ਤਾਜ਼ਾ ਭੂ-ਰਾਜਨੀਤਕ ਹਾਲਾਤ ਨੇ ਦੁਬਈ ਨੂੰ ਅਣਕਿਆਸਿਆ ਨੁਕਸਾਨ ਪਹੁੰਚਾਇਆ ਹੈ। ਖ਼ਰਚੇ ਬਚਾਉਣ ਲਈ ਵਿਸ਼ਾਲ ਹੋਟਲਾਂ/ਮਾਲਜ਼ ਦੀਆਂ ਕਈ ਮੰਜ਼ਿਲਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੁਬਈ ਦਾ ‘ਗੋਲਡ ਸੂਕ’ (ਸੋਨੇ ਦਾ ਬਾਜ਼ਾਰ) ਆਪਣੀ ਚਮਕ ਗੁਆ ਚੁੱਕਾ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੋਨੇ-ਜ਼ਵਾਹਰਾਤ ਦਾ ਬਾਜ਼ਾਰ ਮੰਨਿਆ ਜਾਂਦਾ ਹੈ।

ਸੰਨ 1958 ਤੋਂ 1990 ਤੱਕ ਦੁਬਈ ਦੇ ਸਰਬਰਾਹ ਰਹੇ ਸ਼ੇਖ਼ ਰਾਸ਼ਿਦ ਬਿਨ ਸਯਦ ਨੂੰ ਆਧੁਨਿਕ ਦੁਬਈ ਦਾ ਮਾਹਿਰ-ਏ-ਤਾਮੀਰ (ਨਿਰਮਾਤਾ-ਸਿਰਜਣਹਾਰ) ਕਿਹਾ ਜਾਂਦਾ ਹੈ। ਉਸ ਦੀ ਦੂਰਅੰਦੇਸ਼ੀ ਨੇ ਤਪਦੇ ਮਾਰੂਥਲ ਦੀ ਧਰਤੀ ਨੂੰ ਰੰਗ-ਬਿਰੰਗੇ ਗੁਲਜ਼ਾਰ ’ਚ ਬਦਲਿਆ ਸੀ। ਦੁਬਈ ਕ੍ਰੀਕ ਦੀ ਖੁਦਾਈ ਤੋਂ ਬਾਅਦ ਗਗਨ-ਚੁੰਬੀ ਇਮਾਰਤਾਂ ਦੀ ਝੜੀ ਲੱਗ ਗਈ। ਇਸ ਨਵੀਂ ਦਿੱਖ ਨੇ ਦੁਨੀਆ ਭਰ ਦੇ ਸੈਲਾਨੀਆਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਸਨ।
ਸ਼ੇਖ਼ ਨੂੰ ਇਲਮ ਸੀ ਕਿ 1966 ਵਿਚ ਹੋਈ ਤੇਲ ਦੀ ਖੋਜ ਨੇ ਮਾਰੂਥਲ ਨੂੰ ਭਾਗ ਜ਼ਰੂਰ ਲਗਾਏ ਹਨ ਪਰ ਇਕ ਦਿਨ ਇਹ ਕੁਦਰਤੀ ਭੰਡਾਰ ਮੁੱਕ ਜਾਵੇਗਾ। ਉੱਥੋਂ ਦੇ ਵਸਨੀਕਾਂ ਦਾ ਦੂਜਾ ਵੱਡਾ ਕਾਰੋਬਾਰ ਸੁੱਚੇ ਮੋਤੀ ਸਨ। ਗੋਤਾਖੋਰ ਡਾਢੀ ਮਿਹਨਤ-ਮੁਸ਼ੱਕਤ ਕਰ ਕੇ ਮੋਤੀ ਲੱਭਦੇ ਜੋ ਵਿਦੇਸ਼ਾਂ ਵਿਚ ਮਹਿੰਗੇ ਭਾਅ ਵਿਕਦੇ ਸਨ। ਜਾਪਾਨ ਨੇ 1930 ਵਿਚ ਨਕਲੀ ਮੋਤੀਆਂ ਦਾ ਨਿਰਮਾਣ ਸ਼ੁਰੂ ਕੀਤਾ ਜਿਸ ਨੇ ਦੁਬਈ ਵਾਲਿਆਂ ਦੇ ਵੱਡੇ ਰੁਜ਼ਗਾਰ ’ਤੇ ਸੱਟ ਮਾਰੀ ਸੀ।
ਸ਼ੇਖ਼ ਰਾਸ਼ਿਦ ਨੇ ਕਰਜ਼ਾ ਲੈ ਕੇ ਦੁਬਈ ਕ੍ਰੀਕ ਨੂੰ ਡੂੰਘਾ ਕਰਵਾਇਆ ਤਾਂ ਜੋ ਵੱਡੇ ਸਮੁੰਦਰੀ ਜਹਾਜ਼ ਉੱਥੇ ਪਹੁੰਚ ਸਕਣ। ਇਹ ਵੱਡਾ ਜੂਆ ਸੀ ਜੋ ਸ਼ੇਖ਼ ਨੇ ਸੂਝ-ਬੂਝ ਨਾਲ ਜਿੱਤ ਲਿਆ। ਸ਼ੇਖ਼, ਅੱਖਾਂ ਖੋਲ੍ਹ ਕੇ ਸੁਪਨੇ ਦੇਖਦਾ ਜਿਨ੍ਹਾਂ ਨੂੰ ਸਾਕਾਰ ਕਰਨ ਦੀ ਉਸ ਕੋਲ ਹਿੰਮਤ ਸੀ। ਅਤੀਤ ਨੂੰ ਯਾਦ ਕਰ ਕੇ ਉਹ ਕਹਿੰਦਾ ਕਿ ‘‘ਆਪਣੇ ਪੁਰਖਿਆਂ ਵਾਂਗ ਮੈਂ ਬੋਤਿਆਂ/ ਡਾਚੀਆਂ ਦੀ ਸਵਾਰੀ ਕੀਤੀ ਸੀ ਜਿਨ੍ਹਾਂ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ। ਫਿਰ ਮੈਨੂੰ ਮਰਸਡੀਜ਼ ਨਸੀਬ ਹੋਈ। ਮੇਰੇ ਪੁੱਤ-ਪੋਤੇ ਲੈਂਡ ਰੋਵਰ ’ਤੇ ਸਫ਼ਰ ਕਰਦੇ ਹਨ। ਮੈਨੂੰ ਖ਼ਦਸ਼ਾ ਹੈ ਕਿ ਐਸ਼ੋ-ਇਸ਼ਰਤ ਨਾਲ ਕਮਜ਼ੋਰੀਆਂ ਆ ਜਾਂਦੀਆਂ ਹਨ। ਅਸੀਂ ਮਿਹਨਤ-ਮੁਸ਼ੱਕਤ ਨਾਲ ਦੁਬਈ/ਸੰਯੁਕਤ ਅਰਬ ਅਮੀਰਾਤ (ਯੂਏਈ) ਨਾਲ ਸੁਪਨਿਆਂ ਦੇ ਦੇਸ਼ ਦੀ ਆਭਾ ਕਾਇਮ ਨਾ ਰੱਖੀ ਤਾਂ ਮੇਰੇ ਪੋਤਿਆਂ ਦੇ ਪੋਤਰੇ ਮੁੜ ਊਠਾਂ ਦੀ ਸਵਾਰੀ ਕਰਦੇ ਦਿਖਾਈ ਦੇਣਗੇ।’’
ਸ਼ੇਖ਼ ਜਾਣਦਾ ਸੀ ਕਿ ਰੇਤਲੀ ਮਿੱਟੀ ’ਤੇ ਖੜ੍ਹਾ ਮਹਿਲ ਬਹੁਤ ਨਾਜ਼ੁਕ ਹੁੰਦਾ ਹੈ। ਦਰਅਸਲ, ਸੰਯੁਕਤ ਅਰਬ ਅਮੀਰਾਤ ਦੇ ਅਤੀਤ ਦਾ ਅਧਿਐਨ ਕਰੀਏ ਤਾਂ ਖ਼ਾਨਾਬਦੋਸ਼ਾਂ ਦੀ ਜ਼ਿੰਦਗੀ ਬਸਰ ਕਰਨ ਵਾਲਿਆਂ ਨੇ ਆਪਣੇ ਜੀਵਨ-ਨਿਰਬਾਹ ਲਈ ਹੱਡ-ਭੰਨਵੀਂ ਮਿਹਨਤ ਕੀਤੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਅਮੀਰ ਸੱਭਿਆਚਾਰ ਨੂੰ ਸਦੀਆਂ ਤੱਕ ਸੰਭਾਲ ਕੇ ਰੱਖਿਆ ਸੀ। ਖ਼ਾਨਾਬਦੋਸ਼ ਜੀਵਨ ਵਿਚ ਪਾਣੀ ਅਤੇ ਹਰੀਆਂ ਚਰਾਂਦਾਂ ਦੀ ਤਲਾਸ਼ ਨਿੱਤ ਦੀ ਜੰਗ ਹੋਇਆ ਕਰਦੀ ਸੀ। ਰੇਗਿਸਤਾਨ ਦਾ ਕੋਈ ਪੱਕਾ ਨਕਸ਼ਾ ਨਹੀਂ ਹੋਇਆ ਕਰਦਾ।
ਤੁੰਦ ਹਵਾਵਾਂ ਟਿੱਬਿਆਂ ਨੂੰ ਟਿਕਣ ਨਹੀਂ ਦਿੰਦੀਆਂ। ਟਿੱਬੇ ਆਪਣੀ ਥਾਂ ਬਦਲਦੇ ਰਹਿੰਦੇ। ਤਾਰੇ, ਪਾਂਧੀਆਂ ਦਾ ਮਾਰਗ-ਦਰਸ਼ਨ ਕਰਦੇ। ਡਾਚੀਆਂ ਦੇ ਗਲਾਂ ਵਿਚ ਟੁਣਕਦੀਆਂ ਟੱਲੀਆਂ ਸੰਗੀਤ ਪੈਦਾ ਕਰਦੀਆਂ। ਫਿਰ ਵੀ ਬਦੂ ਲੋਕਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਰੇਗਿਸਤਾਨ ਮਾਰਦਾ ਨਹੀਂ ਸਗੋਂ ਜੀਵਨ-ਜਾਚ ਸਿਖਾਉਂਦਾ ਹੈ। ਰੇਤ ਸਮਝਾਉਂਦੀ ਕਿ ਕੁਝ ਵੀ ਥਿਰ ਨਹੀਂ ਹੈ। ਜੋ ਜਨਮਦਾ ਹੈ, ਉਸ ਨੇ ਆਖ਼ਰ ਬਿਨਸ ਹੀ ਜਾਣਾ ਹੈ।
ਇਸ ਲਈ ਕਿਹਾ ਜਾਂਦਾ ਹੈ ਕਿ ਬਦੂਆਂ ਦਾ ਰਚਿਆ ਸਾਹਿਤ ਰੇਤ ’ਤੇ ਨਹੀਂ ਬਲਕਿ ਦਿਲਾਂ ’ਤੇ ਉੱਕਰੇ ਤਰਾਨੇ ਬਣ ਗਏ। ਰੇਗਿਸਤਾਨ ਦਾ ਪੱਕਾ ਨਕਸ਼ਾ ਨਾ ਹੋਣ ਦੇ ਬਾਵਜੂਦ ਊਠ ਆਪਣੇ ਅਸਵਾਰਾਂ ਨੂੰ ਆਪਣੀ ਮੰਜ਼ਿਲ ਵੱਲ ਲੈ ਹੀ ਜਾਂਦੇ ਸਨ। ਬਦੂ ਆਪਣੇ ਊਠਾਂ ਨੂੰ ਜਾਨਵਰ ਨਹੀਂ ਸਗੋਂ ਘਰ ਦੇ ਜੀਆਂ ਵਾਂਗ ਲਾਡ ਕਰਦੇ। ਉਨ੍ਹਾਂ ਦੇ ਆਕਰਸ਼ਕ ਨਾਂ ਰੱਖਦੇ। ਲੰਬਾ ਸਮਾਂ ਪਾਣੀ ਤੋਂ ਬਿਨਾਂ ਰਹਿਣਾ ਉਨ੍ਹਾਂ ਨੇ ਬੋਤਿਆਂ ਤੋਂ ਹੀ ਸਿੱਖਿਆ ਸੀ। ਸੰਯੁਕਤ ਅਰਬ ਅਮੀਰਾਤ ਵਿਚ ਜਦੋਂ ਕੋਈ ਨਕਸ਼ਾ ਨਹੀਂ ਸੀ, ਉਦੋਂ ਬਦੂਆਂ ਨੇ ਆਪਣੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਿਆ ਸੀ। ਜਦੋਂ ਨਕਸ਼ੇ ਬਣ ਗਏ ਤਾਂ ਸੱਭਿਆਚਾਰ ਗੁਆਚ ਗਿਆ। ਅਜੋਕੀ ਪੀੜ੍ਹੀ ਭਾਵੇਂ ਕੰਦੂਰਾ (ਲੰਬਾ ਚਿੱਟਾ ਚੋਗਾ) ਪਾਉਂਦੀ ਹੈ ਪਰ ਦੁਬਈ ਦੀ ਚਮਕ-ਦਮਕ ਵਿਚ ਉਨ੍ਹਾਂ ਦਾ ਬਾਕੀ ਸੱਭਿਆਚਾਰ ਲੋਪ ਹੋ ਗਿਆ ਹੈ।
ਸੱਭਿਆਚਾਰ ਕਿਸੇ ਵੀ ਵਤਨ ਜਾਂ ਕੌਮ ਦੀ ਰੂਹ ਹੁੰਦੀ ਹੈ। ਵਿਕਾਸ ਜ਼ਰੂਰੀ ਹੈ ਪਰ ਆਪਣੇ ਅਮੀਰ ਸੱਭਿਆਚਾਰ ਨੂੰ ਤਿਲਾਂਜਲੀ ਦੇ ਕੇ ਆਦਮੀ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਂਦਾ ਹੈ। ‘ਵਿਸ਼ਵ ਪਿੰਡ’ ਬਣਨ ਦੀ ਹੋੜ ਵਿਚ ਦੁਬਈ ਨੇ ਆਪਣੇ ਅਰਬੀ ਸੱਭਿਆਚਾਰ ਨੂੰ ਕਿਤੇ ਪਿੱਛੇ ਸੁੱਟ ਦਿੱਤਾ ਹੈ। ਊਠਾਂ ਦੇ ਕਾਫ਼ਲਿਆਂ ਦੀ ਥਾਂ ਲਗਜ਼ਰੀ ਗੱਡੀਆਂ ਨੇ ਲੈ ਲਈ। ਉਨ੍ਹਾਂ ਦੇ ਪੱਕੇ ਸਾਥੀ ਊਠ ‘ਡੈਜ਼ਰਟ ਸਫਾਰੀਆਂ’ ਦਾ ਸ਼ਿੰਗਾਰ ਬਣ ਗਏ। ਸੈਲਾਨੀ ਇਨ੍ਹਾਂ ਦੀ ਸਵਾਰੀ ਸ਼ੌਕ ਨਾਲ ਕਰਦੇ ਹਨ ਪਰ ਸਥਾਨਕ ਬਦੂਆਂ ਦੀ ਨਵੀਂ ਪੀੜ੍ਹੀ ਇਸ ਤੋਂ ਗੁਰੇਜ਼ ਕਰਦੀ ਹੈ। ਰੋਬੋਟ (ਜੌਕੀਜ਼) ਹੁਣ ਊਠਾਂ ਦੀ ਸਵਾਰੀ ਕਰਦੇ ਹਨ। ਸ਼ਹਿਰ ਤੋਂ ਦੂਰ ਵੱਡੇ ਟਰੈਕ ਬਣੇ ਹੋਏ ਹਨ। ਅਲ ਫ਼ਰੀਦੀ ਵਿਚ ਹੈਰੀਟੇਜ ਵਿਲੇਜ ਤਾਮੀਰ ਕੀਤਾ ਗਿਆ ਹੈ।
ਪੁਰਾਣੀ ਵਿਰਾਸਤ ਨੂੰ ਵੇਚ ਕੇ ਅੱਜ ਵੀ ਕਰੋੜਾਂ ਦੀ ਕਮਾਈ ਹੋ ਰਹੀ ਹੈ। ਊਠ ਨੂੰ ਅੱਗ ’ਚੋਂ ਲੰਘ ਕੇ ਠੰਢਾ ਤੇ ਸਹਿਜ ਰਹਿਣ ਵਾਲਾ ਫ਼ਕੀਰ ਸਮਝਿਆ ਜਾਂਦਾ ਸੀ। ਉਨ੍ਹਾਂ ’ਤੇ ਹੁਣ ਰੋਬੋਟ ਸਵਾਰੀ ਕਰਨ ਤਾਂ ਬਦੂਆਂ ਦੇ ਸਦੀਆਂ ਪੁਰਾਣੇ ਸੰਗੀਆਂ ਦੇ ਦਿਲਾਂ ’ਤੇ ਕੀ ਬੀਤ ਰਹੀ ਹੋਵੇਗੀ? ਟਿੱਬੇ, ਦੁਬਈ ਦਾ ਸਿਰਨਾਵਾਂ ਹੋਇਆ ਕਰਦੇ ਸਨ ਜਿਨ੍ਹਾਂ ਨੂੰ ਹੁਣ ਅਜਾਇਬਘਰਾਂ ’ਚ ਦੇਖਿਆ ਜਾ ਸਕਦਾ ਹੈ। ਊਠ ਨੂੰ ਹਿੰਮਤ ਨਾ ਹਾਰਨ ਵਾਲੇ ਦਾ ਲਕਬ ਮਿਲਿਆ ਹੋਇਆ ਸੀ। ਉਨ੍ਹਾਂ ਦੇ ਕੁੱਬੜ ਦੀ ਚਰਬੀ ਮੁਸ਼ਕਲ ਵਿਚ ਕੰਮ ਆਉਂਦੀ। ਡਾਚੀ ਦਾ ਦੁੱਧ ਉਨ੍ਹਾਂ ਦੀ ਹਿੰਮਤ ਬਣਾਈ ਰੱਖਦਾ। ਆਪਣਾ ਅਮੀਰ ਸੱਭਿਆਚਾਰ ਸੰਭਾਲਿਆ ਰਹਿੰਦਾ ਤਾਂ ਸੰਯੁਕਤ ਅਰਬ ਅਮੀਰਾਤ ਦਾ ਨਾਂ ਪੁਰਾਣੀਆਂ ਸੱਭਿਅਤਾਵਾਂ ਵਿਚ ਸ਼ੁਮਾਰ ਹੋਣਾ ਸੀ।
ਸ਼ੇਖ਼ਾਂ ਨੇ ਦੁਬਈ ਨੂੰ ਦੁਨੀਆ ਦੀ ਸਭ ਆਕਰਸ਼ਿਤ ਵਪਾਰਕ ਤੇ ਸੁਰੱਖਿਅਤ ਪਨਾਹਗਾਹ ਬਣਾਉਣ ਵਿਚ ਜ਼ਰੂਰ ਕਾਮਯਾਬੀ ਹਾਸਲ ਕਰ ਲਈ ਸੀ। ਵਿਸ਼ਵ ਦੀ ਸਭ ਤੋਂ ਉੱਚੀ ਇਮਾਰਤ ‘ਬੁਰਜ ਖ਼ਲੀਫ਼ਾ’, ਦੁਨੀਆ ਦਾ ਪਹਿਲਾ ਸੱਤ ਸਿਤਾਰਾ ਹੋਟਲ, ਪਾਮ ਜੁਮਹੇਰਾ ਵਰਗੇ ਟਾਪੂਆਂ ਦਾ ਨਿਰਮਾਣ ਕਰ ਕੇ ਚਮਤਕਾਰੀ ਇੰਜੀਨੀਅਰਿੰਗ ਦੀ ਮਿਸਾਲ ਪੇਸ਼ ਕੀਤੀ ਸੀ। ਜਾਨਲੇਵਾ ਲੂੰਆਂ ਵਗਣ ਵਾਲੇ ਦੇਸ਼ ਵਿਚ ‘ਮਿਰਾਕਲ ਗਾਰਡਨ’ ਬਣਾ ਕੇ ਦੁਨੀਆ ਨੂੰ ਹੈਰਾਨ ਕੀਤਾ ਸੀ।
ਅੱਜ ਅਜਿਹੀਆਂ ਕਰਾਮਾਤੀ ਇਮਾਰਤਾਂ ਦੁਬਈ ’ਤੇ ਹੋ ਰਹੇ ਡ੍ਰੋਨ/ਮਿਜ਼ਾਈਲ ਹਮਲਿਆਂ ਦਾ ਕਾਰਨ ਬਣ ਰਹੀਆਂ ਹਨ। ਈਰਾਨ ਤੇ ਯਮਨ ਦੇ ਹੂਤੀਆਂ ਵੱਲੋਂ ਹੋ ਰਹੇ ਡ੍ਰੋਨ ਹਮਲਿਆਂ ਨੇ ਨਿਵੇਸ਼ਕਾਂ ਦਾ ਇਹ ਭਰਮ ਤੋੜ ਦਿੱਤਾ ਹੈ ਕਿ ਦੁਬਈ ਸਭ ਤੋਂ ਸੁਰੱਖਿਅਤ ਪਨਾਹਗਾਹ ਹੈ। ਰੂਸ-ਯੂਕਰੇਨ ਜੰਗ ਤੋਂ ਬਾਅਦ ਰੂਸੀਆਂ ਨੇ ਦੁਬਈ ਵਿਚ ਅਰਬਾਂ-ਖਰਬਾਂ ਦਾ ਨਿਵੇਸ਼ ਕੀਤਾ ਸੀ। ਅੱਜ ਨਿਵੇਸ਼ਕਾਂ ਨੇ ਅੱਖਾਂ ਫੇਰ ਲਈਆਂ ਹਨ।
ਦੁਬਈ, ਜਿੱਥੇ ਕਦੇ ਰਾਤ ਨਹੀਂ ਸੀ ਪੈਂਦੀ, ਅੱਜ ਕਈ ਥਾਈਂ ਸੰਨਾਟਾ ਪਸਰਿਆ ਹੋਇਆ ਹੈ। ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹਿਲਾਂ ਵਾਲੀਆਂ ਰੌਣਕਾਂ ਨਹੀਂ ਰਹੀਆਂ। ਅਮੀਰਾਂ ਦੀ ਦਰਅਸਲ ਵਫ਼ਾਦਾਰੀ ਕਿਸੇ ਵਿਸ਼ੇਸ਼ ਦੇਸ਼ ਜਾਂ ਮਿੱਟੀ ਨਾਲ ਨਹੀਂ ਹੁੰਦੀ। ਦੁਬਈ ਦੀ ਚਕਾਚੌਂਧ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਸੀ। ਉਹੀ ਲੋਕ ਅੱਜ ਜਾਨ-ਮਾਲ ਨੂੰ ਖ਼ਤਰਾ ਵੇਖ ਕੇ ਦੁਬਈ ਨੂੰ ਅਲਵਿਦਾ ਕਹਿ ਕੇ ਕਿਸੇ ਹੋਰ ਥਾਂ ਵੱਲ ਪਲਾਇਨ ਕਰ ਰਹੇ ਹਨ।
ਪਾਲਤੂ ਜਾਨਵਰਾਂ ਦੇ ਪਿੰਜਰੇ ਤੇ ਲਗਜ਼ਰੀ ਕਾਰਾਂ ਏਅਰਪੋਰਟ ’ਤੇ ਛੱਡ ਕੇ ਉਹ ਪਤਾ ਨਹੀਂ ਕਿੱਥੇ ਚਲੇ ਗਏ ਹਨ। ਇਸ ਤੋਂ ਪਹਿਲਾਂ ਸੰਨ 2008 ਵਿਚ ਆਰਥਿਕ ਮੰਦੀ ਤੇ ਬਾਅਦ ਵਿਚ ਕੋਵਿਡ ਨੇ ਸੰਯੁਕਤ ਅਰਬ-ਅਮੀਰਾਤ ਦੀ ਆਰਥਿਕਤਾ ਨੂੰ ਜ਼ਰੂਰ ਝੰਬਿਆ ਸੀ। ਪਰ ਜਲਦੀ ਹੀ ਇਸ ਦੀ ਸ਼ਾਨੋ-ਸ਼ੌਕਤ ਪਰਤ ਆਈ ਸੀ। ਤਾਜ਼ਾ ਭੂ-ਰਾਜਨੀਤਕ ਹਾਲਾਤ ਨੇ ਦੁਬਈ ਨੂੰ ਅਣਕਿਆਸਿਆ ਨੁਕਸਾਨ ਪਹੁੰਚਾਇਆ ਹੈ। ਖ਼ਰਚੇ ਬਚਾਉਣ ਲਈ ਵਿਸ਼ਾਲ ਹੋਟਲਾਂ/ਮਾਲਜ਼ ਦੀਆਂ ਕਈ ਮੰਜ਼ਿਲਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੁਬਈ ਦਾ ‘ਗੋਲਡ ਸੂਕ’ (ਸੋਨੇ ਦਾ ਬਾਜ਼ਾਰ) ਆਪਣੀ ਚਮਕ ਗੁਆ ਚੁੱਕਾ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੋਨੇ-ਜ਼ਵਾਹਰਾਤ ਦਾ ਬਾਜ਼ਾਰ ਮੰਨਿਆ ਜਾਂਦਾ ਹੈ।
ਹਰ ਉੱਚਾਈ ਦਰਅਸਲ ਕਿਸੇ ਨਾ ਕਿਸੇ ਬੁਨਿਆਦ ’ਤੇ ਟਿਕੀ ਹੁੰਦੀ ਹੈ। ਈਰਾਨ ਦੇ ਡ੍ਰੋਨਾਂ ਨੇ ਮਨੋਵਿਗਿਆਨਕ ਅਸਰ ਪਾ ਕੇ ਦੁਬਈ ਦੇ ਅਰਥਚਾਰੇ ਨੂੰ ਭਾਰੀ ਸੱਟ ਮਾਰੀ ਹੈ। ਯੂਏਈ ਨੂੰ ਅਮਰੀਕਾ ਤੇ ਇਜ਼ਰਾਈਲ ਪੱਖੀ ਹੋਣ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਭਰੋਸੇ ਦਾ ਮਾਡਲ ਚਕਨਾਚੂਰ ਹੋ ਰਿਹਾ ਹੈ। ਜਾਇਦਾਦ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਨਿਵੇਸ਼ਕਾਂ ਨੂੰ ਅਹਿਸਾਸ ਹੋਇਆ ਹੈ ਕਿ ਵਾਕਈ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।
ਰੇਗਿਸਤਾਨ ਨੂੰ ਹਰਿਆ-ਭਰਿਆ ਬਣਾਉਣ ਲਈ ਦੁਬਈ ਦੇ ਹੁਕਮਰਾਨਾਂ ਨੇ ‘ਕਲਾਊਡ ਸੀਡਿੰਗ (ਬਣਾਵਟੀ ਮੀਂਹ) ਦਾ ਚਮਤਕਾਰ ਵੀ ਦਿਖਾਇਆ ਸੀ। ਹੁਕਮਰਾਨਾਂ ਨੂੰ ਲੱਗਿਆ ਕਿ ਕੁਦਰਤ ਉਨ੍ਹਾਂ ਦੀ ਮੁੱਠੀ ਵਿਚ ਕੈਦ ਹੈ। ਜਦੋਂ ਦੁਬਈ ਵਿਚ ਭਾਰੀ ਮੀਂਹ ਪਿਆ ਸੀ ਤਾਂ ਇਸ ਦਾ ਨਿਕਾਸੀ (ਡਰੇਨੇਜ) ਸਿਸਟਮ ਫੇਲ੍ਹ ਹੋ ਗਿਆ ਸੀ।
ਮਾਰੂਥਲ ਵਿਚ ਹੜ੍ਹ ਨਾਲ ਤਬਾਹੀ ਹੋਣ ਦਾ ਕਿਸੇ ਨੇ ਕਿਆਸ ਵੀ ਨਹੀਂ ਸੀ ਲਾਇਆ। ‘ਬ੍ਰਾਂਡ ਦੁਬਈ’ ਦਾ ਅਕਸ ਕਈ ਵਾਰ ਧੁੰਦਲਾ ਹੋਇਆ ਹੈ। ਪਰ ਇਸ ਵਾਰ ‘ਸੇਫ ਹੈਵਨ’ ਦਾ ਭਰਮ ਟੁੱਟਣ ਨਾਲ ਯੂਏਈ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਦਾ ਕਿਆਸਾ ਕਿਸੇ ਨੂੰ ਨਹੀਂ ਸੀ।
ਵਰਿੰਦਰ ਸਿੰਘ ਵਾਲੀਆ
ਸੰਪਾਦਕ