ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਮੈਕਸੀਕੋ ਭੇਜਿਆ ਗਿਆ ਜਿੱਥੇ ਜਾ ਕੇ ਉਹ ਪੁਲਿਸ ਵਿਚ ਭਰਤੀ ਹੋ ਗਿਆ। ਪੁਲਿਸ ਦੀ ਨੌਕਰੀ ਉਸ ਦੇ ਸੁਪਨੇ ਸਾਕਾਰ ਕਰਨ ਤੋਂ ਅਸਮਰੱਥ ਸੀ। ਪੁਲਿਸ ਵਿਚ ਰਹਿ ਕੇ ਉਸ ਨੇ ਮਹਿਕਮੇ ਦੇ ਦਾਅ-ਪੇਚ ਸਿੱਖ ਲਏ ਸਨ। ਅਸਤੀਫ਼ਾ ਦੇ ਕੇ ਉਹ ਮੁੜ ਅਪਰਾਧ ਦੀ ਦੁਨੀਆ ਵਿਚ ਚਲਾ ਗਿਆ। ਉਸ ਨੇ ਸਮਕਾਲੀ ਡਰੱਗ ਤਸਕਰਾਂ ਨੂੰ ਠਿੱਬੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਮੈਕਸੀਕੋ ਦੇ ਸਭ ਤੋਂ ਵੱਡੇ ਖ਼ਤਰਨਾਕ ਡਰੱਗ ਤਸਕਰ, ਅਲ ਮੈਂਚੋ (ਨੇਮੇਸਿਓ ਓਸੇਗੁਵੇਰਾ ਸਰਵਾਂਤੇਸ) ਦੇ ਮਾਰੇ ਜਾਣ ਤੋਂ ਬਾਅਦ ਦੇਸ਼ ਦੇ ਕੋਨੇ-ਕੋਨੇ ’ਚ ਵਾਪਰੀਆਂ ਸਾੜਫੂਕ, ਤੋੜ-ਫੋੜ ਅਤੇ ਕਤਲੋਗਾਰਤ ਦੀਆਂ ਵਚਿੱਤਰ ਵਾਰਦਾਤਾਂ ਇਸ ਗੱਲ ਦਾ ਸਪਸ਼ਟ ਸੰਕੇਤ ਹਨ ਕਿ ਅਮਰੀਕਾ ਤੇ ਮੈਕਸੀਕੋ ਵਿਚ ਡਰੱਗ ਮਾਫ਼ੀਆ ਦਾ ਬੋਲਬਾਲਾ ਹੈ। ਉਸ ਦਾ ਅਕਸ ਬਰਤਾਨੀਆ ਦੀ ਲੋਕਧਾਰਾ ਵਿਚ ਸਨਮਾਨੇ ਜਾਂਦੇ ਰੌਬਿਨਹੁੱਡ ਜਾਂ ਪੰਜਾਬ ਦੀ ਅਣਖ ਦਾ ਪ੍ਰਤੀਕ ਦੁੱਲਾ ਭੱਟੀ ਨਾਲ ਬਰ ਮੇਚਦਾ ਹੁੰਦਾ ਤਾਂ ਲੋਕ-ਰੋਹ ਦੀ ਸਮਝ ਆ ਜਾਣੀ ਸੀ।
ਅਕਬਰ ਦੇ ਜ਼ਮਾਨੇ ਮੁਗ਼ਲ ਸੈਨਾ ਦਾ ਖ਼ਜ਼ਾਨਾ ਲੁੱਟ ਕੇ ਲੋੜਵੰਦਾਂ ਵਿਚ ਵੰਡਣ ਵਾਲਾ ਸਾਂਦਲ ਬਾਰ ਦਾ ਮਹਾਨਾਇਕ ਦੁੱਲਾ ਤੇ ਸ਼ੇਰਵੁੱਡ ਦੇ ਜੰਗਲਾਂ ਵਿਚ ਦਹਾੜਨ ਵਾਲਾ ਰੌਬਿਨਹੁੱਡ ਆਪਣੇ ਉੱਚੇ ਤੇ ਸੁੱਚੇ ਕਿਰਦਾਰ ਦੇ ਮਾਲਕ ਹੋਣ ਕਾਰਨ ਹਰ ਦਿਲ ਅਜ਼ੀਜ਼ ਸਨ। ਦੁੱਲੇ ਨੂੰ ਮੁਗ਼ਲ ਰਾਜ ਸਮੇਂ ਲਾਹੌਰ ਦੇ ਉਸ ਚੌਕ ਵਿਚ ਜਨਤਕ ਤੌਰ ’ਤੇ ਫਾਹੇ ਲਾਇਆ ਗਿਆ ਸੀ ਜਿੱਥੇ ਉਸ ਦੇ ਬਾਗ਼ੀ ਪਿਤਾ ਫ਼ਰੀਦ ਖ਼ਾਨ ਅਤੇ ਦਾਦਾ ਸਾਂਦਲ ਖ਼ਾਨ ਨੂੰ ਫਾਂਸੀ ਦਿੱਤੀ ਗਈ ਸੀ।
ਰੌਬਿਨਹੁੱਡ ਦਾ ਰੈਣ-ਬਸੇਰਾ ਜੰਗਲ ਰਿਹਾ ਜਿੱਥੋਂ ਉਹ ਸਮੇਂ ਦੇ ਹਾਕਮਾਂ ਖ਼ਿਲਾਫ਼ ਗੁਰੀਲਾ ਯੁੱਧ ਲੜਨ ਕਰਕੇ ਲੋਕ ਨਾਇਕ ਅਖਵਾਇਆ। ਉਨ੍ਹਾਂ ਦੇ ਐਨ ਉਲਟ ਮੈਕਸੀਕੋ ਦੇ ਅੱਤ ਗ਼ਰੀਬ ਘਰ ਜੰਮਿਆ ਮੈਂਚੋ ਮਾਇਆਜਾਲ ਵਿਚ ਫਸ ਕੇ ਅਮਰੀਕਾ-ਮੈਕਸੀਕੋ ਦੇ ਅਪਰਾਧ ਜਗਤ ਦਾ ਬੇਤਾਜ ਬਾਦਸ਼ਾਹ ਬਣਿਆ ਸੀ। ਮੌਤ ਦਾ ਸੌਦਾਗਰ ਕਹੇ ਜਾਣ ਵਾਲੇ ਮੈਂਚੋ ਦੇ ਸਿਰ ’ਤੇ 136 ਕਰੋੜ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਸ ਨੂੰ ਅਮਰੀਕਾ ਦੇ ਖ਼ੁਫ਼ੀਆਤੰਤਰ ਅਤੇ ਮੈਕਸੀਕੋ ਦੀ ਸੈਨਾ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਵਿਚ ਢੇਰ ਕੀਤਾ ਗਿਆ ਸੀ। ਮੈਂਚੋ ਦੇ ‘ਜਾਲਿਸਕੋ ਨਿਊ ਜਨਰੇਸ਼ਨ ਕਾਰਟੇਲ’ ਕਾਰਨ ਅਮਰੀਕਾ ਅਤੇ ਮੈਕਸੀਕੋ ਵਿਚ ਹਜ਼ਾਰਾਂ ਨਹੀਂ ਬਲਕਿ ਲੱਖਾਂ ਜਾਨਾਂ ਗਈਆਂ ਸਨ।
ਜਦੋਂ ਉਹ ਫ਼ੌਜੀ ਕਾਰਵਾਈ ਵਿਚ ਮਾਰਿਆ ਗਿਆ ਤਾਂ ਮੈਕਸੀਕੋ ਵਿਚ ਵੱਡੇ ਪੱਧਰ ’ਤੇ ਹਿੰਸਾ ਫੈਲ ਗਈ। ਅਜਿਹਾ ਵਰਤਾਰਾ ਦੁਨੀਆ ਦੇ ਗਰਕਣ ਕਿਨਾਰੇ ਹੋਣ ਦਾ ਸਪਸ਼ਟ ਸੰਕੇਤ ਹੈ। ਮੈਂਚੋ ਦਾ ਫ਼ਰਸ਼ ਤੋਂ ਅਰਸ਼ ਤੇ ਫਿਰ ਬੇਕਿਰਕ ਡਰੱਗ ਮਾਫ਼ੀਆ ਦਾ ਧਰੂ ਤਾਰਾ ਬਣ ਕੇ ਟੁੱਟ ਜਾਣ ਦੀ ਵੀ ਅਜਬ ਕਹਾਣੀ ਹੈ। ਵੱਡੇ ਪਰਿਵਾਰ ਦਾ ਪੇਟ ਪਾਲਣ ਲਈ ਉਸ ਦਾ ਪਿਤਾ ਅਵਾਕਾਡੋ ਦੇ ਖੇਤਾਂ ਵਿਚ ਮੁੜ੍ਹਕਾ ਡੋਲ੍ਹਦਾ ਸੀ। ਜਵਾਨੀ ਦੀ ਦਹਿਲੀਜ਼ ਟੱਪਣ ਤੋਂ ਬਾਅਦ ਮੈਂਚੋ ਨੇ ਮਨ ਹੀ ਮਨ ਫ਼ੈਸਲਾ ਕੀਤਾ ਕਿ ਉਹ ਗ਼ਰੀਬ ਘਰ ਵਿਚ ਜ਼ਰੂਰ ਪੈਦਾ ਹੋਇਆ ਹੈ ਪਰ ਗ਼ਰੀਬ ਨਹੀਂ ਮਰੇਗਾ। ਉਸ ਦੀ ਸੋਚ ਨੂੰ ਸੁਰਖ਼ਾਬ ਦੇ ਖੰਭ ਲੱਗੇ। ਉਸ ਨੇ ਨਸ਼ਾ ਸਮਗਲਰਾਂ ਵੱਲੋਂ ਉਗਾਈ ਜਾਂਦੀ ਭੰਗ ਦੇ ਖੇਤਾਂ ਦਾ ਰਾਖਾ ਬਣਨ ਨੂੰ ਤਰਜੀਹ ਦਿੱਤੀ।
ਅਪਰਾਧ ਦੀ ਦੁਨੀਆ ਵਿਚ ਇਹ ਉਸ ਦੀ ਪਹਿਲੀ ਪੁਲਾਂਘ ਸੀ। ਉਸ ਨੇ ਜੰਗਲ ਵਿਚ ਪਗਡੰਡੀਆਂ ਬਣਾਈਆਂ ਜੋ ਉਸ ਨੂੰ ਕਿਸੇ ਹੋਰ ਦੁਨੀਆ ਵਿਚ ਲੈ ਗਈਆਂ। ਸਿਆਣੇ ਕਹਿੰਦੇ ਹਨ ਕਿ ਅਪਰਾਧ ਜਗਤ ਦਾ ਪ੍ਰਵੇਸ਼ ਦੁਆਰ ਮੋਕਲਾ ਤੇ ਇਸ ’ਚੋਂ ਬਾਹਰ ਜਾਣ ਵਾਲਾ ਦਰਵਾਜ਼ਾ ਸੌੜਾ ਤੇ ਬੋੜਾ ਹੁੰਦਾ ਹੈ। ਲਾਲਸਾਵਾਂ ਇਨਸਾਨ ਤੋਂ ਹੈਵਾਨ ਬਣਾ ਦਿੰਦੀਆਂ ਹਨ ਤੇ ਉਹ ਖ਼ਤਰਨਾਕ ਰਾਹਾਂ ਦਾ ਪਾਂਧੀ ਬਣ ਕੇ ਆਪਣੇ ਹੀ ਘਰ ਦਾ ਸਿਰਨਾਵਾਂ ਵਿਸਾਰ ਦਿੰਦਾ ਹੈ। ਧਨ-ਕੁਬੇਰ ਜਿਵੇਂ ਉਨ੍ਹਾਂ ਨੂੰ ਸੈਨਤਾਂ ਮਾਰ ਰਿਹਾ ਪ੍ਰਤੀਤ ਹੁੰਦਾ ਹੈ। ਜੰਗਲ ਦੀਆਂ ਪਗਡੰਡੀਆਂ ਉਸ ਨੂੰ ਉਸ ਥਾਂ ਲੈ ਜਾਂਦੀਆਂ ਹਨ ਜਿੱਥੇ ਅੰਬਰ ਨੂੰ ਪੌੜੀ ਲੱਗੀ ਹੁੰਦੀ ਹੈ। ਅਲਪ ਸਮੇਂ ਵਿਚ ਉਹ ਅਲਕਾਪੁਰੀ (ਧਨ-ਕੁਬੇਰ ਦਾ ਰੈਣ-ਬਸੇਰਾ) ਦਾ ਨਿਵਾਸੀ ਬਣ ਜਾਂਦਾ ਹੈ।
ਪੌਰਾਣਿਕ ਕਥਾਵਾਂ ਅਨੁਸਾਰ ਧਨ-ਕੁਬੇਰ ਦੇਵਤਿਆਂ ਦਾ ਖ਼ਜ਼ਾਨਚੀ ਹੁੰਦਾ ਹੈ ਜਿਸ ਕੋਲ ਬ੍ਰਹਿਮੰਡ ਦੀ ਸਾਰੀ ਦੌਲਤ ਦਾ ਹਿਸਾਬ-ਕਿਤਾਬ ਹੁੰਦਾ ਹੈ। ਅਲਕਾਪੁਰੀ ਦੇ ਦਰ-ਦਰਵਾਜ਼ੇ ਸੋਨੇ-ਚਾਂਦੀ ਨਾਲ ਜੜੇ ਹੁੰਦੇ ਹਨ ਤੇ ਉਸ ਦੇ ਚਾਰ-ਚੁਫੇਰੇ ਅਨਮੋਲ ਹੀਰਿਆਂ ਤੇ ਰਤਨਾਂ ਦੇ ਅੰਬਾਰ ਲੱਗੇ ਹੁੰਦੇ ਹਨ। ਮਿਥਿਹਾਸ ਅਨੁਸਾਰ ਧਨ-ਕੁਬੇਰ ਰਾਵਣ ਦਾ ਮਤਰੇਆ ਭਰਾ ਸੀ ਜਿਸ ਕੋਲੋਂ ਉਸ ਨੇ ਧੋਖੇ ਨਾਲ ਪੁਸ਼ਪਕ ਸਣੇ ਸਾਰਾ ਰਾਜ-ਭਾਗ ਖੋਹ ਲਿਆ ਸੀ। ਮਹਾਕਵੀ ਕਾਲੀਦਾਸ ਨੇ ‘ਮੇਘਦੂਤ’ ਵਿਚ ਲਿਖਿਆ ਹੈ ਕਿ ਅਲਕਾਪੁਰੀ ਵਿਚ ਹਮੇਸ਼ਾ ਬਸੰਤ-ਬਹਾਰ ਰਹਿੰਦੀ ਹੈ ਤੇ ਇੱਥੋਂ ਦੇ ਤਲਾਬਾਂ ਵਿਚ ਸੋਨੇ ਦੇ ਕਮਲ ਖਿੜਦੇ ਹਨ। ਰਾਤੋ-ਰਾਤ ਅਮੀਰ ਬਣਨ ਦੇ ਖ਼ਾਬ ਲੈਣ ਵਾਲਿਆਂ ਨੂੰ ਅਲਕਾਪੁਰੀ ਦੇ ਕਲਪਵ੍ਰਿਸ਼ ਆਵਾਜ਼ਾਂ ਮਾਰਦੇ ਪ੍ਰਤੀਤ ਹੁੰਦੇ ਹਨ ਜੋ ਵਿਅਕਤੀ ਦੀ ਹਰ ਇੱਛਾ ਪੂਰੀ ਕਰ ਦਿੰਦੇ ਹਨ। ਮੈਂਚੋ ਵੀ ਮੁੰਗੇਰੀ ਲਾਲ ਦੇ ਸੁਪਨੇ ਲੈਣ ਵਾਲਾ ਵਿਅਕਤੀ ਸੀ।
ਅਜਿਹੀ ਕਾਲਪਨਿਕ ਬਸਤੀ ਦਾ ਬਾਸ਼ਿੰਦਾ ਬਣਨ ਲਈ ਉਸ ਨੇ ਖ਼ਤਰਿਆਂ ਨਾਲ ਖੇਡਣ ਦਾ ਰਾਹ ਚੁਣਿਆ। ਉਸ ਨੂੰ ਭਲੀਭਾਂਤ ਪਤਾ ਸੀ ਕਿ ਦੁਨੀਆ ਭਰ ਵਿਚ ਖੂੰਖਾਰ ਅਪਰਾਧੀਆਂ ਦੀ ਔਸਤ ਉਮਰ ਇਕ ਦਹਾਕੇ ਤੋਂ ਵੱਧ ਨਹੀਂ ਹੁੰਦੀ। ਇਸ ਦੇ ਬਾਵਜੂਦ ਉਸ ਨੇ ਲੋਥਾਂ ਉੱਤੋਂ ਲੰਘ ਕੇ ਸਰ ਹੋਣ ਵਾਲੇ ਅਪਰਾਧ ਦੇ ਸਿਖ਼ਰ ਨੂੰ ਛੂਹਣ ਦਾ ਤਹੱਈਆ ਕਰ ਲਿਆ । ਇਹ ਟੀਸੀ ਅਮਰੀਕਾ ਜਾਏ ਬਗ਼ੈਰ ਸਰ ਹੋਣੀ ਅਸੰਭਵ ਸੀ। ਗ਼ੈਰ-ਕਾਨੂੰਨੀ ਤੌਰ ’ਤੇ ਉਹ ਸਰਹੱਦ ਪਾਰ ਕਰ ਕੇ ਅਮਰੀਕਾ ਪੁੱਜ ਗਿਆ ਜਿੱਥੇ ਹੈਰੋਇਨ, ਕੋਕੀਨ ਅਤੇ ਸਿੰਥੈਟਿਕ ਡਰੱਗਜ਼ ਦਾ ਸਭ ਤੋਂ ਵੱਧ ਸੇਵਨ ਹੁੰਦਾ ਹੈ। ਇਹ ਉਸ ਦਾ ਦੂਜਾ ਪੜਾਅ ਸੀ। ਆਖ਼ਰ ਉਹ ਆਪਣੇ ਭਰਾ ਸਣੇ ਅਮਰੀਕਾ ਦੀ ਪੁਲਿਸ ਦੇ ਸ਼ਿਕੰਜੇ ਵਿਚ ਆ ਗਿਆ।
ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਮੈਕਸੀਕੋ ਭੇਜਿਆ ਗਿਆ ਜਿੱਥੇ ਜਾ ਕੇ ਉਹ ਪੁਲਿਸ ਵਿਚ ਭਰਤੀ ਹੋ ਗਿਆ। ਪੁਲਿਸ ਦੀ ਨੌਕਰੀ ਉਸ ਦੇ ਸੁਪਨੇ ਸਾਕਾਰ ਕਰਨ ਤੋਂ ਅਸਮਰੱਥ ਸੀ। ਪੁਲਿਸ ਵਿਚ ਰਹਿ ਕੇ ਉਸ ਨੇ ਮਹਿਕਮੇ ਦੇ ਦਾਅ-ਪੇਚ ਸਿੱਖ ਲਏ ਸਨ। ਅਸਤੀਫ਼ਾ ਦੇ ਕੇ ਉਹ ਮੁੜ ਅਪਰਾਧ ਦੀ ਦੁਨੀਆ ਵਿਚ ਚਲਾ ਗਿਆ। ਉਸ ਨੇ ਸਮਕਾਲੀ ਡਰੱਗ ਤਸਕਰਾਂ ਨੂੰ ਠਿੱਬੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਉਸ ਸਮੇਂ ਸਿਨਾਲੋਆ ਕਾਰਟੇਲ ਦੁਨੀਆ ਦਾ ਸਭ ਤੋਂ ਵਿਸ਼ਾਲ ਤੇ ਖ਼ਤਰਨਾਕ ਮੰਨਿਆ ਜਾਂਦਾ ਸੀ। ਇਸ ਦਾ ਮੁਖੀਆ ਅਲ ਚਾਪੋ ਸੀ ਜੋ ਕਈ ਵਾਰ ਜੇਲ੍ਹ ਦੀਆਂ ਸਲਾਖਾਂ ਤੋੜ ਕੇ ਫਰਾਰ ਹੋ ਚੁੱਕਾ ਸੀ। ਸੰਨ 2015 ਦੀ ਫਰਾਰੀ ਨੇ ਵਿਸ਼ਵ ਭਰ ਵਿਚ ਸਨਸਨੀ ਫੈਲਾ ਦਿੱਤੀ ਸੀ। ਅੱਤ ਦੀ ਸੁਰੱਖਿਅਤ ਮੰਨੀ ਜਾਂਦੀ ਅਲਟੀਪਲਾਨੋ ਜੇਲ੍ਹ ’ਚੋਂ ਉਹ ਡੇਢ ਕਿੱਲੋਮੀਟਰ ਲੰਬੀ ਸੁਰੰਗ ਰਾਹੀਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਿਕਲ ਗਿਆ ਜਿਸ ਨੇ ਹਾਲੀਵੁੱਡ ਨੂੰ ਵੀ ਹੈਰਾਨ ਕਰ ਦਿੱਤਾ ਸੀ। ਉਸ ਦੇ ਸਾਥੀਆਂ ਨੇ ਜੇਲ੍ਹ ਨੇੜੇ ਖ਼ਾਲੀ ਪਏ ਪਲਾਟ ’ਚੋਂ ਹਾਈਟੈਕ ਸੁਰੰਗ ਪੁੱਟਣੀ ਸ਼ੁਰੂ ਕੀਤੀ ਜੋ ਚਾਪੋ ਦੇ ਸੈੱਲ ਤੱਕ ਜਾਂਦੀ ਸੀ। ਇਸ ਲੰਬੀ-ਚੌੜੀ ਸੁਰੰਗ ਵਿਚ ਹਵਾ ਤੇ ਰੋਸ਼ਨੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਮੋਟਰਸਾਈਕਲ ਚਲਾਉਣ ਲਈ ਪਟੜੀ ਬਣਾਈ ਗਈ। ਇਹ ਵੱਖਰੀ ਗੱਲ ਹੈ ਕਿ ਫਰਾਰੀ ਤੋਂ ਅਗਲੇ ਸਾਲ ਉਹ ਅਮਰੀਕਾ ਦੀ ਪੁਲਿਸ ਦੇ ਮੁੜ ਅੜਿੱਕੇ ਆ ਗਿਆ। ਅਜਿਹੇ ਵੱਡੇ ਤਸਕਰਾਂ ਦੀ ਅਣਹੋਂਦ ਦਾ ਮੈਂਚੋ ਨੇ ਖ਼ੂਬ ਲਾਹਾ ਚੁੱਕਿਆ। ਅਪਰਾਧ ਦੀ ਦੁਨੀਆ ਵਿਚ ਉਸ ਨੂੰ ਚਮਕਣ ਦਾ ਸੁਨਹਿਰੀ ਅਵਸਰ ਮਿਲ ਗਿਆ। ਉਹ ਕੁਰਖ਼ਤ ਪਾਪੀ ਸੀ। ਥੋੜ੍ਹਾ ਜਿਹਾ ਸ਼ੱਕ ਪੈਣ ’ਤੇ ਉਹ ਆਪਣੇ ਨੇੜਲੇ ਸਾਥੀ ਨੂੰ ਗੋਲ਼ੀਆਂ ਨਾਲ ਭੁੰਨਣ ਲਈ ਸਮਾਂ ਨਾ ਗੁਆਉਂਦਾ। ਸਿਨਲੋਆ, ਚਿਹੁਆਹਆ ਤੇ ਡੁਰਾਂਗੋ ਦੀ ‘ਗੋਲਡਨ ਟ੍ਰਾਇੰਗਲ’ (ਸੁਨਹਿਰੀ ਤਿਕੋਣ) ਵਿਚ ਉਸ ਨੇ ਮਣਾਂ-ਮੂੰਹੀ ਖ਼ੂਨ ਵਹਾਇਆ।
ਉਸ ਦੀ ਮੁਤਵਾਜ਼ੀ ਸੈਨਾ ਬਖ਼ਤਰਬੰਦ ਗੱਡੀਆਂ, ਸੈਂਕੜੇ ਡ੍ਰੋਨਾਂ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਸੀ। ਇਕ ਵਾਰ ਉਸ ਦੇ ਮਾਫ਼ੀਆ ਨੇ ਅਮਰੀਕਾ ਦੇ ਹੈਲੀਕਾਪਟਰ ਤੱਕ ਨੂੰ ਫੁੰਡ ਦਿੱਤਾ ਸੀ। ਅਮਰੀਕਾ ਦਾ ਸਦਰ, ਡੋਨਾਲਡ ਟਰੰਪ ਉਸ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਸੀ। ਅਮਰੀਕਾ-ਮੈਕਸੀਕੋ ਸਰਹੱਦ ਦੀ ਲੰਬਾਈ 3145 ਕਿੱਲੋਮੀਟਰ ਹੈ। ਅਮਰੀਕਾ ਨੇ ਭਾਵੇਂ ਮਨੁੱਖੀ ਤੇ ਡਰੱਗ ਤਸਕਰੀ ਨੂੰ ਰੋਕਣ ਲਈ ਲੰਬੀ ਕੰਧ ਬਣਾਈ ਹੈ, ਫਿਰ ਵੀ ਨਦੀਆਂ, ਜੰਗਲ ਤੇ ਕੁਝ ਥਾਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ‘ਡੰਕੀ ਰੂਟ’ ਰਾਹੀਂ ਹਾਲੇ ਵੀ ਪਾਰ ਕੀਤਾ ਜਾ ਰਿਹਾ ਹੈ।
ਕੈਲੀਫੋਰਨੀਆ ਦੇ ਪ੍ਰਸ਼ਾਂਤ ਮਹਾਸਾਗਰ ਦੇ ਤਟ ਤੋਂ ਲੈ ਕੇ ਟੈਕਸਾਸ ਦੀ ਮੈਕਸੀਕੋ ਖਾੜੀ ਤੱਕ ਫੈਲੀ ਕੰਧ ਤੋਂ ਵੀ ਡ੍ਰੋਨਾਂ ਰਾਹੀਂ ਵੱਡੇ ਪੱਧਰ ’ਤੇ ਸਮਗਲਿੰਗ ਹੋ ਰਹੀ ਹੈ। ਮੈਂਚੋ ਮਰ ਗਿਆ ਹੈ, ਕੋਈ ਹੋਰ ਉਸ ਦੀ ਥਾਂ ਲੈ ਲਵੇਗਾ। ਉਸ ਦੇ ਮਰਨ ਨਾਲ ਮਾਫ਼ੀਆ ਦਾ ਰਾਜ ਬਰਕਰਾਰ ਹੈ ਜੋ ਵੱਡੀ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ।
ਇਹ ਸਮੱਸਿਆ ਅਮਰੀਕਾ-ਮੈਕਸੀਕੋ ਤੱਕ ਸੀਮਤ ਨਹੀਂ ਹੈ। ਇਸ ਦਾ ਤੰਤਰ ਵਿਸ਼ਵ ਭਰ ਵਿਚ ਫੈਲਿਆ ਹੋਇਆ ਹੈ। ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਹਿੰਦੁਸਤਾਨ, ਖ਼ਾਸ ਤੌਰ ’ਤੇ ਪੰਜਾਬ ਵੀ ਇਸ ਤੋਂ ਅਭਿੱਜ ਨਹੀਂ ਹਨ। ਇਸ ਨੂੰ ਆਲਮੀ ਸਮੱਸਿਆ ਮੰਨ ਕੇ ਸਭਨਾਂ ਦੇ ਸਾਂਝੇ ਹੰਭਲੇ ਨਾਲ ਹੀ ਠੱਲ੍ਹ ਪਾਈ ਜਾ ਸਕਦੀ ਹੈ। ਆਖ਼ਰੀ ਮੈਂਚੋ ਦੇ ਨੇਸਤੋ-ਨਾਬੂਦ ਹੋਣ ਤੱਕ ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਰਹਿਣੀ ਚਾਹੀਦੀ ਹੈ।
ਵਰਿੰਦਰ ਸਿੰਘ ਵਾਲੀਆ
ਸੰਪਾਦਕ