ਪਟਿਆਲਾ ਦੇ ਮਹਾਰਾਜਾ ਦੇ ਡਰਾਈਵਰ ਵਜੋਂ ਨੌਕਰੀ ਕਰਦਿਆਂ ਧੰਨਾ ਸਿੰਘ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੀ ਲਗਨ ਲੱਗ ਗਈ ਤੇ ਉਨ੍ਹਾਂ ਨੇ ਮਹਾਰਾਜਾ ਸਾਹਿਬ ਨੂੰ ਅਸਤੀਫ਼ਾ ਲਿਖ ਕੇ ਦਿੱਤਾ ਕਿ ਮੈਂ ਹੁਣ ਗੁਰੂ ਦੀ ਨੌਕਰੀ ਕਰਨੀ ਹੈ। ਉਸ ਵਕਤ ਉਨ੍ਹਾਂ ਦੀ ਉਮਰ 25 ਕੁ ਸਾਲ ਦੀ ਸੀ।

ਗੁਰੂ ਨਾਨਕ ਦੇਵ ਜੀ ਨੇ ਜਿੰਨੀਆਂ ਉਦਾਸੀਆਂ ਕੀਤੀਆਂ ਜਾਂ ਹੋਰ ਗੁਰੂ ਸਾਹਿਬਾਨ ਨੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਧਰਮ ਪ੍ਰਚਾਰ ਕੀਤਾ ਅਤੇ ਉੱਥੇ ਗੁਰਦੁਆਰੇ ਸਥਾਪਤ ਕੀਤੇ, ਉਨ੍ਹਾਂ ਸਾਰੇ ਗੁਰਦੁਆਰਿਆਂ ਨੂੰ ਜੇ ਕਿਸੇ ਨੇ ਬੜੀ ਹਿੰਮਤ ਅਤੇ ਦ੍ਰਿੜਤਾ ਨਾਲ ਸਾਈਕਲ ਯਾਤਰਾ ਰਾਹੀਂ 20000 ਮੀਲ ਦਾ ਸਫ਼ਰ ਤੈਅ ਕਰਕੇ ਕੀਤਾ ਤਾਂ ਉਹ ਸਨ ਭਾਈ ਧੰਨਾ ਸਿੰਘ•।
ਉਨ੍ਹਾਂ ਦਾ ਜਨਮ 1905 ਵਿਚ ਪਿੰਡ ਚਾਂਗਲੀ, ਡਾਕਘਰ ਘਨੌਰ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਵਿਚ ਭਾਈ ਸੁੰਦਰ ਸਿੰਘ ਦੇ ਘਰ ਹੋਇਆ ਸੀ। ਬਚਪਨ ’ਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਪਾਲਣ-ਪੋਸ਼ਣ ਮਹਾਰਾਜਾ ਪਟਿਆਲਾ ਵੱਲੋਂ ਚਲਾਏ ਜਾ ਰਹੇ ਯਤੀਮਖਾਨੇ ਵਿਚ ਹੋਇਆ। ਉੱਥੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਪੰਜ ਬਾਣੀਆਂ ਦਾ ਪਾਠ ਵੀ ਕਰਵਾਇਆ ਜਾਂਦਾ ਸੀ ਤੇ ਰਿਆਸਤ ਵੱਲੋਂ ਉਨ੍ਹਾਂ ਨੂੰ ਬਾਲਗ ਹੋਣ ’ਤੇ ਨੌਕਰੀ ਵੀ ਦਿੱਤੀ ਜਾਂਦੀ ਸੀ।
ਪਟਿਆਲਾ ਦੇ ਮਹਾਰਾਜਾ ਦੇ ਡਰਾਈਵਰ ਵਜੋਂ ਨੌਕਰੀ ਕਰਦਿਆਂ ਧੰਨਾ ਸਿੰਘ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੀ ਲਗਨ ਲੱਗ ਗਈ ਤੇ ਉਨ੍ਹਾਂ ਨੇ ਮਹਾਰਾਜਾ ਸਾਹਿਬ ਨੂੰ ਅਸਤੀਫ਼ਾ ਲਿਖ ਕੇ ਦਿੱਤਾ ਕਿ ਮੈਂ ਹੁਣ ਗੁਰੂ ਦੀ ਨੌਕਰੀ ਕਰਨੀ ਹੈ। ਉਸ ਵਕਤ ਉਨ੍ਹਾਂ ਦੀ ਉਮਰ 25 ਕੁ ਸਾਲ ਦੀ ਸੀ। ਉਨ੍ਹਾਂ ਨੇ 11 ਮਾਰਚ 1930 ਤੋਂ ਲੈ ਕੇ 02 ਮਾਰਚ 1935 ਤੱਕ ਗੁਰੂ ਅਸਥਾਨਾਂ ਦੀਆਂ 9 ਯਾਤਰਾਵਾਂ ਸਾਈਕਲ ’ਤੇ ਕੀਤੀਆਂ ਤੇ ਜੇਬ ’ਚ 25 ਰੁਪਏ ਹੀ ਸਨ।
ਉਨ੍ਹਾਂ ਨੇ 3 ਮਾਰਚ 1935 ਨੂੰ ਸਵਰਗਵਾਸ ਹੋਣ ਤੱਕ ਭਾਰਤ ਦੇ ਸਾਰੇ ਹੀ ਗੁਰਦੁਆਰਿਆਂ ਦੀ ਯਾਤਰਾ ਤਕਰੀਬਨ 900 ਰੁਪਏ ਵਿਚ ਕੀਤੀ। ਯਾਤਰਾ ਦੌਰਾਨ ਕਈ ਵਾਰ ਤਾਂ ਭੁੱਖੇ ਪੇਟ ਹੀ ਸੌਣਾ ਪੈਂਦਾ ਸੀ। ਉਨ੍ਹਾਂ ਕੋਲ ਇਕ ਹਵਾ ਭਰਨ ਵਾਲਾ ਪੰਪ, ਬੂਟ, ਸਾਈਕਲ, ਫੋਟੋ ਕੈਮਰੇ ਦੀਆਂ ਫਿਲਮਾਂ ਹੁੰਦੀਆਂ ਤੇ ਉਹ ਸਾਈਕਲ ਦੇ ਕੈਰੀਅਰ ’ਤੇ ਆਪਣਾ ਸਾਮਾਨ ਰੱਖ ਕੇ ਤੁਰਦੇ ਸਨ। ਕਲਕੱਤਾ ਸ਼ਹਿਰ ਵਿਚ ਰਾਤ ਕੱਟਣ ਲਈ ਜਗ੍ਹਾ ਨਾ ਮਿਲਣ ’ਤੇ ਰੇਲਵੇ ਸਟੇਸ਼ਨ ਦੇ ਮੁਸਾਫਰਖਾਨੇ ਵਿਚ ਆਪਣੀ ਲੱਤ ਨਾਲ ਸਾਈਕਲ ਬੰਨ੍ਹ ਕੇ ਸੁੱਤੇ।
ਹਜ਼ੂਰ ਸਾਹਿਬ ਨੇੜੇ ਕੁਝ ਬਦਮਾਸ਼ਾਂ ਨੇ ਜਦੋਂ ਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਤੇਜ਼ ਭਜਾ ਕੇ ਜਾਨ ਬਚਾਈ। ਸ਼੍ਰੋਮਣੀ ਕਮੇਟੀ ਨੂੰ ਇਕ ਟੈਲੀਗ੍ਰਾਮ ਸਿੰਘ ਸਭਾ ਭਾਨੂ ਵੱਲੋਂ ਪ੍ਰਾਪਤ ਹੋਈ ਕਿ ਭਾਈ ਧੰਨਾ ਸਿੰਘ 3 ਮਾਰਚ 1935 ਨੂੰ ਸਾਈਕਲ ਯਾਤਰਾ ਦੌਰਾਨ ਟੋਚੀ ਵੈਲੀ ਵਿਚ ਸੜਕ ਹਾਦਸੇ ਦੌਰਾਨ ਮਾਰੇ ਗਏ ਤੇ ਉੱਥੇ ਹੀ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।
ਭਾਈ ਗੁਰਬਖ਼ਸ਼ ਸਿੰਘ ਪਟਿਆਲੇ ਵਾਲੇ ਪਰਿਵਾਰ ਨੇ ਉਨ੍ਹਾਂ ਦੀਆਂ ਹੱਥ ਲਿਖਤ ਡਾਇਰੀਆਂ 80 ਸਾਲ ਸੰਭਾਲ ਕੇ ਰੱਖੀਆਂ। ਇਹ 8 ਯਾਤਰਾਵਾਂ ਦੀਆਂ ਡਾਇਰੀਆਂ ਸਨ। ਨੌਵੀਂ ਯਾਤਰਾ ਦੀਆਂ ਡਾਇਰੀਆਂ ਉਪਲਬਧ ਨਹੀਂ ਹੋ ਸਕੀਆਂ। ਇਨ੍ਹਾਂ 8 ਡਾਇਰੀਆਂ ਦਾ ਚੇਤਨ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ, ਪਟਿਆਲਾ ਨੇ ਬੜੀ ਬਾਰੀਕੀ ਨਾਲ ਅਧਿਐਨ ਕੀਤਾ ਤੇ ਸਾਰੀ ਸਮੱਗਰੀ ਨੂੰ ਸੋਧਣ ਤੇ ਤਰਤੀਬ ਦੇਣ ਲਈ ਪੰਜ ਸਾਲ ਨਿਰੰਤਰ ਮਿਹਨਤ ਕੀਤੀ। ਇਸ ਸਮੱਗਰੀ ਨੂੰ ਪਰਵਾਸੀ ਭਾਰਤੀਆਂ ਹਰਜਿੰਦਰ ਸਿੰਘ ਸੰਧੂ ਨਕੋਦਰ (ਡਰੋਇਟ ਨਜ਼ਦੀਕ ਬਰਮਿੰਘਮ) ਤੇ ਅਮਰੀਕ ਸਿੰਘ ਲੱਲੀ, ਰਾਮਪੁਰ ਲੱਲੀਆਂ ਨਜ਼ਦੀਕ ਲਾਂਬੜਾ (ਡਰਬੀ) ਨੇ 940 ਸਫ਼ੇ ਦੀ ਪੁਸਤਕ ਦੇ ਰੂਪ ਵਿਚ ਛਪਵਾਉਣ ਦਾ ਸਾਰਾ ਖ਼ਰਚਾ ਕੀਤਾ।
-ਸੁਰਿੰਦਰ ਸੈਣੀ
, ਜਲੰਧਰ।-ਮੋਬਾਈਲ : 98141-03944