- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਸਾਲ 1 ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਜਾਂਦਾ ਹੈ। ਸੱਚਾਈ ਇਹ ਹੈ ਕਿ ਅੱਜ ਦੇ ਦਿਨ ਭਾਵ 1 ਨਵੰਬਰ 1966 ਨੂੰ ਪੰਜਾਬ ਨੂੰ ਛਾਂਗ ਕੇ ਹੋਰ ਛੋਟਾ ਕਰ ਦਿੱਤਾ ਗਿਆ ਸੀ। ਅਸੀਂ ਉਸੇ ਪੰਜਾਬ ਦੀ ਗੱਲ ਕਰ ਰਹੇ ਹਾਂ ਜਿਸ ਦੀ ਸਲਤਨਤ ਨੂੰ ਪ੍ਰਾਪਤ ਕਰਨ ਲਈ ਮੁਗ਼ਲ, ਅੰਗਰੇਜ਼, ਅਫ਼ਗਾਨ ਸਮੇਂ-ਸਮੇਂ ’ਤੇ ਹਮਲੇ ਕਰਦੇ ਰਹੇ।

-ਕੁਲਦੀਪ ਸਿੰਘ ਸਾਹਿਲ
ਹਰ ਸਾਲ 1 ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਜਾਂਦਾ ਹੈ। ਸੱਚਾਈ ਇਹ ਹੈ ਕਿ ਅੱਜ ਦੇ ਦਿਨ ਭਾਵ 1 ਨਵੰਬਰ 1966 ਨੂੰ ਪੰਜਾਬ ਨੂੰ ਛਾਂਗ ਕੇ ਹੋਰ ਛੋਟਾ ਕਰ ਦਿੱਤਾ ਗਿਆ ਸੀ। ਅਸੀਂ ਉਸੇ ਪੰਜਾਬ ਦੀ ਗੱਲ ਕਰ ਰਹੇ ਹਾਂ ਜਿਸ ਦੀ ਸਲਤਨਤ ਨੂੰ ਪ੍ਰਾਪਤ ਕਰਨ ਲਈ ਮੁਗ਼ਲ, ਅੰਗਰੇਜ਼, ਅਫ਼ਗਾਨ ਸਮੇਂ-ਸਮੇਂ ’ਤੇ ਹਮਲੇ ਕਰਦੇ ਰਹੇ।
ਜੇਕਰ ਪੰਜਾਬ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ “ਪੰਜ” ਅਤੇ “ਆਬ” ਦੇ ਸੁਮੇਲ ਤੋਂ ਬਣਿਆ ਹੈ ਮਤਲਬ ਪੰਜ ਦਰਿਆਵਾਂ ਦੀ ਧਰਤੀ। ਇਹ ਦਰਿਆ ਹਨ ਜੇਹਲਮ, ਝਨਾਂ, ਰਾਵੀ, ਬਿਆਸ ਅਤੇ ਸਤਲੁਜ ਜਿਨ੍ਹਾਂ ’ਚੋਂ ਜੇਹਲਮ ਅਤੇ ਝਨਾਂ ਪਾਕਿਸਤਾਨ ਵਿਚ ਰਹਿ ਗਏ ਜਦਕਿ ਸਤਲੁਜ ਤੇ ਬਿਆਸ ਭਾਰਤ ਦੇ ਹਿੱਸੇ ਆਏ। ਰਾਵੀ ਦੋਨਾਂ ਦੇਸ਼ਾਂ ਵਿਚ ਵਹਿੰਦੀ ਹੈ। ਦਰਅਸਲ, ਚੜ੍ਹਦਾ ਪੰਜਾਬ ਢਾਈ ਨਦੀਆਂ ਤੱਕ ਸਿਮਟ ਕੇ ਰਹਿ ਗਿਆ ਹੈ।
ਕਿਸੇ ਵੇਲੇ ਪੰਜਾਬ ਨੂੰ ਯੂਨਾਨੀਆਂ, ਈਸਾਈਆਂ, ਅਫ਼ਗਾਨਾਂ ਅਤੇ ਈਰਾਨੀਆਂ ਲਈ ਭਾਰਤੀ ਉਪ-ਮਹਾਦੀਪ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਸੀ। ਬਾਬਰ ਦੇ ਮੁਗ਼ਲ ਸਾਮਰਾਜ ਦੀ ਸਥਾਪਨਾ ਦੇ ਨਾਲ-ਨਾਲ ਹੀ ਪੰਜਾਬ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਜੀ ਦਾ ਯੁੱਗ ਸ਼ੁਰੂ ਹੋਇਆ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਅਤੇ ਸਿੱਖ ਧਰਮ ਨੇ ਲੋਕਾਂ ਵਿਚ ਐਸੀ ਚੇਤਨਾ ਪੈਦਾ ਕੀਤੀ ਕਿ ਲੋਕ ਤਲਵਾਰ ਫੜ ਕੇ ਹਮਲਾਵਰ ਦੇ ਖ਼ਿਲਾਫ਼ ਖੜ੍ਹੇ ਹੋ ਗਏ। ਸਭ ਤੋਂ ਪਹਿਲਾਂ 14 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਸਰਹਿੰਦ ਨੂੰ ਮੁਕੰਮਲ ਤੌਰ ’ਤੇ ਜਿੱਤਣ ਮਗਰੋਂ ਸਰਹਿੰਦ ਦੇ ਕਿਲ੍ਹੇ ’ਤੇ ਕੇਸਰੀ ਪਰਚਮ ਲਹਿਰਾ ਕੇ ਖ਼ਾਲਸਾ ਰਾਜ ਦੀ ਸਥਾਪਨਾ ਦਾ ਬਾਕਾਇਦਾ ਐਲਾਨ ਕੀਤਾ। ਅਹਿਮਦ ਸ਼ਾਹ ਅਬਦਾਲੀ ਨੇ ਵੀ ਪੰਜਾਬ ’ਤੇ 1747 ਤੋਂ 1767 ਈ. ਦੇ ਸਮੇਂ ਦੇ ਦੌਰਾਨ 8 ਵਾਰ ਹਮਲੇ ਕੀਤੇ ਪਰ ਸਿੱਖਾਂ ਦੀ ਬਹਾਦਰੀ ਕਰਕੇ ਉਹ ਬਹੁਤ ਵਾਰੀ ਸਫਲ ਨਹੀਂ ਹੋਇਆ। ਸਿੱਖਾਂ ਨੇ 1799 ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿਚ ਅਫ਼ਗਾਨ ਸਾਮਰਾਜ ਦੀ ਕਬਰ ’ਤੇ ਖ਼ਾਲਸਾ ਰਾਜ ਸਥਾਪਤ ਕੀਤਾ।
ਸੰਨ 1839 ਤੱਕ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਇਕ ਦ੍ਰਿੜ੍ਹ ਅਤੇ ਸਥਿਰ ਸ਼ਾਸਨ ਪ੍ਰਦਾਨ ਕੀਤਾ ਪਰ ਸੰਨ 1849 ਈ. ਤੱਕ ਲਾਹੌਰ ਦਰਬਾਰ ਦੀ ਖ਼ਾਨਾਜੰਗੀ ਨੇ ਪੰਜਾਬ ਨੂੰ ਅੰਗਰੇਜ਼ ਹਕੂਮਤ ਦੀ ਝੋਲੀ ਪਾ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ’ਚ ਪੰਜਾਬ ’ਤੇ ਅੰਗਰੇਜ਼ਾ ਦਾ ਰਾਜ ਹੋ ਗਿਆ ਅਤੇ ਇੱਕ ਵਿਸ਼ਾਲ ਪੰਜਾਬ ਦੇ ਬਟਵਾਰੇ ਦੀ ਕਹਾਣੀ ਸ਼ੁਰੂ ਹੋ ਗਈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿਚ ਜੰਮੂ ਅਤੇ ਕਸ਼ਮੀਰ ਨੂੰ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ।
ਸੰਨ 1901 ਵਿਚ ਪੰਜਾਬ ਨਾਲੋਂ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਖੇਤਰ ਨੂੰ ਵੱਖ ਕਰ ਦਿੱਤਾ ਗਿਆ। ਸੰਨ 1911 ਵਿਚ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ। ਬਾਕੀ ਬਚਦੇ ਪੰਜਾਬ (ਕੁੱਲ 2,54,034 ਵਰਗ ਕਿੱਲੋਮੀਟਰ) ਨੂੰ ਸੰਨ 1947 ਵਿਚ ਭਾਰਤ-ਪਾਕਿ ਵੰਡ ਵੇਲੇ ਪੱਛਮੀ ਅਤੇ ਪੂਰਬੀ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ।
ਪੱਛਮੀ ਪੰਜਾਬ ( ਲਹਿੰਦਾ ਪੰਜਾਬ) ਕੋਲ 1,58,347 ਵਰਗ ਕਿੱਲੋਮੀਟਰ ਅਤੇ ਪੂਰਬੀ ਪੰਜਾਬ (ਚੜ੍ਹਦਾ ਪੰਜਾਬ) ਵੱਲ 95,687 ਵਰਗ ਕਿੱਲੋਮੀਟਰ ਇਲਾਕੇ ਆਏ। ਸੰਨ 1951 ਵਿਚ ਪੂਰਬੀ ਪੰਜਾਬ ਦੀ ਆਬਾਦੀ 1,26,41,205 ਅਤੇ ਪੱਛਮੀ ਪੰਜਾਬ ਦੀ ਜਨਸੰਖਿਆ 1,82,88,015 ਸੀ। ਹਿਮਾਚਲ ਪ੍ਰਦੇਸ਼ ਵੀ ਮਹਾਰਾਜਾ ਰਣਜੀਤ ਦੀ ਰਿਆਸਤ ਦਾ ਹਿੱਸਾ ਸੀ ਜਿਸ ਨੂੰ 1950 ਵਿਚ ਸੰਘ ਰਾਜ ਘੋਸ਼ਿਤ ਕੀਤਾ ਗਿਆ। ਸੰਨ 1956 ਵਿਚ ਪੈਪਸੂ ਜੋ ਕਿ ਇਕ ਪ੍ਰਾਂਤ ਸੀ, ਜਿਸ ਦੀਆਂ ਅੱਠ ਰਿਆਸਤਾਂ ਪਟਿਆਲਾ, ਜੀਂਦ, ਨਾਭਾ, ਕਪੂਰਥਲਾ, ਫ਼ਰੀਦਕੋਟ, ਕਲਸੀਆਂ, ਮਲੇਰਕੋਟਲਾ ਅਤੇ ਨਾਲਾਗੜ੍ਹ ਸਨ, ਨੂੰ ਪੰਜਾਬ ਵਿਚ ਸ਼ਾਮਲ ਕਰ ਦਿੱਤਾ ਗਿਆ ਅਤੇ ਇਸ ਤੋਂ ਦਸ ਸਾਲਾਂ ਸਾਲ ਬਾਅਦ 1 ਨਵੰਬਰ 1966 ਈ. ਨੂੰ ਪੰਜਾਬ ਨਾਲੋਂ ਭਾਸ਼ਾ ਦੇ ਆਧਾਰ ’ਤੇ ਦੱਖਣੀ ਅਤੇ ਦੱਖਣ-ਪੂਰਬੀ ਜ਼ਿਲ੍ਹੇ ਵੱਖ ਕਰ ਕੇ ਹਰਿਆਣਾ ਪ੍ਰਾਂਤ ਬਣਾਇਆ ਗਿਆ। ਕਾਂਗੜਾ ਜ਼ਿਲ੍ਹਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਊਨਾ ਤਹਿਸੀਲ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜ ਦਿੱਤਾ ਗਿਆ।
ਚੰਡੀਗੜ੍ਹ ਨੂੰ ਕੇਂਦਰ ਸਰਕਾਰ ਨੇ ਯੂਟੀ ਬਣਾ ਦਿੱਤਾ। ਦੇਸ਼ ਦੀ ਵੰਡ ਵੇਲੇ ਸਿੱਖਾਂ ਲਈ ਇਕ ਵੱਖਰਾ ਰਾਜ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ ਸੀ ਜਿਸ ਨੂੰ ਭਾਰਤ ਦੇ ਸਿਆਸਤਦਾਨਾਂ ਨੇ ਦਬਾ ਦਿੱਤਾ। ਜੇਕਰ ਉਸ ਵੇਲੇ ਇਹ ਮੰਗ ਮੰਨ ਲਈ ਜਾਂਦੀ ਤਾਂ ਅੱਜ ਪੰਜਾਬ ਇਕ ਵੱਖਰਾ ਖ਼ੁਦਮੁਖ਼ਤਾਰ ਦੇਸ਼ ਹੋਣਾ ਸੀ। ਉਸ ਵਕਤ ਮਾਸਟਰ ਤਾਰਾ ਸਿੰਘ ਅਤੇ ਅਕਾਲੀ ਦਲ ਨੇ ਨਵਾਂ ਦੇਸ਼ ਪਾਕਿਸਤਾਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ।
ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ‘ਪਾਕਿਸਤਾਨ ਮੁਰਦਾਬਾਦ’ ਦਾ ਨਾਅਰਾ ਲਾਇਆ ਸੀ। ਮੁਸਲਿਮ ਲੀਗ ਨੇ ਉਨ੍ਹਾਂ ਨੂੰ ਪਾਕਿਸਤਾਨ ਵਿਚ ਰਹਿਣ ਦੀ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਲਈ ਇਕ ਵੱਖਰਾ ਖ਼ੁਦਮੁਖ਼ਤਾਰ ਸਿੱਖ ਸੂਬਾ ਬਣਾ ਦਿੱਤਾ ਜਾਵੇਗਾ ਪਰ ਉਸ ਵਕਤ ਮਾਸਟਰ ਤਾਰਾ ਸਿੰਘ ਨੇ ਹਾਮੀ ਨਹੀਂ ਭਰੀ। ਇਸ ਵੰਡ ਤੋਂ ਦੋ ਸਾਲ ਬਾਅਦ ਹੀ ਮਾਸਟਰ ਤਾਰਾ ਸਿੰਘ ਨੇ ਭਾਸ਼ਾ ਦੇ ਆਧਾਰ ’ਤੇ ਪੰਜਾਬ ਦੀ ਮੁੜ ਹੱਦਬੰਦੀ ਕਰਨ ਦੀ ਮੰਗ ਰੱਖੀ ਜਿਸ ਕਰਕੇ ਉਨ੍ਹਾਂ ਨੂੰ 1949, 1953, 1955 ਅਤੇ 1960 ’ਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਨਵੇਂ ਬਣੇ ਚੜ੍ਹਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਅਤੇ ਪਹਿਲੇ ਰਾਜਪਾਲ ਧਰਮਵੀਰ ਬਣੇ।
ਉਸ ਵੇਲੇ ਪੰਜਾਬ ਵਿਚ 17 ਜ਼ਿਲ੍ਹੇ ਤੇ 83 ਤਹਿਸੀਲਾਂ ਸਨ। ਨਵੇਂ ਪੰਜਾਬ ਦੀ ਆਬਾਦੀ 1 ਕਰੋੜ, 11 ਲੱਖ, 47 ਹਜ਼ਾਰ 54 ਸੀ ਅਤੇ ਰਕਬਾ 50,225 ਵਰਗ ਕਿੱਲੋਮੀਟਰ ਸੀ। ਸੰਨ 1966 ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਬੜੇ ਉਤਰਾਅ- ਚੜ੍ਹਾਅ ਵੇਖੇ ਹਨ। ਸੰਨ 1978 ਤੋਂ ਬਾਅਦ ਪੰਜਾਬ ਲਈ ਬੜਾ ਮਾੜਾ ਵਕਤ ਰਿਹਾ ਜਿਸ ਦਾ ਸਿਖ਼ਰ 1984 ਦਾ ਸਾਲ ਸੀ। ਇਸ ਵਕਫ਼ੇ ਦੌਰਾਨ ਪੰਜਾਬ ਨੂੰ ਆਪਣੇ ਹੀ ਲੋਕਾਂ ਨੂੰ ਗੁਆਉਣਾ ਪਿਆ।
ਪੰਜਾਬ ਦੇ ਇਹ ਜ਼ਖ਼ਮ ਸ਼ਾਇਦ ਨਾ ਭਰਨਯੋਗ ਹਨ। ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਰਾਜ ਕੀਤਾ ਅਤੇ ਪੰਜਾਬ ਨੂੰ ਕੈਲੀਫੋਰਨੀਆ ਵਰਗਾ ਬਣਾਉਣ ਦੇ ਵਾਅਦੇ ਵੀ ਕੀਤੇ ਗਏ ਪਰ 78 ਸਾਲਾਂ ਬਾਅਦ ਵੀ ਅਸੀਂ ਪੰਜਾਬ ਨੂੰ ਚੰਡੀਗੜ੍ਹ ਵਰਗਾ ਖ਼ੂਬਸੂਰਤ ਵੀ ਨਹੀਂ ਬਣਾ ਸਕੇ। ਆਜ਼ਾਦੀ ਤੋਂ ਬਾਅਦ ਪੰਜਾਬ ਅਤੇ ਹੋਰ ਸੂਬਿਆਂ ਦੇ ਬਹੁਤ ਸਾਰੇ ਮਸਲਿਆਂ ਦੀ ਚਾਬੀ ਕੇਂਦਰ ਸਰਕਾਰ ਕੋਲ ਹੈ ਜਿਸ ਕਰਕੇ ਪੰਜਾਬ ਨੂੰ ਖ਼ੁਦਮੁਖਤਾਰੀ ਦੀ ਘਾਟ ਵੀ ਰੜਕਦੀ ਆ ਰਹੀ ਹੈ। ਪੰਜਾਬ ਦੀ ਮਜਬੂਰੀ ਹੈ ਕਿ ਉਹ ਆਪਣੇ ਹਿਸਾਬ ਨਾਲ ਕਾਨੂੰਨ ਨਹੀਂ ਬਣਾ ਸਕਦਾ ਅਤੇ ਹੋਰ ਬਹੁਤ ਸਾਰੇ ਮੁੱਦਿਆਂ ’ਤੇ ਵੀ ਕੇਂਦਰ ਸਰਕਾਰ ’ਤੇ ਨਿਰਭਰ ਹੈ।
ਦੂਜੇ ਪਾਸੇ ਦੇਸ਼ ਦੀ ਰਾਜਨੀਤੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਦੇਸ਼ ਦੇ ਕਾਨੂੰਨ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਕੋਈ ਵੀ ਇਨ੍ਹਾਂ ਦੀ ਪਰਵਾਹ ਨਹੀਂ ਕਰਦਾ। ਸਿੱਖਿਆ ਅਤੇ ਸਿਹਤ ਸੰਸਥਾਵਾਂ ਦਾ ਵਪਾਰੀਕਰਨ ਹੋ ਚੁੱਕਾ ਹੈ। ਬੇਰੁਜ਼ਗਾਰੀ ਅਤੇ ਗ਼ਰੀਬੀ ਦਾ ਬੋਲਬਾਲਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਵਰਗ ਵਿਦੇਸ਼ ਵੱਲ ਵਹੀਰਾਂ ਘੱਤ ਰਿਹਾ ਹੈ ਜਾਂ ਫਿਰ ਨਸ਼ੇ ਦੀ ਦਲਦਲ ’ਚ ਧਸਦਾ ਜਾ ਰਿਹਾ ਹੈ।
ਪੰਜਾਬ ਦੇ ਨੌਜਵਾਨ ਵਰਗ ਦੇ ਵਿਦੇਸ਼ ਜਾਣ ਦੇ ਰੁਝਾਨ ਕਾਰਨ ਹੀ ਅੱਜ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਆਦਿ ਕਈ ਮੁਲਕਾਂ ਵਿਚ ਮਿੰਨੀ ਪੰਜਾਬ ਹੋਂਦ ਵਿਚ ਆ ਰਹੇ ਹਨ। ਅੱਜ ਚੜ੍ਹਦੇ ਪੰਜਾਬ ਦਾ ਨੌਜਵਾਨ ਵਰਗ ਸੱਤ ਸਮੁੰਦਰੋ ਪਾਰ ਵਸ ਰਹੇ ਮਿੰਨੀ ਪੰਜਾਬਾਂ ਵਿਚ ਵਸਣ ਨੂੰ ਤਰਜੀਹ ਦੇ ਰਿਹਾ ਹੈ। ਪੰਜਾਬ ਨੂੰ ਨਵੀਂ ਸਰਕਾਰ ਤੋਂ ਖ਼ੁਸ਼ਹਾਲੀ ਅਤੇ ਬੇਹਤਰੀ ਦੀ ਕਾਫ਼ੀ ਉਮੀਦ ਸੀ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਅਜੇ ਤੱਕ ਉਹ ਉਮੀਦ ਪੂਰੀ ਹੋਣੀ ਬਾਕੀ ਹੈ।
ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਸੂਰਬੀਰਾਂ ਦਾ ਇਹ ਪੰਜਾਬ ਜਿੱਥੋਂ ਦੀ ਧਰਤੀ ਸੋਨਾ ਉਗਲਦੀ ਹੈ, ਜਿੱਥੋਂ ਦੇ ਲੋਕ ਮਿਹਨਤੀ ਹਨ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਿਚ ਸਭ ਤੋਂ ਅੱਗੇ ਹਨ , ਉਸ ਦਾ ਪੱਛੜ ਜਾਣਾ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਵੱਡੀ ਗਿਣਤੀ ਵਿਚ ਪੰਜਾਬੀਆਂ ਦਾ ਚੁੱਪ-ਚੁਪੀਤੇ ਹੋਰ ਮੁਲਕਾਂ ਨੂੰ ਖਿਸਕਣਾ ਚੜ੍ਹਦੇ ਪੰਜਾਬ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਅੱਜ ਇਕ ਵਿਸ਼ਾਲ ਪੰਜਾਬ ਤੋਂ ਬਣਾ ਦਿੱਤੀ ਗਈ ਛੋਟੀ ਜਿਹੀ ਸੂਬੀ ਦਾ ਪੰਜਾਬ ਦਿਵਸ ਕਿਵੇਂ ਮਨਾਈਏ?
-ਮੋਬਾਈਲ : 94179-90040