ਦਰਅਸਲ, ਕਈ ਵਾਰ ਕਿਸੇ ਕਰਜ਼ੇ ਦੀ ਰਿਕਵਰੀ ਕਰਨ ਗਿਆ ਸਟਾਫ ਕਰਜ਼ਦਾਰ ਨੂੰ ਆਪਣੀ ਦਾਬੇ ਵਾਲੀ ਬੋਲ-ਬਾਣੀ ਕਾਰਨ ਪਰੇਸ਼ਾਨ ਕਰ ਦਿੰਦਾ ਹੈ। ਬਹੁਤੇ ਮਾਮਲਿਆਂ ’ਚ ਕਾਨੂੰਨੀ ਪ੍ਰਕਿਰਿਆ ਨੂੰ ਵੀ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਏਜੰਟਾਂ ਦੀ ਬੈਂਕ ਪ੍ਰਤੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਰੂਪ ’ਚ ਨਿਯਮਾਂ ਦੀ ਉਲੰਘਣਾ ਨਾ ਹੋਵੇ।
ਵਿੱਤੀ ਅਦਾਰਿਆਂ ਤੋਂ ਕਰਜ਼ਾ ਲੈਣ ਮਗਰੋਂ ਕਈ ਵਾਰ ਕਰਜ਼ਦਾਰਾਂ ਦੇ ਹਾਲਾਤ ਕਰਜ਼ਾ ਮੋੜਨ ਲਈ ਸੁਖਾਲੇ ਨਹੀਂ ਰਹਿੰਦੇ। ਇਸ ’ਚ ਕੋਈ ਸ਼ੱਕ ਨਹੀਂ ਕਿ ਰਿਕਵਰੀ ਏਜੰਟ ਉਨ੍ਹਾਂ ਨੂੰ ਕਈ ਵਾਰ ਬੇਲੋੜਾ ਤੰਗ-ਪਰੇਸ਼ਾਨ ਕਰਦੇ ਹਨ। ਅਜਿਹੇ ’ਚ ਦਬਾਅ ਝਲਦਾ ਕਰਜ਼ਦਾਰ ਜਾਨਲੇਵਾ ਕਦਮ ਵੀ ਚੁੱਕ ਲੈਂਦਾ ਹੈ।
ਇਸ ਰੁਝਾਨ ਨੂੰ ਨੱਥ ਪਾਉਣ ਲਈ ਹੁਣ ਆਰਬੀਆਈ ਨੇ ਰਿਕਵਰੀ ਏਜੰਟਾਂ ਬਾਬਤ ਵਿੱਤੀ ਸੰਸਥਾਵਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਮੁਤਾਬਕ ਜੇਕਰ ਕੋਈ ਕਰਜ਼ਦਾਰ ਆਪਣੇ ਮਾੜੇ ਵਿੱਤੀ ਹਾਲਾਤ ਕਾਰਨ ਕਰਜ਼ਾ ਨਹੀਂ ਮੋੜ ਸਕਦਾ ਹੈ ਜਾਂ ਉਹ ਕਿਸ਼ਤ ਭਰਨ ’ਚ ਦੇਰੀ ਕਰਦਾ ਹੈ ਤਾਂ ਉਸ ਸਥਿਤੀ ’ਚ ਉਸ ਨਾਲ ਤਮੀਜ਼ ਨਾਲ ਪੇਸ਼ ਆਉਣਾ ਪਵੇਗਾ। ਆਰਬੀਆਈ ਨੇ ਕਿਹਾ ਹੈ ਕਿ ਬੈਂਕਾਂ ਨੂੰ ਇਸ ਬਾਰੇ ਸਪਸ਼ਟ ਨੀਤੀ ਬਣਾਉਣੀ ਚਾਹੀਦੀ ਹੈ ਜਿਸ ’ਚ ਰਿਕਵਰੀ ਏਜੰਟਾਂ ਦੀ ਯੋਗਤਾ, ਜਾਂਚ ਅਤੇ ਜ਼ਾਬਤੇ ’ਚ ਰਹਿਣ ’ਤੇ ਨਿਗਰਨੀ ਸ਼ਾਮਲ ਹੋਵੇ।
ਦਰਅਸਲ, ਕਈ ਵਾਰ ਕਿਸੇ ਕਰਜ਼ੇ ਦੀ ਰਿਕਵਰੀ ਕਰਨ ਗਿਆ ਸਟਾਫ ਕਰਜ਼ਦਾਰ ਨੂੰ ਆਪਣੀ ਦਾਬੇ ਵਾਲੀ ਬੋਲ-ਬਾਣੀ ਕਾਰਨ ਪਰੇਸ਼ਾਨ ਕਰ ਦਿੰਦਾ ਹੈ। ਬਹੁਤੇ ਮਾਮਲਿਆਂ ’ਚ ਕਾਨੂੰਨੀ ਪ੍ਰਕਿਰਿਆ ਨੂੰ ਵੀ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਏਜੰਟਾਂ ਦੀ ਬੈਂਕ ਪ੍ਰਤੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਰੂਪ ’ਚ ਨਿਯਮਾਂ ਦੀ ਉਲੰਘਣਾ ਨਾ ਹੋਵੇ। ਹਾਲਾਂਕਿ ਬੈਂਕ ਨੂੰ ਰਿਕਵਰੀ ਏਜੰਟਾਂ ਦੀ ਸਾਰੀ ਜਾਣਕਾਰੀ ਗਾਹਕ ਦੀ ਸਹੂਲਤ ਲਈ ਆਪਣੀ ਵੈੱਬਸਾਈਟ ’ਤੇ ਪਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ। ਇਸ ਨਾਲ ਬੈਂਕ ਸਟਾਫ ਤੇ ਗਾਹਕ ਵਿਚਾਲੇ ਰਿਕਵਰੀ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਲੈ ਕੇ ਪਾਰਦਰਸ਼ਤਾ ਵੀ ਬਣੇਗੀ। ਬੈਂਕਾਂ ਤੋਂ ਕਰਜ਼ੇ ਲੈ ਕੇ ਆਪਣੇ ਕਾਰੋਬਾਰ ਤੋਰਨ ਦਾ ਰੁਝਾਨ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ।
ਲੋਕ ਨਵੇਂ ਵਹੀਕਲ, ਮੋਬਾਈਲ, ਲੈਪਟਾਪ ਸਣੇ ਬਹੁਤ ਸਾਰੀਆਂ ਚੀਜ਼ਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਸਮੇਂ ਮਹੀਨਾਵਾਰ ਬੱਝੀ ਕਿਸ਼ਤ ਦੇਣ ਨੂੰ ਤਰਜੀਹ ਦਿੰਦੇ ਹਨ। ਇਸ ਨਾਲ ਉਨ੍ਹਾਂ ਦਾ ਵਿੱਤੀ ਸਰਕਲ ਵੀ ਸਥਿਰ ਰਹਿੰਦਾ ਹੈ ਤੇ ਜੇਬ ’ਤੇ ਇਕਮੁਸ਼ਤ ਕੋਈ ਬੋਝ ਵੀ ਨਹੀਂ ਪੈਂਦਾ। ਕਈ ਮਾਮਲਿਆਂ ’ਚ ਛੋਟੇ ਕਰਜ਼ਿਆਂ ਦੀ ਰਿਕਵਰੀ ਕਰਦਿਆਂ ਵੀ ਏਜੰਟ ਗਾਹਕਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਦਾ ਇਹ ਰਵੱਈਆਂ ਬੈਂਕਾਂ ਦੇ ਧਿਆਨ ’ਚ ਵੀ ਨਹੀਂ ਹੁੰਦਾ।
ਇਸ ਨਾਲ ਗਾਹਕਾਂ ਦੀ ਬੈਂਕ ਪ੍ਰਤੀ ਭਰੋਸੇਯੋਗਤਾ ਵੀ ਟੁੱਟਦੀ ਹੈ। ਰਿਕਵਰੀ ਏਜੰਟ ਕਿਸ ਸਮੇਂ ਕਰਜ਼ਦਾਰਾਂ ਦੇ ਘਰ ਜਾਂਦੇ ਹਨ ਅਤੇ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹਨ, ਇਸ ਦਾ ਵੀ ਵੱਡਾ ਅਸਰ ਪੈਂਦਾ ਹੈ। ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ’ਚ ਰਿਕਵਰੀ ਏਜੰਟਾਂ ਤੋਂ ਤੰਗ-ਪਰੇਸ਼ਾਨ ਹੋ ਕੇ ਗਾਹਕਾਂ ਵੱਲੋਂ ਜਾਨਲੇਵਾ ਕਦਮ ਚੁੱਕ ਲਏ ਗਏ। ਕਿਸਾਨਾਂ ਵੱਲੋਂ ਬੈਂਕਾਂ ਦਾ ਕਰਜ਼ਾ ਨਾ ਮੋੜਨ ਦੀ ਸਥਿਤੀ ’ਚ ਖ਼ੁਦਕੁਸ਼ੀ ਦਾ ਰਾਹ ਚੁਣਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਸਾਲ ਤਾਮਿਲਨਾਡੂ ’ਚ ਇਕ 55 ਸਾਲਾ ਕਿਸਾਨ ਨੇ ਰਿਕਵਰੀ ਏਜੰਟ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ।
ਕਰਨਾਟਕ ’ਚ 14 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਦੀ ਤਾਰ ਰਿਕਵਰੀ ਏਜੰਟਾਂ ਦੇ ਤਸ਼ੱਦਦ ਨਾਲ ਜੁੜੀ ਹੋਈ ਹੈ। ਉੱਥੇ ਇਕ 65 ਸਾਲਾ ਕਿਸਾਨ ਨੇ ਬੈਂਕ ਦੇ ਏਜੰਟਾਂ ਵੱਲੋਂ ਕਰਜ਼ਾ ਮੋੜਨ ਨੂੰ ਲੈ ਕੇ ਲਗਾਤਾਰ ਕੀਤੀਆਂ ਜਾਂਦੀਆਂ ਫੋਨ ਕਾਲਾਂ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ। ਲੁਧਿਆਣਾ ’ਚ ਛੋਟਾ-ਮੋਟਾ ਕਾਰੋਬਾਰ ਕਰਨ ਵਾਲੇ ਅਤੇ ਰੋਪੜ ’ਚ ਇਕ ਵਿਧਵਾ ਨੇ ਰਿਕਵਰੀ ਏਜੰਟਾਂ ਦੀਆਂ ਧਮਕੀਆਂ ਤੋਂ ਦੁਖੀ ਹੋ ਕੇ ਜੀਵਨ-ਲੀਲਾ ਸਮਾਪਤ ਕਰ ਲਈ।
ਅਜਿਹੇ ਸੈਂਕੜੇ ਮਾਮਲੇ ਹਨ ਜਿਨ੍ਹਾਂ ’ਚ ਰਿਕਵਰੀ ਏਜੰਟਾਂ ਦੀਆਂ ਧੱਕੇਸ਼ਾਹੀਆਂ ਕਾਰਨ ਲੋਕ ਗ਼ਲਤ ਕਦਮ ਚੁੱਕਦੇ ਹਨ। ਇਸ ਲਈ ਵਿੱਤੀ ਅਦਾਰਿਆਂ ਦੇ ਰਿਕਵਰੀ ਏਜੰਟਾਂ ਅਤੇ ਗਾਹਕਾਂ ਵਿਚਾਲੇ ਕਰਜ਼ਿਆਂ ਦੀ ਅਦਾਇਗੀ ਵੇਲੇ ਸੁਖਾਵਾਂ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ।