- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਵਰ੍ਹੇ ਕਿਹੜੇ ਸੁਪਨੇ ਅਧੂਰੇ ਰਹਿ ਗਏ? ਕਿਹੜੀਆਂ ਗ਼ਲਤੀਆਂ ਨੂੰ ਦੁਹਰਾਇਆ ਤੇ ਸਭ ਤੋਂ ਵੱਡੀ ਗੱਲ-ਕੀ ਅਸੀਂ ਆਪਣੇ-ਆਪ ਨੂੰ, ਆਪਣੇ ਆਲੇ-ਦੁਆਲੇ ਵਾਲਿਆਂ ਨੂੰ ਤੇ ਇਸ ਧਰਤੀ ਨੂੰ ਵਧੇਰੇ ਪਿਆਰ ਨਾਲ ਵੇਖ ਸਕੇ? ਸਾਡਾ ਚਿੰਤਨਸ਼ੀਲ ਮਨ ਇਨ੍ਹਾਂ ਸਵਾਲਾਂ ਨੂੰ ਟਾਲ ਨਹੀਂ ਸਕਦਾ।

ਨਵਾਂ ਵਰ੍ਹਾ 2026 ਆ ਗਿਆ ਹੈ। ਇਹ ਸਿਰਫ਼ ਕੈਲੰਡਰ ਦੇ ਪੰਨੇ ਪਲਟਣ ਦਾ ਸਮਾਂ ਨਹੀਂ, ਸਗੋਂ ਮਨ ਦੇ ਅੰਦਰਲੇ ਅਧਿਆਤਮਕ ਪੰਨੇ ਨੂੰ ਨਵੇਂ ਸਿਰੇ ਤੋਂ ਖੋਲ੍ਹਣ ਦਾ ਅਵਸਰ ਵੀ ਹੈ। ਜਦੋਂ ਰਾਤ ਦੇ ਅਖ਼ੀਰਲੇ ਪਲਾਂ ਵਿਚ ਹਰ ਸਾਲ ਪੁਰਾਣਾ ਸਾਲ ਅਲਵਿਦਾ ਕਹਿੰਦਾ ਹੈ ਤਾਂ ਇਕ ਅਜੀਬ ਜਿਹੀ ਖ਼ਾਮੋਸ਼ੀ ਛਾ ਜਾਂਦੀ ਹੈ-ਇਹ ਇਵੇਂ ਹੁੰਦਾ ਹੈ, ਜਿਵੇਂ ਕੋਈ ਪੁਰਾਣੀ ਕਿਤਾਬ ਬੰਦ ਹੋ ਰਹੀ ਹੋਵੇ ਤੇ ਨਵੀਂ ਕਿਤਾਬ ਦਾ ਪਹਿਲਾ ਅੱਖਰ ਅਜੇ ਲਿਖਿਆ ਨਾ ਗਿਆ ਹੋਵੇ।
ਇਸ ਖ਼ਾਮੋਸ਼ੀ ਵਿਚ ਹੀ ਨਵੀਆਂ ਉਮੀਦਾਂ ਜੰਮਦੀਆਂ ਹਨ, ਨਵੀਆਂ ਉਮੰਗਾਂ ਜਾਗਦੀਆਂ ਹਨ ਤੇ ਜ਼ਿੰਦਗੀ ਦਾ ਨਵਾਂ ਰਾਗ-ਇੱਕ ਅਜਿਹਾ ਸੰਗੀਤ ਜੋ ਅਜੇ ਤੱਕ ਸੁਣਿਆ ਨਹੀਂ ਗਿਆ, ਸਾਡੇ ਹਿਰਦੇ ਵਿਚ ਗੂੰਜਣ ਲੱਗ ਪੈਂਦਾ ਹੈ। ਪਰ ਇਹ ਨਵਾਂ ਸਾਲ ਸਿਰਫ਼ ਖ਼ੁਸ਼ੀਆਂ ਦਾ ਸੁਨੇਹਾ ਨਹੀਂ ਆਉਂਦਾ। ਇਹ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਵੀ ਮਜਬੂਰ ਕਰਦਾ ਹੈ। ਪਿਛਲੇ ਸਾਲਾਂ ਵਿਚ ਅਸੀਂ ਕੀ ਹਾਸਲ ਕੀਤਾ ਹੈ?
ਪਿਛਲੇ ਵਰ੍ਹੇ ਕਿਹੜੇ ਸੁਪਨੇ ਅਧੂਰੇ ਰਹਿ ਗਏ? ਕਿਹੜੀਆਂ ਗ਼ਲਤੀਆਂ ਨੂੰ ਦੁਹਰਾਇਆ ਤੇ ਸਭ ਤੋਂ ਵੱਡੀ ਗੱਲ-ਕੀ ਅਸੀਂ ਆਪਣੇ-ਆਪ ਨੂੰ, ਆਪਣੇ ਆਲੇ-ਦੁਆਲੇ ਵਾਲਿਆਂ ਨੂੰ ਤੇ ਇਸ ਧਰਤੀ ਨੂੰ ਵਧੇਰੇ ਪਿਆਰ ਨਾਲ ਵੇਖ ਸਕੇ? ਸਾਡਾ ਚਿੰਤਨਸ਼ੀਲ ਮਨ ਇਨ੍ਹਾਂ ਸਵਾਲਾਂ ਨੂੰ ਟਾਲ ਨਹੀਂ ਸਕਦਾ। ਇਹ ਸਵਾਲ ਨਵੇਂ ਸਾਲ ਨੂੰ ਸਿਰਫ਼ ਜਸ਼ਨ ਨਹੀਂ, ਸਗੋਂ ਇਕ ਜ਼ਿੰਮੇਵਾਰੀ ਵੀ ਬਣਾ ਦਿੰਦੇ ਹਨ। ਜ਼ਿੰਦਗੀ ਇਕ ਅਜਿਹਾ ਸੰਗੀਤ ਹੈ ਜਿਸ ਵਿਚ ਸੁਰ ਤੇ ਤਾਲ, ਦੋਵੇਂ ਜ਼ਰੂਰੀ ਹਨ। ਕਈ ਵਾਰ ਅਸੀਂ ਸਿਰਫ਼ ਤੇਜ਼ ਤਾਲ ’ਤੇ ਨੱਚਦੇ ਰਹਿੰਦੇ ਹਾਂ ਤੇ ਸੁਰ ਭੁੱਲ ਜਾਂਦੇ ਹਾਂ।
ਨਤੀਜਾ? ਮਨ ਦੀ ਸ਼ਾਂਤੀ ਗੁਆਚ ਜਾਂਦੀ ਹੈ। ਨਵਾਂ ਸਾਲ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚੀ ਖ਼ੁਸ਼ੀ ਤੇਜ਼ੀ ਵਿਚ ਨਹੀਂ, ਸਗੋਂ ਸੰਤੁਲਨ ਵਿਚ ਹੈ। ਅਸਲ ਵਿਚ ਮਨ ਦੀ ਸ਼ਾਂਤੀ ਉਹ ਅਮੀਰੀ ਹੈ ਜੋ ਕੋਈ ਖੋਹ ਨਹੀਂ ਸਕਦਾ। ਜੇ ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਥੋੜ੍ਹਾ ਜਿਹਾ ਵਕਤ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਸਮਰਪਿਤ ਕਰੀਏ, ਥੋੜ੍ਹੀ ਜਿਹੀ ਖ਼ਾਮੋਸ਼ੀ ਵਿਚ ਬੈਠ ਕੇ ਸਾਹ ਲਈਏ ਤਾਂ ਇਹ ਸ਼ਾਂਤੀ ਆਪਣੇ-ਆਪ ਵਧਦੀ ਚਲੀ ਜਾਵੇਗੀ।
ਇਹ ਸ਼ਾਂਤੀ ਹੀ ਉਹ ਬੁਨਿਆਦ ਹੈ ਜਿਸ ’ਤੇ ਨਵੀਆਂ ਉਮੰਗਾਂ ਖੜ੍ਹੀਆਂ ਹੋ ਸਕਦੀਆਂ ਹਨ। ਭਾਈਚਾਰੇ ਵਿਚ ਸੁੱਖ-ਸ਼ਾਂਤੀ, ਇਹ ਸ਼ਬਦ ਸਿਰਫ਼ ਲਿਖਤੀ ਨਹੀਂ, ਜੀਵਨ ਦਾ ਅਸਲ ਸੁਰ ਹੈ। ਅੱਜ ਦੀ ਦੁਨੀਆ ਵਿਚ ਜਿੱਥੇ ਲੋਕ ਇਕ-ਦੂਜੇ ਨੂੰ ਲਾਈਕ ਤੇ ਕੁਮੈਂਟ ਨਾਲ ਜੋੜਦੇ ਹਨ, ਉੱਥੇ ਹੀ ਅਸਲ ਸੰਪਰਕ ਘਟਦਾ ਜਾ ਰਿਹਾ ਹੈ। ਇੱਥੇ ਇਹ ਨਵਾਂ ਸਾਲ ਸਾਨੂੰ ਯਾਦ ਕਰਵਾਉਂਦਾ ਹੈ ਕਿ ਸੱਚਾ ਭਾਈਚਾਰਾ ਉਹ ਹੈ ਜਿੱਥੇ ਕੋਈ ਦੂਜੇ ਦੇ ਦੁੱਖ ਵਿਚ ਸ਼ਰੀਕ ਬਣੇ, ਖ਼ੁਸ਼ੀ ਵਿਚ ਸਾਂਝ ਭਰੇ। ਜੇ ਅਸੀਂ ਆਪਣੇ ਗੁਆਂਢੀ, ਸਾਥੀ, ਪਰਿਵਾਰਕ ਜਾਂ ਅਣਜਾਣ ਵਿਅਕਤੀ ਨੂੰ ਵੀ ਇਕ ਮੁਸਕਾਨ, ਸਹਾਰਾ ਤੇ ਸਹਿਯੋਗ ਦੇ ਸਕੀਏ ਤਾਂ ਇਹ ਛੋਟੇ-ਛੋਟੇ ਕੰਮ ਵੱਡੀ ਤਬਦੀਲੀ ਲਿਆ ਸਕਦੇ ਹਨ।
ਕਦੇ ਨਾ ਭੁੱਲੋ, ਭਾਈਚਾਰਾ ਉਹ ਬਾਗ਼ ਹੈ ਜਿੱਥੇ ਹਰ ਫੁੱਲ ਦੀ ਖ਼ੁਸ਼ਬੂ ਸਾਂਝੀ ਹੁੰਦੀ ਹੈ। ਜੇ ਇਕ ਫੁੱਲ ਮਰਝਾਉਂਦਾ ਹੈ ਤਾਂ ਪੂਰੇ ਬਾਗ਼ ਦੀ ਖ਼ੁਸ਼ਬੂ ਘਟ ਜਾਂਦੀ ਹੈ। ਚਿੰਤਨਸ਼ੀਲ ਲੋਕ ਇਹ ਜਾਣਦੇ ਹਨ ਕਿ ਜ਼ਿੰਦਗੀ ਦਾ ਅਸਲ ਸੰਗੀਤ ਬਾਹਰ ਨਹੀਂ, ਅੰਦਰ ਹੈ। ਉਹ ਬਾਹਰਲੇ ਸ਼ੋਰ ਵਿਚ ਵੀ ਅੰਦਰਲੀ ਖ਼ਾਮੋਸ਼ੀ ਨੂੰ ਸੁਣ ਸਕਦੇ ਹਨ। ਉਹ ਜਾਣਦੇ ਹਨ ਕਿ ਨਵਾਂ ਸਾਲ ਕੋਈ ਜਾਦੂ ਨਹੀਂ ਲਿਆਉਂਦਾ, ਜਾਦੂ ਤਾਂ ਅਸੀਂ ਆਪਣੇ ਫ਼ੈਸਲਿਆਂ ਨਾਲ ਪੈਦਾ ਕਰਦੇ ਹਾਂ। ਇਸ ਲਈ ਇਸ ਵਰ੍ਹੇ ਆਓ! ਇਕ ਨਵਾਂ ਸੰਕਲਪ ਲਈਏ ਕਿ ਅਸੀਂ ਛੋਟੀਆਂ-ਮੋਟੀਆਂ ਗੱਲਾਂ ਵਿਚ ਵੱਡਾ ਪਿਆਰ ਭਰਾਂਗੇ।
ਅਸੀਂ ਗੁੱਸੇ ਦੀ ਥਾਂ ਮਾਫ਼ੀ ਚੁਣਾਂਗੇ। ਅਸੀਂ ਲਾਲਚ ਦੀ ਥਾਂ ਸੰਤੋਖ ਨੂੰ ਅਪਣਾਵਾਂਗੇ। ਅਸੀਂ ਨਫ਼ਰਤ ਦੀ ਥਾਂ ਸਮਝ ਨੂੰ ਵਧਾਵਾਂਗੇ। ਹਰ ਨਵਾਂ ਸਾਲ ਆਉਂਦਾ ਹੈ ਤਾਂ ਨਾਲ ਲਿਆਉਂਦਾ ਹੈ ਅਨੰਤ ਸੰਭਾਵਨਾਵਾਂ ਦੀ ਦੁਨੀਆ ਪਰ ਇਹ ਸੰਭਾਵਨਾਵਾਂ ਉਦੋਂ ਹੀ ਫਲਦੀਆਂ-ਫੁੱਲਦੀਆਂ ਹਨ ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਕਰਮਾਂ ਨਾਲ ਸਿੰਜਦੇ ਹਾਂ। ਇਕ ਬੀਜ ਬਿਨਾਂ ਪਾਣੀ ਤੇ ਧੁੱਪ ਦੇ ਰੁੱਖ ਨਹੀਂ ਬਣ ਸਕਦਾ।
ਇਸੇ ਤਰ੍ਹਾਂ ਨਵੀਆਂ ਉਮੀਦਾਂ ਬਿਨਾਂ ਮਿਹਨਤ, ਸਮਰਪਣ ਤੇ ਸਬਰ ਦੇ ਫਲ ਨਹੀਂ ਦੇ ਸਕਦੀਆਂ। ਸਾਡਾ ਚਿੰਤਨਸ਼ੀਲ ਮਨ ਇਹ ਸਮਝਦਾ ਹੈ ਕਿ ਜ਼ਿੰਦਗੀ ਦਾ ਸੱਚਾ ਸੁਆਦ ਉਦੋਂ ਆਉਂਦਾ ਹੈ ਜਦੋਂ ਅਸੀਂ ਨਾ ਸਿਰਫ਼ ਮੰਜ਼ਿਲ ਵੱਲ ਵਧਦੇ ਹਾਂ, ਸਗੋਂ ਰਾਹ ਵਿਚ ਮਿਲਣ ਵਾਲੇ ਹਰ ਪਲ ਨੂੰ ਮਾਣ ਲੈਂਦੇ ਹਾਂ।
ਆਓ, ਇਸ ਨਵੇਂ ਵਰ੍ਹੇ ਦਾ ਸਿਰਫ਼ ਜਸ਼ਨ ਨਾਲ ਨਹੀਂ, ਸਗੋਂ ਡੂੰਘੇ ਚਿੰਤਨ ਨਾਲ ਸਵਾਗਤ ਕਰੀਏ। ਆਓ, ਮਨ ਦੀ ਸ਼ਾਂਤੀ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਮੰਨੀਏ। ਭਾਈਚਾਰੇ ਨੂੰ ਆਪਣਾ ਸਭ ਤੋਂ ਵੱਡਾ ਧਰਮ ਮੰਨੀਏ। ਜ਼ਿੰਦਗੀ ਦੇ ਇਸ ਨਵੇਂ ਰਾਗ ਨੂੰ ਇਮਾਨਦਾਰੀ, ਪਿਆਰ ਤੇ ਸੇਵਾ ਦੇ ਸੁਰਾਂ ਨਾਲ ਗਾਈਏ। ਸਾਰਿਆਂ ਨੂੰ ਨਵੇਂ ਵਰ੍ਹੇ ਦੀਆਂ ਲੱਖ-ਲੱਖ ਵਧਾਈਆਂ।
-ਡਾ. ਕੇ.ਕੇ. ਰੱਤੂ
(ਡਾਇਰੈਕਟਰ ਮੀਡੀਆ ਐਂਡ ਹੈੱਡ, ਸਕੂਲ ਆਫ ਮੀਡੀਆ ਸਟੱਡੀਜ਼, ਜੈਪੁਰ ਨੈਸ਼ਨਲ ਯੂਨੀਵਰਸਿਟੀ)। -ਮੋਬਾਈਲ : 94787-30156