ਜਾਗਰੂਕਤਾ ਮੁਹਿੰਮਾਂ ਨਾਲ ਜਲ ਕੁੰਭੀ ਨੂੰ ਵਿਗਿਆਨਕ ਢੰਗ ਨਾਲ ਹਟਾਉਣ ਲਈ ਯਤਨ ਕੀਤੇ ਜਾਣ, ਗ਼ੈਰਕਾਨੂੰਨੀ ਕਬਜ਼ਿਆਂ ਅਤੇ ਗ਼ੈਰਕਾਨੂੰਨੀ ਸ਼ਿਕਾਰ ਲਈ ਸਖ਼ਤ ਕਾਨੂੰਨ ਬਣਾਏ ਜਾਣ। ਇਸ ਤੋਂ ਇਲਾਵਾ ਵਾਤਾਵਰਨ ਸੰਭਾਲ ਪ੍ਰਤੀ ਪਰੰਪਰਾਗਤ ਅਨੁਭਵ ਅਤੇ ਗਿਆਨ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਕੇ ਵਿਸ਼ੇਸ਼ ਯਤਨਾਂ ਦੀ ਵੀ ਜ਼ਰੂਰਤ ਹੈ।
ਕੁਦਰਤ ਨੇ ਮਨੁੱਖ ਨੂੰ ਸੁਚੱਜੇ ਢੰਗ ਨਾਲ ਜੀਵਨ ਬਤੀਤ ਕਰਨ ਲਈ ਅਨੇਕਾਂ ਕੀਮਤੀ ਤੋਹਫ਼ੇ ਦਿੱਤੇ ਹਨ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਹਰੇਕ ਲੁੜੀਂਦੀ ਉਤਪਤੀ ਕੀਤੀ ਹੈ। ਕੁਦਰਤ ਉਹ ਕਲਾਕਾਰ ਹੈ ,ਜਿਸ ਦੀ ਹਰ ਰਚਨਾ ਬੇਮਿਸਾਲ ਹੈ। ਕੁਦਰਤ ਦੇ ਦਿੱਤੇ ਤੋਹਫ਼ਿਆਂ ਵਿੱਚੋਂ ਪਾਣੀ ਸਭ ਤੋਂ ਅਨਮੋਲ ਤੋਹਫ਼ਾ ਹੈ, ਜਿਸ ਨੂੰ ਗੁਰਬਾਣੀ ਵਿਚ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ। ਪਾਣੀ ਦੀ ਸੰਭਾਲ, ਇਸ ਦੀ ਸੁਚੱਜੀ ਵਰਤੋਂ ਅਤੇ ਕੁਦਰਤੀ ਸੰਤੁਲਨ ਲਈ ਜਲਗਾਹਾਂ ਦਾ ਵਿਸ਼ੇਸ਼ ਮਹੱਤਵ ਹੈ । ਜਲਗਾਹਾਂ (ਵੈੱਟਲੈਂਡ) ਅਰਥਾਤ ਪਾਣੀ ਨਾਲ ਭਰੇ ਜਾਂ ਦਲ-ਦਲ ਇਲਾਕੇ ’ਚ ਕੁਦਰਤ ਦਾ ਸੁਹੱਪਣ ਦੇਖਦਿਆਂ ਹੀ ਬਣਦਾ ਹੈ ।
ਜਲਗਾਹਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਦੋ ਫਰਵਰੀ ਦਾ ਦਿਨ 'ਵਿਸ਼ਵ ਜਲਗਾਹਾਂ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਪੂਰੇ ਵਿਸ਼ਵ ਵਿਚ ਘੱਟ ਰਹੀਆਂ ਜਲਗਾਹਾਂ (ਵੈੱਟਲੈਂਡ) ਨੂੰ ਬਚਾਉਣਾ ਅਤੇ ਉਨ੍ਹਾਂ ਦੀ ਮਨੁੱਖੀ ਜੀਵਨ ਵਿਚ ਅਹਿਮੀਅਤ ਪ੍ਰਤੀ ਜਾਗਰੂਕ ਕਰਨਾ ਹੈ। ਇਹ ਦਿਨ ਜਲਗਾਹਾਂ, ਝੀਲਾਂ, ਨਦੀਆਂ, ਦਲਦਲ ਨੂੰ ਸੰਭਾਲਣ ਦਾ ਸੰਦੇਸ਼ ਦਿੰਦਾ ਹੈ ਜੋ ਕਿ ਵਾਤਾਵਰਨ ਸੰਤੁਲਨ ਲਈ ਬੇਹੱਦ ਜ਼ਰੂਰੀ ਹਨ। ਅੰਤਰਰਾਸ਼ਟਰੀ ਪੱਧਰ ’ਤੇ ਜਲਗਾਹਾਂ ਦੀ ਅਹਿਮੀਅਤ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਯੂਨੈਸਕੋ ਵੱਲੋਂ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਵਿਚ "ਰਾਮਸਰ ਕਨਵੈਨਸ਼ਨ ਆਨ ਵੈੱਟਲੈਂਡਸ ਆਫ ਇੰਟਰਨੈਸ਼ਨਲ ਇਮਪੋਰਟੈਂਸ ਇਸਪੈਸ਼ਲੀ ਆਨ ਵਾਟਰਫਲੋਅ ਹੈਬੀਟੇਟ' ਕਰਵਾਈ ਗਈ ਸੀ । ਜਿਸ ਨੂੰ ਰਾਮਸਰ ਕਨਵੈਨਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਵਿਸ਼ਵ ਪੱਧਰ ’ਤੇ ਕੌਮਾਂਤਰੀ ਅਹਿਮੀਅਤ ਵਾਲੀਆਂ ਜਲਗਾਹਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਜਿਸ ਨੂੰ ਰਾਮਸਰ ਲਿਸਟ ਕਿਹਾ ਜਾਂਦਾ ਹੈ।
ਵਿਸ਼ਵ ਦੇ 172 ਦੇਸ਼ਾਂ ਵਿਚ 2520 ਤੋਂ ਵੱਧ ਜਲਗਾਹਾਂ ਰਾਮਸਰ ਲਿਸਟ ਵਿਚ ਸ਼ਾਮਿਲ ਹੋ ਚੁੱਕੀਆਂ ਹਨ, ਜਦਕਿ ਭਾਰਤ ਦੀਆਂ 96 ਜਲਗਾਹਾਂ ਰਾਮਸਰ ਲਿਸਟ ਵਿਚ ਦਰਜ ਹਨ। ਵਿਸ਼ਵ ਦੀ ਸਭ ਤੋਂ ਵੱਡੀ ਜਲਗਾਹ ਬ੍ਰਾਜ਼ੀਲ ਦੀ ਪੈਟਾਨਲ ਵੈੱਟਲੈਂਡ ਹੈ। ਭਾਰਤ ਦੀ ਸਭ ਤੋਂ ਵੱਡੀ ਜਲਗਾਹ ਸੁੰਦਰਬਨ ਵੈੱਟਲੈਂਡ ਪੱਛਮੀ ਬੰਗਾਲ ਹੈ । ਜਦਕਿ ਪੰਜਾਬ ਦੀ ਹਰੀਕੇ ਵੈੱਟਲੈਂਡ ਉੱਤਰੀ ਭਾਰਤ ਦੀ ਤਾਜ਼ੇ ਪਾਣੀ ਦੀ ਵੱਡੀ ਵੈੱਟਲੈਂਡ ਹੈ, ਜੋ ਕਿ ਲਗਪਗ 41 ਵਰਗ ਕਿਲੋਮੀਟਰ ਵਿਚ ਫੈਲੀ ਹੋਈ ਹੈ। 1952 ਵਿਚ ਹਰੀਕੇ ਬੈਰਾਜ ਦੇ ਨਿਰਮਾਣ ਨਾਲ ਹੋਂਦ ਵਿਚ ਆਈ ਇਸ ਜਲਗਾਹ ਨੂੰ 1990 ਵਿਚ ਰਾਮਸਰ ਲਿਸਟ ਵਿਚ ਸ਼ਾਮਲ ਕੀਤਾ ਗਿਆ, ਜੋ ਇਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਅਹਿਮੀਅਤ ਨੂੰ ਦਰਸਾਉਂਦਾ ਹੈ। ਜ਼ਿਲ੍ਹਾ ਫਿਰੋਜ਼ਪੁਰ ਅਤੇ ਤਰਨਤਾਰਨ ਦੀ ਸਰਹੱਦ ’ਤੇ ਸਥਿਤ ਇਹ ਜਲਗਾਹ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਕੁਦਰਤੀ ਧਰੋਹਰ ਹੈ। ਇਸ ਦੀ ਸੁਰੱਖਿਆ ਸਾਡੇ ਭਵਿੱਖ, ਪਾਣੀ, ਜੈਵਿਕ ਵਿਭਿੰਨਤਾ ਅਤੇ ਕੁਦਰਤੀ ਸੰਤੁਲਨ ਲਈ ਬੇਹੱਦ ਜ਼ਰੂਰੀ ਹੈ।ਸਤਲੁਜ ਅਤੇ ਬਿਆਸ ਦਰਿਆ ਦੇ ਸੰਗਮ ’ਤੇ ਸਥਿਤ ਇਹ ਜਲਗਾਹ ਲੱਖਾਂ ਜਲ ਜੀਵਾਂ ਅਤੇ ਸਰਦੀਆਂ ਦੇ ਮੌਸਮ ਵਿਚ ਪਰਵਾਸੀ ਪੰਛੀਆਂ ਲਈ ਸੁਰੱਖਿਅਤ ਆਸਰਾ ਹੈ। ਹਰ ਸਾਲ ਇੱਥੇ ਸਰਦੀਆਂ ਦੇ ਮੌਸਮ ਵਿਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਪਰਵਾਸੀ ਪੰਛੀ, ਜਿਨ੍ਹਾਂ ਵਿਚ ਸਾਈਬੇਰੀਅਨ ਕ੍ਰੇਨ, ਗੂਜ ਪੈਲਕਿਨ, ਬਾਰ ਹੈਡਡ, ਨਾਰਦਰਨ ਪਿੰਟੇਲ ਅਤੇ ਬੱਤਖਾਂ ਆਦਿ ਦੀਆਂ ਅਨੇਕਾਂ ਕਿਸਮਾਂ ਆਪਣਾ ਅਸਥਾਈ ਟਿਕਾਣਾ ਬਣਾਉਂਦੀਆਂ ਹਨ। ਇਹ ਕੁਦਰਤੀ ਸੁਹੱਪਣ ਦੇ ਨਾਲ-ਨਾਲ ਪੰਜਾਬ ਦੀ ਜੈਵਿਕ ਵਿਭਿੰਨਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਤੋਂ ਇਲਾਵਾ ਮੱਛੀਆਂ ਦੀਆਂ ਕੀਮਤੀ ਕਿਸਮਾਂ, ਕਛੂਏ, ਮੇਂਡਕ ਅਤੇ ਹਜ਼ਾਰਾਂ ਜਲ ਜੀਵਾਂ ਦੀ ਕੁਦਰਤੀ ਸੰਤੁਲਨ ਦੀ ਮਿਸਾਲ ਇੱਥੇ ਦੇਖਣ ਨੂੰ ਮਿਲਦੀ ਹੈ। ਜਲ ਘਾਹ, ਜਲ ਕਾਈ ਅਤੇ ਕਮਲ ਦੇ ਫੁੱਲ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ।
ਹਰੀਕੇ ਵੈੱਟਲੈਂਡ ਦੀ ਅਹਿਮੀਅਤ ਸਿਰਫ਼ ਜੰਗਲੀ ਜੀਵ ਜਾਂ ਜਲ ਜੀਵ ਸੁਰੱਖਿਆ ਤੱਕ ਹੀ ਸੀਮਤ ਨਹੀਂ। ਇਹ ਪੰਜਾਬ ਤੋਂ ਰਾਜਸਥਾਨ ਤੱਕ ਸਿੰਚਾਈ, ਪੀਣ ਵਾਲੇ ਪਾਣੀ ਦੀ ਸਪਲਾਈ, ਹੜ੍ਹ ਕੰਟਰੋਲ ਅਤੇ ਹਵਾ-ਪਾਣੀ ਦੀ ਸ਼ੁੱਧਤਾ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਕਾਰਨ ਇਹ ਸਿੱਧੇ ਤੌਰ ’ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਇਹ ਵੈੱਟਲੈਂਡ ਵਾਤਾਵਰਨ ਪ੍ਰੇਮੀਆਂ ਲਈ ਸਤਿਕਾਰ ਅਤੇ ਸ਼ਰਧਾ ਦਾ ਸਥਾਨ ਹੈ। ਇਹ ਵਿਦਿਆਰਥੀਆਂ, ਖੋਜਕਰਤਾਵਾਂ, ਵਾਤਾਵਰਨ ਅਤੇ ਜਲ ਜੀਵ ਖੋਜੀਆਂ ਲਈ ਖੋਜ ਦਾ ਬਹੁਤ ਵੱਡਾ ਕੇਂਦਰ ਅਤੇ ਜੀਵੰਤ ਪ੍ਰਯੋਗਸ਼ਾਲਾ ਵੀ ਬਣ ਸਕਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਹਰੀਕੇ ਵੈੱਟਲੈਂਡ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਦਰਿਆਵਾਂ ਰਾਹੀਂ ਖਾਸ ਤੌਰ ’ਤੇ ਸਤਲੁਜ ਦਰਿਆ ਰਾਹੀਂ ਆ ਰਹੀ ਉਦਯੋਗਿਕ ਅਤੇ ਘਰੇਲੂ ਗੰਦਗੀ, ਜਲ ਕੁੰਭੀ ਦਾ ਬੇਤਹਾਸ਼ਾ ਵਾਧਾ, ਪਾਣੀ ਦੇ ਪੱਧਰ ਵਿਚ ਕਮੀ, ਗ਼ੈਰਕਾਨੂੰਨੀ ਸ਼ਿਕਾਰ ਅਤੇ ਗ਼ੈਰਕਾਨੂੰਨੀ ਜ਼ਮੀਨੀ ਕਬਜ਼ੇ ਇਸ ਦੀ ਸੁੰਦਰਤਾ ਅਤੇ ਹੋਂਦ ਲਈ ਖ਼ਤਰਾ ਬਣ ਰਹੇ ਹਨ। ਇਹ ਪਰਵਾਸੀ ਪੰਛੀਆਂ ਦੀ ਆਮਦ ਵਿਚ ਕਮੀ ਦਾ ਵੱਡਾ ਕਾਰਨ ਹਨ। ਜੇ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਅਨਮੋਲ ਧਰੋਹਰ ਭਵਿੱਖ ਵਿਚ ਵੱਡੇ ਨੁਕਸਾਨ ਦਾ ਸ਼ਿਕਾਰ ਹੋ ਸਕਦੀ ਹੈ। ਇਸ ਦੀ ਸੰਭਾਲ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਲੋੜ ਹੈ ਕਿ ਸਰਕਾਰ, ਪ੍ਰਸ਼ਾਸਨ ਅਤੇ ਆਮ ਲੋਕ ਮਿਲ ਕੇ ਹਰੀਕੇ ਵੈੱਟਲੈਂਡ ਦੀ ਸੁਰੱਖਿਆ ਲਈ ਸਾਂਝੀ ਜ਼ਿੰਮੇਵਾਰੀ ਨਿਭਾਉਣ, ਤਾਂ ਹੀ ਭਵਿੱਖ ਸੁਰੱਖਿਅਤ ਅਤੇ ਸਿਹਤਮੰਦ ਹੋਵੇਗਾ।
ਜਾਗਰੂਕਤਾ ਮੁਹਿੰਮਾਂ ਨਾਲ ਜਲ ਕੁੰਭੀ ਨੂੰ ਵਿਗਿਆਨਕ ਢੰਗ ਨਾਲ ਹਟਾਉਣ ਲਈ ਯਤਨ ਕੀਤੇ ਜਾਣ, ਗ਼ੈਰਕਾਨੂੰਨੀ ਕਬਜ਼ਿਆਂ ਅਤੇ ਗ਼ੈਰਕਾਨੂੰਨੀ ਸ਼ਿਕਾਰ ਲਈ ਸਖ਼ਤ ਕਾਨੂੰਨ ਬਣਾਏ ਜਾਣ। ਇਸ ਤੋਂ ਇਲਾਵਾ ਵਾਤਾਵਰਨ ਸੰਭਾਲ ਪ੍ਰਤੀ ਪਰੰਪਰਾਗਤ ਅਨੁਭਵ ਅਤੇ ਗਿਆਨ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਕੇ ਵਿਸ਼ੇਸ਼ ਯਤਨਾਂ ਦੀ ਵੀ ਜ਼ਰੂਰਤ ਹੈ। ਉਦਯੋਗਿਕ ਅਤੇ ਘਰੇਲੂ ਪ੍ਰਦੂਸ਼ਣ ’ਤੇ ਸਖ਼ਤ ਕੰਟਰੋਲ ਅਤੇ ਵਿਗਿਆਨਕ ਪ੍ਰਬੰਧਨ ਰਾਹੀਂ ਇਸ ਕੁਦਰਤੀ ਵਿਰਾਸਤ ਨੂੰ ਬਚਾਇਆ ਜਾ ਸਕਦਾ ਹੈ। ਹਰੀਕੇ ਵੈੱਟਲੈਂਡ ਦੀ ਰੱਖਿਆ ਕਰਨਾ ਸਿਰਫ਼ ਅੱਜ ਦੀ ਲੋੜ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਪਾਣੀ, ਸਿਹਤਮੰਦ ਵਾਤਾਵਰਣ ਅਤੇ ਕੁਦਰਤੀ ਸੰਤੁਲਨ ਦੀ ਗਾਰੰਟੀ ਹੈ।
ਜ਼ਿਲ੍ਹਾ ਫਿਰੋਜ਼ਪੁਰ ਅਤੇ ਤਰਨਤਾਰਨ ਸਰਹੱਦੀ ਜ਼ਿਲ੍ਹੇ ਹੋਣ ਕਾਰਨ, ਇਨ੍ਹਾਂ ਨਾਲ ਆਰਥਿਕ ਅਤੇ ਸਮਾਜਿਕ ਤੌਰ ’ਤੇ ਪੱਛੜਿਆ ਸ਼ਬਦ ਲਗਦਾ ਹੈ। ਪ੍ਰੰਤੂ ਜੇ ਹਰੀਕੇ ਵੈੱਟਲੈਂਡ ਨੂੰ ਸੈਰਗਾਹ ਵਜੋਂ ਵਿਕਸਿਤ ਕਰ ਦਿੱਤਾ ਜਾਵੇ ਤਾਂ ਇੱਥੇ ਅਨੇਕਾਂ ਹੀ ਸੰਭਾਵਨਾਵਾਂ ਮੌਜੂਦ ਹਨ। ਅੰਮ੍ਰਿਤਸਰ ਵਿਚ ਪਹੁੰਚਦੇ ਲੱਖਾਂ ਸੈਲਾਨੀਆਂ ਨੂੰ ਜੇ ਸਿਰਫ਼ 60 ਕਿਲੋਮੀਟਰ ਦੂਰ ਹਰੀਕੇ ਵੈੱਟਲੈਂਡ ਨੂੰ ਈਕੋ ਫਰੈਂਡਲੀ ਸੈਰਗਾਹ ਵਜੋਂ ਵਿਕਸਿਤ ਕਰਕੇ ਦਿਖਾਇਆ ਜਾਵੇ ਤਾਂ ਇਸ ਨਾਲ ਇਸ ਇਲਾਕੇ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਹੀ ਬਦਲ ਸਕਦੀਆਂ ਹਨ। ਵਿਸ਼ਵ ਜਲਗਾਹ ਦਿਵਸ ਮੌਕੇ ਜਲ ਸਰੋਤਾਂ, ਜਲਗਾਹਾਂ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਜੀਦਗੀ ਨਾਲ ਸੋਚਣ ਅਤੇ ਯਤਨਸ਼ੀਲ ਹੋਣ ਦੀ ਸਖ਼ਤ ਜ਼ਰੂਰਤ ਹੈ। ਮਨੁੱਖਤਾ ਦੀ ਭਲਾਈ, ਸਿਹਤਮੰਦ, ਨਰੋਇਆ ਅਤੇ ਆਰਥਿਕ ਪੱਖੋਂ ਖ਼ੁਸ਼ਹਾਲ ਸਮਾਜ ਲਈ ਅਜਿਹੇ ਯਤਨ ਕਰਨਾ ਸਮੇਂ ਦੀ ਵੱਡੀ ਲੋੜ ਹੈ।
ਡਾ. ਸਤਿੰਦਰ ਸਿੰਘ
-(ਨੈਸ਼ਨਲ ਐਵਾਰਡੀ) ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਫਿਰੋਜ਼ਪੁਰ, 9815427554