ਸਮਾਂ ਬੇਸ਼ੱਕ ਬਦਲ ਰਿਹਾ ਹੈ ਪਰ ਸਮਾਜ ਦੇ ਕੁਝ ਵਰਗਾਂ ’ਚ ਕੁਰੀਤੀਆਂ ਹਾਲੇ ਵੀ ਲੋਕਾਂ ਦੇ ਪੈਰ ਪਿੱਛੇ ਖਿੱਚਦੀਆਂ ਨਜ਼ਰ ਆਉਂਦੀਆਂ ਹਨ। ਕੁਝ ਦਹਾਕਿਆਂ ਤੋਂ ਆਨਰ ਕਿਲਿੰਗ ਦੇ ਮਾਮਲਿਆਂ ਨੇ ਕਈ ਪਰਿਵਾਰਾਂ ਨੂੰ ਉਜਾੜਿਆ ਹੈ ਅਤੇ ‘ਅਣਖ’ ਖ਼ਾਤਰ ਕਈ ਲੋਕ ਜੇਲ੍ਹਾਂ ਦੀ ਸਲਾਖ਼ਾਂ ਪਿੱਛੇ ਪਹੁੰਚ ਗਏ। ਇਸ ਨਾਲ ਜੁੜੇ ਮਾਮਲਿਆਂ ’ਚ ਅਦਾਲਤਾਂ ਵੀ ਦੋਸ਼ੀਆਂ ’ਤੇ ਸਖ਼ਤੀ ਕਰਦੀਆਂ ਹਨ।

ਸਮਾਂ ਬੇਸ਼ੱਕ ਬਦਲ ਰਿਹਾ ਹੈ ਪਰ ਸਮਾਜ ਦੇ ਕੁਝ ਵਰਗਾਂ ’ਚ ਕੁਰੀਤੀਆਂ ਹਾਲੇ ਵੀ ਲੋਕਾਂ ਦੇ ਪੈਰ ਪਿੱਛੇ ਖਿੱਚਦੀਆਂ ਨਜ਼ਰ ਆਉਂਦੀਆਂ ਹਨ। ਕੁਝ ਦਹਾਕਿਆਂ ਤੋਂ ਆਨਰ ਕਿਲਿੰਗ ਦੇ ਮਾਮਲਿਆਂ ਨੇ ਕਈ ਪਰਿਵਾਰਾਂ ਨੂੰ ਉਜਾੜਿਆ ਹੈ ਅਤੇ ‘ਅਣਖ’ ਖ਼ਾਤਰ ਕਈ ਲੋਕ ਜੇਲ੍ਹਾਂ ਦੀ ਸਲਾਖ਼ਾਂ ਪਿੱਛੇ ਪਹੁੰਚ ਗਏ। ਇਸ ਨਾਲ ਜੁੜੇ ਮਾਮਲਿਆਂ ’ਚ ਅਦਾਲਤਾਂ ਵੀ ਦੋਸ਼ੀਆਂ ’ਤੇ ਸਖ਼ਤੀ ਕਰਦੀਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਜਿਹੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਹੈ ਕਿ ਆਨਰ ਕਿਲਿੰਗ ਦੇ ਦੋਸ਼ੀ ਨਾਲ ਕਿਸੇ ਵੀ ਰੂਪ ’ਚ ਢਿੱਲ ਨਹੀਂ ਵਰਤੀ ਜਾ ਸਕਦੀ। ਇਹ ਟਿੱਪਣੀ ਮੁਲਜ਼ਮ ਨੂੰ ਨਿਯਮਤ ਜ਼ਮਾਨਤ ਲਈ ਸੁਣਵਾਈ ਦੌਰਾਨ ਕੀਤੀ ਗਈ। ਅਦਾਲਤ ਨੇ ਸਪਸ਼ਟ ਕਿਹਾ ਹੈ ਕਿ ਅਜਿਹੇ ਅਪਰਾਧ ਨਿੱਜੀ ਝਗੜਿਆਂ ਦੀ ਸ਼੍ਰੇਣੀ ’ਚ ਨਹੀਂ ਗਿਣੇ ਜਾ ਸਕਦੇ। ਇਹ ਸਮਾਜਿਕ ਪ੍ਰਬੰਧ ਅਤੇ ਕਾਨੂੰਨ ’ਤੇ ਸਿੱਧਾ ਹਮਲਾ ਹਨ। ਜੇਕਰ ਇਨ੍ਹਾਂ ਮਾਮਲਿਆਂ ’ਚ ਅਦਾਲਤ ਸਖ਼ਤ ਰੁਖ਼ ਨਹੀਂ ਅਪਣਾਵੇਗੀ ਤਾਂ ਇਹ ਅਪਰਾਧ ਘਟ ਨਹੀਂ ਸਕਦੇ। ਹਾਈ ਕੋਰਟ ਨੇ ਹੇਠਲੀਆਂ ਅਦਾਲਤਾਂ ਨੂੰ ਆਨਰ ਕਿਲਿੰਗ ਦੇ ਮਾਮਲਿਆਂ ਨਾਲ ਸਖ਼ਤੀ ਨਾਲ ਨਿੱਬੜਨ ਦਾ ਹੁਕਮ ਵੀ ਦਿੱਤਾ ਹੈ। ਦਰਅਸਲ, ਸਾਲ 2021 ’ਚ ਅਬੋਹਰ ਇਲਾਕੇ ’ਚ ਕੋਰਟ ਮੈਰਿਜ ਕਰਨ ਵਾਲੇ ਜੋੜੇ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਮੁਲਜ਼ਮ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕੀਤਾ ਹੈ। ਅਣਖ ਖ਼ਾਤਰ ਕਤਲ ਰੂਪੀ ਬੁਰਾਈ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਲੜਕੀਆਂ ਦੇ ਪ੍ਰੇਮ ਵਿਆਹਾਂ ਤੋਂ ਨਾਰਾਜ਼ ਪਰਿਵਾਰਾਂ ਵੱਲੋਂ ਉਨ੍ਹਾਂ ਦੇ ਕਤਲ ਕਰਨ ਦੀਆਂ ਘਟਨਾਵਾਂ ਕਈ ਹੋਰ ਮੁਲਕਾਂ ’ਚ ਵੀ ਵਾਪਰ ਚੁੱਕੀਆਂ ਹਨ। ਇਨ੍ਹਾਂ ਮਾਮਲਿਆਂ ਦੇ ਅਸਲ ਕਾਰਨਾਂ ਨੂੰ ਸਮਝਣ ਲਈ ਕੰਮ ਕਰ ਰਹੀਆਂ ਕੁਝ ਐੱਨਜੀਓਜ਼ ਦੀਆਂ ਰਿਪੋਰਟਾਂ ਮੁਤਾਬਕ ਆਲਮੀ ਪੱਧਰ ’ਤੇ ਆਨਰ ਕਿਲਿੰਗ ਦੇ ਕੁਝ ਦਹਾਕਿਆਂ ਤੋਂ ਮਾਮਲੇ ਵਧੇ ਹਨ। ਹਰ ਸਾਲ 20 ਹਜ਼ਾਰ ਤੋਂ ਜ਼ਿਆਦਾ ਮਾਮਲੇ ਰਿਪੋਰਟ ਹੋ ਰਹੇ ਹਨ। ਇਸ ਦੇ ਜ਼ਿਆਦਾਤਰ ਮਾਮਲੇ ਦੱਖਣੀ ਏਸ਼ੀਆ, ਮੱਧ ਏਸ਼ੀਆ ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ’ਚ ਦੇਖਣ ਨੂੰ ਮਿਲ ਰਹੇ ਹਨ। ਭਾਰਤ ਸਣੇ ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਸਥਿਤੀ ਜ਼ਿਆਦਾ ਗੰਭੀਰ ਹੈ। ਗੁਆਂਢੀ ਮੁਲਕ ਪਾਕਿਸਤਾਨ ’ਚ ਸਾਲ 2024 ’ਚ ਆਨਰ ਕਿਲਿੰਗ ਦੇ 405 ਮਾਮਲੇ ਸਾਹਮਣੇ ਆਏ ਸਨ। ਹੈਰਾਨੀ ਵਾਲੀ ਗੱਲ ਹੈ ਕਿ ਖ਼ੁਦ ਨੂੰ ਆਰਥਿਕ ਪੱਖੋਂ ਮਜ਼ਬੂਤ ਅਤੇ ਸਮਾਜਿਕ ਤੌਰ ’ਤੇ ਵਿਕਸਤ ਦੱਸਣ ਵਾਲੇ ਪੱਛਮੀ ਦੇਸ਼ ਵੀ ਇਸ ਦੇ ਸੇਕ ਤੋਂ ਬਚ ਨਹੀਂ ਰਹੇ ਹਨ। ਉੱਥੇ ਵੀ ਹਰ ਸਾਲ 15 ਤੋਂ 20 ਮਾਮਲੇ ਸਾਹਮਣੇ ਆ ਰਹੇ ਹਨ। ਇਹ ਉਹ ਅੰਕੜੇ ਹਨ ਜੋ ਸਰਕਾਰੀ ਏਜੰਸੀਆਂ ਜਾਂ ਆਪਣੇ ਪੱਧਰ ’ਤੇ ਕੰਮ ਕਰਨ ਵਾਲੇ ਸਮਾਜ-ਸੇਵੀਆਂ ਨੇ ਇਕੱਠੇ ਕੀਤੇ ਹਨ। ਬਹੁਤੇ ਮਾਮਲੇ ਤਾਂ ਰਸੂਖ ਦੀ ਵਰਤੋਂ ਕਰਦਿਆਂ ਸਾਹਮਣੇ ਹੀ ਨਹੀਂ ਆਉਣ ਦਿੱਤੇ ਜਾਂਦੇ। ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰਵਾਉਣ ਲਈ ਲੜਕੀ ਵੱਲੋਂ ਚੁੱਕੇ ਗਏ ਕਦਮਾਂ ਨੂੰ ਹਾਲੇ ਵੀ ਸਮਾਜ ਦਾ ਇਕ ਵੱਡਾ ਹਿੱਸਾ ਨਾਪਸੰਦ ਕਰਦਾ ਹੈ। ਇਸ ਪਿੱਛੇ ਸਮਾਜਿਕ, ਆਰਥਿਕ ਤੇ ਧਾਰਮਿਕ ਦਬਾਅ ਨਾਲ ਜੁੜੇ ਕਈ ਕਾਰਨ ਕੰਮ ਕਰਦੇ ਹਨ ਪਰ ਸਿਰਫ਼ ‘ਅਣਖ’ ਖ਼ਾਤਰ ਆਪਣੇ ਹੀ ਧੀ-ਪੁੱਤ ਦਾ ਲਹੂ ਵਹਾ ਦੇਣਾ ਕਿੱਥੋਂ ਦਾ ਇਨਸਾਫ਼ ਹੈ। ਸੰਸਕਾਰਾਂ ਨਾਲ ਬੱਝੇ ਹੋਏ ਮਾਪੇ ਕਿਤੇ ਨਾ ਕਿਤੇ ਬੱਚਿਆਂ ਦਾ ਆਪਣੇ ਤਰੀਕੇ ਨਾਲ ਭਵਿੱਖ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਮਰਜ਼ੀ ਨਾਲ ਵਿਆਹ ਕਰਵਾਉਣ ਵਰਗੇ ਫ਼ੈਸਲੇ ਮਾਪਿਆਂ ਦੇ ਨੱਕ ਹੇਠਾਂ ਨਹੀਂ ਆਉਂਦੇ। ਹਾਲਾਂਕਿ ਮਾਪਿਆਂ ਤੇ ਬੱਚਿਆਂ ਨੂੰ ਬਹੁਤ ਠਰੰਮੇ ਨਾਲ ਸੋਚਣ ਦੀ ਲੋੜ ਹੈ। ਬੱਚਿਆਂ ਦੇ ਫ਼ੈਸਲਿਆਂ ਨੂੰ ਠੰਢੇ ਦਿਮਾਗ ਨਾਲ ਵਿਚਾਰਨਾ ਚਾਹੀਦਾ ਹੈ। ਬੱਚਿਆਂ ਦਾ ਵੀ ਫ਼ਰਜ਼ ਹੈ ਕਿ ਉਹ ਜ਼ਿੰਦਗੀ ਜਿਉਣ ਲਈ ਮਾਪਿਆਂ ਦੇ ਤਜਰਬਿਆਂ ਦਾ ਲਾਹਾ ਲੈਣ।