ਇਜ਼ਰਾਈਲ-ਅਮਰੀਕਾ ਦੀ ਸਾਂਝੀ ਫ਼ੌਜੀ ਕਾਰਵਾਈ ’ਚ ਈਰਾਨ ਦੇ ਸੁਪਰੀਮ ਲੀਡਰ ਅਤੇ ਮਜ਼ਹਬੀ ਆਗੂ ਅਯਾਤੁੱਲ੍ਹਾ ਅਲੀ ਖਾਮਨੇਈ ਦੀ ਮੌਤ ਤੋਂ ਬਾਅਦ ਉਥੇ ਲੀਡਰਸ਼ਿਪ ਤਬਦੀਲੀ ਹੋ ਗਈ, ਪਰ ਇਹ ਕਹਿਣਾ ਮੁਸ਼ਕਲ ਹੈ ਕਿ ਸੱਤਾ ਤਬਦੀਲੀ ਵੀ ਹੋ ਜਾਵੇਗੀ, ਜੋ ਕਿ ਅਮਰੀਕੀ ਰਾਸ਼ਟਰਪਤੀ ਦਾ ਟੀਚਾ ਹੈ।
ਇਜ਼ਰਾਈਲ-ਅਮਰੀਕਾ ਦੀ ਸਾਂਝੀ ਫ਼ੌਜੀ ਕਾਰਵਾਈ ’ਚ ਈਰਾਨ ਦੇ ਸੁਪਰੀਮ ਲੀਡਰ ਅਤੇ ਮਜ਼ਹਬੀ ਆਗੂ ਅਯਾਤੁੱਲ੍ਹਾ ਅਲੀ ਖਾਮਨੇਈ ਦੀ ਮੌਤ ਤੋਂ ਬਾਅਦ ਉਥੇ ਲੀਡਰਸ਼ਿਪ ਤਬਦੀਲੀ ਹੋ ਗਈ, ਪਰ ਇਹ ਕਹਿਣਾ ਮੁਸ਼ਕਲ ਹੈ ਕਿ ਸੱਤਾ ਤਬਦੀਲੀ ਵੀ ਹੋ ਜਾਵੇਗੀ, ਜੋ ਕਿ ਅਮਰੀਕੀ ਰਾਸ਼ਟਰਪਤੀ ਦਾ ਟੀਚਾ ਹੈ। ਇਕ ਤਾਂ ਈਰਾਨ ਵੈਨੇਜ਼ੁਏਲਾ ਨਹੀਂ ਹੈ ਤੇ ਨਾ ਹੀ ਉਥੇ ਸ਼ਾਸਨ ਅਤੇ ਫ਼ੌਜ ਨੂੰ ਕੰਟਰੋਲ ਕਰਨ ਵਾਲੇ ਤੰਤਰ ’ਚ ਫ਼ਿਲਹਾਲ ਕਿਸੇ ਅਸਹਿਮਤੀ ਤੇ ਵਿਦਰੋਹ ਦੇ ਆਸਾਰ ਦਿਖਾਈ ਦੇ ਰਹੇ ਹਨ। ਇਸ ਦਾ ਨਤੀਜਾ ਇਹ ਹੈ ਕਿ ਖਾਮਨੇਈ ਦੀ ਥਾਂ ’ਤੇ ਅੰਤ੍ਰਿਮ ਲੀਡਰ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਈਰਾਨੀ ਫ਼ੌਜ ਤੇ ਵਿਸ਼ੇਸ਼ ਰੂਪ ਨਾਲ ਰਿਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਇਜ਼ਰਾਈਲ-ਅਮਰੀਕਾ ਦੇ ਹਮਲੇ ਦਾ ਜਵਾਬ ਦੇਣ ਦੇ ਨਾਲ ਹੀ ਖਾਮਨੇਈ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਵੀ ਦੇ ਰਹੇ ਹਨ।
ਈਰਾਨੀ ਫ਼ੌਜ ਜਿਸ ਤਰ੍ਹਾਂ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਸਾਊਦੀ ਅਰਬ, ਕਤਰ, ਜਾਰਡਨ, ਓਮਾਨ, ਬਹਿਰੀਨ, ਕੁਵੈਤ, ਸੰਯੁਕਤ ਅਰਬ ਅਮੀਰਾਤ ਆਦਿ ਥਾਂਵਾਂ ’ਤੇ ਅਮਰੀਕੀ ਫ਼ੌਜੀ ਟਿਕਾਣਿਆਂ ਦੇ ਨਾਲ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਉਸ ਨਾਲ ਇਹੀ ਸਪੱਸ਼ਟ ਹੁੰਦਾ ਹੈ ਕਿ ਉਹ ਆਸਾਨੀ ਨਾਲ ਹਾਰ ਨਹੀਂ ਮੰਨਣ ਵਾਲੀ। ਈਰਾਨੀ ਫ਼ੌਜ ਨੇ ਜਿਸ ਤਰ੍ਹਾਂ ਗੁਆਂਢੀ ਦੇਸ਼ਾਂ ’ਚ ਨਾਗਰਿਕ ਟਿਕਾਣਿਆਂ ’ਤੇ ਹਮਲੇ ਕੀਤੇ, ਉਸ ਨਾਲ ਪੱਛਮੀ ਏਸ਼ੀਆ ’ਚ ਤਣਾਅ ਹੋਰ ਵਧੇਗਾ। ਇਸ ਦਾ ਅਸਰ ਭਾਰਤ ਸਮੇਤ ਪੂਰੀ ਦੁਨੀਆ ’ਤੇ ਪਵੇਗਾ, ਕਿਉਂਕਿ ਇਹ ਖੇਤਰ ਵਿਸ਼ਵ ਨੂੰ ਊਰਜਾ ਦੀ ਸਪਲਾਈ ਦਾ ਵੱਡਾ ਸ੍ਰੋਤ ਹੈ। ਈਰਾਨੀ ਫ਼ੌਜ ਦੀ ਪ੍ਰਤੀਕਿਰਿਆ ਦੇ ਬਾਵਜੂਦ ਤੱਥ ਇਹੀ ਹੈ ਕਿ ਉਹ ਇਜ਼ਰਾਈਲ ਤੇ ਅਮਰੀਕਾ ਦੀ ਫ਼ੌਜੀ ਸਮਰੱਥਾ ਦਾ ਲੰਬੇ ਸਮੇਂ ਤੱਕ ਸਾਹਮਣਾ ਨਹੀਂ ਕਰ ਸਕਦੀ। ਇਸ ’ਤੇ ਹੈਰਾਨੀ ਨਹੀਂ ਕਿ ਖਾਮਨੇਈ ਦੀ ਮੌਤ ਤੋਂ ਬਾਅਦ ਜਿੱਥੇ ਆਮ ਤੌਰ ’ਤੇ ਸ਼ੀਆ ਜਗਤ ’ਚ ਗੁੱਸਾ ਹੈ, ਉਥੇ ਈਰਾਨ ’ਚ ਜਨਤਾ ਦਾ ਇਕ ਵਰਗ ਖ਼ੁਸ਼ ਹੈ।
ਇਸ ਦਾ ਕਾਰਨ ਇਹੀ ਹੈ ਕਿ ਕਰੀਬ 40 ਸਾਲਾਂ ਤੋਂ ਸੱਤਾ ’ਤੇ ਕਾਬਜ ਰਹਿਣ ਦੌਰਾਨ ਉਨ੍ਹਾਂ ਨੇ ਜ਼ੁਲਮ ਨਾਲ ਸ਼ਾਸਨ ਕੀਤਾ ਤੇ ਆਪਣੇ ਲੋਕਾਂ ’ਤੇ ਸਖ਼ਤ ਮਜ਼ਹਬੀ ਮਾਨਤਾਵਾਂ ਥੋਪੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿਜ਼ਬੁੱਲ੍ਹਾ, ਹਮਾਸ ਤੇ ਹਾਊਤੀ ਵਰਗੇ ਸੰਗਠਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ। ਇਸ ਨਾਲ ਇਜ਼ਰਾਈਲ ਤੇ ਅਮਰੀਕਾ ਦਾ ਈਰਾਨ ਨਾਲ ਵੈਰ ਵਧਿਆ। ਇਸ ’ਚ ਸ਼ੱਕ ਨਹੀਂ ਕਿ ਈਰਾਨ ’ਤੇ ਇਜ਼ਰਾਈਲ ਤੇ ਅਮਰੀਕਾ ਦਾ ਹਮਲਾ ਸਹੀ ਨਹੀਂ।
ਇਹ ਹਮਲਾ ਕੁੱਲ ਮਿਲਾ ਕੇ ਅਮਰੀਕਾ ਦੀ ਮਨਮਰਜ਼ੀ ਨੂੰ ਹੀ ਦਰਸਾਉਂਦਾ ਹੈ, ਪਰ ਜੋ ਹਾਲਾਤ ਬਣੇ ਉਸ ਲਈ ਈਰਾਨੀ ਸੱਤਾ ਦੀ ਜ਼ਿਦ ਵੀ ਜ਼ਿੰਮੇਵਾਰ ਹੈ। ਈਰਾਨ ਪਰਮਾਣੂ ਹਥਿਆਰ ਬਣਾਉਣ ਦੀ ਜੁਗਤ ’ਚ ਲੱਗਾ ਹੋਇਆ ਸੀ। ਜੇ ਈਰਾਨੀ ਸੱਤਾ ਨੇ ਪਰਮਾਣੂ ਹਥਿਆਰ ਪ੍ਰੋਗਰਾਮ ਨੂੰ ਲੈ ਕੇ ਅੜੀਅਲ ਰੁਖ਼ ਤੋਂ ਜਾਣੂ ਨਾ ਕਰਵਾਇਆ ਹੁੰਦਾ ਤਾਂ ਸੰਭਵ ਤੌਰ ’ਤੇ ਕੂਟਨੀਤਕ ਗੱਲਬਾਤ ਰਾਹੀਂ ਕੋਈ ਹੱਲ ਨਿਕਲ ਸਕਦਾ ਸੀ।
ਕਹਿਣਾ ਮੁਸ਼ਕਲ ਹੈ ਕਿ ਈਰਾਨ ਦਾ ਭਵਿੱਖ ਕੀ ਹੈ, ਪਰ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਇਕ ਸਮਾਂ ਆਧੁਨਿਕਤਾ ਨੂੰ ਪਸੰਦ ਕਰਨ ਵਾਲਾ ਇਹ ਦੇਸ਼ ਮਜ਼ਹਬੀ ਕੱਟੜਤਾ ’ਚ ਜਕੜਿਆ ਗਿਆ ਸੀ ਤੇ ਇਸੇ ਕਾਰਨ ਈਰਾਨੀ ਜਨਤਾ ਦੇ ਇਕ ਵਰਗ ਦੇ ਨਾਲ ਪੱਛਮੀ ਜਗਤ ’ਚ ਈਰਾਨੀ ਸ਼ਾਸਨ ਦੇ ਪ੍ਰਤੀ ਵਿਰੋਧ ਵਧਦਾ ਜਾ ਰਿਹਾ ਸੀ।