ਈਰਾਨ ਨੂੰ ਲੈ ਕੇ ਜੇ ਟਰੰਪ ਦੇ ਟੀਚੇ ਪੂਰੇ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਮਾਗਾ ਰਾਸ਼ਟਰਪਤੀ ਦੇ ਰੂਪ ਵਿਚ ਨਹੀਂ, ਵੀਅਤਨਾਮ ਤੋਂ ਹਾਰੇ ਨਿਕਸਨ ਤੇ ਇਰਾਕ ਤੋਂ ਪਸਤ ਬੁਸ਼ ਦੀ ਤਰ੍ਹਾਂ ਦੇਖਿਆ ਜਾਵੇਗਾ।

ਜਿਸ ਈਰਾਨ ਜੰਗ ਨੂੰ ਛੇੜਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਚਿਆ ਹੋਵੇਗਾ ਕਿ ਸਿਰਫ਼ ਚਾਰ ਦਿਨਾਂ ਵਿਚ ਹੀ ਜੰਗ ਦਾ ਫ਼ੈਸਲਾ ਹੋ ਜਾਵੇਗਾ, ਉਹ ਟਕਰਾਅ ਮਹੀਨੇ ਭਰ ਤੋਂ ਵੀ ਜ਼ਿਆਦਾ ਲੰਬਾ ਖਿੱਚਿਆ ਗਿਆ ਹੈ ਅਤੇ ਉਸ ’ਤੇ ਜਲਦੀ ਵਿਰਾਮ ਲੱਗਣ ਦੇ ਵੀ ਕੋਈ ਆਸਾਰ ਨਹੀਂ ਦਿਖਾਈ ਦੇ ਰਹੇ ਹਨ। ਇਸ ਦੌਰਾਨ ਅਮਰੀਕਾ ਦੇ ਲਗਪਗ 40 ਅਰਬ ਡਾਲਰ ਖ਼ਰਚ ਹੋ ਚੁੱਕੇ ਹਨ।
ਰਣ-ਭੂਮੀ ਵਿਚ ਫ਼ੌਜੀ ਨਾ ਉਤਾਰਨ ਦੀ ਵਾਰ-ਵਾਰ ਦੁਹਾਈ ਦੇਣ ਦੇ ਬਾਵਜੂਦ ਟਰੰਪ ਨੂੰ ਲਗਪਗ ਸੱਤ ਹਜ਼ਾਰ ਮੈਰੀਨ ਅਤੇ ਪੈਰਾਸ਼ੂਟ ਫ਼ੌਜੀ ਭੇਜਣੇ ਪੈ ਰਹੇ ਹਨ ਪਰ ਈਰਾਨ ਨਾ ਤਾਂ ਕਿਸੇ ਤਰ੍ਹਾਂ ਦੀ ਹਾਰ ਮੰਨਣ ਲਈ ਤਿਆਰ ਹੈ ਅਤੇ ਨਾ ਹੀ ਸਿੱਧੀ ਗੱਲਬਾਤ ਲਈ। ਅਮਰੀਕੀ ਕਾਂਗਰਸ ਅਤੇ ਸੰਯੁਕਤ ਰਾਸ਼ਟਰ ਤੋਂ ਆਗਿਆ ਲਏ ਬਿਨਾਂ ਈਰਾਨ ਦੇ ਪਰਮਾਣੂ ਅਤੇ ਮਿਜ਼ਾਈਲ ਖ਼ਤਰੇ ਤੋਂ ਰੱਖਿਆ ਦੇ ਬਹਾਨੇ ਛੇੜੀ ਗਈ ਇਸ ਜੰਗ ਨੇ ਪੂਰੀ ਦੁਨੀਆ ਨੂੰ ਇਕ ਗੰਭੀਰ ਆਰਥਿਕ ਸੰਕਟ ਵਿਚ ਪਾ ਦਿੱਤਾ ਹੈ। ਅਜਿਹਾ ਇਸ ਲਈ, ਕਿਉਂਕਿ ਆਪਣੇ ਵਿਆਪਕ ਵਿਨਾਸ਼ ਤੋਂ ਤਿਲਮਿਲਾਇਆ ਈਰਾਨ ਹੁਣ ਆਪਣੇ 454 ਕਿੱਲੋ ਸੋਧੇ ਹੋਏ ਯੂਰੇਨੀਅਮ ਨੂੰ ਸੌਂਪਣਾ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਸੀਮਤ ਕਰਨਾ ਤਾਂ ਦੂਰ, ਹੋਰਮੁਜ਼ ਜਲ ਮਾਰਗ ’ਤੇ ਕਬਜ਼ਾ ਕਰਨ ’ਤੇ ਉਤਾਰੂ ਹੋ ਗਿਆ ਹੈ।
ਈਰਾਨ ਦੀ ਨਿਗਰਾਨੀ ਵਿਚ ਕੁਝ ਜਹਾਜ਼ਾਂ ਤੋਂ ਇਲਾਵਾ ਇਹ ਜਲ ਮਾਰਗ ਪਿਛਲੇ ਮਹੀਨੇ ਤੋਂ ਬੰਦ ਹੈ। ਇਸ ਕਾਰਨ ਤੇਲ, ਗੈਸ, ਰਸਾਇਣਕ ਖਾਦਾਂ, ਹੀਲੀਅਮ ਅਤੇ ਪਲਾਸਟਿਕ ਦੇ ਕੱਚੇ ਮਾਲ ਦੀ ਤੰਗੀ ਹੋ ਗਈ ਹੈ। ਭਾਰਤ, ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਸਮੇਤ ਏਸ਼ੀਆ ਦੇ ਸਾਰੇ ਅਰਥਚਾਰਿਆਂ ਦੀ ਨਿਰਭਰਤਾ ਖਾੜੀ ’ਤੇ ਸਭ ਤੋਂ ਵੱਧ ਹੈ। ਇਸ ਲਈ ਉੱਥੇ ਤਾਂ ਮਹਿੰਗਾਈ ਅਤੇ ਮੰਦਗੀ ਦਾ ਖ਼ਤਰਾ ਹੈ ਹੀ, ਯੂਰਪ ਅਤੇ ਅਮਰੀਕਾ ਵਿਚ ਵੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਵਿਆਜ ਦਰਾਂ ਵਧਾਉਣ ਦੀਆਂ ਗੱਲਾਂ ਹੋਣ ਲੱਗੀਆਂ ਹਨ। ਇਸ ਨੂੰ 1970 ਦੇ ਦਹਾਕੇ ਵਿਚ ਇਜ਼ਰਾਈਲ-ਮਿਸਰ-ਸੀਰੀਆ ਜੰਗ ਅਤੇ ਇਸਲਾਮੀ ਕ੍ਰਾਂਤੀ ਦੇ ਤੇਲ ਸੰਕਟਾਂ ਨਾਲੋਂ ਵੀ ਵੱਡਾ ਊਰਜਾ ਸੰਕਟ ਮੰਨਿਆ ਜਾ ਰਿਹਾ ਹੈ।
ਹੋਰਮੁਜ਼ ਬੰਦ ਰਹਿਣ ਕਾਰਨ ਉਪਜੀ ਆਰਥਿਕ ਸੰਕਟ ਦੀ ਤਪਸ਼ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਨਾਲ-ਨਾਲ ਅਮਰੀਕਾ ’ਚ ਵੀ ਪਹੁੰਚ ਚੁੱਕੀ ਹੈ। ਅਮਰੀਕਾ ਵਿਚ ਡੀਜ਼ਲ ਦੀ ਕੀਮਤਾਂ 25 ਪ੍ਰਤੀਸ਼ਤ ਤੱਕ ਵਧ ਗਈਆਂ ਹਨ। ਡੀਜ਼ਲ ਅਤੇ ਰਸਾਇਣਕ ਖਾਦਾਂ ਦੀ ਮਹਿੰਗਾਈ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨੀ ’ਤੇ ਪੈ ਰਿਹਾ ਹੈ। ਰੋਜ਼ਮੱਰਾ ਦੀ ਵਰਤੋਂ ਦਾ ਸਾਮਾਨ ਮਹਿੰਗਾ ਹੋਣ ਕਾਰਨ ਟਰੰਪ ਦੇ ਮਾਗਾ ਸਮਰਥਕਾਂ ਵਿਚ ਵੀ ਨਾਰਾਜ਼ਗੀ ਹੈ।
ਜੰਗ ਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ 61 ਪ੍ਰਤੀਸ਼ਤ ਤੋਂ ਉੱਪਰ ਚਲੀ ਗਈ ਹੈ। ਟਰੰਪ ਦਾ ਆਪਣਾ ਜਨ-ਸਮਰਥਨ ਇਤਿਹਾਸ ਦੇ ਨਿਊਨਤਮ ਬਿੰਦੂ ’ਤੇ ਹੈ। ਸੈਨੇਟ ਵਿਚ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਰੱਖਿਆ ਮੰਤਰੀ ਹੇਗਸੇਥ ਅਤੇ ਵਿਦੇਸ਼ ਮੰਤਰੀ ਰੂਬਿਓ ਨੂੰ ਕਮੇਟੀਆਂ ਵਿਚ ਤਲਬ ਕਰਨ ’ਤੇ ਅੜੇ ਹੋਏ ਹਨ। ਨਵੰਬਰ ਵਿਚ ਹੋਣ ਜਾ ਰਹੀਆਂ ਸੰਸਦੀ ਚੋਣਾਂ ਵਿਚ ਜੇ ਟਰੰਪ ਦੀ ਰਿਪਬਲਿਕਨ ਪਾਰਟੀ ਨੇ ਕਾਂਗਰਸ ਵਿਚ ਆਪਣਾ ਬਹੁਮਤ ਗੁਆ ਦਿੱਤਾ ਤਾਂ ਟਰੰਪ ’ਤੇ ਮਹਾਦੋਸ਼ ਦੀ ਤਲਵਾਰ ਵੀ ਲਟਕਣ ਲੱਗੇਗੀ।
ਇਸ ਲਈ ਉਹ ਹੁਣ ਇਸ ਜੰਗ ਨੂੰ ਕਿਸੇ ਅਜਿਹੇ ਸਮਝੌਤੇ ਨਾਲ ਖ਼ਤਮ ਕਰਨ ਲਈ ਤਰਲੋਮੱਛੀ ਹੋ ਰਹੇ ਹਨ ਜਿਸ ਵਿਚ ਉਨ੍ਹਾਂ ਦੀ ਜਿੱਤ ਦਾ ਡੰਕਾ ਵੱਜਣ ਦੀ ਗੁੰਜਾਇਸ਼ ਹੋਵੇ। ਇਸ ਲਈ ਉਹ ਕਿਸੇ ਵੀ ਵਿਚੋਲੇ ਜ਼ਰੀਏ ਸੰਦੇਸ਼ ਭੇਜ ਕੇ ਗੱਲਬਾਤ ਦੀ ਹਵਾ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਵਿਚੋਲਗੀ ਲਈ ਉਨ੍ਹਾਂ ਨੂੰ ਚੀਨ ਜਾਂ ਰੂਸ ਵਰਗਾ ਕੋਈ ਦੇਸ਼ ਨਹੀਂ ਮਿਲਿਆ ਜਿਸ ਦੇ ਈਰਾਨ ਨਾਲ ਰੱਖਿਆ ਖੇਤਰ ਦੇ ਰਿਸ਼ਤੇ ਹੋਣ। ਓਮਾਨ ਅਤੇ ਕਤਰ ਵਰਗੇ ਪੁਰਾਣੇ ਵਿਚੋਲੇ ਵੀ ਤਿਆਰ ਨਹੀਂ ਹੋਏ। ਬਸ, ਇਕ ਪਾਕਿਸਤਾਨ ਹੀ ਮਿਲਿਆ ਹੈ।
ਫਾਰਸ ਅਤੇ ਓਮਾਨ ਦੀਆਂ ਖਾੜੀਆਂ ਨੂੰ ਮਿਲਾਉਣ ਵਾਲੇ ਹੋਰਮੁਜ਼ ਜਲ ਮਾਰਗ ਦੀ ਚੌੜਾਈ ਇਸ ਦੇ ਮੋੜ ’ਤੇ ਸਿਰਫ਼ 21 ਸਮੁੰਦਰੀ ਮੀਲ ਹੈ ਜਿਸ ਵਿੱਚੋਂ 12 ਸਮੁੰਦਰੀ ਮੀਲ ਤੱਕ ਈਰਾਨ ਦੀ ਸਮੁੰਦਰੀ ਸਰਹੱਦ ਹੈ ਅਤੇ 12 ਸਮੁੰਦਰੀ ਮੀਲ ਓਮਾਨ ਦੀ।
ਦੋਹਾਂ ਦੀਆਂ ਜਲ-ਸੀਮਾਵਾਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ ਪਰ ਸੰਯੁਕਤ ਰਾਸ਼ਟਰ ਦੇ ਜਲ ਮਾਰਗ ਕਾਨੂੰਨ ਮੁਤਾਬਕ ਇਹ ਦੋਵੇਂ ਦੇਸ਼ ਆਪਣੀਆਂ ਜਲ-ਸੀਮਾਵਾਂ ਤੋਂ ਹੋ ਕੇ ਗੁਜ਼ਰਨ ਵਾਲੇ ਜਹਾਜ਼ਾਂ ਨੂੰ ਰੋਕ ਨਹੀਂ ਸਕਦੇ। ਜਿਵੇਂ ਹਵਾਈ ਜਹਾਜ਼ਾਂ ਨੂੰ ਦੂਜੇ ਦੇਸ਼ਾਂ ਦੀ ਹਵਾਈ ਸੀਮਾ ਤੋਂ ਉਡਾਨ ਭਰਨ ਦਾ ਅਧਿਕਾਰ ਹੈ, ਉਸੇ ਤਰ੍ਹਾਂ ਸਮੁੰਦਰੀ ਜਹਾਜ਼ਾਂ ਨੂੰ ਜਲ-ਸੀਮਾ ਤੋਂ ਹੋ ਕੇ ਗੁਜ਼ਰਨ ਦਾ ਹੱਕ ਹੈ।
ਇੱਥੇ ਸਮੱਸਿਆ ਅਧਿਕਾਰਾਂ ਦੀ ਨਹੀਂ, ਸਗੋਂ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨ ਦੀ ਹੈ। ਈਰਾਨ ’ਤੇ ਹਮਲੇ ਦੇ ਸਮੇਂ ਤਾਂ ਅਮਰੀਕਾ ਅਤੇ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਨਿਯਮਾਂ ਦਾ ਧਿਆਨ ਨਹੀਂ ਰੱਖਿਆ। ਨਾ ਹੀ ਈਰਾਨ ਦੇ ਚੀਨ ਅਤੇ ਰੂਸ ਵਰਗੇ ਮਿੱਤਰਾਂ ਨੇ ਜਾਂ ਦੂਜੇ ਦੇਸ਼ਾਂ ਨੇ ਹਮਲੇ ਰੋਕਣ ਲਈ ਕੋਈ ਆਵਾਜ਼ ਉਠਾਈ। ਹੁਣ ਈਰਾਨ ਤੋਂ ਉਸ ਦੇ ਹੋਰਮੁਜ਼ ਜਲ ਮਾਰਗ ਤੋਂ ਹੋ ਕੇ ਗੁਜ਼ਰਨ ਦੇ ਅਧਿਕਾਰ ਦੀ ਮੰਗ ਕਿਸ ਮੂੰਹ ਨਾਲ ਕਰਨਗੇ। ਇਸ ਨੂੰ ਖੋਲ੍ਹਣ ਲਈ ਟਰੰਪ ਨੇ ਨਾਟੋ ਅਤੇ ਦੂਜੇ ਮਿੱਤਰ ਦੇਸ਼ਾਂ ਨੂੰ ਧਮਕਾਇਆ ਅਤੇ ਫਿਟਕਾਰਿਆ ਪਰ ਕਿਸੇ ਨੇ ਕੁਝ ਨਹੀਂ ਕੀਤਾ।
ਪਿਛਲੇ ਹਫ਼ਤੇ ਨਾਟੋ ਦੇ ਜਨਰਲ ਸਕੱਤਰ ਮਾਰਕ ਰੂਟਰ ਨੇ ਹੋਰਮੁਜ਼ ਖੁਲ੍ਹਵਾਉਣ ਲਈ ਨਾਟੋ ਦੇਸ਼ਾਂ ਸਮੇਤ ਤੀਹ ਦੇਸ਼ਾਂ ਦਾ ਸੰਗਠਨ ਬਣਾਉਣ ਦੀ ਗੱਲ ਜ਼ਰੂਰ ਆਖੀ ਪਰ ਈਰਾਨ ਦਾ ਕਹਿਣਾ ਹੈ ਕਿ ਹੋਰਮੁਜ਼ ਜਲ ਮਾਰਗ ਬੰਦ ਕਿੱਥੇ ਹੈ? ਮਿੱਤਰ ਦੇਸ਼ਾਂ ਦੇ ਜਹਾਜ਼ਾਂ ਲਈ ਤਾਂ ਖੁੱਲ੍ਹਾ ਹੈ। ਸਿਰਫ਼ ਅਮਰੀਕਾ, ਇਜ਼ਰਾਈਲ ਅਤੇ ਉਨ੍ਹਾਂ ਦੇ ਸਮਰਥਕ ਦੇਸ਼ਾਂ ਦੇ ਜਹਾਜ਼ਾਂ ਲਈ ਬੰਦ ਹੈ। ਉਨ੍ਹਾਂ ਨੂੰ ਜਾਣ ਲਈ ਭਾਰੀ ਚੁੰਗੀ ਅਦਾ ਕਰਨੀ ਹੋਵੇਗੀ।
ਕਿੱਥੇ ਤਾਂ ਅਮਰੀਕਾ ਨੇ ਈਰਾਨ ਦੀ ਮੁੱਲਾਸ਼ਾਹੀ ਨੂੰ ਨੇਸਤੋਨਾਬੂਦ ਕਰਨ ਲਈ ਉਸ ਦੇ ਤੇਲ ’ਤੇ ਪਾਬੰਦੀ ਲਾ ਰੱਖੀ ਸੀ। ਕਿੱਥੇ ਹੁਣ ਈਰਾਨ ਨੇ ਅਮਰੀਕਾ ਅਤੇ ਉਸ ਦੇ ਮਿੱਤਰ ਦੇਸ਼ਾਂ ਦੇ ਜਹਾਜ਼ਾਂ ਦੇ ਹੋਰਮੁਜ਼ ਤੋਂ ਗੁਜ਼ਰਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਨੂੰ ਖੋਲ੍ਹਣ ਲਈ ਟਰੰਪ ਇਕ ਪਾਸੇ ਈਰਾਨ ਦੇ ਬਿਜਲੀਘਰ ਉਡਾਉਣ ਅਤੇ ਕਹਿਰ ਢਾਹੁਣ ਦੀ ਧਮਕੀ ਦੇ ਰਹੇ ਹਨ ਅਤੇ ਤੇਜ਼ ਹਮਲਿਆਂ ਵਿਚ ਮਾਹਰ ਮੈਰੀਨ ਅਤੇ ਪੈਰਾਸ਼ੂਟ ਸੈਨਿਕਾਂ ਨੂੰ ਖਾੜੀ ਵਿਚ ਤੈਨਾਤ ਕਰ ਰਹੇ ਹਨ। ਦੂਜੇ ਪਾਸੇ, ਧਮਕੀ ਦੀ ਸਮਾਂ ਹੱਦ ਵਧਾਉਂਦੇ ਜਾ ਰਹੇ ਹਨ।
ਜਿੱਥੇ ਟਰੰਪ ਈਰਾਨ ਦੀ ਲੜਾਈ ਨੂੰ ਹੋਰਮੁਜ਼ ਨੂੰ ਖੁੱਲ੍ਹਾ ਰੱਖਣ ਦੀ ਲੜਾਈ ਵਿਚ ਬਦਲ ਕੇ ਅੰਤਰਰਾਸ਼ਟਰੀ ਸਮੁਦਾਇ ਦਾ ਖੁੱਸਿਆ ਸਾਥ ਹਾਸਲ ਕਰਨ ਦੀ ਚਾਲ ਚੱਲ ਰਹੇ ਹਨ, ਓਥੇ ਹੀ ਈਰਾਨ ਯਮਨ ਦੇ ਹੂਤੀ ਸੰਗਠਨ ਨੂੰ ਵੀ ਲੜਾਈ ਵਿਚ ਉਤਾਰ ਕੇ ਉਸ ਬਾਬ-ਅਲ-ਮੰਦਾਬ ਜਲ ਮਾਰਗ ਨੂੰ ਰੋਕਣ ਦੀ ਤਿਆਰੀ ਕਰ ਰਿਹਾ ਹੈ ਜੋ ਲਾਲ ਸਾਗਰ ਤੋਂ ਹੋ ਕੇ ਸਵੇਜ ਨਹਿਰ ਤੱਕ ਲੈ ਜਾਂਦਾ ਹੈ।
ਟਰੰਪ ਸਾਰੇ ਪੱਤੇ ਆਪਣੇ ਹੱਥ ਵਿਚ ਹੋਣ ਦੇ ਚਾਹੇ ਜਿੰਨੇ ਵੀ ਦਾਅਵੇ ਕਰਨ ਪਰ ਲੱਗਦਾ ਇਹੀ ਹੈ ਕਿ ਉਹ ਫਸ ਚੁੱਕੇ ਹਨ। ਜੇ ਉਹ ਈਰਾਨ ਦੇ ਬਿਜਲੀਘਰਾਂ ਨੂੰ ਉਡਾਉਂਦੇ ਹਨ ਤਾਂ ਈਰਾਨ ਦੇ ਜਵਾਬੀ ਹਮਲਿਆਂ ਦੀ ਸ਼ੰਕਾ ਨਾਲ ਤੇਲ ਅਤੇ ਸ਼ੇਅਰ ਬਾਜ਼ਾਰਾਂ ਵਿਚ ਹੋਰ ਤਰਥੱਲੀ ਮਚੇਗੀ। ਜੇ ਫ਼ੌਜ ਨੂੰ ਈਰਾਨ ਦੇ ਖਾਰਗ ਜਾਂ ਕਿਸੇ ਹੋਰ ਟਾਪੂ ’ਤੇ ਉਤਾਰਦੇ ਹਨ ਤਾਂ ਬਾਜ਼ਾਰਾਂ ਵਿਚ ਤਰਥੱਲੀ ਦੇ ਨਾਲ-ਨਾਲ ਅਮਰੀਕਾ ਵਿਚ ਵੀ ਉਨ੍ਹਾਂ ਦਾ ਤਿੱਖਾ ਵਿਰੋਧ ਹੋਵੇਗਾ। ਜੇ ਹੋਰਮੁਜ਼ ਖੁਲ੍ਹਵਾਏ ਬਿਨਾਂ ਵਾਪਸ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਾਗਾ ਰਾਸ਼ਟਰਪਤੀ ਦੇ ਰੂਪ ਵਿਚ ਨਹੀਂ, ਸਗੋਂ ਵੀਅਤਨਾਮ ਤੋਂ ਹਾਰ ਕੇ ਵਾਪਸ ਆਏ ਨਿਕਸਨ ਅਤੇ ਇਰਾਕ ਤੋਂ ਹਾਰ ਕੇ ਵਾਪਸ ਆਏ ਬੁਸ਼ ਦੀ ਤਰ੍ਹਾਂ ਈਰਾਨ ਤੋਂ ਹਾਰ ਕੇ ਆਏ ਰਾਸ਼ਟਰਪਤੀ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ।
-ਸ਼ਿਵਕਾਂਤ ਸ਼ਰਮਾ
-(ਲੇਖਕ ਬੀਬੀਸੀ ਹਿੰਦੀ ਦਾ ਸਾਬਕਾ ਸੰਪਾਦਕ ਹੈ)।
-response@jagran.com