲ ਦੀ ਵੱਧ ਵਰਤੋਂ ਨਾ ਕੇਵਲ ਸਿਹਤ ਨਾਲ ਸਬੰਧਤ ਬਲਕਿ ਹੋਰ ਕਈ ਸਮਾਜੀ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ। ਸਾਡੇ ਸਮਾਜ ਲਈ ਇਹ ਤ੍ਰਾਸਦੀ ਹੈ ਕਿ ਪਿਆਰ ਤਾਂ ਪਹਿਲਾਂ ਹੀ ਬਹੁਤ ਘਟ ਚੁੱਕਿਆ ਹੈ ਪਰ ਮੋਬਾਈਲ ਨੇ ਪਿਆਰ ਅਤੇ ਸਤਿਕਾਰ ਦੀ ਭਾਵਨਾ ਹੋਰ ਘਟਾਉਣ ਵਿਚ ਆਪਣਾ ਯੋਗਦਾਨ ਪਾਇਆ ਹੈ। ਪਰਿਵਾਰ ਦੇ ਇਕੱਠੇ ਬੈਠ ਕੇ ਗੱਲਬਾਤ ਕਰਨ ਦੀ ਗੱਲ ਤਾਂ ਅਤੀਤ ਦਾ ਹਿੱਸਾ ਬਣ ਗਈ ਹੈ ਪਰ ਅਸੀਂ ਮਿਲਣ ਆਏ ਰਿਸ਼ਤੇਦਾਰ ਜਾਂ ਦੋਸਤ ਨਾਲ ਪਿਆਰ ਨਾਲ ਗੱਲਬਾਤ ਕਰਨ ਦੀ ਥਾਂ ਅਕਸਰ ਮੋਬਾਈਲ ਨਾਲ ਚਿੰਬੜੇ ਰਹਿੰਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਤਾਂਘ ਨਾਲ ਮਿਲਣ ਆਏ ਰਿਸ਼ਤੇਦਾਰ ਜਾਂ ਦੋਸਤ ਦਾ ਨਿਰਾਦਰ ਕਰਦੇ ਹਾਂ। ਇਕ ਅੰਕੜੇ ਅਨੁਸਾਰ 2024 ਤੱਕ ਵਿਸ਼ਵ ਭਰ ਵਿਚ 6.8 ਬਿਲੀਅਨ ਤੋਂ ਵੱਧ ਲੋਕ ਸਮਾਰਟਫੋਨਾਂ ਦੀ ਵਰਤੋਂ ਕਰ ਰਹੇ ਸਨ ਜਿਨ੍ਹਾਂ ਵਿੱਚੋਂ 6.3 ਫ਼ੀਸਦ ਇਨ੍ਹਾਂ ਦੇ ਆਦੀ ਹੋ ਚੁੱਕੇ ਸਨ। ਤੀਹ ਸਾਲ ਤੋਂ ਘੱਟ ਉਮਰ ਦੇ ਨੌਜਵਾਨ ਵੱਧ ਆਦੀ ਸਨ, 16 ਫ਼ੀਸਦ ਨਾਬਾਲਗ ਮੋਬਾਈਲ ਫੋਨ ਦੇ ਆਦੀ ਹੋ ਚੁੱਕੇ ਸਨ। ਅੱਜ ਦੀ ਤਰੀਕ ’ਚ ਇਸ ਵਿਚ ਹੋਰ ਕਾਫ਼ੀ ਵਾਧਾ ਹੋ ਚੁੱਕਾ ਹੈ। ਇਹ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ 2004 ਤੋਂ ਬਾਅਦ ਗੂਗਲ ’ਤੇ ‘ਸੈੱਲਫੋਨ ਐਡਿਕਸ਼ਨ’ ਬਾਰੇ ਸਰਚ ਕਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ ਅਤੇ ਮੋਬਾਈਲ ਨਾਲ ਚਿਪਕੇ ਰਹਿਣ ਦੀ ਆਦਤ ਛੁਡਵਾਉਣ ਲਈ ਫੋਨ ਐਡਿਕਸ਼ਨ ਕਾਊਂਸਲਿੰਗ ਸੈਂਟਰ ਖੁੱਲ੍ਹ ਰਹੇ ਹਨ। ਮੈਡੀਕਲ ਪ੍ਰੋਫੈਸ਼ਨਲਜ਼ ਤੇ ਹੋਰ ਖੋਜ-ਕਰਤਾਵਾਂ ਨੇ ਕਈ ਅਧਿਐਨਾਂ ਰਾਹੀਂ ਇਹ ਕਿਹਾ ਹੈ ਕਿ ਮੋਬਾਈਲ ਫੋਨ ਦੀ ਵੱਧ ਵਰਤੋਂ ਕਾਰਨ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ ਜਿਨ੍ਹਾਂ ਵਿਚ ਘੱਟ ਨੀਂਦ ਲੈਣ ਦੇ ਵਿਗਾੜ, ਬੇਚੈਨੀ, ਚਿੜਚਿੜਾਪਣ, ਅੱਖਾਂ, ਦਿਮਾਗ ’ਤੇ ਅਸਰ, ਤਣਾਅ ਅਤੇ ਸਭ ਤੋਂ ਖ਼ਤਰਨਾਕ ਮੋਬਾਈਲ ਗੇਮਾਂ ਦੇ ਪ੍ਰਭਾਵ ਹੇਠ ਖ਼ੁਦਕੁਸ਼ੀ ਕਰਨ ਲਈ ਤਿਆਰ ਹੋ ਜਾਣਾ। ਕਈ ਖੋਜ-ਕਰਤਾਵਾਂ ਦਾ ਵਿਸ਼ਵਾਸ ਹੈ ਕਿ ਨੌਜਵਾਨਾਂ ਤੇ ਨਾਬਾਲਗਾਂ ਵਿਚ ਵਧ ਰਹੀਆਂ ਖ਼ੁਦਕੁਸ਼ੀਆਂ ਦਾ ਵੱਡਾ ਕਾਰਨ ਲਗਾਤਾਰ ਘੰਟਿਆਂਬੱਧੀ ਮੋਬਾਈਲ ਫੋਨ ’ਤੇ ਲੱਗੇ ਰਹਿਣਾ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਅਨੁਸਾਰ 2010 ਤੋਂ 2015 ਦਰਮਿਆਨ ਖ਼ੁਦਕੁਸ਼ੀਆਂ ਕਰਨ ਦੀ ਦਰ 65 ਫ਼ੀਸਦ ਤੱਕ ਵਧੀ ਤੇ ਲੜਕੀਆਂ ਵਿਚ ਡਿਪ੍ਰੈਸ਼ਨ ਦਾ ਵਾਧਾ 58 ਪ੍ਰਤੀਸ਼ਤ ਤੱਕ ਹੋਇਆ। ਅਮਰੀਕਨ ਹਾਰਟ ਐਸੋਸੀਏਸ਼ਨ ਦੀ ਸਟੱਡੀ ਵਿਚ ਪਾਇਆ ਗਿਆ ਹੈ ਕਿ ਮੋਬਾਈਲ ਦੀ ਵੱਧ ਵਰਤੋਂ ਕਰਨ ਨਾਲ ਦਿਲ ਦੇ ਨਾਲ-ਨਾਲ ਮੈਟਾਬੌਲਿਕ ਹੈਲਥ ’ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਕਈ ਅਧਿਐਨਾਂ ਵਿਚ ਕਿਹਾ ਗਿਆ ਹੈ ਕਿ ਨਾਬਾਲਗ ਲੜਕੀਆਂ ਅਤੇ ਉਨ੍ਹਾਂ ਨੌਜਵਾਨਾਂ ਵਿਚ ਸਵੈਮਾਣ ਦੀ ਕਮੀ ਆਈ ਹੈ ਜੋ ਇੰਸਟਾਗ੍ਰਾਮ ਜਾਂ ਹੋਰ ਐਪਸ ’ਤੇ ਲਗਾਤਾਰ ਰਹਿੰਦੇ ਹਨ। ਮੋਬਾਈਲ ਫੋਨ ਦੀ ਲਤ ਕਿਉਂ ਨਾ ਲੱਗੇ, ਛੋਟੇ ਬੱਚੇ ਨੂੰ ਰੋਣ ਤੋਂ ਚੁੱਪ ਕਰਾਉਣ ਲਈ ਅਸੀਂ ਝੱਟ ਮੋਬਾਈਲ ਉਸ ਅੱਗੇ ਰੱਖ ਦਿੰਦੇ ਹਾਂ ਤੇ ਫਿਰ ਵੱਡਾ ਹੋ ਕੇ ਜਦੋਂ ਉਹ ਮੋਬਾਈਲ ਫੋਨ ਨਹੀਂ ਛੱਡਦਾ ਤਾਂ ਕਲਪਦੇ ਹਾਂ। ਨਾਬਾਲਗ ਲੜਕੇ ਤੇ ਲੜਕੀਆਂ ਨੂੰ ਲਗਾਤਾਰ ਮੋਬਾਈਲ ਚਲਾਉਣ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਮੌਜੂਦਾ ਦੌਰ ਵਿਚ ਬੇਸ਼ੱਕ ਮੋਬਾਈਲ ਵੀ ਪੜ੍ਹਾਈ ਦਾ ਹਿੱਸਾ ਬਣ ਗਿਆ ਹੈ ਪਰ ਮਾਪਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਘਰ ਵਿਚ ਮੋਬਾਈਲ ’ਤੇ ਕੰਮ ਕਰਦੇ ਬੱਚਿਆਂ ’ਤੇ ਥੋੜ੍ਹੀ ਨਿਗਰਾਨੀ ਰੱਖਣ ਕਿ ਵਾਕਈ ਉਹ ਮੋਬਾਈਲ ’ਤੇ ਆਪਣੀ ਪੜ੍ਹਾਈ ਨਾਲ ਸਬੰਧਤ ਹੀ ਕੁਝ ਕਰ ਰਹੇ ਹਨ। ਆਪਣੇ ਬੱਚਿਆਂ ਦੇ ਵਿਵਹਾਰ ਨੂੰ ਵੀ ਬੜੀ ਬਰੀਕੀ ਨਾਲ ਵਾਚਣ। ਨਾਬਾਲਗ ਬੱਚਿਆਂ ਨੂੰ ਸਮਝਾ ਕੇ ਫੋਨ ਵੇਖਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਜਾ ਸਕਦਾ ਹੈ। ਮੋਬਾਈਲ ਫੋਨ ਦੀ ‘ਲਤ’ ਬਹੁਤ ਖ਼ਤਰਨਾਕ ਮੋੜ ਲੈ ਰਹੀ ਹੈ। ਸਮਝਦਾਰੀ ਨਾਲ ਵਿਚਰਨ ਦੀ ਜ਼ਰੂਰਤ ਹੈ। ਬੱਚਿਆਂ ਦਾ ਨਿਸ਼ਾਨਾ ਆਪਣਾ ਬਿਹਤਰ ਭਵਿੱਖ ਬਣਾਉਣਾ ਹੋਣਾ ਚਾਹੀਦਾ ਹੈ ਨਾ ਕਿ ਮੋਬਾਈਲ ’ਤੇ ਸਮਾਂ ਖ਼ਰਾਬ ਕਰਨਾ। ਸਮਾਂ ਅਨਮੋਲ ਹੁੰਦਾ ਹੈ ਤੇ ਜਿਸ ਨੇ ਇਸ ਦੀ ਮਹੱਤਤਾ ਪਛਾਣੀ ਹੈ, ਉਹ ਕਦੇ ਵੀ ਇਸ ਨੂੰ ਵਿਅਰਥ ਨਹੀਂ ਗੁਆਉਂਦਾ।
-ਪਰਮਜੀਤ ਸਿੰਘ ਪਰਵਾਨਾ।
-ਮੋਬਾਈਲ : 98722-09399