ਇਸ ਦੌਰਾਨ ਫੋਨ ਤੋਂ ਦੂਰੀ ਬਣਾਈ ਜਾਵੇ। ਨੀਂਦ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਫੋਨ ਜਾਂ ਲੈਪਟਾਪ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਫੋਨ ਨੂੰ ਛੱਡ ਕੇ ਕੋਈ ਵੀ ਕਿਤਾਬ ਸੌਣ ਤੋਂ ਪਹਿਲਾਂ ਜ਼ਰੂਰ ਪੜ੍ਹੀ ਜਾਵੇ। ਅੱਜ-ਕੱਲ੍ਹ ਦੇ ਸਮੇਂ ਵਿਚ ਆਮ ਦੇਖਦੇ ਹਾਂ ਕਿ ਔਰਤਾਂ ਪ੍ਰੈਗਨੈਂਸੀ ਦੌਰਾਨ ਵੀ ਮੋਬਾਈਲ ਫੋਨ, ਲੈਪਟਾਪ ਜਾਂ ਟੀਵੀ ’ਤੇ ਬਹੁਤ ਜ਼ਿਆਦਾ ਸਮਾਂ ਬਿਤਾਉਂਦੀਆਂ ਹਨ।

ਅੱਜ ਦੇ ਡਿਜੀਟਲ ਯੁੱਗ ਵਿਚ ਮੋਬਾਈਲ ਫੋਨ ਅਤੇ ਲੈਪਟਾਪ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ, ਸੰਚਾਰ ਕਰਨ, ਆਨਲਾਈਨ ਸਿੱਖਿਆ ਅਤੇ ਮਨੋਰੰਜਨ ਲਈ ਇਹ ਸਾਧਨ ਬਹੁਤ ਜ਼ਰੂਰੀ ਹੋ ਗਏ ਹਨ।
ਜਿੱਥੇ ਇਹ ਇਕ ਪਾਸੇ ਸਹੂਲਤਾਂ ਪ੍ਰਦਾਨ ਕਰਦੇ ਹਨ, ਓਥੇ ਹੀ ਦੂਜੇ ਪਾਸੇ ਇਨ੍ਹਾਂ ਦੀ ਜ਼ਿਆਦਾ ਵਰਤੋਂ ਮਨੁੱਖੀ ਸਿਹਤ ਅਤੇ ਵਿਦਿਆਰਥੀ ਜੀਵਨ ਉੱਤੇ ਬਹੁਤ ਬੁਰੇ ਪ੍ਰਭਾਵ ਛੱਡ ਰਹੀ ਹੈ। ਲੰਬੇ ਸਮੇਂ ਤੱਕ ਫੋਨ ਜਾਂ ਲੈਪਟਾਪ ਦੀ ਸਕਰੀਨ ਦੇਖਣ ਨਾਲ ਅੱਖਾਂ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਨ੍ਹਾਂ ਦੀ ਵਧੇਰੇ ਵਰਤੋਂ ਕਾਰਨ ਅੱਖਾਂ ਵਿਚ ਜਲਣ, ਪਾਣੀ ਨਿਕਲਣਾ, ਧੁੰਦਲਾ ਦਿਸਣਾ ਤੇ ਸਿਰ ਦਰਦ ਆਮ ਸਮੱਸਿਆਵਾਂ ਬਣ ਗਈਆਂ ਹਨ।
ਸਕਰੀਨ ਤੋਂ ਨਿਕਲਣ ਵਾਲੀ ਰੌਸ਼ਨੀ ਨੀਂਦ ਦੇ ਚੱਕਰ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਨੀਂਦ ਨਾ ਆਉਣਾ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਦੇ ਨਾਲ-ਨਾਲ ਸਰੀਰਕ ਸਿਹਤ ਉੱਤੇ ਵੀ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਫੋਨ ਜਾਂ ਲੈਪਟਾਪ ਦੀ ਵਰਤੋਂ ਦੌਰਾਨ ਲੰਬੇ ਸਮੇਂ ਤੱਕ ਇੱਕੋ ਅਵਸਥਾ ਵਿਚ ਬੈਠੇ ਰਹਿਣ ਨਾਲ ਗਰਦਨ ਤੇ ਕਮਰ ਦਰਦ ਅਤੇ ਸਰੀਰ ਦੀ ਜਕੜਨ ਵਧਦੀ ਹੈ। ਇਨ੍ਹਾਂ ਕਾਰਨ ਬੱਚਿਆਂ ਅਤੇ ਨੌਜਵਾਨਾਂ ਵਿਚ ਸਰੀਰਕ ਸਰਗਰਮੀ ਘੱਟ ਹੋ ਰਹੀ ਹੈ। ਇਸ ਕਾਰਨ ਮੋਟਾਪੇ ਤੇ ਹੋਰ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ। ਵਿਦਿਆਰਥੀ ਜੀਵਨ ਵਿਚ ਸਕਰੀਨ ਦੀ ਵਧਦੀ ਵਰਤੋਂ ਪੜ੍ਹਾਈ ਲਈ ਵੱਡੀ ਚੁਣੌਤੀ ਬਣ ਗਈ ਹੈ। ਆਨਲਾਈਨ ਗੇਮਾਂ, ਸੋਸ਼ਲ ਮੀਡੀਆ ਪਲੇਟਫਾਰਮਾਂ ਕਾਰਨ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਭਟਕਦਾ ਹੈ। ਪੜ੍ਹਾਈ ਦੇ ਸਮੇਂ ਨੋਟੀਫਿਕੇਸ਼ਨ ਆਉਣ ਨਾਲ ਧਿਆਨ ਭੰਗ ਹੁੰਦਾ ਹੈ ਜਿਸ ਨਾਲ ਯਾਦਦਾਸ਼ਤ ਅਤੇ ਇਕਾਗਰਤਾ, ਦੋਵੇਂ ਪ੍ਰਭਾਵਿਤ ਹੁੰਦੀਆਂ ਹਨ।
ਨਤੀਜੇ ਵਜੋਂ ਅਕਾਦਮਿਕ ਪ੍ਰਦਰਸ਼ਨ ਘਟਦਾ ਹੈ। ਮਾਨਸਿਕ ਤੌਰ ’ਤੇ ਵੀ ਫੋਨ ਅਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਹਾਨੀਕਾਰਕ ਸਾਬਿਤ ਹੋ ਰਹੀ ਹੈ। ਵਰਚੁਅਲ ਦੁਨੀਆ ਵਿਚ ਵਧੇਰੇ ਸਮਾਂ ਬਿਤਾਉਣ ਨਾਲ ਮਨੁੱਖ ਵਿਚ ਇਕਾਂਤ, ਚਿੜਚਿੜਾਪਣ ਅਤੇ ਤਣਾਅ ਵਧ ਰਿਹਾ ਹੈ। ਅਸਲੀ ਜੀਵਨ ਦੇ ਸਬੰਧ ਕਮਜ਼ੋਰ ਹੋ ਰਹੇ ਹਨ ਜਿਸ ਨਾਲ ਸਮਾਜਿਕ ਵਿਕਾਸ ਰੁਕਦਾ ਹੈ। ਬੱਚੇ ਅਕਸਰ ਮੋਬਾਈਲ ਫੋਨ ਜਾਂ ਟੈਬਲਟ ’ਤੇ ਗੇਮਜ਼ ਬਹੁਤ ਜ਼ਿਆਦਾ ਖੇਡਦੇ ਹਨ। ਇਸ ਕਾਰਨ ਉਨ੍ਹਾਂ ਦੀ ਦਿਮਾਗੀ ਕਾਰਜਪ੍ਰਣਾਲੀ ’ਤੇ ਮਾੜਾ ਅਸਰ ਪੈਂਦਾ ਹੈ।
ਬਹੁਤ ਵਾਰ ਦੇਖਣ ਵਿਚ ਆਇਆ ਹੈ ਕਿ ਬੱਚੇ ਬਹੁਤ ਭਿਆਨਕ ਦਿਮਾਗੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਬਹੁਤ ਜ਼ਰੂਰਤ ਹੈ। ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਘੱਟ ਤੋਂ ਘੱਟ ਕਰਨ ਦਿੱਤੀ ਜਾਵੇ। ਬੱਚੇ ਗਰਾਊਂਡ ਵਿਚ ਜਾ ਕੇ ਖੇਡਣ ਅਤੇ ਹੋਰ ਸਰੀਰਕ ਗਤੀਵਿਧੀਆਂ ਕਰਨ।
ਇਹ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਨੂੰ ਜੇ ਤੁਸੀਂ 10 ਸਾਲ ਤੱਕ ਇਨ੍ਹਾਂ ਅਜੋਕੀਆਂ ਮੁਸੀਬਤਾਂ ਤੋਂ ਦੂਰ ਰੱਖੋਗੇ ਤਾਂ ਉਨ੍ਹਾਂ ਦਾ ਭਵਿੱਖ ਬਹੁਤ ਚੰਗਾ ਹੋਵੇਗਾ ਤੇ ਉਹ ਸਿਹਤਮੰਦ ਵੀ ਰਹਿਣਗੇ। ਇੰਜ ਕਰਨ ਨਾਲ ਸਾਡਾ ਸਮਾਜ ਨਰੋਆ ਤੇ ਵਿਕਸਿਤ ਬਣੇਗਾ।
ਅੱਜ ਦੇ ਸਮੇਂ ਵਿਚ ਦੁਨੀਆ ਭਰ ਦੇ ਲੋਕ ਹਰ ਰੋਜ਼ ਔਸਤਨ ਛੇ ਤੋਂ ਸੱਤ ਘੰਟੇ ਇੰਟਰਨੈੱਟ ਜਾਂ ਡਿਜੀਟਲ ਡਿਵਾਈਸਾਂ, ਮੋਬਾਈਲ, ਲੈਪਟਾਪ ਤੇ ਟੈਬਲੇਟ ’ਤੇ ਬਿਤਾਉਂਦੇ ਹਨ। ਦੁਨੀਆ ਦੀ ਲਗਪਗ 70% ਆਬਾਦੀ ਇੰਟਰਨੈਟ ਵਰਤਦੀ ਹੈ। ਕੁਝ ਦੇਸ਼ਾਂ ਵਿਚ ਲੋਕ 8-9 ਘੰਟੇ ਤੱਕ ਵੀ ਆਨਲਾਈਨ ਰਹਿੰਦੇ ਹਨ। ਵਿਦਿਆਰਥੀ, ਨੌਕਰੀਪੇਸ਼ਾ ਲੋਕ ਅਤੇ ਸੋਸ਼ਲ ਮੀਡੀਆ ਵਰਤਣ ਵਾਲੇ ਲੋਕਾਂ ਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਹੁੰਦਾ ਹੈ। ਵਿਦਿਆਰਥੀਆਂ ਪੰਜ ਤੋਂ ਅੱਠ ਘੰਟੇ ਪ੍ਰਤੀ ਦਿਨ ਆਨਲਾਈਨ ਕਲਾਸਾਂ, ਯੂਟਿਊਬ, ਗੂਗਲ ਏਆਈ, ਗੇਮਿੰਗ ਅਤੇ ਸੋਸ਼ਲ ਮੀਡੀਆ ’ਤੇ ਬਿਤਾਉਂਦੇ ਹਨ। ਡਿਜੀਟਲ ਡਿਵਾਈਸ ਅੱਜ ਦੇ ਦੌਰ ਦੀ ਜ਼ਰੂਰਤ ਵੀ ਹਨ ਤੇ ਲਾਭਦਾਇਕ ਵੀ ਪਰ ਇਨ੍ਹਾਂ ਦੀ ਸਹੀ ਅਤੇ ਸੰਤੁਲਿਤ ਵਰਤੋਂ ਬਹੁਤ ਜ਼ਰੂਰੀ ਹੈ।
ਇਨ੍ਹਾਂ ਨੂੰ ਸਮਝਦਾਰੀ ਨਾਲ ਵਰਤਿਆ ਜਾਵੇ ਤਾਂ ਇਹ ਪੜ੍ਹਾਈ ਵਿਚ ਬਹੁਤ ਲਾਹੇਵੰਦ ਸਿੱਧ ਹੁੰਦੇ ਹਨ। ਪੜ੍ਹਾਈ ਲਈ ਟੈਕਨਾਲੋਜੀ ਦੀ ਵਰਤੋਂ ਵਿਦਿਆਰਥੀਆਂ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੀ ਹੈ। ਇੰਟਰਨੈੱਟ ਅਤੇ ਡਿਜੀਟਲ ਡਿਵਾਈਸਿਜ਼ ਦੀ ਵਰਤੋਂ ਜ਼ਰੂਰ ਕਰੋ ਪਰ ਕਿਤਾਬਾਂ ਨੂੰ ਆਪਣੇ ਸ਼ੌਕ ਵਿੱਚੋਂ ਮਨਫ਼ੀ ਨਾ ਹੋਣ ਦਿਉ। ਕਿਤਾਬਾਂ ਜ਼ਰੂਰ ਪੜ੍ਹੋ, ਇਸ ਨਾਲ ਤੁਹਾਡਾ ਸਕਰੀਨ ਟਾਈਮ ਘਟਦਾ ਹੈ ਤੇ ਇਕਾਗਰਤਾ ਵਧਦੀ ਹੈ।
ਸਕਰੀਨ ਟਾਈਮ ਘਟਾਉਣ ਦੇ ਕੁਝ ਅਹਿਮ ਨੁਕਤੇ ਹਨ ਜਿਨ੍ਹਾਂ ਨੂੰ ਜ਼ਰੂਰ ਅਪਣਾਓ। ਮੋਬਾਈਲ ਜਾਂ ਟੀਵੀ ਲਈ ਦਿਨ ’ਚ ਸਮਾਂ ਨਿਸ਼ਚਿਤ ਕਰੋ, ਪੜ੍ਹਾਈ ਕਰਦੇ ਸਮੇਂ ਮੋਬਾਈਲ ਸਾਈਲੈਂਟ ਜਾਂ ਦੂਜੇ ਕਮਰੇ ਵਿਚ ਰੱਖੋ। ਹਰ 30-40 ਮਿੰਟਾਂ ਬਾਅਦ ਅੱਖਾਂ ਨੂੰ ਆਰਾਮ ਦਿਉ। ਬਿਨਾਂ ਲੋੜ ਮੋਬਾਈਲ ਚਲਾਉਣ ਤੋਂ ਬਚੋ। ਗੇਮਾਂ ਅਤੇ ਸੋਸ਼ਲ ਮੀਡੀਆ ’ਤੇ ਸੀਮਤ ਸਮਾਂ ਗੁਜ਼ਾਰੋ। ਕਿਤਾਬਾਂ ਪੜ੍ਹਨ ਦੀ ਆਦਤ ਪਾਓ, ਬੇਸ਼ੱਕ ਉਹ ਕਹਾਣੀਆਂ ਜਾਂ ਗਿਆਨ ਵਾਲੀਆਂ ਕਿਤਾਬਾਂ ਹੋਣ ਜਾਂ ਤੁਹਾਡੇ ਕਿਸੇ ਵੀ ਵਿਸ਼ੇ ਨਾਲ ਮਿਲਦੀਆਂ ਹੋਣ। ਬਾਹਰ ਖੇਡੋ ਅਤੇ ਕਸਰਤ ਕਰੋ। ਜਦੋਂ ਵੀ ਬੱਚੇ ਆਪਣਾ ਡਿਜੀਟਲ ਡਿਵਾਈਸ ਵਰਤੋਂ ਵਿਚ ਲਿਆਉਂਦੇ ਹਨ ਤਾਂ ਉਨ੍ਹਾਂ ’ਤੇ ਨਜ਼ਰ ਰੱਖੀ ਜਾਵੇ। ਹੋਰ ਸ਼ੌਕ ਵੀ ਵਿਕਸਿਤ ਕਰੋ ਜਿਵੇਂ ਕਿ ਡਰਾਇੰਗ, ਗੀਤ-ਸੰਗੀਤ, ਲਿਖਣਾ ਜਾਂ ਬਾਗ਼ਵਾਨੀ ਆਦਿ। ਪੜ੍ਹਾਈ ਦੇ ਨਾਲ-ਨਾਲ ਆਪਣੇ ਸ਼ੌਕ ਵੀ ਜਿਉਂਦੇ ਰੱਖੋ।
ਟੈਕਨਾਲੋਜੀ ਨੂੰ ਲੋੜ ਲਈ ਵਰਤੋ। ਮਨੋਰੰਜਨ ਤੇ ਸਿੱਖਿਆ ਨੂੰ ਤਰਜੀਹ ਦਿਉ। ਪੜ੍ਹਾਈ ਦੌਰਾਨ ਡਿਜੀਟਲ ਵਿਘਨਾਂ ਨੂੰ ਘਟਾਇਆ ਜਾਵੇ ਜਿਵੇਂ ਕਿ ਨੋਟੀਫਿਕੇਸ਼ਨ ਬੰਦ ਕਰਨਾ ਅਤੇ ਫੋਨ ਨੂੰ ਸਾਈਲੈਂਟ ਰੱਖਣਾ। ਇਕ ਸਮੇਂ ’ਚ ਇਕ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਬੱਚਿਆਂ ਅੱਗੇ ਆਪ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਜਦੋਂ ਬੱਚੇ ਵੱਡਿਆਂ ਨੂੰ ਸੰਤੁਲਿਤ ਸਕਰੀਨ ਵਰਤੋਂ ਕਰਦੇ ਵੇਖਦੇ ਹਨ ਤਾਂ ਉਹ ਖ਼ੁਦ ਵੀ ਉਸੇ ਤਰ੍ਹਾਂ ਹੀ ਕਰਨ ਲੱਗਦੇ ਹਨ।
ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਵਧੇਰੇ ਸਮਾਂ ਸਕਰੀਨ ਦੇਖਣ ਦੇ ਨੁਕਸਾਨਾਂ ਬਾਰੇ ਸਮਝਾਇਆ ਜਾਵੇ। ਸਮੇਂ ਦੇ ਹਾਣੀ ਬਣਨ ਲਈ ਸਾਨੂੰ ਡਿਜੀਟਲ ਡਿਵਾਈਸਿਜ਼ ਨੂੰ ਸਿੱਖਣਾ ਤੇ ਪੂਰੇ ਸੰਸਾਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਪਰ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਇਨ੍ਹਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ। ਮੋਬਾਈਲ ਤੇ ਲੈਪਟਾਪ ਆਦਿ ਨੂੰ ਪੂਰੀ ਤਰ੍ਹਾਂ ਛੱਡਣਾ ਅੱਜ ਦੇ ਯੁੱਗ ਵਿਚ ਸੰਭਵ ਨਹੀਂ ਹੈ ਪਰ ਸਹੀ ਯੋਜਨਾ ਅਤੇ ਜਾਗਰੂਕਤਾ ਨਾਲ ਬੱਚਿਆਂ, ਵਿਦਿਆਰਥੀਆਂ ਅਤੇ ਪਰਿਵਾਰ ਨੂੰ ਸਕਰੀਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ। ਦਿਨ ਵਿਚ ਘੱਟੋ-ਘੱਟ ਇਕ ਸਮਾਂ ਅਜਿਹਾ ਹੋਵੇ ਜਦੋਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਬੈਠ ਕੇ ਗੱਲਬਾਤ ਕਰਨ, ਖਾਣਾ ਖਾਣ ਜਾਂ ਕਿਸੇ ਸਰਗਰਮੀ ਵਿਚ ਭਾਗ ਲੈਣ ਤੇ ਮੋਬਾਈਲ ਫੋਨ ਬੰਦ ਹੋਣ ਜਾਂ ਸਾਈਲੈਂਟ ’ਤੇ ਰੱਖੇ ਜਾਣ।
ਇਸ ਦੌਰਾਨ ਫੋਨ ਤੋਂ ਦੂਰੀ ਬਣਾਈ ਜਾਵੇ। ਨੀਂਦ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਫੋਨ ਜਾਂ ਲੈਪਟਾਪ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਫੋਨ ਨੂੰ ਛੱਡ ਕੇ ਕੋਈ ਵੀ ਕਿਤਾਬ ਸੌਣ ਤੋਂ ਪਹਿਲਾਂ ਜ਼ਰੂਰ ਪੜ੍ਹੀ ਜਾਵੇ। ਅੱਜ-ਕੱਲ੍ਹ ਦੇ ਸਮੇਂ ਵਿਚ ਆਮ ਦੇਖਦੇ ਹਾਂ ਕਿ ਔਰਤਾਂ ਪ੍ਰੈਗਨੈਂਸੀ ਦੌਰਾਨ ਵੀ ਮੋਬਾਈਲ ਫੋਨ, ਲੈਪਟਾਪ ਜਾਂ ਟੀਵੀ ’ਤੇ ਬਹੁਤ ਜ਼ਿਆਦਾ ਸਮਾਂ ਬਿਤਾਉਂਦੀਆਂ ਹਨ।
ਆਨਲਾਈਨ ਕੰਮ, ਮਨੋਰੰਜਨ ਜਾਂ ਸੋਸ਼ਲ ਮੀਡੀਆ ਇਸ ਦਾ ਮੁੱਖ ਕਾਰਨ ਹੈ ਪਰ ਡਾਕਟਰੀ ਅਤੇ ਮਨੋਵਿਗਿਆਨਕ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਸਕਰੀਨ ’ਤੇ ਹੱਦ ਤੋਂ ਵੱਧ ਸਮਾਂ ਗੁਜ਼ਾਰਨਾ ਗਰਭਵਤੀ ਮਹਿਲਾ ਦੀ ਸਿਹਤ ਅਤੇ ਉਸ ਦੀ ਕੁੱਖ ’ਚ ਪਲ਼ ਰਹੇ ਬੱਚੇ ਉੱਤੇ ਬਹੁਤ ਬੁਰਾ ਅਸਰ ਪਾ ਸਕਦਾ ਹੈ। ਜਦਕਿ ਗਰਭਵਤੀ ਮਹਿਲਾਵਾਂ ਲਈ ਹਲਕੀ-ਫੁਲਕੀ ਕਸਰਤ ਕਰਨੀ ਜ਼ਰੂਰੀ ਹੈ। ਮਾਂ ਦੀ ਮਾਨਸਿਕ ਅਵਸਥਾ ਦਾ ਅਸਰ ਕੁੱਖ ’ਚ ਪਲਦੇ ਬੱਚੇ ਉੱਤੇ ਵੀ ਪੈਂਦਾ ਹੈ।
ਜਦੋਂ ਮਾਂ ਜ਼ਿਆਦਾ ਤਣਾਅ ਵਿਚ ਰਹਿੰਦੀ ਹੈ ਜਾਂ ਹਰ ਸਮੇਂ ਸਕਰੀਨ ਨਾਲ ਜੁੜੀ ਰਹਿੰਦੀ ਹੈ ਤਾਂ ਬੱਚੇ ਦਾ ਜਜ਼ਬਾਤੀ ਲਗਾ ਘਟ ਸਕਦਾ ਹੈ। ਗਰਭਵਤੀ ਮਹਿਲਾਵਾਂ ਨੂੰ ਸਕਰੀਨ ਟਾਈਮ ਘੱਟ ਕਰ ਕੇ ਮੈਡੀਟੇਸ਼ਨ ਅਤੇ ਸਕਾਰਾਤਮਕ ਵਿਚਾਰਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਤਾਂ ਜੋ ਇਸ ਧਰਤੀ ’ਤੇ ਆਉਣ ਵਾਲਾ ਬੱਚਾ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਹੋਵੇ। ਅੰਤ ਵਿਚ ਇਹ ਕਹਿਣਾ ਉੱਚਿਤ ਹੈ ਕਿ ਮੋਬਾਈਲ ਫੋਨ ਅਤੇ ਲੈਪਟਾਪ ਦੀ ਸਹੀ ਵਰਤੋਂ ਵਰਦਾਨ ਹੈ ਪਰ ਅਸੰਤੁਲਿਤ ਵਰਤੋਂ ਸਰਾਪ ਬਣ ਸਕਦੀ ਹੈ।
-ਸੁਖਵਿੰਦਰ ਕੌਰ
-ਮੋਬਾਈਲ : 97807-72966