ਇਸ ਦੇ ਉਲਟ ਟਰੰਪ ਦੀ ਰਣਨੀਤੀ ਹਵਾਈ ਤੇ ਜਲ ਸੈਨਾ ਦੇ ਹਮਲਿਆਂ ਨਾਲ ਹਫੜਾ-ਦਫੜੀ ’ਚ ਈਰਾਨੀ ਫ਼ੌਜ ਦੀ ਹਵਾਈ ਤੇ ਜਲ ਸੈਨਾ ਦੀ ਤਾਕਤ, ਮਿਜ਼ਾਈਲ, ਡ੍ਰੋਨ ਟਿਕਾਣਿਆਂ ਤੇ ਸੁਪਰੀਮ ਲੀਡਰ ਨੂੰ ਖ਼ਤਮ ਕਰ ਕੇ ਸੱਤਾ ਤਬਦੀਲੀ ਕਰਨ ਜਾਂ ਈਰਾਨ ਨੂੰ ਪੱਛਮੀ ਏਸ਼ੀਆ ਲਈ ਪੂਰੀ ਤਰ੍ਹਾਂ ਸੁਰੱਖਿਅਤ ਬਣਾ ਕੇ ਮੁੜ ਜਾਣ ਦੀ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜੇ ਇਹ ਸੋਚਦੇ ਸਨ ਕਿ ਸੁਪਰੀਮ ਲੀਡਰ ਦੇ ਖ਼ਤਮ ਹੋ ਜਾਣ ਤੇ ਪੰਦਰਾਂ ਦਿਨਾਂ ਦੀ ਭਿਆਨਕ ਬੰਬਾਰੀ ਸਹਿਣ ਤੋਂ ਬਾਅਦ ਈਰਾਨ ਹੱਥ ਖੜ੍ਹੇ ਕਰ ਦੇਵੇਗਾ ਤਾਂ ਉਹ ਸ਼ਾਇਦ ਉਨ੍ਹਾਂ ਦੀ ਭੁੱਲ ਸੀ।ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮਨੇਈ ਦੇ ਮਿਜ਼ਾਈਲ ਹਮਲੇ ’ਚ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਦੀ ਗੱਦੀ ’ਤੇ ਬੈਠੇ ਉਨ੍ਹਾਂ ਦੇ ਪੁੱਤਰ ਮੋਜਤਬਾ ਖਾਮਨੇਈ ਨੇ ਆਪਣੇ ਪਹਿਲੇ ਹੀ ਸੁਨੇਹੇ ’ਚ ਖ਼ੂਨ ਦਾ ਬਦਲਾ ਖ਼ੂਨ ਨਾਲ ਲੈਣ ਦਾ ਐਲਾਨ ਕਰਦੇ ਹੋਏ ਗੁਆਂਢ ਦੇ ਖਾੜੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਇੱਥੇ ਬਣੇ ਅਮਰੀਕੀ ਅੱਡਿਆਂ ਨੂੰ ਬੰਦ ਕਰ ਦੇਣ। ਹਾਲਾਂਕਿ ਉਨ੍ਹਾਂ ਦੇ ਸੁਨੇਹੇ ਦੀ ਜਿਸ ਗੱਲ ਨੇ ਪੂਰੀ ਦੁਨੀਆ ਦੇ ਬਾਜ਼ਾਰਾਂ ਤੇ ਕਾਰੋਬਾਰਾਂ ’ਚ ਹੜਕੰਪ ਮਚਾਇਆ, ਉਹ ਦੁਸ਼ਮਣਾਂ ਨੂੰ ਮਾਤ ਦੇਣ ਲਈ ਹੋਰਮੁਜ਼ ਜਲਮਾਰਗ ਦਾ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਨ ਬਾਰੇ ’ਚ ਸੀ।
ਦੁਨੀਆ ਦਾ ਲਗਪਗ 20 ਫ਼ੀਸਦੀ ਤੇਲ ਤੇ ਗੈਸ ਇਸੇ ਰਾਹ ਤੋਂ ਹੋ ਕੇ ਜਾਂਦਾ ਹੈ, ਜਿਸ ਦਾ 60 ਫ਼ੀਸਦੀ ਤੋਂ ਵੱਧ ਚੀਨ, ਭਾਰਤ, ਜਾਪਾਨ, ਦੱਖਣੀ ਕੋਰੀਆ ਤੇ ਹਿੰਦ ਚੀਨ ਦੇ ਦੇਸ਼ਾਂ ਨੂੰ ਜਾਂਦਾ ਹੈ।ਹੜਕੰਪ ਨੂੰ ਸ਼ਾਂਤ ਕਰਨ ਲਈ ਟਰੰਪ ਨੇ ਲੜਾਈ ਦੇ ਲਗਪਗ ਪੂਰਾ ਹੋ ਜਾਣ ਦੀਆਂ ਗੱਲਾਂ ਕੀਤੀਆਂ। ਈਰਾਨ ਨੂੰ ਧਮਕੀ ਦਿੱਤੀ ਕਿ ਹੋਰਮੁਜ਼ ਬੰਦ ਕੀਤਾ ਤਾਂ 20 ਗੁਣਾ ਭਿਆਨਕ ਹਮਲੇ ਸਹਿਣੇ ਪੈਣਗੇ। ਕਦੀ ਹੋਰਮੁਜ਼ ਤੋਂ ਜਾਣ ਵਾਲੇ ਜਹਾਜ਼ਾਂ ਦਾ ਬੀਮਾ ਕਰਨ ਦੀ ਗੱਲ ਉਛਾਲੀ ਗਈ, ਕਦੀ ਜਹਾਜ਼ਾਂ ਨੂੰ ਅਮਰੀਕੀ ਜਲ ਸੈਨਾ ਦੀ ਸੁਰੱਖਿਆ ਦੇਣ ਦੀਆਂ ਗੱਲਾਂ ਕੀਤੀਆਂ। ਇਸ ਵਿਚਾਲੇ, ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਆਪਣੇ ਐਮਰਜੈਂਸੀ ਰਿਜ਼ਰਵ ਤੋਂ 40 ਕਰੋੜ ਬੈਰਲ ਤੇਲ ਜਾਰੀ ਕਰਨ ਦਾ ਐਲਾਨ ਕੀਤਾ। ਨਾਲ ਹੀ ਟਰੰਪ ਨੇ ਰੂਸ ਦੇ ਜਹਾਜ਼ਾਂ ’ਤੇ ਲੱਦੇ ਲਗਪਗ 35-40 ਕਰੋੜ ਬੈਰਲ ਤੇਲ ਦੀ ਵਿਕਰੀ ਤੋਂ ਇਕ ਮਹੀਨੇ ਲਈ ਪਾਬੰਦੀ ਹਟਾ ਲਈ, ਪਰ ਜਹਾਜ਼ਾਂ ’ਤੇ ਈਰਾਨ ਦੇ ਹਮਲਿਆਂ ਤੇ ਉਸ ਦੀ ਧਮਕੀ ਨਾਲ ਫੈਲੇ ਡਰ ਦੇ ਸਾਹਮਣੇ ਕਿਸੇ ਐਲਾਨ ਦੀ ਇਕ ਨਾ ਚੱਲੀ। ਹੋਰਮੁਜ਼ ਤੋਂ ਜਹਾਜ਼ਾਂ ਦੀ ਆਵਾਜਾਈ ਲਗਪਗ ਠੱਪ ਰਹੀ ਤੇ ਕੱਚੇ ਤੇਲ ਦੀ ਕੀਮਤ ਵਧ ਕੇ 100 ਡਾਲਰ ਪ੍ਰਤੀ ਬੈਰਲ ਪਾਰ ਕਰ ਗਈ।
ਅਮਰੀਕਾ ਤੇ ਇਜ਼ਰਾਈਲ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਈਰਾਨ ਦੀ ਹਵਾਈ, ਜਲ ਸੈਨਾ, ਮਿਜ਼ਾਈਲ ਨਿਰਮਾਣ ਅਤੇ ਮਾਰਕ ਸਮਰੱਥਾ ਖ਼ਤਮ ਕਰ ਦਿੱਤੀ ਹੈ। ਸੁਪਰੀਮ ਲੀਡਰ ਮਾਰਿਆ ਜਾ ਚੁੱਕਾ ਹੈ, ਇਸ ਲਈ ਦੇਸ਼ ’ਚ ਕੋਈ ਵਿਵਵਸਥਾ ਨਹੀਂ ਬਚੀ ਹੈ, ਪਰ ਉਨ੍ਹਾਂ ਦੇ ਇਹ ਦਾਅਵੇ ਜ਼ਮੀਨੀ ਹਕੀਕਤ ’ਤੇ ਖਰੇ ਨਹੀਂ ਉਤਰਦੇ। ਈਰਾਨ ਦੇ ਬੈਲਿਸਟਿਕ ਮਿਜ਼ਾਈਲ ਤੇ ਡ੍ਰੋਨ ਹਮਲਿਆਂ ਦੀ ਗਿਣਤੀ ਘਟੀ ਜ਼ਰੂਰ ਹੈ, ਪਰ ਹਮਲੇ ਜਾਰੀ ਹਨ ਤੇ ਇਜ਼ਰਾਈਲ, ਅਮਰੀਕਾ ਅਤੇ ਖਾੜੀ ਦੇ ਦੇਸ਼ਾਂ ਦੇ ਸੁਰੱਖਿਆ ਕਵਚਾਂ ਨੂੰ ਤੋੜ ਵੀ ਰਹੇ ਹਨ।
ਈਰਾਨੀ ਰਾਸ਼ਟਰਪਤੀ ਮਹਿਮੂਦ ਪੇਜੇਸ਼ਕਿਆਨ ਤੇ ਵਿਦੇਸ਼ ਮੰਤਰੀ ਅਰਾਘਚੀ ਦੇ ਬਿਆਨਾਂ ਤੇ ਪ੍ਰਤੀਕਿਰਿਆ ’ਚ ਕਿਸੇ ਤਰ੍ਹਾਂ ਦੀ ਘਬਰਾਹਟ ਜਾਂ ਚਿੰਤਾ ਦਿਖਾਈ ਨਹੀਂ ਦੇ ਰਹੀ। ਮੋਜਤਬਾ ਖਾਮਨੇਈ ਦੀ ਚੋਣ ਨੂੰ ਲੈ ਕੇ ਜ਼ਰੂਰ 88 ਮੁਜਾਹਿਦਾਂ ਦੀ ਮਜਲਿਸ-ਏ-ਰਹਿਬਰੀ ਵਿਚਾਲੇ ਕੁਝ ਵਿਵਾਦ ਹੋਣ ਦੀਆਂ ਖ਼ਬਰਾਂ ਹਨ, ਕਿਉਂਕਿ ਇਸਲਾਮੀ ਕ੍ਰਾਂਤੀ ਦਾ ਮਕਸਦ ਵੰਸ਼ਵਾਦੀ ਰਾਜਸ਼ਾਹੀ ਨੂੰ ਹਟਾ ਕੇ ਅਜਿਹੀ ਮੁੱਲਾਸ਼ਾਹੀ ਸਥਾਪਨਾ ਕਰਨਾ ਸੀ ਜਿਸ ਦੇ ਆਗੂ ਦੀ ਚੋਣ ਯੋਗਤਾ ਦੇ ਆਧਾਰ ’ਤੇ ਹੋਵੇ। ਮੋਜਤਬਾ ਖਾਮਨੇਈ ਦਾ ਚੁਣਿਆ ਜਾਣਾ ਵੰਸ਼ਵਾਦ ਦਾ ਹੀ ਪ੍ਰਤੀਕ ਹੈ। ਇਸ ਲਈ ਚਰਚਾ ਹੈ ਕਿ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਲਰਿਜਾਨੀ ਮੋਜਤਬਾ ਦੀ ਚੋਣ ਤੋਂ ਖ਼ੁਸ਼ ਨਹੀਂ ਹਨ। ਮੋਜਤਬਾ ਆਈਆਰਜੀਸੀ ਜਾਂ ਰਿਵੋਲਿਊਸ਼ਨਰੀ ਗਾਰਡ ਦੇ ਸੀਨੀਅਰ ਅਧਿਕਾਰੀ ਰਹੇ ਹਨ ਤੇ ਗਰਮਪੰਥੀ ਮੰਨੇ ਜਾਂਦੇ ਹਨ।
ਇਸ ਲਈ ਲੱਗਦਾ ਹੈ ਕਿ ਇਕ ਤਾਂ ਆਈਆਰਜੀਸੀ ਨੇ ਉਨ੍ਹਾਂ ਦੀ ਚੋਣ ਦਾ ਸਮਰਥਨ ਕੀਤਾ ਤੇ ਦੂਜਾ 28 ਫਰਵਰੀ ਦੇ ਹਮਲੇ ’ਚ ਜ਼ਖ਼ਮੀ ਹੋਣ ਦੇ ਕਾਰਨ ਉਨ੍ਹਾਂ ਨੂੰ ਰਮਜ਼ਾਨ ਜੰਗ ਦੇ ਯੋਧਾ ਦੇ ਰੂਪ ’ਚ ਵੀ ਪੇਸ਼ ਕੀਤਾ ਗਿਆ। ਈਰਾਨੀ ਮੁੱਲਾਸ਼ਾਹੀ ਨੇ ਵਿਵਸਥਾ ਦਾ ਗਠਨ ਇਸ ਤਰ੍ਹਾਂ ਕੀਤਾ ਹੈ ਕਿ ਸੱਤਾ ਇਸਲਾਮ ਤੇ ਫ਼ਲਸਤੀਨੀ ਸੰਘਰਸ਼ ’ਚ ਵਫ਼ਾਦਾਰੀ ਰੱਖਣ ਵਾਲੇ ਲੋਕਾਂ ਦੇ ਹੱਥ ’ਚ ਹੀ ਰਹੇ। ਨਾਲ ਹੀ ਸੁਪਰੀਮ ਲੀਡਰ ਦਾ ਸਫ਼ਾਇਆ ਹੋ ਜਾਣ ’ਤੇ ਵੀ ਦੁਸ਼ਮਣ ਦਾ ਵਿਰੋਧ ਤੇ ਵਿਵਸਥਾ ਚੱਲਦੀ ਰਹੇ। ਮੋਜਾਇਕ ਪ੍ਰਤੀਰੱਖਿਆ ਜਾਂ ਰੱਖਿਆ-ਜਾਲ ਨਾਂ ਦੀ ਵਿਵਸਥਾ ਦਾ ਗਠਨ ਆਈਆਰਜੀਸੀ ਦੇ ਕਮਾਂਡਰ ਮੁਹੰਮਦ ਅਲੀ ਜਫਾਰੀ ਨੇ ਕੀਤਾ ਸੀ। ਫ਼ੌਜ ਦੀ ਕਮਾਨ ਨੂੰ ਦੇਸ਼ ਦੇ ਤੀਹ ਸੂਬਿਆਂ ਦੀਆਂ ਖ਼ੁਦਮੁਖ਼ਤਿਆਰ ਟੁਕੜੀਆਂ ’ਚ ਵੰਡ ਦਿੱਤਾ ਗਿਆ ਹੈ ਜੋ ਸੰਕਟ ਦੀ ਸਥਿਤੀ ’ਚ ਪਹਿਲਾਂ ਤੋਂ ਤੈਅ ਕਮਾਨ ਦੇ ਆਧਾਰ ’ਤੇ ਖ਼ੁਦਮੁਖ਼ਤਿਆਰ ਹੋ ਕੇ ਆਪੋ-ਆਪਣੀ ਕਾਰਵਾਈ ਕਰਦੀਆਂ ਹਨ। ਇਸ ਤਰ੍ਹਾਂ ਦੀ ਵਿਵਸਥਾ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ’ਚ ਕੇਂਦਰੀ ਕਮਾਨ ਦੇ ਖ਼ਤਮ ਹੋ ਜਾਣ ’ਤੇ ਲੜਾਈ ਤੇ ਦੇਸ਼ ਦੀ ਵਿਵਸਥਾ ਜਾਰੀ ਰੱਖਣ ਦੇ ਟੀਚੇ ਨਾਲ ਤਿਆਰ ਕੀਤੀ ਗਈ ਹੈ।
ਇਸ ਰਣਨੀਤੀ ਨੂੰ ਈਰਾਨੀ ਵਿਦੇਸ਼ ਮੰਤਰੀ ਅਰਾਘਚੀ ਨੇ ਹਮਲਾ ਸ਼ੁਰੂ ਹੋਣ ਤੋਂ ਬਾਅਦ ਦੇ ਇਕ ਇੰਟਰਵਿਊ ’ਚ ਉਜਾਗਰ ਕੀਤਾ ਸੀ।ਈਰਾਨ ਦੀ ਰਣਨੀਤੀ ਲੜਾਈ ਨੂੰ ਜਿੰਨਾ ਹੋ ਸਕੇ ਓਨਾ ਫੈਲਾਉਣਾ ਹੈ। ਨਾਲ ਹੀ, ਹੋਰਮੁਜ਼ ਜਲ ਮਾਰਗ ਨੂੰ ਹਮਲਿਆਂ ਦੇ ਡਰ ਨਾਲ ਬੰਦ ਕਰ ਕੇ ਅੰਤਰਰਾਸ਼ਟਰੀ ਅਰਥਚਾਰੇ ਦਾ ਗਲਾ ਦੱਬਣਾ ਹੈ, ਤਾਂ ਜੋ ਅਮਰੀਕਾ ਤੇ ਉਸ ਦੇ ਦੋਸਤਾਂ ਨੂੰ ਵੱਧ ਤੋਂ ਵੱਧ ਆਰਥਕ ਸੱਟ ਪੁੱਜੇ ਤੇ ਉਸ ’ਤੇ ਇਸ ਤਰ੍ਹਾਂ ਦੀ ਭੁੱਲ ਦੁਬਾਰਾ ਨਾ ਕਰਨ ਦਾ ਦਬਾਅ ਪਾਇਆ ਜਾਵੇ। ਇਸ ਲਈ ਉਸ ਨੇ ਸਸਤੇ ਤੇ ਮਾਰੂ ਡ੍ਰੋਨਾਂ ਤੇ ਮਿਜ਼ਾਈਲਾਂ ਦਾ ਜਖੀਰਾ ਤਿਆਰ ਕਰ ਕੇ ਰੱਖਿਆ ਹੈ। ਉਸ ’ਚੋਂ ਜ਼ਿਆਦਾਤਰ ਨੂੰ ਤਬਾਹ ਕਰ ਦੇਣ ’ਤੇ ਵੀ ਉਸ ਦੇ ਕੋਲ ਇੰਨੀ ਸਮਰੱਥਾ ਹੈ ਕਿ ਉਹ ਕਈ ਮਹੀਨਿਆਂ ਤੱਕ ਛੋਟੇ-ਮੋਟੇ ਹਮਲੇ ਜਾਰੀ ਰੱਖ ਕੇ ਖ਼ੌਫ਼ ਬਣਾਈ ਰੱਖ ਸਦਾ ਹੈ। ਹੋਰਮੁਜ਼ ਤੋਂ ਇਲਾਵਾ ਦੇਖਿਆ ਜਾਵੇ ਤਾਂ ਉਸ ਕੋਲ ਹੂਤੀਆਂ ਦੀ ਮਦਦ ਨਾਲ ਲਾਲ ਸਾਗਰ ਜਲ ਮਾਰਗ ਨੂੰ ਬੰਦ ਕਰਨ ਦਾ ਬਦਲ ਵੀ ਬਾਕੀ ਹੈ, ਜਿਸ ਰਾਹੀਂ ਉਹ ਇਸ ਜੰਗ ਦੀ ਆਰਥਿਕ ਸੱਟ ਨੂੰ ਹੋਰ ਵਧਾ ਸਕਦਾ ਹੈ।
ਇਸ ਦੇ ਉਲਟ ਟਰੰਪ ਦੀ ਰਣਨੀਤੀ ਹਵਾਈ ਤੇ ਜਲ ਸੈਨਾ ਦੇ ਹਮਲਿਆਂ ਨਾਲ ਹਫੜਾ-ਦਫੜੀ ’ਚ ਈਰਾਨੀ ਫ਼ੌਜ ਦੀ ਹਵਾਈ ਤੇ ਜਲ ਸੈਨਾ ਦੀ ਤਾਕਤ, ਮਿਜ਼ਾਈਲ, ਡ੍ਰੋਨ ਟਿਕਾਣਿਆਂ ਤੇ ਸੁਪਰੀਮ ਲੀਡਰ ਨੂੰ ਖ਼ਤਮ ਕਰ ਕੇ ਸੱਤਾ ਤਬਦੀਲੀ ਕਰਨ ਜਾਂ ਈਰਾਨ ਨੂੰ ਪੱਛਮੀ ਏਸ਼ੀਆ ਲਈ ਪੂਰੀ ਤਰ੍ਹਾਂ ਸੁਰੱਖਿਅਤ ਬਣਾ ਕੇ ਮੁੜ ਜਾਣ ਦੀ ਸੀ।
ਉਸ ਦੇ ਨਿਰੰਤਰ ਬਦਲਦੇ ਬਿਆਨਾਂ ਨੂੰ ਸੁਣ ਕੇ ਲੱਗਦਾ ਹੈ ਕਿ ਇਹ ਲੜਾਈ ਉਨ੍ਹਾਂ ਦੇ ਅੰਦਾਜ਼ੇ ਤੋਂ ਕਿਤੇ ਲੰਬੀ ਖਿੱਚੀ ਜਾ ਚੁੱਕੀ ਹੈ, ਜਿਸ ਨੂੰ ਲੈ ਕੇ ਉਹ ਪਰੇਸ਼ਾਨ ਹਨ। ਲੱਗਦਾ ਹੈ ਈਰਾਨ ਨੇ ‘ਚਿੜੀਆਂ ਨਾਲ ਮੈਂ ਬਾਜ ਲੜਾਵਾਂ’ ਦੇ ਅੰਦਾਜ਼ ’ਚ ਆਪਣੇ ਸੀਮਤ ਸਾਧਨਾਂ ਨਾਲ ਹੋਰਮੁਜ਼ ਨੂੰ ਬੰਦ ਕਰ ਕੇ ਤੇ ਖਾੜੀ ਦੇਸ਼ਾਂ ਦਾ ਤੇਲ ਉਤਪਾਦਨ ਤੇ ਆਵਾਜਾਈ ਠੱਪ ਕਰ ਕੇ ਟਰੰਪ ਦੀ ਦੁਖਦੀ ਰਗ ਫੜ ਲਈ ਹੈ।
ਜੇ ਖਾੜੀ ਦਾ ਤੇਲ ਉਤਪਾਦਨ ਜਲਦੀ ਬਹਾਲ ਨਾ ਹੋਇਆ ਤੇ ਹੋਰਮੁਜ਼ ਨਹੀਂ ਖੁੱਲ੍ਹਿਆ ਤਾਂ ਤੇਲ ਅਤੇ ਗੈਸ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਉਸ ਦਾ ਅਸਰ ਅਰਥਚਾਰੇ ਦੇ ਹਰ ਖੇਤਰ ’ਤੇ ਪਵੇਗਾ। ਮਹਿੰਗਾਈ ਵਧੇਗੀ, ਵਿਆਜ ਦਰਾਂ ਘਟਣੀਆਂ ਬੰਦ ਹੋ ਜਾਣਗੀਆਂ, ਬਜਟ ਵਿਗੜਨਗੇ ਤੇ ਰੋਜ਼ਾਨਾ ਖ਼ਰਚ ਦੀ ਮਾਰ ਤੋਂ ਨਾਰਾਜ਼ ਲੋਕ ਨਵੰਬਰ ਦੀ ਕਾਂਗਰਸ ਤੇ ਸੀਨੇਟ ਦੀ ਚੋਣ ’ਚ ਟਰੰਪ ਦੀ ਪਾਰਟੀ ਨੂੰ ਹਰਾ ਸਕਦੇ ਹਨ। ਕਾਂਗਰਸ ਤੇ ਸੀਨੇਟ ’ਚ ਬਹੁਮਤ ਗੁਆਉਣ ’ਤੇ ਟਰੰਪ ਨੂੰ ਮਹਾਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਈਰਾਨ ’ਚ ਸੱਤਾ ਤਬਦੀਲੀ ਹੋਵੇ ਜਾਂ ਨਾ, ਪਰ ਆਰਥਿਕ ਸੰਕਟ ਦੇ ਕਾਰਨ ਅਮਰੀਕਾ ਤੇ ਯੂਰਪ ਦੇ ਦੇਸ਼ਾਂ ’ਚ ਜ਼ਰੂਰ ਹੋ ਸਕਦੀ ਹੈ।
ਸ਼ਿਵਕਾਂਤ ਸ਼ਰਮਾ
(ਲੇਖਕ ਬੀਬੀਸੀ ਹਿੰਦੀ ਦਾ ਸਾਬਕਾ ਸੰਪਾਦਕ ਹੈ)।
response@jagran.com