ਜੇਕਰ ਹੋਰਮੁਜ਼ ਸਮੁੰਦਰੀ ਮਾਰਗ ਖੁੱਲ੍ਹਣ ਦੇ ਬਾਵਜੂਦ ਉਸ ’ਤੇ ਈਰਾਨ ਦਾ ਦਬਦਬਾ ਕਾਇਮ ਰਹਿੰਦਾ ਹੈ ਅਤੇ ਈਰਾਨੀ ਸੱਤਾ ਹਿਜ਼ਬੁੱਲਾ, ਹਮਾਸ ਜਿਹੀਆਂ ਅੱਤਵਾਦੀ ਜਥੇਬੰਦੀਆਂ ਨੂੰ ਸਹਿਯੋਗ ਅਤੇ ਫ਼ੌਜੀ ਸਰੋਤ ਦਿੰਦੀ ਰਹਿੰਦੀ ਹੈ ਤਾਂ ਫਿਰ ਇਸ ਨਾਲ ਨਾ ਤਾਂ ਅਮਰੀਕਾ ਦੇ ਹਿੱਤਾਂ ਦੀ ਪੂਰਤੀ ਹੋਵੇਗੀ, ਨਾ ਇਜ਼ਰਾਈਲ ਦੇ ਅਤੇ ਨਾ ਹੀ ਖਾੜੀ ਦੇਸ਼ਾਂ ਦੇ।

ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ, ਪੱਛਮੀ ਏਸ਼ੀਆ ਦੇ ਨਾਲ-ਨਾਲ ਸੰਸਾਰ ਲਈ ਇਕ ਰਾਹਤ ਵਾਲੀ ਗੱਲ ਹੈ ਪਰ ਬਹੁਤ ਭਰੋਸੇਯੋਗ ਨਹੀਂ ਹੈ। ਇਸ ਲਈ ਨਹੀਂ, ਕਿਉਂਕਿ ਜੰਗਬੰਦੀ ਸਿਰਫ਼ ਦੋ ਹਫ਼ਤਿਆਂ ਲਈ ਹੋਈ ਹੈ ਅਤੇ ਇਹ ਆਪਾ-ਵਿਰੋਧੀ ਦਾਅਵਿਆਂ ਨਾਲ ਇੰਨੀ ਬੇਭਰੋਸਗੀ ਨਾਲ ਭਰੀ ਹੋਈ ਦਿਖਾਈ ਦੇ ਰਹੀ ਹੈ ਕਿ ਕਿਸੇ ਵੀ ਸਮੇਂ ਟੁੱਟ ਸਕਦੀ ਹੈ। ਇਸ ਨਾਜ਼ੁਕ ਜੰਗਬੰਦੀ ’ਤੇ ਸਹਿਮਤੀ ਬਣ ਜਾਣ ਦੀ ਗੱਲ ਜਨਤਕ ਹੋਣ ਤੋਂ ਤੁਰੰਤ ਬਾਅਦ ਪਰਸਪਰ ਹਮਲੇ ਬੰਦ ਨਹੀਂ ਹੋਏ।
ਇਸ ਜੰਗਬੰਦੀ ਦਾ ਭਵਿੱਖ ਬਹੁਤ ਕੁਝ ਦੋਵਾਂ ਧਿਰਾਂ ਵਿਚਕਾਰ ਹੋਣ ਵਾਲੀ ਗੱਲਬਾਤ ਦੇ ਕਿਸੇ ਠੋਸ ਨਤੀਜੇ ’ਤੇ ਪਹੁੰਚਣ ਅਤੇ ਇਕ-ਦੂਜੇ ਪ੍ਰਤੀ ਭਰੋਸਾ ਪੈਦਾ ਹੋਣ ’ਤੇ ਹੀ ਨਿਰਭਰ ਕਰੇਗਾ। ਇਸ ਦੇ ਆਸਾਰ ਘੱਟ ਹੀ ਹਨ ਕਿਉਂਕਿ ਇਕ ਤਾਂ ਇਸ ਜੰਗਬੰਦੀ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਦੇ ਦਾਅਵੇ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ ਅਤੇ ਦੂਜਾ, ਜਿੱਥੇ ਈਰਾਨੀ ਆਗੂ ਕਹਿ ਰਹੇ ਹਨ ਕਿ ਜੰਗਬੰਦੀ ਦੀਆਂ ਸ਼ਰਤਾਂ ਵਿਚ ਲਿਬਨਾਨ ’ਤੇ ਇਜ਼ਰਾਈਲ ਦੇ ਹਮਲੇ ਰੁਕਣਾ ਵੀ ਸ਼ਾਮਲ ਹੈ, ਓਥੇ ਹੀ ਇਜ਼ਰਾਇਲੀ ਆਗੂ ਇਸ ਤੋਂ ਸਾਫ਼ ਇਨਕਾਰ ਕਰ ਰਹੇ ਹਨ।
ਸਪਸ਼ਟ ਹੈ ਕਿ ਜੰਗਬੰਦੀ ਦੇ ਐਲਾਨ ਦੇ ਬਾਵਜੂਦ ਊਰਜਾ ਸੰਕਟ ਤੋਂ ਪੀੜਤ ਅੰਤਰਰਾਸ਼ਟਰੀ ਭਾਈਚਾਰਾ ਸ਼ੰਕਾਗ੍ਰਸਤ ਹੋ ਕੇ ਹੀ ਸੁੱਖ ਦਾ ਸਾਹ ਲੈ ਸਕਦਾ ਹੈ। ਹੋ ਸਕਦਾ ਹੈ ਕਿ ਈਰਾਨੀ ਸੱਤਾ ’ਤੇ ਕਾਬਜ਼ ਕੱਟੜਪੰਥੀ ਧੜਾ ਟਰੰਪ ਦੀਆਂ ਈਰਾਨੀ ਸੱਭਿਅਤਾ ਨੂੰ ਨਸ਼ਟ ਕਰਨ ਵਾਲੀਆਂ ਖ਼ਤਰਨਾਕ ਧਮਕੀਆਂ ਤੋਂ ਬਾਅਦ ਨਰਮ ਪਿਆ ਹੋਵੇ ਪਰ ਉਹ ਆਪਣੀਆਂ ਮਨਪਸੰਦ ਦਸ ਸ਼ਰਤਾਂ ’ਤੇ ਜੰਗਬੰਦੀ ਹੋਣ ਦਾ ਦਾਅਵਾ ਕਰ ਰਿਹਾ ਹੈ ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਵਿਚਾਰਨਯੋਗ ਸਮਝ ਰਹੇ ਹਨ, ਉਹ ਤਾਂ ਇਹੀ ਸੰਦੇਸ਼ ਦੇ ਰਹੀਆਂ ਹਨ ਕਿ ਈਰਾਨ ਦੇ ਸਾਹਮਣੇ ਅਮਰੀਕਾ ਨੂੰ ਝੁਕਣਾ ਪਿਆ। ਇਹ ਸੰਦੇਸ਼ ਟਰੰਪ ਦੀ ਫ਼ਜ਼ੀਹਤ ਕਰਵਾਉਣ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਕੱਦ ਨੂੰ ਛੋਟਾ ਕਰਨ ਵਾਲਾ ਹੈ।
ਜੇਕਰ ਹੋਰਮੁਜ਼ ਸਮੁੰਦਰੀ ਮਾਰਗ ਖੁੱਲ੍ਹਣ ਦੇ ਬਾਵਜੂਦ ਉਸ ’ਤੇ ਈਰਾਨ ਦਾ ਦਬਦਬਾ ਕਾਇਮ ਰਹਿੰਦਾ ਹੈ ਅਤੇ ਈਰਾਨੀ ਸੱਤਾ ਹਿਜ਼ਬੁੱਲਾ, ਹਮਾਸ ਜਿਹੀਆਂ ਅੱਤਵਾਦੀ ਜਥੇਬੰਦੀਆਂ ਨੂੰ ਸਹਿਯੋਗ ਅਤੇ ਫ਼ੌਜੀ ਸਰੋਤ ਦਿੰਦੀ ਰਹਿੰਦੀ ਹੈ ਤਾਂ ਫਿਰ ਇਸ ਨਾਲ ਨਾ ਤਾਂ ਅਮਰੀਕਾ ਦੇ ਹਿੱਤਾਂ ਦੀ ਪੂਰਤੀ ਹੋਵੇਗੀ, ਨਾ ਇਜ਼ਰਾਈਲ ਦੇ ਅਤੇ ਨਾ ਹੀ ਖਾੜੀ ਦੇਸ਼ਾਂ ਦੇ। ਇਸ ਦੀ ਵੀ ਅਣਦੇਖੀ ਨਾ ਕੀਤੀ ਜਾਵੇ ਕਿ ਈਰਾਨ ਯੂਰੇਨੀਅਮ ਨੂੰ ਸੋਧਣ ਦਾ ਪ੍ਰੋਗਰਾਮ ਜਾਰੀ ਰੱਖਣ ਦੀ ਗੱਲ ਕਹਿ ਰਿਹਾ ਹੈ।
ਜੇਕਰ ਅਸਲ ਵਿਚ ਅਜਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਮਰੀਕਾ ਅਤੇ ਈਰਾਨ ਉੱਥੇ ਹੀ ਖੜ੍ਹੇ ਹੋ ਗਏ ਹਨ ਜਿੱਥੇ ਲਗਪਗ 40 ਦਿਨਾਂ ਦੇ ਤਬਾਹਕੁੰਨ ਟਕਰਾਅ ਤੋਂ ਪਹਿਲਾਂ ਸਨ। ਜੇਕਰ ਅਮਰੀਕਾ ਨੂੰ ਈਰਾਨ ਨਾਲ ਗੱਲਬਾਤ ਜ਼ਰੀਏ ਹੀ ਮਸਲੇ ਸੁਲਝਾਉਣੇ ਸਨ ਤਾਂ ਫਿਰ ਉਸ ਨੇ ਫਰਵਰੀ ਵਿਚ ਜਾਰੀ ਗੱਲਬਾਤ ਦੌਰਾਨ ਇਜ਼ਰਾਈਲ ਨਾਲ ਮਿਲ ਕੇ ਉਸ ’ਤੇ ਚੜ੍ਹਾਈ ਕਿਉਂ ਕਰ ਦਿੱਤੀ ਅਤੇ ਇਸ ਤੋਂ ਉਸ ਨੂੰ ਹਾਸਲ ਕੀ ਹੋਇਆ?
ਅਮਰੀਕਾ-ਈਰਾਨ ਵਿਚਕਾਰ ਜੰਗਬੰਦੀ ਵਿਚ ਪਾਕਿਸਤਾਨ ਦੀ ਭੂਮਿਕਾ ਧਿਆਨ ਖਿੱਚਣ ਵਾਲੀ ਹੈ। ਲੱਗਦਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਸੰਦੇਸ਼ਵਾਹਕ ਦੀ ਭੂਮਿਕਾ ਸੌਂਪਣੀ ਬਿਹਤਰ ਸਮਝੀ। ਇਸ ਦੇ ਪਿੱਛੇ ਅਮਰੀਕਾ ਦਾ ਚਾਹੇ ਜੋ ਸਵਾਰਥ ਹੋਵੇ, ਜੰਗਬੰਦੀ ’ਤੇ ਪਰਦੇ ਦੇ ਪਿੱਛੇ ਚੀਨ ਦੀ ਸਰਗਰਮੀ ਦੀਆਂ ਖ਼ਬਰਾਂ ਅੰਤਰਰਾਸ਼ਟਰੀ ਕੂਟਨੀਤੀ ਵਿਚ ਅਮਰੀਕੀ ਚੜ੍ਹਤ ਨੂੰ ਕਮਜ਼ੋਰ ਸਿੱਧ ਕਰਨ ਵਾਲੀਆਂ ਹਨ।