ਹਨੇਰੇ ਕਾਰਨ ਇਹ ਨੌਜਵਾਨ ਸੜਕ ਵਿਚਕਾਰ ਪੁੱਟੇ ਹੋਏ ਟੋਏ ਨੂੰ ਸਮੇਂ ਸਿਰ ਦੇਖ ਨਹੀਂ ਸਕਿਆ ਤੇ ਇਸ ’ਚ ਰੱਖੇ ਹੋਏ ਸਰੀਏ ’ਤੇ ਜਾ ਡਿੱਗਾ। ਇਸ ਨੂੰ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਹਾਦਸੇ ਤੋਂ ਬਾਅਦ ਉਸ ਦੀਆਂ ਚੀਕਾਂ ਸੁਣ ਕੇ ਵੀ ਕਿਸੇ ਨੇ ਉਸ ਦੀ ਮਦਦ ਲਈ ਹੱਥ ਨਹੀਂ ਵਧਾਇਆ।

ਮੁਲਕ ’ਚ ਰੋਜ਼ਾਨਾ ਕਿਤੇ ਨਾ ਕਿਤੇ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਸੜਕਾਂ ’ਤੇ ਜਿਸ ਤਾਦਾਦ ਨਾਲ ਵਾਹਨ ਵਧ ਰਹੇ ਹਨ, ਉਸੇ ਰਫ਼ਤਾਰ ਨਾਲ ਵੱਖ-ਵੱਖ ਕਾਰਨਾਂ ਕਰਕੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜ਼ਿਆਦਾਤਰ ਮਾਮਲੇ ਅਜਿਹੇ ਵੀ ਦੇਖਣ ਨੂੰ ਮਿਲੇ ਹਨ ਜਿਨ੍ਹਾਂ ’ਚ ਗੰਭੀਰ ਜ਼ਖ਼ਮੀ ਲੋਕ ਫ਼ੌਰੀ ਇਲਾਜ ਨਾ ਮਿਲਣ ਜਾਂ ਹੋਰ ਲਾਪਰਵਾਹੀਆਂ ਕਾਰਨ ਮੌਤ ਦੇ ਮੂੰਹ ’ਚ ਜਾ ਪਏ ਹਨ। ਜਲੰਧਰ ’ਚ 15 ਫੁੱਟ ਡੂੰਘੇ ਟੋਏ ’ਚ ਡਿੱਗੇ 25 ਸਾਲਾਂ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਨਾਲ ਸਮਾਜ ਦਾ ਸ਼ਰਮਸਾਰ ਕਰਨ ਵਾਲਾ ਚਿਹਰਾ ਨੰਗਾ ਹੋਇਆ ਹੈ।
ਹਨੇਰੇ ਕਾਰਨ ਇਹ ਨੌਜਵਾਨ ਸੜਕ ਵਿਚਕਾਰ ਪੁੱਟੇ ਹੋਏ ਟੋਏ ਨੂੰ ਸਮੇਂ ਸਿਰ ਦੇਖ ਨਹੀਂ ਸਕਿਆ ਤੇ ਇਸ ’ਚ ਰੱਖੇ ਹੋਏ ਸਰੀਏ ’ਤੇ ਜਾ ਡਿੱਗਾ। ਇਸ ਨੂੰ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਹਾਦਸੇ ਤੋਂ ਬਾਅਦ ਉਸ ਦੀਆਂ ਚੀਕਾਂ ਸੁਣ ਕੇ ਵੀ ਕਿਸੇ ਨੇ ਉਸ ਦੀ ਮਦਦ ਲਈ ਹੱਥ ਨਹੀਂ ਵਧਾਇਆ। ਇਸ ਘਟਨਾ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਸ ਦਾ ਸਾਮਾਨ ਤੱਕ ਚੋਰੀ ਕਰ ਲਿਆ ਗਿਆ।
ਜਾਨ ਬਚਾਉਣ ਤੋਂ ਜ਼ਿਆਦਾ ਉਸ ਨੌਜਵਾਨ ਦੀਆਂ ਜੇਬਾਂ ਫਰੋਲ ਕੇ ਲੁੱਟਣਾ ਜ਼ਰੂਰੀ ਸਮਝਿਆ ਗਿਆ। ਇਸ ਹਾਦਸੇ ਤੋਂ ਬਾਅਦ ਡੂੰਘੇ ਟੋਏ ਪੁੱਟ ਕੇ ਇਸ ਤਰੀਕੇ ਖੁੱਲ੍ਹੇ ਛੱਡ ਦੇਣ ਵਾਲਿਆਂ ’ਤੇ ਵੀ ਸਵਾਲ ਉੱਠਦੇ ਹਨ ਕਿ ਨੌਜਵਾਨ ਦੀ ਇਸ ਤਰੀਕੇ ਹੋਈ ਮੌਤ ਨੂੰ ਕਿਸ ਦੀ ਲਾਪਰਵਾਹੀ ਮੰਨਿਆ ਜਾਵੇ? ਪੂਰੇ ਦੇਸ਼ ’ਚ ਵੱਡੇ-ਛੋਟੇ ਨਿਰਮਾਣ ਕਾਰਜ ਚੱਲ ਰਹੇ ਹਨ। ਸੜਕਾਂ ਦੇ ਜਾਲ ਵਿਛ ਰਹੇ ਹਨ ਅਤੇ ਨਿਰਮਾਣ ਵਾਲੀਆਂ ਥਾਵਾਂ ’ਤੇ ਬੇਢੰਗੇ ਤਰੀਕੇ ਨਾਲ ਰੱਖਿਆ ਗਿਆ ਸਾਮਾਨ ਤੇ ਪੁੱਟੇ ਗਏ ਟੋਏ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ।
ਫਰਵਰੀ ਮਹੀਨੇ ਦਿੱਲੀ ਦੇ ਜਨਕਪੁਰੀ ’ਚ ਇਕ ਨੌਜਵਾਨ ਮੋਟਰਸਾਈਕਲ ਸਵਾਰ ਡੂੰਘੇ ਟੋਏ ’ਚ ਡਿੱਗਣ ਕਾਰਨ ਜਾਨ ਤੋਂ ਹੱਥ ਧੋ ਬੈਠਾ ਸੀ। ਇਸ ਤੋਂ ਪਹਿਲਾਂ ਨੋਇਡਾ ’ਚ ਵੀ ਇਕ ਸਾਫਟਵੇਅਰ ਇੰਜੀਨੀਅਰ ਦੀ ਪਾਣੀ ਨਾਲ ਭਰੇ ਹੋਏ ਡੂੰਘੇ ਟੋਏ ’ਚ ਡਿੱਗਣ ਕਰਕੇ ਮੌਤ ਹੋਈ ਸੀ। ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੀ ਅਜਿਹੀਆਂ ਦਿਲ ਕੰਬਾਊ ਦੁਰਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸਾਲ 2023 ਦੀ ਇਕ ਰਿਪੋਰਟ ਮੁਤਾਬਕ 1 ਲੱਖ 73 ਹਜ਼ਾਰ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਸਨ। ਇਨ੍ਹਾਂ ’ਚ ਵੱਡੇ ਰਾਜਮਾਰਗ ਨਿਰਮਾਣ ਕਾਰਜ ਤੇ ਸੜਕਾਂ ਲਾਗੇ ਪੁੱਟੇ ਹੋਏ ਟੋਇਆਂ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ।
ਸੜਕਾਂ ਦੀ ਮਾੜੀ ਹਾਲਤ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਵੀ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਵੀ ਹੈਰਾਨ ਕਰਨ ਵਾਲਾ ਹੈ ਕਿ ਕਰੋੜਾਂ ਰੁਪਏ ਦੇ ਇਨ੍ਹਾਂ ਨਿਰਮਾਣ ਕਾਰਜਾਂ ਵਾਲੇ ਸਥਾਨਾਂ ’ਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੇਤਾਵਨੀ ਬੋਰਡ ਨਹੀਂ ਲਗਾਏ ਜਾਂਦੇ। ਬਹੁਤੇ ਨਿਰਮਾਣ ਕਾਰਜ ਕਈ-ਕਈ ਸਾਲਾਂ ਤੱਕ ਲਟਕੇ ਰਹਿੰਦੇ ਹਨ ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਕ ਅਧਿਐਨ ਮੁਤਾਬਕ ਦੇਸ਼ ’ਚ ਇਨ੍ਹਾਂ ਥਾਵਾਂ ’ਤੇ ਹਰ ਰੋਜ਼ ਲਗਪਗ 38 ਤੋਂ 40 ਮਾਮਲੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਲੋਕ ਵੀ ਸੜਕ ਹਾਦਸਿਆਂ ’ਚ ਜ਼ਖ਼ਮੀਆਂ ਦੀ ਮਦਦ ਕਰਨ ਤੋਂ ਕਈ ਵਾਰ ਕੰਨੀ ਕਤਰਾ ਜਾਂਦੇ ਹਨ। ਅਜਿਹੇ ਮਾਮਲੇ ਵੀ ਵਾਪਰ ਚੁੱਕੇ ਹਨ ਜਿਨ੍ਹਾਂ ’ਚ ਸਾਮਾਨ ਨਾਲ ਭਰੀਆਂ ਪਲਟੀਆਂ ਗੱਡੀਆਂ ’ਚ ਫਸੇ ਡਰਾਈਵਰਾਂ ਨੂੰ ਬਚਾਉਣ ਦੀ ਥਾਂ ਲੋਕਾਂ ਨੇ ਚੀਜ਼ਾਂ ਕੱਢ ਕੇ ਲਿਜਾਣੀਆਂ ਜ਼ਿਆਦਾ ਜ਼ਰੂਰੀ ਸਮਝੀਆਂ ਹਨ। ਹਾਦਸਿਆਂ ਵਾਲੀਆਂ ਥਾਵਾਂ ’ਤੇ ਵੀਡੀਓਗ੍ਰਾਫੀ ਕਰਨ ਦੀ ਥਾਂ ਪੀੜਤਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ ਤੇ ਇਨ੍ਹਾਂ ਦੁਰਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਣਾ ਨਹੀਂ ਚਾਹੀਦਾ।