ਕੈਂਸਰ ਮਹਾਮਾਰੀ ਦੀ ਤਰ੍ਹਾਂ ਫੈਲਣ ਲੱਗਾ ਹੈ। ਬਠਿੰਡਾ ਤੋਂ ਬੀਕਾਨੇਰ ਨੂੰ ਜਾਣ ਵਾਲੀ ਗੱਡੀ ਦਾ ਨਾਂ ਹੀ ਕੈਂਸਰ ਟਰੇਨ ਪੈ ਗਿਆ ਹੈ। ਪੰਜਾਬ ਦੇ ਮਾਲਵਾ ਖੇਤਰ ਨੂੰ ਕੈਂਸਰ ਨੇ ਸਭ ਤੋਂ ਪਹਿਲਾਂ ਆਪਣੀ ਮਾਰ ਹੇਠ ਤੇਜ਼ੀ ਨਾਲ ਲਿਆ ਸੀ ਪਰ ਹੁਣ ਦੁਆਬਾ ਤੇ ਮਾਝਾ ਵੀ ਇਸ ਦੀ ਜਕੜ ਵਿਚ ਆਉਣ ਲੱਗੇ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੈਂਸਰ ਨਾਲ ਹੋ ਰਹੀਆਂ ਮੌਤਾਂ ਦੇ ਸੰਸਦ ’ਚ ਪੇਸ਼ ਕੀਤੇ ਅੰਕੜੇ ਦਿਲ ਨੂੰ ਦਹਿਲਾ ਦੇਣ ਵਾਲੇ ਹਨ। ਭਾਰਤ ਵਿੱਚੋਂ ਸਭ ਤੋਂ ਬੁਰੀ ਤਰ੍ਹਾਂ ਪੰਜਾਬ ਕੈਂਸਰ ਦੀ ਲਪੇਟ ਵਿਚ ਆਇਆ ਹੈ। ਪੰਜਾਬ ਵਿਚ ਇਹ ਲਾਇਲਾਜ ਤੇ ਨਾਮੁਰਾਦ ਬਿਮਾਰੀ ਕਹਿਰ ਢਾਹੁਣ ਲੱਗੀ ਹੈ। ਸਾਲ 2025 ਵਿਚ ਇਸ ਰੋਗ ਨਾਲ ਹੋ ਰਹੀਆਂ ਮੌਤਾਂ ਅਤੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਬੀਤੇ ਸਾਲ ਦੌਰਾਨ ਕੈਂਸਰ ਨਾਲ ਹਰ ਰੋਜ਼ 68 ਲੋਕ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਰਹੇ ਹਨ।
ਪੂਰਾ ਮੁਲਕ ਵੀ ਕੈਂਸਰ ਦੀ ਮਾਰ ਤੋਂ ਬਚ ਨਹੀਂ ਸਕਿਆ ਹੈ। ਭਾਰਤ ਵਿਚ ਹਰ ਰੋਜ਼ ਕੈਂਸਰ ਨਾਲ 2380 ਮੌਤਾਂ ਹੋ ਰਹੀਆਂ ਹਨ। ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ ਰੋਜ਼ਾਨਾ ਔਸਤਨ 343 ਲੋਕ ਕੈਂਸਰ ਨਾਲ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਰਿਪੋਰਟ ਮੁਤਾਬਕ ਪੰਜਾਬ ਵਿਚ ਕੈਂਸਰ ਹਰ ਰੋਜ਼ 68, ਹਰਿਆਣਾ ਵਿਚ 50 ਲੋਕਾਂ ਨੂੰ ਨਿਗਲ ਰਿਹਾ ਹੈ। ਸੰਸਦ ਵਿਚ ਰੱਖੇ ਗਏ ਅੰਕੜਿਆਂ ਮੁਤਾਬਕ ਪਿਛਲੇ ਸਾਲ ਭਾਰਤ ਭਰ ਵਿਚ ਕੈਂਸਰ ਦੇ 15,69,793 ਨਵੇਂ ਕੇਸ ਸਾਹਮਣੇ ਆਏ ਜਦਕਿ 5,68,548 ਮੌਤਾਂ ਹੋਈਆਂ। ਸਾਲ 2025 ’ਚ ਪੰਜਾਬ ਵਿਚ ਕੈਂਸਰ ਦੇ ਨਵੇਂ 43196 ਮਰੀਜ਼ ਸਾਹਮਣੇ ਆਏ ਸਨ।
ਜਦਕਿ ਉਸੇ ਸਾਲ 24,886 ਮੌਤਾਂ ਹੋਈਆਂ। ਹਰਿਆਣਾ ਵਿਚ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਗਿਣਤੀ 33,395 ਦੱਸੀ ਗਈ ਹੈ ਜਦਕਿ 18987 ਮੌਤਾਂ ਹੋਈਆਂ ਸਨ। ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਸਾਲ 2020 ’ਚ ਕੈਂਸਰ ਦੇ 2,26,125 ਨਵੇਂ ਮਰੀਜ਼ਾਂ ਦਾ ਪਤਾ ਲੱਗਿਆ ਜਦਕਿ 1,25,184 ਮਰੀਜ਼ ਮੌਤ ਦੇ ਮੂੰਹ ਵਿਚ ਜਾ ਪਏ ਸਨ। ਸਿਹਤ ਮੰਤਰਾਲੇ ਵੱਲੋਂ ਪਾਰਲੀਮੈਂਟ ਵਿਚ ਰੱਖੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2021 ’ਚ ਪੰਜਾਬ ਵਿਚ 39,251 ਕੈਂਸਰ ਦੇ ਨਵੇਂ ਮਰੀਜ਼ ਇਲਾਜ ਲਈ ਸਾਹਮਣੇ ਆਏ ਸਨ ਜਦਕਿ 2025 ਵਿਚ ਨਵੇਂ ਕੇਸਾਂ ਦੀ ਗਿਣਤੀ 43,196 ਦੱਸੀ ਗਈ ਹੈ।
ਹਰਿਆਣਾ ਵਿਚ ਇਹ ਗਿਣਤੀ ਕ੍ਰਮਵਾਰ 30,115 ਅਤੇ 33,395 ਦੱਸੀ ਗਈ ਹੈ। ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ 2021 ਵਿਚ 5382 ਨਵੇਂ ਕੇਸ ਸਾਹਮਣੇ ਆਏ ਸਨ ਜਦਕਿ 2025 ’ਚ ਨਵੇਂ ਮਰੀਜ਼ਾਂ ਦੀ ਗਿਣਤੀ 9701 ਸੀ। ਇੰਡੀਅਨ ਮੈਡੀਕਲ ਕੌਂਸਲ ਆਫ ਮੈਡੀਕਲ ਰਿਸਰਚ ਦੇ ਅਧਿਐਨ ਨੇ ਵੀ ਪੰਜਾਬ ਵਿਚ ਛਾਤੀ ਦੇ ਕੈਂਸਰ ਨਾਲ ਸਭ ਤੋਂ ਵੱਧ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਸਾਲ 2021 ’ਚ ਛਾਤੀ ਦੇ ਕੈਂਸਰ ਨਾਲ 22786 ਮੌਤਾਂ ਹੋਈਆਂ ਸਨ ਜਦਕਿ 2024 ’ਚ ਇਹ ਗਿਣਤੀ 24369 ਦੱਸੀ ਗਈ ਸੀ।
ਸਾਲ 2025 ’ਚ ਛਾਤੀ ਦੇ ਕੈਂਸਰ ਨਾਲ 2486 ਔਰਤਾਂ ਦੀ ਮੌਤ ਹੋਈ। ਹਰਿਆਣਾ ’ਚ ਕੈਂਸਰ ਨਾਲ 2021 ’ਚ 16543 ਮੌਤਾਂ ਹੋਈਆਂ ਸਨ ਜਦਕਿ 2025 ਵਿਚ 18387 ਮੌਤਾਂ ਦੱਸੀਆਂ ਗਈਆਂ। ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਸਾਲ 2024 ’ਚ ਕੈਂਸਰ ਨਾਲ 9373 ਮੌਤਾਂ ਹੋਈਆਂ ਜਦਕਿ 2021 ’ਚ ਇਹ ਅੰਕੜਾ 9164 ਸੀ। ਬੀਤੇ ਸਾਲ ਕੈਂਸਰ ਨਾਲ ਹੋਈਆਂ ਮੌਤਾਂ ਦੀ ਗਿਣਤੀ 9761 ਦੱਸੀ ਗਈ ਹੈ। ਚੰਡੀਗੜ੍ਹ ਛੋਟਾ ਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇੱਥੇ ਵੀ 2021 ’ਚ ਕੈਂਸਰ ਨਾਲ 582 ਮੌਤਾਂ ਹੋਈਆਂ ਸਨ ਜਦਕਿ 2025 ਵਿਚ ਕੈਂਸਰ ਨੇ 644 ਲੋਕਾਂ ਨੂੰ ਨਿਗਲਿਆ ਸੀ। ਚੰਡੀਗੜ੍ਹ ਵਿਚ ਬੀਤੇ ਸਾਲ ਕੈਂਸਰ ਦੇ 1183 ਮਰੀਜ਼ ਸਾਹਮਣੇ ਆਏ ਹਨ ਜਦਕਿ 2021 ਵਿਚ ਇਹ ਗਿਣਤੀ 1053 ਸੀ।
ਭਾਰਤ ਵਿਚ 2021 ਨੂੰ ਉਕਤ ਰੋਗ ਦੇ ਨਵੇਂ 14,26,447 ਮਰੀਜ਼ਾਂ ਦਾ ਪਤਾ ਲੱਗਾ ਸੀ ਜਦਕਿ 2025 ’ਚ ਇਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ 15,69,793 ਦੱਸੀ ਗਈ ਸੀ। ਪੰਜ ਸਾਲਾਂ ਵਿਚ ਇਕ ਲੱਖ 43, ਕੇਸਾਂ ਦਾ ਵਾਧਾ ਹੋਇਆ ਹੈ। ਕੈਂਸਰ ਨਾਲ ਪਿਛਲੇ ਸਾਲ 8,68,588 ਮੌਤਾਂ ਹੋਈਆਂ ਸਨ ਜਦਕਿ 2021 ’ਚ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 7,89,202 ਦੱਸੀ ਗਈ ਸੀ। ਉੱਤਰ ਪ੍ਰਦੇਸ਼ ਭਾਰਤ ਦੇ ਵੱਡੇ ਸੂਬਿਆਂ ਵਿੱਚੋਂ ਇਕ ਹੈ ਤੇ ਉੱਥੇ ਕੈਂਸਰ ਦਾ ਕਹਿਰ ਵੀ ਜ਼ਿਆਦਾ ਦਿਸ ਰਿਹਾ ਹੈ। ਯੂਪੀ ਵਿਚ ਪਿਛਲੇ ਸਾਲ ਕੈਂਸਰ ਨਾਲ 2,26,125 ਮੌਤਾਂ ਹੋਈਆਂ ਸਨ।
ਉਸ ਤੋਂ ਬਾਅਦ ਕੈਂਸਰ ਨਾਲ ਸਭ ਤੋਂ ਵੱਧ ਮਹਾਰਾਸ਼ਟਰ ਵਿਚ 1,30,465, ਪੱਛਮੀ ਬੰਗਾਲ ਵਿਚ 1,21,639, ਬਿਹਾਰ ਵਿਚ 1,18 ,136 ਤੇ ਤਮਿਲਨਾਡੂ ’ਚ 1,00,937 ਮੌਤਾਂ ਹੋਈਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਯੂਪੀ ’ਚ ਬਿਹਾਰ ਨਾਲੋਂ ਵੀ 1,25,124 ਵੱਧ ਮੌਤਾਂ ਹੋਈਆਂ ਸਨ। ਕੇਂਦਰੀ ਜਨ ਸਿਹਤ ਮੰਤਰੀ ਨੇ ਮੁਲਕ ਭਰ ਵਿਚ ਕੈਂਸਰ ਨਾਲ ਵਧ ਰਹੀਆਂ ਮੌਤਾਂ ਅਤੇ ਕੇਸਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕੈਂਸਰ ਨਾਲ ਸਬੰਧਤ ਅੰਕੜੇ ਮੈਡੀਕਲ ਜਰਨਲਾਂ ਵਿਚ ਸਮੇਂ-ਸਮੇਂ ’ਤੇ ਛਪਦੇ ਰਹੇ ਹਨ।
ਕੈਂਸਰ ਮਹਾਮਾਰੀ ਦੀ ਤਰ੍ਹਾਂ ਫੈਲਣ ਲੱਗਾ ਹੈ। ਬਠਿੰਡਾ ਤੋਂ ਬੀਕਾਨੇਰ ਨੂੰ ਜਾਣ ਵਾਲੀ ਗੱਡੀ ਦਾ ਨਾਂ ਹੀ ਕੈਂਸਰ ਟਰੇਨ ਪੈ ਗਿਆ ਹੈ। ਪੰਜਾਬ ਦੇ ਮਾਲਵਾ ਖੇਤਰ ਨੂੰ ਕੈਂਸਰ ਨੇ ਸਭ ਤੋਂ ਪਹਿਲਾਂ ਆਪਣੀ ਮਾਰ ਹੇਠ ਤੇਜ਼ੀ ਨਾਲ ਲਿਆ ਸੀ ਪਰ ਹੁਣ ਦੁਆਬਾ ਤੇ ਮਾਝਾ ਵੀ ਇਸ ਦੀ ਜਕੜ ਵਿਚ ਆਉਣ ਲੱਗੇ ਹਨ। ਪੰਜਾਬ ਵਿਚ ਔਰਤਾਂ ਨੂੰ ਛਾਤੀ ਦੇ ਕੈਂਸਰ ਦੀ ਮਾਰ ਸਭ ਤੋਂ ਵੱਧ ਪੈਣ ਲੱਗੀ ਹੈ। ਬੱਚੇਦਾਨੀ ਦਾ ਕੈਂਸਰ ਦੂਜੇ ਨੰਬਰ ਦੀ ਤੇਜ਼ੀ ਨਾਲ ਫੈਲਦੀ ਬਿਮਾਰੀ ਦੱਸਿਆ ਜਾਣ ਲੱਗਾ ਹੈ।
ਪੁਰਸ਼ਾਂ ਵਿਚ ਗਦੂਦਾਂ ਅਤੇ ਗਲੇ ਦਾ ਕੈਂਸਰ ਜ਼ਿਆਦਾ ਸੀ ਪਰ ਹੁਣ ਜਿਗਰ ਦਾ ਕੈਂਸਰ ਵੀ ਤੇਜ਼ੀ ਨਾਲ ਘੇਰਨ ਲੱਗਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਦਾ ਇਲਾਜ ਸੰਭਵ ਤਾਂ ਹੈ ਪਰ ਬਦਕਿਸਮਤੀ ਇਹ ਕਿ ਕਈ ਮਰੀਜ਼ ਨੂੰ ਇਸ ਦਾ ਆਖ਼ਰੀ ਸਟੇਜ ’ਤੇ ਹੀ ਪਤਾ ਲੱਗਦਾ ਹੈ। ਦੂਸ਼ਿਤ ਪਾਣੀ, ਪਲੀਤ ਵਾਤਾਵਰਨ, ਕੀਟਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋ ਕੈਂਸਰ ਦੀ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਦੀ ਵਜ੍ਹਾ ਬਣ ਰਹੇ ਹਨ।
-ਕਮਲਜੀਤ ਸਿੰਘ ਬਨਵੈਤ
-ਮੋਬਾਈਲ : 98147-34035