- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਰਾਨੀ ਵਾਲੀ ਗੱਲ ਸੀ ਕਿ ਅਜਿਹਾ ਉਸ ਵੇਲੇ ਹੋ ਰਿਹਾ ਸੀ ਜਦੋਂ ਦੋ ਸਮਰੱਥ ਮੁਲਕ ਇਕ-ਦੂਜੇ ਨਾਲ ਰਿਸ਼ਤਿਆਂ ਦੀ ਮਜ਼ਬੂਤੀ ਲਈ ਗਲਵੱਕੜੀਆਂ ਪਾ ਰਹੇ ਸਨ। ਭਾਰਤ ਦੇ ਇਸ ਕਦਮ ਨਾਲ ਅਮਰੀਕਾ ਦੇ ਸਿਆਸੀ ਹਲਕਿਆਂ ’ਚ ਵੀ ਚਿੰਤਾ ਵਧੀ ਸੀ। ਟਰੰਪ ਹੁਣ ਵੈਨੇਜ਼ੁਏਲਾ ਤੋਂ ਬਾਅਦ ਏਸ਼ੀਆ, ਯੂਰਪ ਅਤੇ ਲੈਟਿਨ ਅਮਰੀਕੀ ਦੇਸ਼ਾਂ ਨੂੰ ਧਮਕੀਆਂ ਦੇ ਰਹੇ ਹਨ।

ਵੈਨੇਜ਼ੁਏਲਾ ’ਤੇ ਅਮਰੀਕਾ ਦੇ ਹਮਲੇ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੂਰੀ ਦੁਨੀਆ ’ਚ ਹਾਹਾਕਾਰ ਵਾਲਾ ਮਾਹੌਲ ਹੈ। ਅਮਰੀਕਾ ਵੈਨੇਜ਼ੁਏਲਾ ’ਤੇ ਹਮਲਾ ਕਰਨ ਦੇ ਪਿੱਛੇ ਦੇ ਕਾਰਨਾਂ ਨੂੰ ਹਾਲਾਂਕਿ ਸਪਸ਼ਟ ਕਰ ਚੁੱਕਾ ਹੈ। ਰਾਸ਼ਟਰਪਤੀ ਟਰੰਪ ਕਹਿ ਚੁੱਕੇ ਹਨ ਕਿ ਅਮਰੀਕੀ ਪ੍ਰਸ਼ਾਸਨ ਨੇ ਇਹ ਕਾਰਵਾਈ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ, ਖ਼ਾਸ ਕਰਕੇ ਪਰਵਾਸ ਦੇ ਹੱਲ ਵਜੋਂ ਕੀਤੀਆਂ ਹਨ।
ਅਮਰੀਕਾ ਨੇ ਕਿਹਾ ਸੀ ਕਿ ਵੈਨੇਜ਼ੁਏਲਾ ਦੇ ਲੋਕ ਆਪਣੇ ਮੁਲਕ ਦੀਆਂ ਮਾੜੀਆਂ ਨੀਤੀਆਂ ਤੇ ਹਾਲਾਤ ਕਾਰਨ ਦੇਸ਼ ਛੱਡ ਕੇ ਉੱਤਰ ਵੱਲ ਆ ਰਹੇ ਹਨ ਅਤੇ ਇਸੇ ਕਾਰਨ ਉਸ ਨੂੰ ਹਮਲਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰੀ ਖ਼ਿਲਾਫ਼ ਵੀ ਇਹ ਕਾਰਵਾਈ ਕੀਤੀ ਗਈ ਹੈ। ਟਰੰਪ ਪ੍ਰਸ਼ਾਸਨ ਜਦੋਂ ਤੋਂ ਕਾਰਜਸ਼ੀਲ ਹੋਇਆ ਹੈ, ਉਦੋਂ ਤੋਂ ਹੀ ਦੂਜੇ ਮੁਲਕਾਂ ਲਈ ਉਸ ਦੀਆਂ ਕਈ ਨੀਤੀਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਰਹੀਆਂ ਹਨ। ਭਾਰਤ ਸਣੇ ਕਈ ਮੁਲਕਾਂ ’ਤੇ ਅਮਰੀਕੀ ਰਾਸ਼ਟਰਪਤੀ ਹੱਦੋਂ ਵੱਧ ਟੈਰਿਫ ਲਾਗੂ ਕਰਨ ਦਾ ਐਲਾਨ ਕਰ ਚੁੱਕੇ ਹਨ।
ਭਾਰਤ ਅਮਰੀਕਾ ਨਾਲ ਵੱਡੇ ਪੱਧਰ ’ਤੇ ਆਰਥਿਕ ਲੈਣ-ਦੇਣ ਕਰਦਾ ਹੈ। ਲੰਘੇ ਸਾਲ ਟਰੰਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮੁਲਾਕਾਤਾਂ ਅਤੇ ਟੈਲੀਫੋਨ ’ਤੇ ਮੁੱਦਿਆਂ ’ਤੇ ਕੀਤੀਆਂ ਵਿਚਾਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹਨ। ਦੋਵੇਂ ਮੁਲਕ ਇਕ-ਦੂਜੇ ਨਾਲ ਸੁਹਿਰਦ ਸਬੰਧਾਂ ਦਾ ਦਾਅਵਾ ਕਰਦੇ ਹਨ। ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ’ਚ ਵਿਚੋਲਗੀ ਕਰਨ ਦਾ ਦਾਅਵਾ ਟਰੰਪ ਕਈ ਵਾਰ ਕਰ ਚੁੱਕੇ ਹਨ। ਦੋਵੇਂ ਮੁਲਕ ਇਕ-ਦੂਜੇ ਨੂੰ ਚੰਗੇ ਮਿੱਤਰ ਵਜੋਂ ਦੱਸਦੇ ਹਨ ਪਰ ਇਸ ਸਭ ਦਰਮਿਆਨ ਲਗਾਤਾਰ ਟੈਰਿਫਾਂ ਦਾ ਬੋਝ ਪਾਉਣਾ ਤੇ ਅਮਰੀਕਾ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਭਾਰਤੀ ਪਰਵਾਸੀਆਂ ਨੂੰ ਹੱਥਕੜੀਆਂ ਲਾ ਕੇ ਡਿਪੋਰਟ ਕਰ ਦੇਣਾ ਵੀ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਦਿਨਾਂ ’ਚ ਵੀ ਭਾਰਤ ਵੱਲੋਂ ਅਮਰੀਕੀ ਕਾਰਵਾਈ ਖ਼ਿਲਾਫ਼ ਕੋਈ ਮਿਸਾਲੀ ਪ੍ਰਤੀਕਰਮ ਨਹੀਂ ਦਿੱਤਾ ਗਿਆ। ਵੈਨੇਜ਼ੁਏਲਾ ’ਤੇ ਹਮਲੇ ਤੋਂ ਬਾਅਦ ਸਾਰੇ ਮੁਲਕ ਟਰੰਪ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ। ਭਾਰਤ ਵੱਲੋਂ ਵੀ ਰਸਮੀ ਅਤੇ ‘ਪੁਣ-ਛਾਣ’ ਕੇ ਪ੍ਰਤੀਕਰਮ ਦਿੱਤਾ ਗਿਆ। ਭਾਰਤ ਦੀ ਪ੍ਰਤੀਕਿਰਿਆ ’ਚ ਮਿਲ-ਬੈਠ ਕੇ ਮਸਲਾ ਸੁਲਝਾਉਣ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਵੀ ਹੋਰ ਮੁਲਕਾਂ ਵਾਂਗ ਭਾਰਤ ਨੂੰ ਅਸਿੱਧੇ ਤੌਰ ’ਤੇ ਕਈ ਇਸ਼ਾਰੇ ਕੀਤੇ ਹਨ।
ਟੈਰਿਫ ਦਾ ਵਾਧੂ ਬੋਝ ਅਤੇ ਹੋਰ ਪਾਬੰਦੀਆਂ ਲਗਾਉਣ ਦੇ ਇਸ਼ਾਰੇ ਟਰੰਪ ਨੇ ਉਦੋਂ ਵੀ ਕੀਤੇ ਸਨ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੌਰਾਨ ਭਾਰਤ-ਰੂਸ ਨੇ 2030 ਤੱਕ ਕਈ ਆਰਥਿਕ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਸਨ। ਉਸ ਵੇਲੇ ਵੀ ਅਮਰੀਕਾ ਅਤੇ ਭਾਰਤ ਵਿਚਕਾਰ ਪਿਛਲੇ 25 ਸਾਲਾਂ ’ਚ ਬਣੇ ਸਭ ਤੋਂ ਮਜ਼ਬੂਤ ਆਪਸੀ ਸਹਿਯੋਗ ’ਤੇ ਅਵਿਸ਼ਵਾਸ, ਵਪਾਰ ਯੁੱਧ ਅਤੇ ਭੂ-ਰਾਜਨੀਤਕ ਦਬਾਅ ਦੀਆਂ ਪਰਤਾਂ ਚੜ੍ਹਨ ਲੱਗੀਆਂ ਸਨ।
ਹੈਰਾਨੀ ਵਾਲੀ ਗੱਲ ਸੀ ਕਿ ਅਜਿਹਾ ਉਸ ਵੇਲੇ ਹੋ ਰਿਹਾ ਸੀ ਜਦੋਂ ਦੋ ਸਮਰੱਥ ਮੁਲਕ ਇਕ-ਦੂਜੇ ਨਾਲ ਰਿਸ਼ਤਿਆਂ ਦੀ ਮਜ਼ਬੂਤੀ ਲਈ ਗਲਵੱਕੜੀਆਂ ਪਾ ਰਹੇ ਸਨ। ਭਾਰਤ ਦੇ ਇਸ ਕਦਮ ਨਾਲ ਅਮਰੀਕਾ ਦੇ ਸਿਆਸੀ ਹਲਕਿਆਂ ’ਚ ਵੀ ਚਿੰਤਾ ਵਧੀ ਸੀ। ਟਰੰਪ ਹੁਣ ਵੈਨੇਜ਼ੁਏਲਾ ਤੋਂ ਬਾਅਦ ਏਸ਼ੀਆ, ਯੂਰਪ ਅਤੇ ਲੈਟਿਨ ਅਮਰੀਕੀ ਦੇਸ਼ਾਂ ਨੂੰ ਧਮਕੀਆਂ ਦੇ ਰਹੇ ਹਨ।
ਅਮਰੀਕੀ ਹਮਲੇ ’ਤੇ ਭਾਰਤ ਦੇ ਪ੍ਰਤੀਕਰਮ ਤੋਂ ਇਕ ਦਿਨ ਬਾਅਦ ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਕਿ ‘ਮੋਦੀ ਭਲੇ ਪੁਰਸ਼ ਹਨ ਅਤੇ ਉਹ ਜਾਣਦੇ ਹਨ ਕਿ ਮੈਨੂੰ ਕਿਵੇਂ ਖ਼ੁਸ਼ ਕਰਨਾ ਹੈ’, ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਦਾ ਜਵਾਬ ਪੀਐੱਮ ਮੋਦੀ ਨੂੰ ਦੇਸ਼ ਦੀ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਜੇ ਭਾਰਤ ਆਲਮੀ ਅਰਥਚਾਰਿਆਂ ਦੇ ਸਿਖ਼ਰ ਵੱਲ ਵਧ ਰਿਹਾ ਹੈ ਤਾਂ ਕਿਸੇ ਮੁਲਕ ਨੂੰ ਖ਼ੁਸ਼ ਕਰਨ ਦੀ ਲੋੜ ਕਿਉਂ ਪੈ ਸਕਦੀ ਹੈ। ਹਾਲਾਂਕਿ ਚੀਨ ਐਲਾਨ ਕਰ ਚੁੱਕਾ ਹੈ ਕਿ ਕਿਸੇ ਨੂੰ ਵੀ ‘ਆਲਮੀ ਜੱਜ’ ਬਣਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।