ਦਰਅਸਲ, ਸੁਪਰੀਮ ਕੋਰਟ ਨੇ ਇਹ ਟਿੱਪਣੀ ਆਂਧਰ ਪ੍ਰਦੇਸ਼ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕੀਤੀ ਹੈ ਜਿਸ ’ਚ ਕਿਹਾ ਗਿਆ ਸੀ ਕਿ ਜੋ ਲੋਕ ਈਸਾਈ ਧਰਮ ਅਪਣਾ ਲੈਂਦੇ ਹਨ ਅਤੇ ਸਰਗਰਮ ਰੂਪ ’ਚ ਉਸ ਦੀ ਪਾਲਣਾ ਕਰਦੇ ਹਨ, ਉਹ ਆਪਣਾ ਅਨੁਸੂਚਿਤ ਜਾਤੀ ਦਾ ਦਰਜਾ ਬਰਕਰਾਰ ਨਹੀਂ ਰੱਖ ਸਕਦੇ। ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਓਬੀਸੀ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਆਪਣਾ ਆਰਥਿਕ ਤੇ ਸਮਾਜਿਕ ਵਿਕਾਸ ਕਰਨ ਲਈ ਲੰਬੀ ਜਦੋਜਹਿਦ ’ਚੋਂ ਲੰਘਣਾ ਪਿਆ ਹੈ।

ਦੇਸ਼ ਦਾ ਸੰਵਿਧਾਨ ਸਭ ਨਾਗਰਿਕਾਂ ਨੂੰ ਕੋਈ ਵੀ ਧਰਮ ਆਪਣੀ ਇੱਛਾ ਮੁਤਾਬਕ ਅਪਣਾਉਣ ਦਾ ਹੱਕ ਦਿੰਦਾ ਹੈ। ਧਾਰਾ 25 ਇਸ ਗੱਲ ਦੀ ਗਾਰੰਟੀ ਦਿੰਦੀ ਹੈ ਕਿ ਇਹ ਮਨੁੱਖ ਦਾ ਅਧਿਕਾਰ ਹੈ ਕਿ ਉਸ ਨੇ ਕਿਹੜੇ ਧਰਮ ’ਚ ਆਪਣੀ ਸਹੂਲਤ ਮੁਤਾਬਕ ਜਾਣਾ ਹੈ। ਯੂਐੱਨਓ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੈ ਕਿ ਹਰੇਕ ਮਨੁੱਖ ਇਸ ਵਾਸਤੇ ਆਜ਼ਾਦ ਹੈ। ਕਈ ਵਾਰ ਇਕ ਧਰਮ ਤੋਂ ਦੂਜੇ ’ਚ ਜਾਣ ਪਿੱਛੋਂ ਬਹੁਤੇ ਲੋਕ ਆਪਣੀ ਪਿਛਲੀ ਸ਼੍ਰੇਣੀ ਦੇ ਦਰਜਿਆਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ।
ਅਜਿਹੇ ਹੀ ਇਕ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਇਹ ਟਿੱਪਣੀ ਜ਼ਿਆਦਾ ਅਹਿਮ ਹੈ ਕਿ ਜੇ ਕੋਈ ਵਿਅਕਤੀ ਹਿੰਦੂ, ਸਿੱਖ ਜਾਂ ਬੋਧ ਧਰਮ ਤੋਂ ਇਲਾਵਾ ਕਿਸੇ ਹੋਰ ਨੂੰ ਅਪਣਾਉਂਦਾ ਹੈ ਤਾਂ ਉਸ ਨੂੰ ਅਨੁਸੂਚਿਤ ਜਾਤੀ ਦਾ ਦਾਅਵੇਦਾਰ ਨਹੀਂ ਮੰਨਿਆ ਜਾ ਸਕਦਾ। ਅਦਾਲਤ ਦਾ ਇੱਥੋਂ ਤੱਕ ਮੰਨਣਾ ਹੈ ਕਿ ਕਿਸੇ ਹੋਰ ਧਰਮ ਨੂੰ ਅਪਣਾਉਣ ਤੋਂ ਬਾਅਦ ਅਨੁਸੂਚਿਤ ਜਾਤੀ ਦਾ ਦਰਜਾ ਤੁਰੰਤ ਅਤੇ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।
ਦਰਅਸਲ, ਸੁਪਰੀਮ ਕੋਰਟ ਨੇ ਇਹ ਟਿੱਪਣੀ ਆਂਧਰ ਪ੍ਰਦੇਸ਼ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕੀਤੀ ਹੈ ਜਿਸ ’ਚ ਕਿਹਾ ਗਿਆ ਸੀ ਕਿ ਜੋ ਲੋਕ ਈਸਾਈ ਧਰਮ ਅਪਣਾ ਲੈਂਦੇ ਹਨ ਅਤੇ ਸਰਗਰਮ ਰੂਪ ’ਚ ਉਸ ਦੀ ਪਾਲਣਾ ਕਰਦੇ ਹਨ, ਉਹ ਆਪਣਾ ਅਨੁਸੂਚਿਤ ਜਾਤੀ ਦਾ ਦਰਜਾ ਬਰਕਰਾਰ ਨਹੀਂ ਰੱਖ ਸਕਦੇ। ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਓਬੀਸੀ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਆਪਣਾ ਆਰਥਿਕ ਤੇ ਸਮਾਜਿਕ ਵਿਕਾਸ ਕਰਨ ਲਈ ਲੰਬੀ ਜਦੋਜਹਿਦ ’ਚੋਂ ਲੰਘਣਾ ਪਿਆ ਹੈ।
ਦੇਸ਼ ਦੇ ਕਈ ਹਿੱਸਿਆਂ ’ਚ ਹਾਲੇ ਵੀ ਇਨ੍ਹਾਂ ਦਾ ਜੀਵਨ ਪੱਧਰ ਬਹੁਤ ਮੁਸ਼ਕਲਾਂ ਨਾਲ ਭਰਿਆ ਪਿਆ ਹੈ। ਇਸੇ ਲਈ ਇਨ੍ਹਾਂ ਵਰਗਾਂ ਲਈ ਸੰਵਿਧਾਨ ’ਚ ਰਾਖਵਾਂਕਰਨ ਦਾ ਅਧਿਕਾਰ ਸ਼ਾਮਲ ਹੈ। ਦੂਜੇ ਪਾਸੇ ਘੱਟ-ਗਿਣਤੀਆਂ ’ਚ ਸ਼ਾਮਲ ਕਈ ਧਰਮ ਵੀ ਕਾਨੂੰਨੀ ਸੁਰੱਖਿਆ ਤੇ ਰਾਖਵਾਂਕਰਨ ਵਰਗੇ ਅਧਿਕਾਰ ਹਾਸਲ ਕਰਦੇ ਹਨ। ਕਿਸੇ ਹੋਰ ਧਰਮ ’ਚ ਸ਼ਾਮਲ ਹੋ ਕੇ ਜੇ ਕੋਈ ਵਿਅਕਤੀ ਐੱਸਸੀ-ਐੱਸਟੀ ਨਾਲ ਸਬੰਧਤ ਆਪਣੀ ਮੈਂਬਰਸ਼ਿਪ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਕਰਦਾ ਹੈ ਤਾਂ ਇਸ ਨਾਲ ਇਸ ਵਰਗ ਦੇ ਅਸਲ ਹੱਕਦਾਰਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਬੇਸ਼ੱਕ ਸਾਰੇ ਧਰਮ ਸਭ ਮਨੁੱਖਾਂ ਦੇ ਬਰਾਬਰ ਹੋਣ ਦੀ ਗੱਲ ਕਰਦੇ ਹਨ ਪਰ ਕਈ ਖ਼ਾਸ ਮੌਕਿਆਂ ’ਤੇ ਲੋਕਾਂ ਨੂੰ ਰਾਖਵਾਂਕਰਨ, ਕਾਨੂੰਨੀ ਸੁਰੱਖਿਆ ਤੇ ਘੱਟ-ਗਿਣਤੀ ਹੋਣ ਕਾਰਨ ਵੱਖਰੇ ਲਾਭ ਦੇਣੇ ਜ਼ਰੂਰੀ ਹੋ ਜਾਂਦੇ ਹਨ। ਸਰਕਾਰ ਦੀਆਂ ਕਈ ਯੋਜਨਾਵਾਂ ਹਨ ਜੋ ਖ਼ਾਸ ਧਰਮ ਤੇ ਜਾਤ ਆਧਾਰਤ ਸ਼੍ਰੇਣੀਆਂ ਨੂੰ ਉਨ੍ਹਾਂ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਹਨ। ਐੱਸਸੀ-ਐੱਸਟੀ ਨੂੰ ਰਾਖਵੀਆਂ ਸ਼੍ਰੇਣੀਆਂ ਇਸੇ ਲਈ ਐਲਾਨਿਆ ਗਿਆ ਹੈ ਤਾਂ ਜੋ ਇਨ੍ਹਾਂ ਨਾਲ ਸਬੰਧਤ ਲੋਕਾਂ ਨੂੰ ਵਿਸ਼ੇਸ਼ ਮੌਕੇ ਦਿੱਤੇ ਜਾ ਸਕਣ। ਹਾਲਾਂਕਿ ਪਿਛਲੇ ਕੁਝ ਦਹਾਕਿਆਂ ’ਚ ਇਨ੍ਹਾਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੇ ਵੀ ਵੱਡੇ ਪੱਧਰ ’ਤੇ ਆਪਣਾ ਆਰਥਿਕ ਤੇ ਸਮਾਜਿਕ ਵਿਕਾਸ ਕੀਤਾ ਹੈ।
ਅਜਿਹੇ ਵਿਚ ਕਈ ਲੋਕ ਕਿਸੇ ਵਿਸ਼ੇਸ਼ ਧਰਮ ਨੂੰ ਅਪਣਾ ਕੇ ਉਸ ਦੇ ਨਾਲ-ਨਾਲ ਇਸ ਸ਼੍ਰੇਣੀ ਦੇ ਹੱਕਾਂ ਨੂੰ ਵੀ ਹਾਸਲ ਕਰਨਾ ਚਾਹੁੰਦੇ ਹਨ। ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਵੱਖ-ਵੱਖ ਧਰਮਾਂ ਤੇ ਸ਼੍ਰੇਣੀਆਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਚੰਗੇਰਾ ਬਣਾਉਣ ਤੇ ਵਿਕਾਸ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਦਾ ਮੁੱਖ ਮਕਸਦ ਸਬੰਧਤ ਤਬਕਿਆਂ ਦੇ ਲੋਕਾਂ ਦਾ ਆਰਥਿਕ ਵਿਕਾਸ ਕਰਨਾ ਹੁੰਦਾ ਹੈ।
ਧਾਰਮਿਕ ਤੇ ਜਾਤ ਆਧਾਰਤ ਸ਼੍ਰੇਣੀਆਂ ਮੁਤਾਬਕ ਰਹਿੰਦਿਆਂ ਹਰੇਕ ਵਿਅਕਤੀ ਦਾ ਧਿਆਨ ਇਸ ਗੱਲ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ ਕਿ ਉਸ ਨੇ ਆਪਣਾ ਬੌਧਿਕ, ਆਰਥਿਕ ਤੇ ਸਮਾਜਿਕ ਵਿਕਾਸ ਕਰਨਾ ਹੈ, ਨਾ ਕਿ ਇਕ ਤੋਂ ਦੂਜੇ ਧਰਮ ਜਾਂ ਸ਼੍ਰੇਣੀ ’ਚ ਜਾ ਕੇ ਸਿੱਧੇ-ਅਸਿੱਧੇ ਤਰੀਕੇ ਨਾਲ ਕੋਈ ਲਾਭ ਲੈਣਾ।