- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਸਰਖ ਤੱਕ ਰੇਲਵੇ ਲਾਈਨ ਬਣ ਗਈ ਤਾਂ ਭਾਰਤ ਦੀ ਸਿੱਧੀ ਪਹੁੰਚ ਮੱਧ ਏਸ਼ੀਆ ਤੱਕ ਹੋ ਜਾਵੇਗੀ। ਅਫ਼ਗਾਨਿਸਤਾਨ ਵਿਚ ਕੋਈ ਰੇਲਵੇ ਨਹੀਂ ਹੈ ਪਰ ਉਸ ਨੂੰ ਸੜਕ ਮਾਰਗ ਰਾਹੀਂ ਚਾਬਹਾਰ ਕਰਾਚੀ ਨਾਲੋਂ ਕਿਤੇ ਘੱਟ ਫ਼ਾਸਲੇ ’ਤੇ ਪੈਂਦਾ ਹੈ ਤੇ ਈਰਾਨ ਨਾਲ ਉਸ ਦੇ ਸਬੰਧ ਬਹੁਤ ਵਧੀਆ ਹਨ।

ਸੰਨ 1947 ਤੋਂ ਪਹਿਲਾਂ ਭਾਰਤ ਦੀਆਂ ਸੀਮਾਵਾਂ ਅਫ਼ਗਾਨਿਸਤਾਨ, ਈਰਾਨ ਤੇ ਮੱਧ ਏਸ਼ੀਆ ਨੂੰ ਛੂੰਹਦੀਆਂ ਸਨ ਜਿਸ ਕਾਰਨ ਇਨ੍ਹਾਂ ਦੇਸ਼ਾਂ ਰਾਹੀਂ ਭਾਰਤ ਦਾ ਵਪਾਰ ਏਸ਼ੀਆ ਤੇ ਯੂਰਪ ਦੇ ਅਨੇਕਾਂ ਦੇਸ਼ਾਂ ਨਾਲ ਚੱਲਦਾ ਸੀ। ਹੁਣ ਦੁਬਾਰਾ ਉਹ ਸਥਿਤੀ ਤਾਂ ਬਹਾਲ ਨਹੀਂ ਹੋ ਸਕਦੀ ਪਰ ਚਾਬਹਾਰ ਬੰਦਰਗਾਹ ਮੱਧ ਏਸ਼ੀਆ ਤੱਕ ਪਹੁੰਚਣ ਲਈ ਭਾਰਤ ਦਾ ਇਕ ਬਹੁਤ ਹੀ ਮਹੱਤਵਪੂਰਨ ਜ਼ਰੀਆ ਬਣਨ ਜਾ ਰਹੀ ਹੈ। ਕੁਝ ਦਿਨ ਪਹਿਲਾਂ ਭਾਰਤ ਦੇ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ ਵਿਚ ਈਰਾਨ ਨਾਲ ਇਕ ਸਮਝੌਤਾ ਸਿਰੇ ਚੜਿ੍ਹਆ ਹੈ ਜਿਸ ਅਨੁਸਾਰ ਭਾਰਤ ਨੂੰ ਇਹ ਬੰਦਰਗਾਹ ਦੁਬਾਰਾ 10 ਸਾਲ ਵਾਸਤੇ ਸਾਂਭ-ਸੰਭਾਲ, ਵਿਸਥਾਰ ਕਰਨ ਤੇ ਵਰਤਣ ਦਾ ਅਧਿਕਾਰ ਮਿਲ ਗਿਆ ਹੈ।
ਇਸ ਤੋਂ ਪਹਿਲਾ ਸਮਝੌਤਾ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਈਰਾਨ ਯਾਤਰਾ ਦੌਰਾਨ ਸਿਰੇ ਚੜਿ੍ਹਆ ਸੀ। ਚਾਬਹਾਰ ਬੰਦਰਗਾਹ ਦਾ ਇਤਿਹਾਸ ਕਾਫ਼ੀ ਦਿਲਚਸਪ ਹੈ। ਈਰਾਨ ਦੇ ਆਖ਼ਰੀ ਬਾਦਸ਼ਾਹ ਰਜ਼ਾ ਸ਼ਾਹ ਪਹਿਲਵੀ ਨੇ ਇਸ ਬੰਦਰਗਾਹ ਦੇ ਨਜ਼ਦੀਕ ਪਣਡੁੱਬੀ ਬੇਸ ਬਣਾਉਣ ਦੀ ਯੋਜਨਾ ਬਣਾਈ ਸੀ ਕਿਉਂਕਿ ਇਹ ਸੈਨਿਕ ਪੱਖ ਤੋਂ ਮਹੱਤਵਪੂਰਨ ਹੋਰਮਜ਼ ਜਲਡਮਰੂ ’ਤੇ ਸਥਿਤ ਹੈ। ਉਸ ਨੇ ਇਸ ਨੂੰ ਅਮਰੀਕਾ ਨੂੰ ਦੇਣ ਦੀ ਵੀ ਪੇਸ਼ਕਸ਼ ਕੀਤੀ ਸੀ ਪਰ ਸਮਝੌਤਾ ਸਿਰੇ ਚੜ੍ਹਨ ਤੋਂ ਪਹਿਲਾਂ ਹੀ 1979 ਵਿਚ ਉਸ ਦਾ ਤਖਤਾ ਪਲਟ ਦਿੱਤਾ ਗਿਆ ਸੀ। ਚਾਬਹਾਰ ਇਸ ਕਾਰਨ ਵੀ ਮਹੱਤਵਪੂਰਨ ਹੈ ਕਿਉਂਕਿ ਮੱਧ ਏਸ਼ੀਆ ਨਾਲ ਵਪਾਰ ਕਰਨ ਲਈ ਭਾਰਤ ਵੱਲੋਂ ਹੁਣ ਵਰਤੀ ਜਾ ਰਹੀ ਬੰਦਰ ਅੱਬਾਸ ਬੰਦਰਗਾਹ (ਈਰਾਨ) ਭਾਰਤ ਦੀ ਤੱਟ ਰੇਖਾ ਤੋਂ 1718 ਕਿੱਲੋਮੀਟਰ ਦੂਰ ਹੈ ਜਦਕਿ ਇਹ ਸਿਰਫ਼ 654 ਕਿੱਲੋਮੀਟਰ ਦੂਰ ਹੈ। ਚਾਬਹਾਰ ਬੰਦਰਗਾਹ ਦੇ ਦੋ ਭਾਗ ਹਨ, ਸ਼ਾਹਿਦ ਕਲੰਦਰੀ ਅਤੇ ਸ਼ਾਹਿਦ ਬਹਿਸ਼ਤੀ। ਭਾਰਤ ਸ਼ਾਹਿਦ ਬਹਿਸ਼ਤੀ ਦਾ ਨਵੀਨੀਕਰਨ ਤੇ ਵਿਸਥਾਰ ਕਰ ਰਿਹਾ ਹੈ ਜਿੱਥੋਂ ਇਕ ਸੜਕ ਬੰਦਰ ਅੱਬਾਸ ਤੇ ਦੂਸਰੀ ਜਾਹੇਦਾਨ ਅਤੇ ਮਸ਼ਹਦ ਰਾਹੀਂ ਮੱਧ ਏਸ਼ਿਆਈ ਦੇਸ਼ ਤੁਰਕਮੇਨਿਸਤਾਨ ਵੱਲ ਜਾਂਦੀ ਹੈ।
ਈਰਾਨ ਨੇ ਚਾਬਹਾਰ ਬੰਦਰਗਾਹ ਸਬੰਧੀ ਭਾਰਤ ਨੂੰ ਪਹਿਲੀ ਵਾਰ ਪੇਸ਼ਕਸ਼ ਈਰਾਨੀ ਰਾਸ਼ਟਰਪਤੀ ਮੁਹੰਮਦ ਖਤੀਮੀ ਦੇ ਭਾਰਤ ਦੌਰੇ (2002) ਸਮੇਂ ਕੀਤੀ ਸੀ। ਪਰ ਭਾਰਤ ਵੱਲੋਂ ਕੋਈ ਖ਼ਾਸ ਹੁੰਗਾਰਾ ਨਾ ਭਰਨ ਕਾਰਨ ਇਹ ਮਸਲਾ 2012 ਤੱਕ ਠੰਢੇ ਬਸਤੇ ਵਿਚ ਪਿਆ ਰਿਹਾ। ਸੰਨ 2012 ਵਿਚ ਦੁਬਾਰਾ ਗੱਲਬਾਤ ਸ਼ੁਰੂ ਹੋਈ। ਮਈ 2015 ਵਿਚ ਉਸ ਸਮੇਂ ਦੇ ਜਹਾਜ਼ਰਾਨੀ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿਚ ਇਸ ਸਬੰਧੀ ਖਰੜਾ ਤਿਆਰ ਕੀਤਾ ਗਿਆ ਤੇ 2016 ਵਿਚ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿਚ ਸਮਝੌਤਾ ਹੋ ਗਿਆ। ਸੰਨ 2016 ਤੋਂ ਲੈ ਕੇ ਹੁਣ ਤੱਕ ਪੁਲਾਂ ਹੇਠ ਦੀ ਬਹੁਤ ਪਾਣੀ ਵਹਿ ਚੁੱਕਾ ਹੈ ਤੇ ਈਰਾਨ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਵਿਚ ਕਈ ਤਰ੍ਹਾਂ ਦੀਆਂ ਰਾਜਨੀਤਕ ਤਬਦੀਲੀਆਂ ਆ ਗਈਆਂ ਹਨ।
ਅਮਰੀਕਾ ਅਫ਼ਗਾਨਿਸਤਾਨ ਤੋਂ ਖਹਿੜਾ ਛੁਡਾ ਕੇ ਦੌੜ ਚੁੱਕਾ ਹੈ, ਤਾਲਿਬਾਨ ਦੁਬਾਰਾ ਸੱਤਾ ਵਿਚ ਆ ਗਏ ਹਨ ਤੇ ਪਾਕਿਸਤਾਨ ਵਿਚ 4-5 ਵਾਰ ਸੱਤਾ ਪਰਿਵਰਤਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀਆਂ ਈਰਾਨ ਖ਼ਿਲਾਫ਼ ਪਾਬੰਦੀਆਂ ਦਿਨ-ਬ-ਦਿਨ ਸਖ਼ਤ ਹੁੰਦੀਆਂ ਜਾ ਰਹੀਆਂ ਹਨ। ਕੀ ਇਨ੍ਹਾਂ ਪ੍ਰਸਥਿਤੀਆਂ ਦਾ ਇਸ ਸਮਝੌਤੇ ’ਤੇ ਕੋਈ ਉਲਟ ਅਸਰ ਪੈ ਸਕਦਾ ਹੈ? ਪਾਕਿਸਤਾਨ ਕਰਾਚੀ ਬੰਦਰਗਾਹ ਰਾਹੀਂ ਭਾਰਤ ਤੇ ਅਫ਼ਗਾਨਿਸਤਾਨ ਦਰਮਿਆਨ ਹੋਣ ਵਾਲੇ ਆਯਾਤ-ਨਿਰਯਾਤ ਲਈ ਦੋਵਾਂ ਦੇਸ਼ਾਂ ਤੋਂ ਮੋਟਾ ਟੈਕਸ ਵਸੂਲਦਾ ਹੈ ਜੋ ਚਾਬਹਾਰ ਬੰਦਰਗਾਹ ਕਾਰਨ ਖ਼ਤਮ ਹੋ ਜਾਵੇਗਾ। ਇਸ ਤੋਂ ਇਲਾਵਾ ਕਰਾਚੀ ਤੋਂ ਅਫ਼ਗਾਨਿਸਤਾਨ ਦੀ ਦੂਰੀ 1200 ਕਿੱਲੋਮੀਟਰ ਦੇ ਕਰੀਬ ਹੈ ਤੇ ਸੜਕ ਸਿੰਧ ਤੇ ਸੂਬਾ ਸਰਹੱਦ ਦੇ ਅਸ਼ਾਂਤ ਖੇਤਰਾਂ ਤੋਂ ਗੁਜ਼ਰਦੀ ਹੈ। ਇਸ ਕਾਰਨ ਬਹੁਤ ਜ਼ਿਆਦਾ ਵਕਤ ਬਰਬਾਦ ਹੁੰਦਾ ਹੈ ਤੇ ਰਸਤੇ ਵਿਚ ਚੋਰਾਂ-ਡਾਕੂਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਿਛਲੇ ਸਮੇਂ ਵਿਚ ਕਈ ਵਾਰ ਭਾਰਤੀ ਕਾਨਵਾਈਆਂ ਲੁੱਟੀਆਂ ਜਾ ਚੁੱਕੀਆਂ ਹਨ। ਦੂਸਰੇ ਪਾਸੇ ਚਾਬਹਾਰ ਬੰਦਰਗਾਹ ਤੋਂ ਅਫ਼ਗਾਨ ਬਾਰਡਰ ਦੀ ਦੂਰੀ ਸਿਰਫ਼ 200 ਕਿੱਲੋਮੀਟਰ ਦੇ ਲਗਪਗ ਹੈ।
ਬੀਤੇ ਕੁਝ ਸਾਲਾਂ ’ਚ ਭਾਰਤ ਦੇ ਤੁਰਕਮੇਨਿਸਤਾਨ, ਅਜ਼ਰਬਾਈਜਾਨ, ਉਜ਼ਬੇਕਿਸਤਾਨ, ਕਜ਼ਾਖਿਸਤਾਨ, ਕਿਰਗਿਜ਼ਸਤਾਨ ਤੇ ਤਾਜ਼ਿਕਸਤਾਨ ਨਾਲ ਕੂਟਨੀਤਕ ਤੇ ਵਪਾਰਕ ਸਬੰਧ ਬਹੁਤ ਗੂੜ੍ਹੇ ਹੋਏ ਹਨ। ਵੈਸੇ ਵੀ ਇਹ ਦੇਸ਼ ਭਾਰਤ ਦੇ ਸੁਭਾਵਿਕ ਵਪਾਰਕ ਭਾਈਵਾਲ ਹਨ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਤਾਸ਼ਕੰਦ, ਸਮਰਕੰਦ, ਬਲਖ, ਬੁਖਾਰਾ ਅਤੇ ਕਾਬਲ ਕੰਧਾਰ ਆਦਿ ਤੋਂ ਸਿਲਕ ਰੂਟ ਰਾਹੀਂ ਵਪਾਰੀਆਂ ਦੇ ਕਾਫ਼ਲੇ ਭਾਰਤ ਆਉਂਦੇ-ਜਾਂਦੇ ਰਹੇ ਹਨ।
ਚਾਬਹਾਰ ਭਾਰਤ ਲਈ ਤਾਂ ਮਹੱਤਵਪੂਰਨ ਹੈ ਹੀ, ਇਨ੍ਹਾਂ ਦੇਸ਼ਾਂ ਅਤੇ ਅਫ਼ਗਾਨਿਸਤਾਨ ਲਈ ਵੀ ਬਹੁਤ ਮਹੱਤਵਪੂਰਨ ਹੈ। ਵਰਣਨਯੋਗ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਦੇਸ਼ ਨਾਲ ਸਮੁੰਦਰ ਨਹੀਂ ਲੱਗਦਾ। ਅਫ਼ਗਾਨਿਸਤਾਨ ਦਾ ਤਾਂ ਸਾਰਾ ਵਪਾਰ ਕਰਾਚੀ ਬੰਦਰਗਾਹ ’ਤੇ ਨਿਰਭਰ ਹੈ। ਜਿਸ ਤਰ੍ਹਾਂ ਤਾਲਿਬਾਨ ਅਤੇ ਪਾਕਿਸਤਾਨ ਦੇ ਸਬੰਧ ਖ਼ਰਾਬ ਹੋ ਰਹੇ ਹਨ ਤੇ ਸੈਨਿਕ ਝੜਪਾਂ ਚੱਲ ਰਹੀਆਂ ਹਨ, ਲੱਗਦਾ ਹੈ ਕਿ ਪਾਕਿਸਤਾਨ ਜਲਦੀ ਹੀ ਅਫ਼ਗਾਨਿਸਤਾਨ ਦਾ ਵਪਾਰ ਰੋਕ ਦੇਵੇਗਾ। ਇਸ ਲਈ ਅਫ਼ਗਾਨਿਸਤਾਨ ਲਈ ਚਾਬਹਾਰ ਇਕ ਦੈਵੀ ਵਰਦਾਨ ਸਾਬਿਤ ਹੋਵੇਗਾ। ਚਾਬਹਾਰ ਨੂੰ ਮੱਧ ਏਸ਼ੀਆ ਨਾਲ ਜੋੜਨ ਵਾਸਤੇ ਈਰਾਨ ਚਾਬਹਾਰ ਤੋਂ ਆਪਣੇ ਉੱਤਰ ਪੂਰਬੀ ਆਖ਼ਰੀ ਸ਼ਹਿਰ ਸਰਖ ਤੱਕ ਰੇਲਵੇ ਲਾਈਨ ਵਿਛਾਉਣ ਲਈ ਰਾਜ਼ੀ ਹੋ ਗਿਆ ਹੈ। ਸਰਖ, ਈਰਾਨ ਦਾ ਧੁਰ ਉੱਤਰ ਪੂਰਬੀ ਸ਼ਹਿਰ ਹੈ ਜਿੱਥੇ ਈਰਾਨ, ਤੁਰਕਮੇਨਿਸਤਾਨ ਅਤੇ ਅਫ਼ਗਾਨਿਸਤਾਨ ਦੀਆਂ ਸਰਹੱਦਾਂ ਮਿਲਦੀਆਂ ਹਨ। ਇੱਥੋਂ ਤੁਰਕਮੇਨਿਸਤਾਨ ਵੱਲ ਸੋਵੀਅਤ ਸੰਘ ਦੇ ਸਮੇਂ ਤੋਂ ਹੀ ਰੇਲਵੇ ਲਾਈਨ ਵਿਛੀ ਹੋਈ ਹੈ ਜਿਸ ਦਾ ਸਾਰੇ ਮੱਧ ਏਸ਼ਿਆਈ ਦੇਸ਼ਾਂ ਨਾਲ ਲਿੰਕ ਜੁੜਿਆ ਹੋਇਆ ਹੈ।
ਜਦੋਂ ਸਰਖ ਤੱਕ ਰੇਲਵੇ ਲਾਈਨ ਬਣ ਗਈ ਤਾਂ ਭਾਰਤ ਦੀ ਸਿੱਧੀ ਪਹੁੰਚ ਮੱਧ ਏਸ਼ੀਆ ਤੱਕ ਹੋ ਜਾਵੇਗੀ। ਅਫ਼ਗਾਨਿਸਤਾਨ ਵਿਚ ਕੋਈ ਰੇਲਵੇ ਨਹੀਂ ਹੈ ਪਰ ਉਸ ਨੂੰ ਸੜਕ ਮਾਰਗ ਰਾਹੀਂ ਚਾਬਹਾਰ ਕਰਾਚੀ ਨਾਲੋਂ ਕਿਤੇ ਘੱਟ ਫ਼ਾਸਲੇ ’ਤੇ ਪੈਂਦਾ ਹੈ ਤੇ ਈਰਾਨ ਨਾਲ ਉਸ ਦੇ ਸਬੰਧ ਬਹੁਤ ਵਧੀਆ ਹਨ। ਕੁਝ ਹੀ ਸਾਲਾਂ ਵਿਚ ਚਾਬਹਾਰ ਭਾਰਤ ਅਤੇ ਮੱਧ ਏਸ਼ੀਆ ਲਈ ਅਫ਼ਰੀਕੀ ਦੇਸ਼ਾਂ ਨਾਲ ਆਯਾਤ-ਨਿਰਯਾਤ ਕਰਨ ਲਈ ਵੀ ਇਕ ਫੋਕਲ ਪੁਆਇੰਟ ਬਣ ਜਾਵੇਗਾ।
ਇਸ ਵੇਲੇ ਭਾਰਤ ਦਾ ਅਫ਼ਰੀਕਾ ਜਾਣ ਵਾਲਾ ਜ਼ਿਆਦਾਤਰ ਮਾਲ ਜ਼ਾਬੇਲ ਅਲੀ ਬੰਦਰਗਾਹ (ਦੁਬਈ) ਰਾਹੀਂ ਜਾਂਦਾ ਹੈ ਜਿਸ ਲਈ ਭਾਰੀ ਟੈਕਸ ਦੇਣਾ ਪੈਂਦਾ ਹੈ। ਪਰ ਚਾਬਹਾਰ ਕਾਰਨ ਇਹ ਟੈਕਸ ਵੀ ਬਚ ਜਾਵੇਗਾ ਤੇ ਭਾਰਤ ਨੂੰ ਕਾਫ਼ੀ ਆਮਦਨ ਵੀ ਹੋਵੇਗੀ। ਚਾਬਹਾਰ ਦੀ ਤੁਲਨਾ ਕਈ ਵਾਰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਨਾਲ ਕੀਤੀ ਜਾਂਦੀ ਹੈ। ਪਰ ਦੋਵਾਂ ਵਿਚ ਕੋਈ ਸੁਮੇਲ ਨਹੀਂ ਹੈ ਕਿਉਂਕਿ ਗਵਾਦਰ ਚੀਨ ਦੁਆਰਾ ਬਣਾਇਆ ਜਾ ਰਹਿ ਫ਼ੌਜੀ ਅੱਡਾ ਹੈ ਜਦਕਿ ਚਾਬਹਾਰ ਵਪਾਰਕ ਬੰਦਰਗਾਹ ਹੈ। ਪਾਕਿਸਤਾਨ ਅਤੇ ਚੀਨ ਭਾਰਤ ਦੀ ਗਵਾਦਰ ਦੇ ਐਨੇ ਨਜ਼ਦੀਕ ਮੌਜੂਦਗੀ ਬਰਦਾਸ਼ਤ ਨਹੀਂ ਕਰ ਸਕਦੇ। ਪਾਕਿਸਤਾਨ ਨੇ ਤਾਂ ਇਕ ਨੀਚ ਕਦਮ ਚੁੱਕਦੇ ਹੋਏ ਹੋਰ ਕੂਟਨੀਤਕ ਯਤਨਾਂ ਤੋਂ ਇਲਾਵਾ ਈਰਾਨ ਨੂੰ ਇਸਲਾਮ ਦੇ ਨਾਮ ’ਤੇ ਇਕ ਕਾਫ਼ਰ ਦੇਸ਼ ਨੂੰ ਚਾਬਹਾਰ ਨਾ ਦੇਣ ਦੀ ਅਪੀਲ ਕੀਤੀ ਸੀ ਪਰ ਈਰਾਨ ਨੇ ਉਹ ਅਪੀਲ ਕੂੜੇ ਦੇ ਡੱਬੇ ਵਿਚ ਸੁੱਟ ਦਿੱਤੀ ਹੈ।
ਇਸ ਵੇਲੇ ਵੈਸੇ ਹੀ ਈਰਾਨ ਅਤੇ ਪਾਕਿਸਤਾਨ ਦੇ ਸਬੰਧ ਵਿਗੜੇ ਹੋਏ ਹਨ ਤੇ ਕੁਝ ਮਹੀਨੇ ਪਹਿਲਾਂ ਦੋਵਾਂ ਨੇ ਇਕ-ਦੂਸਰੇ ਦੇ ਅੰਦਰ ਹਮਲੇ ਕਰ ਕੇ ਲੋੜੀਂਦੇ ਅੱਤਵਾਦੀਆਂ ਨੂੰ ਮਾਰਿਆ ਸੀ। ਪਰ ਜਿਸ ਸਭ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਇਸ ਪ੍ਰਾਜੈਕਟ ਕਾਰਨ ਭਾਰਤ ਨੂੰ ਕਰਨਾ ਪੈ ਸਕਦਾ ਹੈ ਉਹ ਹੈ ਅਮਰੀਕਾ ਦੀ ਦਖ਼ਲਅੰਦਾਜ਼ੀ। ਅਮਰੀਕਾ ਦੇ ਸ਼ਾਹ ਈਰਾਨ ਦੇ ਤਖ਼ਤਾ ਪਲਟ ਤੋਂ ਲੈ ਕੇ ਹੀ ਈਰਾਨ ਨਾਲ ਸਬੰਧ ਖ਼ਰਾਬ ਚੱਲ ਰਹੇ ਹਨ ਤੇ ਦਿਨ-ਬ-ਦਿਨ ਹੋਰ ਬਦਤਰ ਹੋ ਰਹੇ ਹਨ। ਈਰਾਨ ਅਮਰੀਕਾ ਦੇ ਖ਼ਾਸ ਦੋਸਤ ਇਜ਼ਰਾਈਲ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਇਜ਼ਰਾਈਲ ’ਤੇ ਹਮਲੇ ਕਰਨ ਲਈ ਹੱਮਾਸ ਅਤੇ ਹਿਜ਼ਬੁੱਲਾ ਦੀ ਰੱਜ ਕੇ ਮਦਦ ਕਰ ਰਿਹਾ ਹੈ। ਉਸ ਦੇ ਸਾਥੀ ਯਮਨ ਦੇ ਬਾਗ਼ੀ ਹਾਊਥੀ ਆਏ ਦਿਨ ਇਜ਼ਰਾਈਲ ਅਤੇ ਨਾਟੋ ਦੇਸ਼ਾਂ ਦੇ ਸਮੁੰਦਰੀ ਜਹਾਜ਼ਾਂ ’ਤੇ ਮਿਜ਼ਾਈਲਾਂ ਦਾਗ ਰਹੇ ਹਨ।
ਕੁਝ ਹਫ਼ਤੇ ਪਹਿਲਾਂ ਹੀ ਈਰਾਨ ਅਤੇ ਇਜ਼ਰਾਈਲ ਨੇ ਇਕ ਦੂਸਰੇ ’ਤੇ ਸੈਂਕੜੇ ਮਿਜ਼ਾਈਲਾਂ ਤੇ ਡਰੋਨ ਦਾਗੇ ਸਨ। ਚਾਬਹਾਰ ਵਿਖੇ ਭਾਰਤ ਦੀਆਂ ਸਰਗਰਮੀਆਂ ਤੋਂ ਚਿੜੇ ਹੋਏ ਅਮਰੀਕਾ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਈਰਾਨ ਨਾਲ ਵਪਾਰਕ ਸਬੰਧ ਸਥਾਪਤ ਕਰ ਕੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਵਿਰੁੱਧ ਸਖ਼ਤ ਕਦਮ ਉਠਾਏ ਜਾਣਗੇ। ਇਸ ਦੇ ਜਵਾਬ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬਿਆਨ ਦਿੱਤਾ ਹੈ ਕਿ ਇਹ ਭਾਰਤ ਤੇ ਈਰਾਨ ਦਾ ਆਪਸੀ ਮਾਮਲਾ ਹੈ ਤੇ ਅਮਰੀਕਾ ਨੂੰ ਇਸ ਵਿਚ ਦਖ਼ਲਅੰਦਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ। ਅੱਗੇ ਕੀ ਹੁੰਦਾ ਹੈ, ਇਹ ਅਜੇ ਸਮੇਂ ਦੇ ਗਰਭ ਵਿਚ ਹੈ। ਪਰ ਲੱਗਦਾ ਹੈ ਕਿ ਅਮਰੀਕਾ ਪਾਬੰਦੀਆਂ ਲਗਾ ਕੇ ਭਾਰਤ ਵਰਗੀ ਵਿਸ਼ਾਲ ਮੰਡੀ ਨਾਲ ਆਪਣੇ ਸਬੰਧ ਖ਼ਰਾਬ ਨਹੀਂ ਕਰੇਗਾ।
-ਬਲਰਾਜ ਸਿੰਘ ਸਿੱਧੂ
-ਮੋਬਾਈਲ : 95011-00062