ਇਸ ਸਾਲ 28 ਫਰਵਰੀ ਨੂੰ ਇਸ ਸਕੂਲ ਉੱਤੇ ਹੋਏ ਹਮਲੇ ਦੀਆਂ ਤਸਵੀਰਾਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਿਚ 168 ਮਾਸੂਮ ਬੱਚੇ ਮਾਰੇ ਗਏ ਸਨ। ਭਲਾ ਤੁਸੀਂ ਦੱਸੋ ਉਨ੍ਹਾਂ ਬੱਚਿਆਂ ਦਾ ਕਸੂਰ ਕੀ ਸੀ। ਸਿਰਫ਼ ਇਹ ਕਿ ਉਹ ਉਸ ਦੌਰ ਵਿੱਚ ਪੈਂਦਾ ਹੋਏ ਜਿੱਥੇ ਬੇਵਜ੍ਹਾ ਹੀ ਯੁੱਧ ਲੜਨਾ ਬੜੇ ਲੋਕਾਂ ਦੀ ਫ਼ਿਤਰਤ ਹੈ।

ਦਿਲ ਨੂੰ ਧੂਹ ਪਾ ਕੇ ਰੱਖ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ ਵਿਸ਼ਵ ਭਰ ਵਿਚ ਹੋਈਆਂ ਲੜਾਈਆਂ ਦੌਰਾਨ 40 ਹਜ਼ਾਰ ਤੋਂ ਵੱਧ ਬੱਚੇ ਮਾਰੇ ਗਏ ਹਨ। ਹੋਰ 6.3 ਕਰੋੜ ਬੱਚੇ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ ਹਨ ਤੇ 7.80 ਕਰੋੜ ਤੋਂ ਵੱਧ ਬੱਚੇ ਸਕੂਲ ਨਹੀਂ ਜਾ ਪਾ ਰਹੇ ਹਨ। ਪੌਣੇ ਕੁ ਪੰਜ ਕਰੋੜ ਬੱਚਿਆਂ ਨੂੰ ਆਪਣਾ ਘਰ, ਸ਼ਹਿਰ ਜਾਂ ਮੁਲਕ ਛੱਡਣਾ ਪਿਆ ਹੈ। ਹੋਰ 40 ਫ਼ੀਸਦੀ ਬੱਚੇ ਜ਼ਰੂਰੀ ਵੈਕਸੀਨ ਲਗਵਾਉਣ ਤੋਂ ਵਾਂਝੇ ਰਹਿ ਗਏ ਹਨ। ਇਹ ਅੰਕੜੇ ਗਲੋਬਲ ਹੰਗਰ ਇੰਡੈਕਸ ਦੀ ਇਕ ਰਿਪੋਰਟ ਤੋਂ ਸਾਹਮਣੇ ਆਏ ਹਨ।
ਯੂਨੀਸੈਫ ਦੀ ਐਗਜ਼ੀਕਿਊਟਿਵ ਡਾਇਰੈਕਟਰ ਕੈਥਰੀਨ ਰਸੇਲ ਦਾ ਕਹਿਣਾ ਹੈ ਕਿ ਯੁੱਧ ਪ੍ਰਭਾਵਿਤ ਬੱਚਿਆਂ ਦੇ ਸਾਹਮਣੇ ਹਰ ਰੋਜ਼ ਜੰਗ ਹੋ ਰਹੀ ਹੈ-ਜਿਉਂਦੇ ਰਹਿਣ ਦੀ ਜੰਗ। ਯੁੱਧ ਉਨ੍ਹਾਂ ਦਾ ਬਚਪਨ ਖੋਹ ਰਹੇ ਹਨ। ਭਲਾ ਕੋਈ ਦੱਸੇ ਕਿ ਈਰਾਨ ਦੇ ਮੀਨਾਵ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਵਾਲੇ ਉਨ੍ਹਾਂ ਛੇ ਤੋਂ 12 ਸਾਲ ਦੇ ਬੱਚਿਆਂ ਨੂੰ ਕੀ ਪਤਾ ਸੀ ਕਿ ਸਵੇਰ ਵੇਲੇ ਆਪਣੇ ਮੰਮੀ ਅਤੇ ਡੈਡੀ ਨੂੰ ਜਿਹੜੀ ਉਹ ਬਾਏ-ਬਾਏ ਬੋਲ ਰਹੇ ਸਨ, ਉਹ ਉਨ੍ਹਾਂ ਦੀ ਅੰਤਿਮ ਬਾਏ-ਬਾਏ ਹੋਵੇਗੀ।
ਇਸ ਸਾਲ 28 ਫਰਵਰੀ ਨੂੰ ਇਸ ਸਕੂਲ ਉੱਤੇ ਹੋਏ ਹਮਲੇ ਦੀਆਂ ਤਸਵੀਰਾਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਿਚ 168 ਮਾਸੂਮ ਬੱਚੇ ਮਾਰੇ ਗਏ ਸਨ। ਭਲਾ ਤੁਸੀਂ ਦੱਸੋ ਉਨ੍ਹਾਂ ਬੱਚਿਆਂ ਦਾ ਕਸੂਰ ਕੀ ਸੀ। ਸਿਰਫ਼ ਇਹ ਕਿ ਉਹ ਉਸ ਦੌਰ ਵਿੱਚ ਪੈਂਦਾ ਹੋਏ ਜਿੱਥੇ ਬੇਵਜ੍ਹਾ ਹੀ ਯੁੱਧ ਲੜਨਾ ਬੜੇ ਲੋਕਾਂ ਦੀ ਫ਼ਿਤਰਤ ਹੈ।
ਯੁੱਧ ਬੜੇ ਦੇਸ਼ਾਂ ਜਾਂ ਗੁੱਟਾਂ ਵਿਚਕਾਰ ਹੁੰਦੇ ਹਨ ਪਰ ਇਨ੍ਹਾਂ ਦੀ ਕੀਮਤ ਮਾਸੂਮ ਬੱਚਿਆਂ ਅਤੇ ਆਮ ਲੋਕਾਂ ਨੂੰ ਅਦਾ ਕਰਨੀ ਪੈਂਦੀ ਹੈ। ਉਹ ਜਿਨ੍ਹਾਂ ਦਾ ਕੋਈ ਯੁੱਧ ਨਾਲ ਸਿੱਧੇ ਤੌਰ ’ਤੇ ਲੈਣ-ਦੇਣ ਨਹੀਂ ਹੁੰਦਾ। ਯੂਨੀਸੈਫ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਮੇਂ 47.3 ਕਰੋੜ ਤੋਂ ਵੱਧ ਬੱਚੇ ਯਾਨੀ ਦੁਨੀਆ ਦਾ ਹਰ ਛੇ ਵਿੱਚੋਂ ਇਕ ਬੱਚਾ ਸੰਘਰਸ਼ ਪ੍ਰਭਾਵਿਤ ਖੇਤਰਾਂ ਵਿਚ ਰਹਿ ਰਿਹਾ ਹੈ। ਯੁੱਧ ਗ੍ਰਸਤ ਖੇਤਰਾਂ ਵਿਚ ਰਹਿਣ ਵਾਲੇ ਬੱਚਿਆਂ ਦਾ ਅੰਕੜਾ 1990 ਵਿਚ ਲਗਪਗ 10 ਫ਼ੀਸਦੀ ਸੀ ਜਿਹੜਾ ਹੁਣ ਵਧ ਕੇ 19 ਪ੍ਰਤੀਸ਼ਤ ਹੋ ਗਿਆ ਹੈ।
ਯੂਨੀਸੈਫ ਦੀ ਇਕ ਹੋਰ ਰਿਪੋਰਟ ਮੁਤਾਬਕ ਯੁੱਧ ਦੇ ਮਾਮਲੇ ਵਿਚ 2024 ਦਾ ਸਾਲ ਸਭ ਤੋਂ ਬੁਰਾ ਰਿਹਾ।
ਵੀਹ ਨਵੰਬਰ 1989 ਨੂੰ ਸੰਯੁਕਤ ਰਾਸ਼ਟਰ ਸਭਾ ਵੱਲੋਂ ਬਾਲ ਅਧਿਕਾਰਾਂ ਦੇ ਐਲਾਨਨਾਮੇ ਤੋਂ ਬਾਅਦ 196 ਦੇਸ਼ਾਂ ਨੇ ਇਸ ਉੱਤੇ ਸਹਿਮਤੀ ਪ੍ਰਗਟ ਕੀਤੀ ਸੀ। ਬੱਚਿਆਂ ਲਈ ਸਾਰੇ ਮੁੱਖ ਅਧਿਕਾਰਾਂ ਨੂੰ ਧਾਰਾ 54 ਤਹਿਤ ਰੱਖਿਆ ਗਿਆ ਸੀ ਪਰ ਅੱਜ ਦੁਨੀਆ ਵਿਚ ਪੰਜ ਬੜੇ ਦੇਸ਼ਾਂ ਇਜ਼ਰਾਈਲ, ਈਰਾਨ, ਅਮਰੀਕਾ ਅਤੇ ਯੂਕਰੇਨ-ਰੂਸ ਦੀ ਲੜਾਈ ਵਿਚ ਇਸ ਐਲਾਨਨਾਮੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਯੂਨੀਸੈਫ ਅਨੁਸਾਰ ਇਕੱਲੇ ਗਾਜ਼ਾ ਵਿਚ 18000 ਤੋਂ ਵੱਧ ਬੱਚੇ ਮਾਰੇ ਗਏ। ਯੂਐੱਨ ਰਿਲੀਫ ਏਜੰਸੀ ਦਾ ਕਹਿਣਾ ਹੈ ਕਿ ਇਲਾਜ ਨਾ ਮਿਲਣ ਕਾਰਨ ਹਜ਼ਾਰਾਂ ਬੱਚਿਆਂ ਦੀ ਜਾਨ ਦਰਦ ਦੀ ਵਜ੍ਹਾ ਨਾਲ ਗਈ। ਉੱਥੇ ਹਰ ਦਿਨ ਔਸਤਨ 10 ਬੱਚੇ ਜ਼ਖ਼ਮੀ ਹੁੰਦੇ ਰਹੇ ਹਨ ਤੇ ਇਨ੍ਹਾਂ ਵਿੱਚੋਂ ਇਕ ਜਾਂ ਦੋ ਦੇ ਪੈਰ ਕੱਟਣੇ ਪੈਂਦੇ ਰਹੇ ਹਨ।
‘ਟਾਈਮ’ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਯੂਕਰੇਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰੂਸੀ ਫ਼ੌਜ 20 ਹਜ਼ਾਰ ਬੱਚਿਆਂ ਨੂੰ ਅਗਵਾ ਕਰ ਕੇ ਆਪਣੇ ਮੁਲਕ ਲੈ ਗਈ ਹੈ। ਯੂਕਰੇਨ ਸਕਿਉਰਿਟੀ ਸਰਵਿਸ ਦਾ ਦਾਅਵਾ ਹੈ ਕਿ ਰੂਸ ਅਗਵਾ ਕੀਤੇ ਬੱਚਿਆਂ ਨੂੰ ਉਨ੍ਹਾਂ ਦੇ ਖ਼ਿਲਾਫ਼ ਹੀ ਜੰਗ ਵਿਚ ਖੜ੍ਹਿਆਂ ਕਰ ਰਿਹਾ ਹੈ। ਗਲੋਬਲ ਹੰਗਰ ਇੰਡੈਕਸ ਅਨੁਸਾਰ ਯੁੱਧ ਗ੍ਰਸਤ ਦੇਸ਼ਾਂ ਵਿਚ ਭੁੱਖਮਰੀ ਦਾ ਪੱਧਰ ਸ਼ਾਂਤੀਪੂਰਨ ਦੇਸ਼ਾਂ ਦੇ ਮੁਕਾਬਲੇ 40 ਫ਼ੀਸਦੀ ਜ਼ਿਆਦਾ ਹੁੰਦਾ ਹੈ। ਕਿਉਂਕਿ ਦੁਨੀਆ ਦਾ ਇਕ ਵੱਡਾ ਹਿੱਸਾ ਯੁੱਧ ਦੀ ਲਪੇਟ ਵਿਚ ਆ ਗਿਆ ਹੈ, ਇਸ ਵਜ੍ਹਾ ਕਰਕੇ ਭੁੱਖਮਰੀ ਗ੍ਰਸਤ ਬੱਚਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਕ ਹੋਰ ਰਿਪੋਰਟ ਕਹਿੰਦੀ ਹੈ ਕਿ ਯੁੱਧ ਪ੍ਰਭਾਵਿਤ ਦੇਸ਼ਾਂ ਦੇ 6.3 ਕਰੋੜ ਬੱਚੇ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ ਹਨ। ਇਸੇ ਤਰ੍ਹਾਂ ਸਿੱਖਿਆ ਦੀ ਸਥਿਤੀ ਵੀ ਗੰਭੀਰ ਹੈ। ਯੂਨੈਸਕੋ ਅਨੁਸਾਰ ਇਨ੍ਹਾਂ ਦੇਸ਼ਾਂ ਦੇ 7.8 ਕਰੋੜ ਬੱਚੇ ਸਕੂਲ ਜਾਣ ਤੋਂ ਵਾਂਝੇ ਹੋ ਗਏ। ਫਲਸਤੀਨੀ ਸਿੱਖਿਆ ਮੰਤਰਾਲੇ ਅਨੁਸਾਰ ਮਾਰਚ 2025 ਤੱਕ ਗਾਜ਼ਾ ਦੇ 87.5 ਫ਼ੀਸਦੀ ਬੱਚੇ ਸਕੂਲ ਛੱਡਣ ਲਈ ਮਜਬੂਰ ਹੋਏ ਸਨ। ਇੱਥੋਂ ਦੇ 6.25 ਲੱਖ ਬੱਚੇ ਸਕੂਲ ਨਹੀਂ ਜਾ ਰਹੇ ਹਨ।
ਯੂਕਰੇਨ ਵਿਚ 3370 ਸਿੱਖਿਆ ਸੰਸਥਾਵਾਂ ਨੂੰ ਨੁਕਸਾਨ ਪੁੱਜ ਚੁੱਕਾ ਹੈ। ਯੁੱਧ ਗ੍ਰਸਤ ਖੇਤਰਾਂ ਦੇ ਲਗਪਗ 40 ਫ਼ੀਸਦੀ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਵੈਕਸੀਨ ਜਾਂ ਤਾਂ ਲੱਗੀ ਨਹੀਂ ਜਾਂ ਡੋਜ਼ ਪੂਰੀ ਨਹੀਂ ਹੋ ਸਕੀ। ਇਸ ਹਾਲਤ ਵਿਚ ਬੱਚਿਆਂ ਨੂੰ ਖਸਰਾ ਅਤੇ ਪੋਲੀਓ, ਕਈਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਵਧ ਗਿਆ ਹੈ। ਬਿਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਹੋਣ ਦੀ ਵਜ੍ਹਾ ਕਰਕੇ ਯੁੱਧ ਪ੍ਰਭਾਵਿਤ ਖੇਤਰਾਂ ਦੇ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਮਰਨ ਦੀ ਦਰ ਸ਼ਾਂਤੀ ਵਾਲੇ ਦੇਸ਼ਾਂ ਨਾਲੋਂ ਦੁੱਗਣੀ ਹੈ। ਯੂਐੱਨ ਦੀ ਰਿਪੋਰਟ ਮੁਤਾਬਕ 2024 ਦੇ ਅੰਤ ਤੱਕ 4.72 ਕਰੋੜ ਬੱਚਿਆਂ ਨੂੰ ਯੁੱਧ ਅਤੇ ਹਿੰਸਾ ਕਾਰਨ ਆਪਣਾ ਘਰ ਜਾਂ ਦੇਸ਼ ਛੱਡਣਾ ਪੈ ਗਿਆ ਸੀ।
ਫਿਲਸਤੀਨ, ਲਿਬਨਾਨ, ਮਿਆਂਮਾਰ , ਸੂਡਾਨ ਅਤੇ ਯੂਕਰੇਨ ਜਿਹੇ ਦੇਸ਼ਾਂ ਵਿਚ ਪਲਾਇਨ ਤੇਜ਼ੀ ਨਾਲ ਵਧਿਆ ਹੈ। ਯੂਐੱਨ ਰਫਿਊਜੀ ਏਜੰਸੀ ਦੀ ਇਕ ਰਿਪੋਰਟ ਮੁਤਾਬਿਕ ਸਿਰਫ਼ ਯੂਕਰੇਨ ਦੇ 50 ਲੱਖ ਬੱਚੇ ਘਰੋਂ ਬੇਘਰ ਹੋਏ ਹਨ। ਬੱਚਿਆਂ ਤੇ ਮਨੋਰੋਗਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਯੁੱਧ ਜਾਂ ਯੁੱਧ ਵਰਗੇ ਹਾਲਾਤ ਦਾ ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਅਤਿਅੰਤ ਬੁਰਾ ਅਸਰ ਪੈ ਰਿਹਾ ਹੈ। ਬੱਚਿਆਂ ਦੀ ਜਿੱਥੇ ਸਿੱਖਣ ਦੀ ਸਮਰੱਥਾ ਘਟਦੀ ਹੈ, ਉੱਥੇ ਹੀ ਯਾਦ ਸ਼ਕਤੀ ਵੀ ਘੱਟ ਹੁੰਦੀ ਹੈ। ਅਜਿਹੇ ਦੇਸ਼ਾਂ ਦੇ ਬੱਚੇ ਭਾਵਨਾਤਮਕ ਤੌਰ ’ਤੇ ਪ੍ਰਭਾਵਿਤ ਹੁੰਦੇ ਹਨ।
ਇਨ੍ਹਾਂ ਬੱਚਿਆਂ ਅੰਦਰ ਪੱਕੇ ਤੌਰ ’ਤੇ ਡਰ ਬੈਠ ਜਾਂਦਾ ਹੈ। ਬੁਰੇ ਸੁਪਨੇ ਉਨ੍ਹਾਂ ਨੂੰ ਗੂੜ੍ਹੀ ਨੀਂਦ ਵੀ ਨਹੀਂ ਲੈਣ ਦਿੰਦੇ ਹਨ। ਬੱਚਿਆਂ ਦਾ ਸੁਰੱਖਿਅਤ ਜੀਵਨ ਜਿਉਣ ਦਾ ਭਰੋਸਾ ਟੁੱਟਦਾ ਹੈ। ਿਹੜੇ ਬੱਚਿਆਂ ਦੇ ਮਾਂ-ਪਿਉ ਯੁੱਧ ਦੀ ਭੇਟ ਚੜ੍ਹ ਜਾਂਦੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਘੋਰ ਉਦਾਸੀ ਵਿਚ ਚਲੇ ਜਾਂਦੇ ਹਨ। ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਸੰਵਾਦ ਨਾਲ ਵੱਡੇ ਤੋਂ ਵੱਡੇ ਮਸਲੇ ਨਜਿੱਠੇ ਜਾ ਸਕਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸੁਨੇਹਾ ਸਦੀਆਂ ਪਹਿਲਾਂ ਦੇ ਗਏ ਸਨ। ਅਮਰੀਕਾ ਤੇ ਈਰਾਨ ਵਿਚਾਲੇ ਜੰਗ ਦੇ ਸਿੱਟੇ ਲੰਬੇ ਸਮੇਂ ਤੱਕ ਪੂਰੀ ਦੁਨੀਆ ਨੂੰ ਭੁਗਤਣੇ ਪੈਣਗੇ। ਈਰਾਨੀ ਲੋਕਾਂ ਦਾ ਜਜ਼ਬਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਹੈਂਕੜ ਯੁੱਧ ਨੂੰ ਮੁੱਕਣ ਨਹੀਂ ਦੇ ਰਹੀ ਹੈ।
-ਕਮਲਜੀਤ ਸਿੰਘ ਬਨਵੈਤ
-ਮੋਬਾਈਲ : 98147-34035