ਵੀਰਵਾਰ ਨੂੰ ਲਹਿਰਾ ਮੁਹੱਬਤ ਤੋਂ ਪਰੇਸ਼ਾਨ ਕਰਨ ਵਾਲੀ ਖ਼ਬਰ ਆਈ। ਮਾਮਲਾ ਇਹ ਹੈ ਕਿ ਪਿਓ ਤੇ ਪੁੱਤਰ, ਜਿਹੜੇ ਖੇਤ-ਕਾਮੇ ਸਨ, ਆਪਣੇ ਪਿੰਡੋਂ ਕੰਮ ਕਰਨ ਲਈ ਲਹਿਰਾ ਮੁਹੱਬਤ ਆਏ ਹੋਏ ਸਨ। ਇਸ ਦੌਰਾਨ 27 ਸਾਲਾ ਨੌਜਵਾਨ ਨੇ ਇਕ ਖੇਤ ਵਿੱਚੋਂ ਗੰਨਾ ਪੁੱਟ ਲਿਆ ਤਾਂ ਖੇਤ ਮਾਲਕ ਦੇ ਪੁੱਤਰ ਨੂੰ ਏਨਾ ਗੁੱਸਾ ਚੜ੍ਹਿਆ ਕਿ ਉਸ ਨੇ ਖੇਤ ਕਿਰਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਉਹ ਦਮ ਤੋੜ ਗਿਆ।

ਵੀਰਵਾਰ ਨੂੰ ਲਹਿਰਾ ਮੁਹੱਬਤ ਤੋਂ ਪਰੇਸ਼ਾਨ ਕਰਨ ਵਾਲੀ ਖ਼ਬਰ ਆਈ। ਮਾਮਲਾ ਇਹ ਹੈ ਕਿ ਪਿਓ ਤੇ ਪੁੱਤਰ, ਜਿਹੜੇ ਖੇਤ-ਕਾਮੇ ਸਨ, ਆਪਣੇ ਪਿੰਡੋਂ ਕੰਮ ਕਰਨ ਲਈ ਲਹਿਰਾ ਮੁਹੱਬਤ ਆਏ ਹੋਏ ਸਨ। ਇਸ ਦੌਰਾਨ 27 ਸਾਲਾ ਨੌਜਵਾਨ ਨੇ ਇਕ ਖੇਤ ਵਿੱਚੋਂ ਗੰਨਾ ਪੁੱਟ ਲਿਆ ਤਾਂ ਖੇਤ ਮਾਲਕ ਦੇ ਪੁੱਤਰ ਨੂੰ ਏਨਾ ਗੁੱਸਾ ਚੜ੍ਹਿਆ ਕਿ ਉਸ ਨੇ ਖੇਤ ਕਿਰਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਉਹ ਦਮ ਤੋੜ ਗਿਆ। ਇਸ ਸਬੰਧ ਵਿਚ ਬੇਸ਼ੱਕ ਪੁਲਿਸ ਨੇ ਆਪਣਾ ਕੰਮ ਕੀਤਾ ਹੈ ਤੇ ਮੁਲਜ਼ਮ ਦੇ ਪਿਤਾ ਨੂੰ ਹਿਰਾਸਤ ਵਿਚ ਲੈ ਲਿਆ ਹੈ ਪਰ ਉਹਦਾ ਪੁੱਤਰ ਹਾਲੇ ਫ਼ਰਾਰ ਹੈ। ਇਹੋ-ਜਿਹੇ ਮਾਮਲਿਆਂ ਬਾਰੇ ਖ਼ਬਰਾਂ ਹੁਣ ਪਹਿਲਾਂ ਦੀ ਤੁਲਨਾ ਵਿਚ ਵੱਧ ਸਾਹਮਣੇ ਆ ਰਹੀਆਂ ਹਨ। ਪੰਜਾਬੀ ਲੋਕ ਜੋ ਕਦੇ ਸਬਰ, ਸੰਜਮ ਤੇ ਤਹੱਮਲ ਲਈ ਜਾਣੇ ਜਾਂਦੇ ਸਨ, ਹੁਣ ਬਹੁਤ ਕਰੋਧੀ ਹੁੰਦੇ ਜਾ ਰਹੇ ਹਨ। ਇਹ ਕੀ ਵਜ੍ਹਾ ਬਣੀ ਕਿ ਭਾਈਚਾਰਕ ਸਾਂਝਾਂ ਵਾਲੇ ਪੰਜਾਬ ਵਿਚ ਇਹੋ-ਜਿਹੇ ਵਰਤਾਰੇ ਹੋਣ ਲੱਗ ਪਏ ਕਿ ਸਿਰਫ਼ ਗੰਨਾ ਪੱਟਣ ਕਾਰਨ ਕਿਸੇ ਦੀ ਜਾਨ ਲੈ ਲਈ ਗਈ। ਇਹ ਤਾਂ ਕੋਈ ਇਨਸਾਨੀਅਤ ਨਾ ਹੋਈ। ਅਤੀਤ ਵੱਲ ਦੇਖੀਏ ਤਾਂ ਪੰਜਾਬ ਖ਼ਾਸ ਤੌਰ ’ਤੇ ਪੇਂਡੂ ਪੰਜਾਬ ਦਾ ਆਮ ਰੌਂਅ ਇਹ ਨਹੀਂ ਹੁੰਦਾ ਸੀ ਸਗੋਂ ਲੋਕ ਤਾਂ ਇਕ-ਦੂਜੇ ਦੇ ਭਾਈਚਾਰਕ ਸਾਂਝਵਾਲ ਹੁੰਦੇ ਸਨ। ਇਕ-ਦੂਜੇ ਦੇ ਖੇਤਾਂ ਵਿੱਚੋਂ ਲੋੜ ਦੀਆਂ ਜਿਨਸਾਂ ਲੈ ਆਉਣੀਆਂ, ਵਾਰੋ-ਵਾਰੀ ਇਕ-ਦੂਜੇ ਦੇ ਖੇਤਾਂ ਵਿੱਚੋਂ ਪੱਠੇ ਵੱਢਣੇ ਆਮ ਵਰਤਾਰਾ ਰਿਹਾ ਹੈ। ਉਸ ਬਿਰਧ ਮਜ਼ਦੂਰ ਦਾ ਕੀ ਹਾਲ ਹੋਵੇਗਾ, ਜਿਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪੁੱਤਰ ਨੂੰ ਪਹਿਲਾਂ ਡਾਂਗਾਂ ਨਾਲ ਕੁੱਟਿਆ ਗਿਆ ਤੇ ਫਿਰ ਉਹੀ ਪੁੱਤਰ ਉਹਦੇ ਹੱਥਾਂ ਵਿਚ ਦਮ ਤੋੜ ਗਿਆ? ਕੀ ਇਹੀ ਪੰਜਾਬੀਅਤ ਹੈ ਜਾਂ ਇਹ ਇਨਸਾਨੀਅਤ ਹੈ? ਇਹ ਅਲੋਕਾਰੀ ਕਾਰੇ ਪੰਜਾਬੀ ਵਿਹਾਰ ਦਾ ਹਿੱਸਾ ਬਣਨੇ ਹਰ ਸੁੱਘੜ ਵਿਅਕਤੀ ਨੂੰ ਫ਼ਿਕਰਾਂ ਵਿਚ ਪਾਉਂਦੇ ਹਨ। ਅੱਜ ਇਹ ਗੱਲਾਂ ਵਾਰ-ਵਾਰ ਕਹੀਆਂ ਜਾ ਰਹੀਆਂ ਹਨ ਕਿ ਹੁਣ ਸਾਡੇ ਲੋਕਾਂ ਵਿਚ ਬਰਦਾਸ਼ਤ ਦਾ ਮਾਦਾ ਘਟਦਾ ਜਾ ਰਿਹਾ ਹੈ। ਕਈ ਵਾਰ ਤਾਂ ਕੁਝ ਰੁਪਈਆਂ ਦੇ ਲੈਣ-ਦੇਣ ਵਿਚ ਬੋਲ-ਬੁਲਾਰਾ ਹੋਣ ’ਤੇ ਕਤਲ ਤੱਕ ਹੋ ਜਾਣ ਬਾਰੇ ਖ਼ਬਰਾਂ ਬਾਹਰ ਆ ਜਾਂਦੀਆਂ ਨੇ। ਦੁਖਦਾਈ ਤੱਥ ਇਹ ਹੈ ਕਿ ਜਿਵੇਂ-ਜਿਵੇਂ ਅਸੀਂ ਭੌਤਿਕ ਪੱਖੋਂ ਖ਼ੁਸ਼ਹਾਲ ਹੋ ਰਹੇ ਹਾਂ, ਤਿਵੇਂ-ਤਿਵੇਂ ਸਾਡੇ ਦਿਲ ਹੋਰ ਵੱਡੇ ਹੋਣ ਵੱਲ ਅਹੁਲਣ ਦੀ ਥਾਂ ਸੁੰਗੜਦੇ ਪ੍ਰਤੀਤ ਹੋ ਰਹੇ ਨੇ। ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਮੁੰਡੇ ਦੇ ਮਾਪੇ ਵੀ ਇਹੋ ਕਹਿ ਰਹੇ ਹਨ ਕਿ ਕੀ ਹੋਇਆ ਜੇ ਮੁੰਡੇ ਨੇ ਗੰਨਾ ਪੁੱਟ ਲਿਆ ਸੀ, ਉਸ ਨੂੰ ਰੋਕਿਆ ਜਾ ਸਕਦਾ ਸੀ, ਟੋਕਿਆ ਜਾ ਸਕਦਾ ਸੀ। ਕੀ ਇਸ ‘ਗ਼ੁਨਾਹ’ ਦੀ ‘ਸਜ਼ਾ’ ਜਾਨੋਂ ਮਾਰ ਦੇਣਾ ਹੈ? ਬੇਸ਼ੱਕ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ ਪਰ ਮੁੱਕਦੀ ਗੱਲ ਇਹ ਹੈ ਕਿ ਸਾਨੂੰ ਆਪਣੇ ਧੁਰ ਅੰਦਰ ਤੱਕ ਝਾਕਣਾ ਪਵੇਗਾ ਕਿਉਂਕਿ ਸਮਝੌਤਾ ਹੋ ਜਾਣ ਨਾਲ ਬੇਵਕਤ ਜਹਾਨੋਂ ਤੁਰ ਗਿਆ ਖੇਤ ਕਾਮਾ ਵਾਪਸ ਨਹੀਂ ਆਉਣ ਵਾਲਾ।
-ਯਾਦਵਿੰਦਰ ਵਾਹਦ। -ਮੋਬਾਈਲ : 62843-36773