ਅਮਰੀਕਾ ਵਿਚ ਸੱਤ-ਅੱਠ ਕਰੋੜ ਕੁੱਤੇ ਹਨ ਪਰ ਉਹ ਸਾਰੇ ਪਾਲਤੂ ਹੀ ਹਨ। ਗਲੀਆਂ, ਬਾਜ਼ਾਰਾਂ, ਸੜਕਾਂ, ਪਾਰਕਾਂ ’ਚ ਬਿਲਕੁਲ ਨਹੀਂ ਹਨ। ਬ੍ਰਾਜ਼ੀਲ ਵਿਚ ਤਿੰਨ-ਚਾਰ ਕਰੋੜ ਅਤੇ ਚੀਨ ਵਿਚ ਵੀ ਤਿੰਨ ਕੁ ਕਰੋੜ ਕੁੱਤੇ ਹਨ। ਸਾਡੇ ਭਾਰਤ ਵਿਚ ਪਾਲਤੂ ਕੁੱਤੇ ਹੋਣਗੇ ਕਰੋੜ ਦੇ ਲਗਪਗ ਪਰ ਅਵਾਰਾ ਜਾਨਵਰਾਂ ਦੀ ਗਿਣਤੀ ਛੇ-ਸੱਤ ਕਰੋੜ ਹੈ।

ਸਕੂਲ ਜਾਂਦੇ ਕਈ ਲੜਕਿਆਂ ਦੇ ਪਜਾਮੇ ਦਾ ਇਕ ਪੌਂਚਾ ਅਕਸਰ ਪਾਟਿਆ ਹੁੰਦਾ ਸੀ। ਮੁੰਡਿਆਂ ਦੀ ਇਕ ਲੱਤ ’ਤੇ ਪੱਟੀ ਬੱਝੀ ਆਮ ਦਿਸਦੀ ਸੀ। ਇਹ ਕੁੱਤੇ ਦੇ ਕੱਟਣ ਦੇ ਕੇਸ ਹੁੰਦੇ ਸਨ ਪਰ ਬਹੁਤੀ ਵਾਰ ਲੜਕੇ ਦੱਸਦੇ ਵੀ ਨਹੀਂ ਸਨ। ਆਮ ਓਹੜ-ਪੋਹੜ ਚੱਲਦਾ ਸੀ ਅਤੇ ਮੈਨੂੰ ਨਹੀਂ ਯਾਦ ਕਿ ਕੋਈ ਮੌਤ ਹੋਈ ਹੋਵੇ। ਵੈਸੇ ਸਰਕਾਰ ਨੂੰ ਕੁੱਤਿਆਂ ਦੀ ਵਧਦੀ ਗਿਣਤੀ ਦਾ ਫ਼ਿਕਰ ਸੀ। ਮਿਊਂਸਪਲ ਕਮੇਟੀ ਕੋਲ ਵਾਧੂ ਜਾਨਵਰਾਂ ਦੇ ਨਿਪਟਾਰੇ ਲਈ ਇਰਾਦਾ ਸੀ, ਬਜਟ ਸੀ, ਯਤਨ ਸਨ। ਉਹ ਰਾਤ ਸਮੇਂ ਕਾਰਜਸ਼ੀਲ ਹੁੰਦੇ ਸਨ ਅਤੇ ਸਵੇਰੇ-ਸਵੇਰੇ ਲਾਸ਼ਾਂ ਨੂੰ ਬਿੱਲੇ ਲਾ ਲੈਂਦੇ ਸਨ। ਰੇਬੀਜ਼ ਦੇ ਕੇਸ ਸੁਣੀਦੇ ਸਨ ਪਰ ਵੇਖਿਆ ਕੋਈ ਨਹੀਂ। ਫਿਰ ਦੇਸ਼ ਆਜ਼ਾਦ ਹੋ ਗਿਆ। ਅਕਲਾਂ ਆ ਗਈਆਂ। ਸ਼ਹਿਰ ਦਾ ਵਿਕਾਸ ਸ਼ੁਰੂ ਹੋਇਆ। ਅੰਮ੍ਰਿਤਸਰ ਸ਼ਹਿਰ ਦੇ ਬਾਹਰ ਤਕਰੀਬਨ ਇਕ ਕਿੱਲੋਮੀਟਰ ਚੌੜਾ ਬਾਗਾਂ ਦਾ ਰਿੰਗ ਸੀ। ਅਮਰੂਦ, ਨਾਖਾਂ, ਲੁਕਾਠਾਂ, ਲੂਚੇ, ਫਾਲਸੇ ਤੇ ਅੰਬਾਂ ਆਦਿ ਦੇ ਬਾਗ਼ ਸਨ। ਉਹ ਬਾਗ਼ ਇਕ-ਇਕ ਕਰ ਕੇ ਗਾਇਬ ਹੁੰਦੇ ਗਏ ਤੇ ਉਨ੍ਹਾਂ ਦੀ ਜਗ੍ਹਾ ਅਨਿਯਮਿਤ ਕਾਲੋਨੀਆਂ ਬਣ ਗਈਆਂ। ਨਹਿਰ ’ਚੋਂ ਨਿਕਲਦੇ ਸੂਏ ਜੇ ਇਸ ਖੇਤਰ ਨੂੰ ਸਿੰਜਦੇ ਸਨ ਤਾਂ ਉਨ੍ਹਾਂ ਦੀ ਲੋੜ ਨਾ ਰਹੀ। ਪੈਸੇ ਦੀ ਦੌੜ ਨੇ ਹੋਰ ਕਿਸੇ ਪਾਸੇ ਨਹੀਂ ਵੇਖਿਆ। ਸੜਕਾਂ ’ਤੇ ‘ਅਵਾਰਾ’ ਗਊਆਂ ਦਿਸਣ ਲੱਗੀਆਂ। ਅਵਾਰਾ ਅਤੇ ਜ਼ਖ਼ਮੀ ਸਾਨ੍ਹ ਵੀ ਸੜਕਾਂ ਦੇ ਐਨ ਵਿਚਕਾਰ ਬੈਠੇ ਜੁਗਾਲੀ ਕਰਦੇ ਦਿਸਣ ਲੱਗੇ। ਕੁੱਤਿਆਂ ਦੀ ਗਿਣਤੀ ਹਜ਼ਾਰਾਂ ’ਚ ਪਹੁੰਚ ਗਈ। ਕਿਸੇ ਵੀ ਕੁੱਤੇ ਨਾਲ ਨਜ਼ਰ ਮਿਲਾਓ, ਚੁਟਕੀ ਵਜਾਓ, ਉਹ ਓਸੇ ਵੇਲੇ ਆਪਣਾ ਸਪਸ਼ਟ ਹੁੰਗਾਰਾ ਦੇਂਦਾ ਹੈ। ਸਿਰ ਨੀਵਾਂ ਕਰ ਕੇ ਪੂਛ ਜਲਦੀ-ਜਲਦੀ ਹਿਲਾਉਂਦਿਆਂ ਉਹ ਤੁਹਾਡੇ ਹੱਥਾਂ ’ਚ ਬਦੋ-ਬਦੀ ਆ ਜਾਂਦਾ ਹੈ। ਪਿਆਰ ਕਰਵਾਉਣਾ ਇਸ ਅਨੋਖੇ ਜਾਨਵਰ ਦਾ ਬੁਨਿਆਦੀ ਸੁਭਾਅ ਹੈ। ਤਜਰਬੇ ਵਜੋਂ ਕਿਸੇ ਬਿਲਕੁਲ ਓਪਰੇ ਜਾਨਵਰ ਨੂੰ ਵੀ, ਕੇਕ ਜਾਂ ਰੋਟੀ ਦਾ ਪੀਸ ਦਿਖਾਓ, ਭੱਜਾ ਆਵੇਗਾ। ਤੁਹਾਡੇ ਕੋਲੋਂ ਖੋਹੇਗਾ ਨਹੀਂ। ਸਬਰ ਨਾਲ, ਅੱਖਾਂ ਕੇਕ ’ਤੇ ਟਿਕਾਈ ਖੜ੍ਹਾ ਰਹੇਗਾ। ਇਕ-ਦੋ ਤਾਂ ਤੁਹਾਡੇ ਘਰ ਲਾਗੇ ਗਿੱਝ ਹੀ ਜਾਂਦੇ ਹਨ। ਆਪਣੀ ‘ਟੈਰੇਟਰੀ’ ਬਣਾ ਲੈਂਦੇ ਹਨ। ਆਪਣੀ ਟੈਰੇਟਰੀ, ਆਪਣੇ ਇਲਾਕੇ ਦੀ ਹਿਫ਼ਾਜ਼ਤ ਹਰ ਕੁੱਤਾ ਕਰਦਾ ਹੈ। ਇਕ ਜਾਂ ਜ਼ਿਆਦਾ ਕੁੱਤੀਆਂ ਅਤੇ ਕਤੂਰਿਆਂ ਦੀ ਸ਼ਕਲ ’ਚ ਇਹ ਪਰਿਵਾਰ ਇਕ ਤੋਂ ਅਨੇਕ ਬਣ ਜਾਂਦੇ ਹਨ।
ਕੁੱਤਿਆਂ ਦੀਆਂ ਕਿਸਮਾਂ ਅਤੇ ਕਤੂਰਿਆਂ ਦੀਆਂ ਕੀਮਤਾਂ ਤਾਂ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪੰਜਾਹ-ਪੰਜਾਹ ਹਜ਼ਾਰ ਖ਼ਰਚ ਕੇ ਲਿਆਂਦਾ ਕਤੂਰਾ ਸਾਰਾ ਦਿਨ ਪਰਿਵਾਰ ਦੀ ਨਿਗਾਹ ’ਚ ਰਹਿੰਦਾ ਹੈ। ਚੰਗੀ ਖੁਰਾਕ ਅਤੇ ਲੋੜ ਪੈਣ ’ਤੇ ਮਹਿੰਗਾ ਇਲਾਜ ਉਹਨੂੰ ਮਿਲਦਾ ਰਹਿੰਦਾ ਹੈ ਅਤੇ ਕੁਝ ਮਹੀਨਿਆਂ ਵਿਚ ਉਹ ਆਪਣਾ ਕੱਦ ਕੱਢ ਜਾਂਦਾ ਹੈ। ਕਈ ਕਿਸਮਾਂ ਬਹੁਤ ਖ਼ਤਰਨਾਕ ਹੁੰਦੀਆਂ ਹਨ। ਨਾਲੇ ਬਹੁਤ ਵੱਡਾ ਜਾਨਵਰ ਸੰਗਮਰਮਰੀ ਕੋਠੀਆਂ ’ਚ ਕਈਆਂ ਨੂੰ ਚੰਗਾ ਨਹੀਂ ਲੱਗਦਾ। ਹੱਲ ਵਜੋਂ, ਉਹ ਕਾਰ ’ਚ ਬਿਠਾ ਕੇ ਕਿਤੇ ਸ਼ਹਿਰੋਂ ਦੂਰ ਓਪਰੇ ਇਲਾਕੇ ’ਚ ਛੱਡ ਦਿੰਦੇ ਹਨ। ਪਾਲਤੂ ਕੁੱਤੇ ਆਪਣਾ-ਆਪ ਸੰਭਾਲਣਾ ਨਹੀਂ ਜਾਣਦੇ। ਇਸ ਤਰ੍ਹਾਂ ਘਰੋਂ ਕੱਢੇ ਹੋਏ ਕੁੱਤੇ/ਕੁੱਤੀਆਂ ਅਤੇ ਹੋਰ ਗਲੀਆਂ-ਬਾਜ਼ਾਰਾਂ ਦੇ ਕੁੱਤਿਆਂ ਦੀ ਗਿਣਤੀ ਕਰਨਾ ਮੁਸ਼ਕਲ ਹੈ। ਅੰਦਾਜ਼ੇ ਹੀ ਲਾਏ ਜਾਂਦੇ ਹਨ। ਇਨਸਾਨਾਂ ਦੀ ਭੀੜ ਵਾਂਗ ਜਦੋਂ ਕੁੱਤੇ ਵੀ ਵੱਡੇ-ਵੱਡੇ ਸਮੂਹ ਬਣਾ ਲੈਂਦੇ ਹਨ ਤਾਂ ਉਸ ਗਰੁੱਪ ਦੇ ਵਤੀਰੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਤਾ ਨਹੀਂ ਕੀਹਦੇ ਮਗਰ ਉਨ੍ਹਾਂ ਸਾਰਿਆਂ ਨੇ ਪੈ ਜਾਣਾ ਹੁੰਦਾ ਹੈ। ਹੇੜ੍ਹ ਦਾ ਦਿਮਾਗ ਨਹੀਂ ਹੁੰਦਾ। ਹਾਲ ਇਹ ਬਣ ਗਿਆ ਹੈ ਕਿ ਤੁਸੀਂ ਸਵੇਰੇ ਸੈਰ ਕਰਨ ਵੀ ਨਹੀਂ ਜਾ ਸਕਦੇ। ਦੌੜਨਾ ਕਿਸੇ ਕੁੱਤਿਆਂ ਦੀ ਹੇੜ੍ਹ ਨੂੰ ਵਾਜਾਂ ਮਾਰਨ ਵਾਲੀ ਗੱਲ ਹੈ। ਬੇਸ਼ੁਮਾਰ ਵਾਰਦਾਤਾਂ ਹੋ ਚੁੱਕੀਆਂ ਹਨ। ਛੋਟੇ ਬੱਚਿਆਂ ਨੂੰ ਨੋਚ-ਨੋਚ ਕੇ ਕੁੱਤੇ ਖਾ ਗਏ। ਕੁੱਤੇ ਨੂੰ ਬਚਾਉਂਦਿਆਂ ਜਾਂ ਉਸ ਤੋਂ ਬਚਦਿਆਂ ਸੈਂਕੜੇ ਸੜਕ ਦੁਰਘਟਨਾਵਾਂ ਰੋਜ਼ ਵਾਪਰ ਰਹੀਆਂ ਹਨ। ਕੀ ਕੀਤਾ ਜਾਵੇ? ਜੋ ਕੀਤਾ ਜਾ ਰਿਹਾ ਹੈ, ਕਿਸੇ ਸੋਚੀ-ਸਮਝੀ ਅਗਿਆਨਤਾ ਦਾ ਹੀ ਭੁਲੇਖਾ ਪਾਉਂਦਾ ਹੈ।
ਅਮਰੀਕਾ ਵਿਚ ਸੱਤ-ਅੱਠ ਕਰੋੜ ਕੁੱਤੇ ਹਨ ਪਰ ਉਹ ਸਾਰੇ ਪਾਲਤੂ ਹੀ ਹਨ। ਗਲੀਆਂ, ਬਾਜ਼ਾਰਾਂ, ਸੜਕਾਂ, ਪਾਰਕਾਂ ’ਚ ਬਿਲਕੁਲ ਨਹੀਂ ਹਨ। ਬ੍ਰਾਜ਼ੀਲ ਵਿਚ ਤਿੰਨ-ਚਾਰ ਕਰੋੜ ਅਤੇ ਚੀਨ ਵਿਚ ਵੀ ਤਿੰਨ ਕੁ ਕਰੋੜ ਕੁੱਤੇ ਹਨ। ਸਾਡੇ ਭਾਰਤ ਵਿਚ ਪਾਲਤੂ ਕੁੱਤੇ ਹੋਣਗੇ ਕਰੋੜ ਦੇ ਲਗਪਗ ਪਰ ਅਵਾਰਾ ਜਾਨਵਰਾਂ ਦੀ ਗਿਣਤੀ ਛੇ-ਸੱਤ ਕਰੋੜ ਹੈ। ਗਊਆਂ, ਘੋੜੇ, ਖੋਤੇ ਅਤੇ ਹੋਰ ਵੱਡੇ ਜਾਨਵਰ ਜਿਹੜੇ ਸੜਕਾਂ ਮੱਲ ਲੈਂਦੇ ਹਨ ਜਾਂ ਰਾਹ ਵਿਚ ਆ ਜਾਂਦੇ ਹਨ ਅਤੇ ਭਿਆਨਕ ਐਕਸੀਡੈਂਟਾਂ ਦਾ ਕਾਰਨ ਬਣਦੇ ਹਨ, ਉਹਨਾਂ ਦੀ ਗਿਣਤੀ ਵੱਖ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ‘ਕੁਤੀੜ ਵਾਧਾ’ ਕਿਵੇਂ ਹੁੰਦਾ ਹੈ। ਪਰ ਪਾਲਤੂ ਕੁੱਤਿਆਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਕਿਤੇ ਵੱਧ ਹੈ। ਅਮਰੀਕਾ, ਜਾਪਾਨ ਅਤੇ ਯੂਰਪ ਦੇ ਘਰਾਂ ਵਿਚ ਬੱਚਿਆਂ ਦੀ ਗਿਣਤੀ ਨਾਲੋਂ ਪਾਲਤੂ ਕੁੱਤਿਆਂ ਦੀ ਗਿਣਤੀ ਜ਼ਿਆਦਾ ਹੈ। ਸਮਝਿਆ ਜਾਂਦਾ ਹੈ ਕਿ ਬੱਚੇ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਇਹ ਸਾਥ ਜ਼ਰੂਰੀ ਹੈ। ਬੱਚੇ ਹੀ ਨਹੀਂ, ਵੱਡੇ ਵੀ ਇਸ ਸਾਥ ਵਿਚ ਇਕ ਸਾਰਥਕ ਜੀਵਨ ਦਾ ਆਨੰਦ ਲੈਂਦੇ ਹਨ। ਭਾਰਤ ਵਿਚ ਵੀ, ਇਹ ਜਿਉਂਦਾ-ਜਾਗਦਾ, ਖਾਂਦਾ-ਪੀਂਦਾ ਖਿਡੌਣਾ ਪਾਲਿਆ ਜਾਂਦਾ ਹੈ ਪਰ ਸਾਰੇ ਕੁੱਤੇ ਪਾਲੇ ਨਹੀਂ ਜਾ ਸਕਦੇ। ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਜਨਤਕ ਸਥਾਨਾਂ ਤੋਂ ਕੁੱਤੇ ਹਟਾਏ ਜਾਣ, ਬੜੇ ਸਮੇਂ ਸਿਰ ਹੈ ਅਤੇ ਇਸ ਦੀ ਪਾਲਣਾ ਹੋਣੀ ਚਾਹੀਦੀ ਹੈ। ਜੇ ਰਾਤੋ-ਰਾਤ ਨਹੀਂ ਤਾਂ ਕੋਈ ਵਿਸ਼ਵਾਸਯੋਗ ਪਲੈਨ ਸ਼ੁਰੂ ਹੋਣਾ ਚਾਹੀਦਾ ਹੈ।
ਚਲੰਤ ਸਕੀਮਾਂ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗੀਆਂ ਹਨ। ਜਿੰਨੇ ਕੁੱਤੇ ਇਕ ਸਾਲ ਵਿਚ ਖੱਸੀ ਕੀਤੇ ਜਾਂਦੇ ਹਨ, ਉਸ ਤੋਂ ਕਿਤੇ ਵੱਧ ਹਰ ਸਾਲ ਪੈਦਾ ਹੋ ਰਹੇ ਹਨ। ਇਸ ਤੋਂ ਹੀ ਸਾਰੀ ਯੋਜਨਾ ਦੇ ਸਫਲ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਕ ਪੁਰਾਣੀ ਕਹਾਣੀ ਯਾਦ ਆ ਰਹੀ ਹੈ। ਕਿਸੇ ਨੂੰ ਪੁੱਛਿਆ ਕਿ ਜੇ ਬਗਲਾ ਫੜਨਾ ਹੋਵੇ ਤਾਂ ਕਿਵੇਂ ਫੜੇਂਗਾ? ਉਹਨੇ ਕਿਹਾ ਕਿ ਜਦੋਂ ਛੱਪੜ ਕੰਢੇ ਬੈਠਾ ਹੋਵੇ, ਮੈਂ ਹੌਲੀ-ਹੌਲੀ ਉਸ ਦੇ ਪਿੱਛੋਂ ਦੀ ਜਾਵਾਂਗਾ ਅਤੇ ਮਲਕੜੇ ਜਿਹੇ, ਉਸ ਤੋਂ ਨਜ਼ਰ ਬਚਾ ਕੇ ਉਸ ਨੂੰ ਫੜ ਲਵਾਂਗਾ। ਪੁੱਛਣ ਵਾਲਾ ਕਹਿੰਦਾ ‘ਇਹ ਵੀ ਕੋਈ ਤਰੀਕਾ ਹੈ?’ ਜੇ ਨਹੀਂ ਪਤਾ ਤਾਂ ਸੁਣ। ਬਗਲਾ ਫੜਨ ਲਈ ਮੋਮਬਤੀ ਲੈ। ਜਗਦੀ ਹੋਵੇ। ਉਹ ਬਗਲੇ ਦੇ ਸਿਰ ’ਤੇ ਰੱਖੀਂ। ਹੌਲੀ-ਹੌਲੀ ਮੋਮ ਪਿਘਲੇਗੀ। ਬਗਲੇ ਦੀਆਂ ਅੱਖਾਂ ’ਚ ਪੈ ਜਾਵੇਗੀ। ਬਗਲਾ ਅੰਨ੍ਹਾ ਹੋ ਜਾਵੇਗਾ। ਬਸ, ਫੜ ਲਵੀਂ। ਸਵਾਲ ਹੋਇਆ ਕਿ ਜਦੋਂ ਮੋਮਬੱਤੀ ਰੱਖਣੀ ਹੈ, ਉਦੋਂ ਹੀ ਫੜ ਲਓ। ਜਵਾਬ ਆਇਆ ‘ਇਹ ਕੋਈ ਉਸਤਾਦੀ ਤਰੀਕਾ ਤਾਂ ਨਾ ਹੋਇਆ।’ ਮੈਂ ਸਮਝਦਾ ਹਾਂ ਕਿ ਕੁੱਤਿਆਂ ਨੂੰ ਲੈ ਕੇ ਜੋ ਵੀ ਹੋ ਰਿਹਾ ਹੈ, ਕੋਈ ‘ਉਸਤਾਦੀ ਤਰੀਕਾ’ਹੀ ਹੈ।
ਸੜਕਾਂ ਤੋਂ ਹਟਾਈ ਉਨ੍ਹਾਂ ਦੀ ਗਿਣਤੀ ਨੂੰ ਮੁੱਖ ਰੱਖ ਕੇ ਸ਼ੈਲਟਰ ਹੋਮ ਬਣਨ। ਮਾਦਾ ਜਾਨਵਰ ਉਨ੍ਹਾਂ ਵਿਚ ਸ਼ਿਫਟ ਕੀਤੇ ਜਾਣ। ਗਰਭ ਰੋਕੂ ਦਵਾਈਆਂ ਲੋੜ ਅਨੁਸਾਰ ਵਰਤੀਆਂ ਜਾਣ। ਉਨ੍ਹਾਂ ਦੀ ਕਾਸਟ੍ਰੇਸ਼ਨ ਕਰਨ ਦੇ ਟੀਚੇ ਪੂਰੇ ਕੀਤੇ ਜਾਣ ਅਤੇ ਸੜਕਾਂ ਤੋਂ ਕੁੱਤੇ ਅਤੇ ਹੋਰ ਗਊਆਂ-ਸਾਨ੍ਹ, ਘੋੜੇ ਆਦਿ ਹਟਾਏ ਜਾਣ। ਜਾਨਵਰਾਂ ਨੂੰ ਹਰ ਕੋਈ ਪਿਆਰ ਕਰਦਾ ਹੈ ਅਤੇ ਕੋਈ ਨਹੀਂ ਚਾਹੁੰਦਾ ਕਿ ਉਹ ਮੋਟਰ-ਕਾਰਾਂ ਹੇਠਾਂ ਆਉਣ ਅਤੇ ਭਿਆਨਕ ਦੁਰਘਟਨਾਵਾਂ ਦਾ ਕਾਰਨ ਬਣਨ। ਕੀਤੀ ਜਾਣ ਵਾਲੀ ਕਾਰਵਾਈ ਅਤੇ ਅੰਕੜੇ ਮੀਡੀਆ ’ਚ ਆਉਣੇ ਚਾਹੀਦੇ ਹਨ। ਪਿੱਛੇ ਜਿਹੇ ਜਦੋਂ ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮਜ਼ ਵਿਚ ਭੇਜਣ ਦਾ ਹੁਕਮ ਦਿੱਤਾ ਸੀ ਤਾਂ ਇਸ ਦਾ ਬਹੁਤ ਤਿੱਖਾ ਵਿਰੋਧ ਹੋਇਆ ਸੀ। ਪਸ਼ੂ ਪ੍ਰੇਮੀ ਉਨ੍ਹਾਂ ਦੇ ਹੱਕ ਵਿਚ ਡਟ ਕੇ ਖੜ੍ਹ ਗਏ ਸਨ ਜਿਸ ਕਾਰਨ ਅਦਾਲਤ ਨੂੰ ਆਪਣੇ ਫ਼ੈਸਲੇ ’ਚ ਮਾੜੀ-ਮੋਟੀ ਤਰਮੀਮ ਕਰਨੀ ਪਈ ਸੀ। ਵਿਡੰਬਣਾ ਇਹ ਹੈ ਕਿ ਅਵਾਰਾ ਕੁੱਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਪਰ ਪਸ਼ੂ ਪ੍ਰੇਮੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੁਝ ਵੀ ਨਾ ਕਿਹਾ ਜਾਵੇ। ਦੂਜੇ ਪਾਸੇ ਲੋਕਲ ਬਾਡੀਜ਼ ਮਹਿਕਮੇ ਵਾਲੇ ਵੀ ਢਿੱਲੀ ਕਾਰਗੁਜ਼ਾਰੀ ਦਿਖਾ ਰਹੇ ਹਨ ਜਿਸ ਕਾਰਨ ਬੇਸਹਾਰਾ ਪਸ਼ੂਆਂ ਤੇ ਖੂੰਖਾਰ ਅਵਾਰਾ ਕੁੱਤਿਆਂ ਦੀ ਸਮੱਸਿਆ ਵਧਦੀ ਹੀ ਜਾ ਰਹੀ ਹੈ। ਜਿੰਨਾ ਚਿਰ ਸਰਕਾਰਾਂ ਤੇ ਪ੍ਰਸ਼ਾਸਨ ਇਸ ਮਾਮਲੇ ਵਿਚ ਸੰਜੀਦਾ ਉਪਰਾਲੇ ਨਹੀਂ ਕਰਦੇ, ਲੋਕਾਂ ਨੂੰ ਇਨ੍ਹਾਂ ਤੋਂ ਰਾਹਤ ਨਹੀਂ ਮਿਲਣ ਵਾਲੀ।
-ਪ੍ਰੋ. ਮੋਹਣ ਸਿੰਘ
-ਮੋਬਾਈਲ : 80545-97595