ਅਹਿਮਦਾਬਾਦ ਤੋਂ ਸਿਰਫ਼ 80 ਕਿਲੋਮੀਟਰ ਦੂਰ ਜਾਈਏ ਤਾਂ ਇੱਥੇ ‘ਲੋਥਲ ਹੜੱਪਾਕਾਲੀਨ ਬੰਦਰਗਾਹ ਨਗਰ’ ਦੇ ਦੀਦਾਰ ਹੁੰਦੇ ਹਨ। ਇਹ ਬੰਦਰਗਾਹ ਇਕ ਨਦੀ ਦੇ ਕੰਢੇ ’ਤੇ ਬਣਾਈ ਗਈ ਸੀ, ਜੋ ਸਮੁੰਦਰ ਨਾਲ ਜੁੜਦੀ ਸੀ, ਜਿਸ ਨਾਲ ਵਪਾਰ ਅਤੇ ਆਵਾਜਾਈ ਆਸਾਨ ਹੋ ਜਾਂਦੀ ਸੀ।

ਗੁਜਰਾਤ ਖ਼ੁਆਬਾਂ ਨੂੰ ਦ੍ਰਿੜ੍ਹ ਹੌਸਲਾ ਦੇਣ ਵਾਲਾ ਸੂਬਾ ਹੈ। ਇਹ ਸੂਬਾ ਇਸ ਗੱਲ ਦਾ ਗਵਾਹ ਹੈ ਕਿ ਜੋ ਖ਼ੁਆਬ ਨਿੱਜ ਤੋਂ ਉੱਪਰ ਉੱਠ ਕੇ ਲੋਕ-ਹਿਤ ਲਈ ਦੇਖੇ ਜਾਣ ਉਹ ਜ਼ਰੂਰ ਸਾਕਾਰ ਹੁੰਦੇ ਹਨ। ਇਸ ਦੀ ਇਕ ਮਿਸਾਲ ਹੈ, ਗੁਜਰਾਤ ਦੇ ਏਕਤਾ ਨਗਰ ਦਾ ‘ਸਟੈਚੂ ਆਫ ਯੂਨਿਟੀ’। ਇਹ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉੱਚੀ ਦੁਨੀਆ ਦੀ ਸਭ ਤੋਂ ਉੱਚੀ ਮੂਰਤ ਹੈ। ਇਸ ਮੂਰਤ ’ਤੇ ਸਰਦਾਰ ਪਟੇਲ ਵੱਲੋਂ ਪਹਿਨੀ ਜੈਕੇਟ ਦੇ ਦੂਜੇ ਅਤੇ ਤੀਜੇ ਬਟਨ ਵਿਚਕਾਰ ਬਣੀ ਜਗ੍ਹਾ ਵਿਚ ਖੜ੍ਹ ਕੇ ਜਦੋਂ ਕੋਈ ਸ਼ਖ਼ਸ ਬਾਹਰ ਵੱਲ ਦੇਖਦਾ ਹੈ ਤਾਂ ਪਹਿਲੀ ਨਜ਼ਰੇ ਉਸ ਨੂੰ ਸਰਦਾਰ ਵੱਲਭ ਭਾਈ ਪਟੇਲ ਦਾ ਖ਼ੁਆਬ ਸਾਕਾਰ ਹੋਇਆ ਨਜ਼ਰ ਆਉਂਦਾ ਹੈ। ਇਹ ਖ਼ੁਆਬ ਸੀ ‘ਸਰਦਾਰ ਸਰੋਵਰ ਡੈਮ”।
ਸਰਦਾਰ ਪਟੇਲ ਦੇ ਇਸ ਡੈਮ ਦੇ ਖ਼ੁਆਬ ਨੂੰ ਸਾਕਾਰ ਹੁੰਦੇ ਹੋਏ ਬੇਸ਼ੱਕ ਦਹਾਕੇ ਲੱਗ ਗਏ ਪਰ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਅੱਜ ਸਿਰਫ਼ ‘ਦਿ ਲਾਈਫਲਾਈਨ ਆਫ ਗੁਜਰਾਤ’ ਹੀ ਨਹੀਂ ਹੈ, ਸਗੋਂ ਇਸ ਡੈਮ ਦਾ ਕਈ ਗੁਆਂਢੀ ਸੂਬਿਆਂ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਸਰਦਾਰ ਸਰੋਵਰ ਡੈਮ ਦਾ ਪਾਣੀ ਗੁਜਰਾਤ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਲਗਪਗ 18 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਪ੍ਰਦਾਨ ਕਰਦਾ ਹੈ। ਇਹ ਹਜ਼ਾਰਾਂ ਪਿੰਡਾਂ ਅਤੇ ਕਈ ਸ਼ਹਿਰੀ ਕੇਂਦਰਾਂ ਨੂੰ ਪੀਣਯੋਗ ਪਾਣੀ ਸਪਲਾਈ ਕਰਦਾ ਹੈ। ਇਸ ਦੀ ਬਿਜਲੀ ਉਤਪਾਦਨ ਸਮਰੱਥਾ 1,450 ਮੈਗਾਵਾਟ ਹੈ, ਜੋ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਸਾਂਝੀ ਵੰਡੀ ਜਾਂਦੀ ਹੈ। ਇਸ ਇਲਾਕੇ ਦਾ ਵਿਕਾਸ ਸਿਰਫ਼ ਸਰਦਾਰ ਸਰੋਵਰ ਡੈਮ ਦੇ ਖ਼ੁਆਬ ਦੇ ਸਾਕਾਰ ਹੋਣ ’ਤੇ ਹੀ ਨਹੀਂ ਰੁਕਿਆ, ਸਗੋਂ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤ ਵਾਂਗ ਨਿਰੰਤਰ ਅੱਗੇ ਵਧਣ ਦਾ ਸੁਨੇਹਾ ਦੇ ਰਿਹਾ ਹੈ। ‘ਵਿਕਾਸ ਤੋਂ ਅਗਾਂਹ ਵਿਕਾਸ’ ਦੀ ਸੋਚ ਸਦਕਾ ਇਸ ਇਲਾਕੇ ਦੇ ਆਲ਼ੇ-ਦੁਆਲ਼ੇ ਦੇ ਜੰਗਲ ਵਿਚ ਮੰਗਲ ਵਾਲੀ ਗੱਲ ਨਜ਼ਰ ਆਉਂਦੀ ਹੈ।
ਸਰਦਾਰ ਸਰੋਵਰ ਡੈਮ ਦੇ ਨੇੜੇ-ਤੇੜੇ ਸਟੈਚੂ ਆਫ ਯੂਨਿਟੀ ਸਮੇਤ ਕਈ ਸੈਰ-ਸਪਾਟਾ ਕੇਂਦਰ ਸਥਾਪਤ ਕੀਤੇ ਗਏ ਹਨ, ਜੋ ਇਸ ਇਲਾਕੇ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾ ਰਹੇ ਹਨ। ਇਸ ਖੇਤਰ ਵਿਚ ਲਗਪਗ 375 ਏਕੜ ਵਿਚ ਫੈਲਿਆ ਸਰਦਾਰ ਪਟੇਲ ਜ਼ੂਓਲੋਜੀਕਲ ਪਾਰਕ, ਫੁੱਲਾਂ ਦੀ ਘਾਟੀ, ਅਰੋਗਿਆ ਵਣ, ਮੀਆਵਾਕੀ ਜੰਗਲ, ਕੈਕਟਸ ਗਾਰਡਨ ਅਤੇ ਏਕਤਾ ਕਰੂਜ਼ ਵਰਗੀਆਂ ਕਰੀਬ 27 ਤੋਂ ਵੱਧ ਅਜਿਹੀਆਂ ਦਿਲਕਸ਼ ਸੈਰ-ਸਪਾਟੇ ਦੀਆਂ ਥਾਂਵਾਂ ਹਨ, ਜੋ ਇੱਥੇ ਸੈਲਾਨੀਆਂ ਨੂੰ ਦੋ-ਤਿੰਨ ਦਿਨ ਰਹਿਣ ਲਈ ਮੱਲੋ-ਮੱਲੀ ਮਜਬੂਰ ਕਰਦੀਆਂ ਹਨ। ਗੁਜਰਾਤ ਦਾ ਇਹ ਇਲਾਕਾ ਮਹਿਲਾ ਸਸ਼ਕਤੀਕਰਨ ਅਤੇ ਰੁਜ਼ਗਾਰ ਸਿਰਜਣਾ ਦੀ ਬਹੁਤ ਉਮਦਾ ਮਿਸਾਲ ਹੈ।
ਏਕਤਾ ਨਗਰ ਤੋਂ ਕਰੀਬ 200 ਕਿਲੋਮੀਟਰ ਦੂਰ ਜੇਕਰ ਅਹਿਮਦਾਬਾਦ ਪਹੁੰਚਿਆ ਜਾਵੇ ਤਾਂ ਇੱਥੇ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਪ੍ਰਾਜੈਕਟ ਆਪਣੇ ਆਪ ਵਿਚ ਭਾਰਤ ਦੀ ਵਿਕਸਤ ਟਰਾਂਸਪੋਰਟ ਦੀ ਤਸਵੀਰ ਹੈ। ਲਗਪਗ 508 ਕਿਲੋਮੀਟਰ ਦੀ ਦੂਰੀ ਵਾਲਾ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰਾਜੈਕਟ ਵਿਕਸਤ ਭਾਰਤ ਦੀ ਉਹ ਤਸਵੀਰ ਹੈ, ਜਿੱਥੇ ਆਉਣ ਵਾਲੇ ਕੁਝ ਸਾਲਾਂ ਵਿਚ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟ੍ਰੇਨ ਦੌੜੇਗੀ। ਅਹਿਮਦਾਬਾਦ ਵਿਚਲੇ ਇਸ ਪ੍ਰਾਜੈਕਟ ਦੇ ਸਟੇਸ਼ਨ ਇਸ ਤਰ੍ਹਾਂ ਅਤਿ ਆਧੁਨਕਿ ਸਹੂਲਤਾਂ ਨਾਲ ਤਿਆਰ ਹੋ ਰਹੇ ਹਨ, ਜਿੱਥੇ ਇੱਕੋ ਜਗ੍ਹਾ ਮੈਟਰੋ, ਰੇਲਗੱਡੀ ਅਤੇ ਬੁਲੇਟ ਟ੍ਰੇਨ ਦੀਆਂ ਸਹੂਲਤਾਂ ਮੁਸਾਫ਼ਰਾਂ ਨੂੰ ਮਿਲਣਗੀਆਂ। ਬੇਸ਼ੱਕ ਗੁਜਰਾਤ ਦਾ ਵਿਕਾਸ ਬੁਲੇਟ ਟ੍ਰੇਨ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਪਰ ਨਾਲੋ-ਨਾਲ ਇਹ ਸੂਬਾ ਆਪਣੀ 4500 ਸਾਲ ਪੁਰਾਣੀ ਵਿਰਾਸਤ ਨੂੰ ਵੀ ਸੰਭਾਲ ਰਿਹਾ ਹੈ।
ਅਹਿਮਦਾਬਾਦ ਤੋਂ ਸਿਰਫ਼ 80 ਕਿਲੋਮੀਟਰ ਦੂਰ ਜਾਈਏ ਤਾਂ ਇੱਥੇ ‘ਲੋਥਲ ਹੜੱਪਾਕਾਲੀਨ ਬੰਦਰਗਾਹ ਨਗਰ’ ਦੇ ਦੀਦਾਰ ਹੁੰਦੇ ਹਨ। ਇਹ ਬੰਦਰਗਾਹ ਇਕ ਨਦੀ ਦੇ ਕੰਢੇ ’ਤੇ ਬਣਾਈ ਗਈ ਸੀ, ਜੋ ਸਮੁੰਦਰ ਨਾਲ ਜੁੜਦੀ ਸੀ, ਜਿਸ ਨਾਲ ਵਪਾਰ ਅਤੇ ਆਵਾਜਾਈ ਆਸਾਨ ਹੋ ਜਾਂਦੀ ਸੀ। ਇੱਥੇ ਲਗਾਤਾਰ ਚੱਲ ਰਹੀ ਖੁਦਾਈ ਤੋਂ ਪਤਾ ਲਗਦਾ ਹੈ ਕਿ ਬੰਦਰਗਾਹ ਦੀ ਬਨਾਵਟ ਬਹੁਤ ਹੀ ਸੁਚੱਜੀ ਅਤੇ ਵਿਗਿਆਨਕ ਸੀ, ਜਿਸ ਵਿਚ ਪਾਣੀ ਦੇ ਪ੍ਰਵਾਹ ਨੂੰ ਨਿਯੰਤਰਿਤ ਕਰਨ ਲਈ ਨਿਕਾਸ ਦੇ ਰਸਤੇ ਬਣਾਏ ਗਏ ਸਨ। ਇਸ ਬੰਦਰਗਾਹ ਦੇ ਜ਼ਰੀਏ ਹੜੱਪਾ ਦੇ ਲੋਕ ਸਮੁੰਦਰੀ ਵਪਾਰ ਕਰਦੇ ਸਨ, ਜਿਸ ਨਾਲ ਉਹ ਦੂਜੇ ਖੇਤਰਾਂ ਨਾਲ ਸੰਪਰਕ ਵਿਚ ਰਹਿੰਦੇ ਸਨ। ਇਹ ਸਥਾਨ ਪ੍ਰਾਚੀਨ ਭਾਰਤੀ ਇਤਿਹਾਸ ਵਿਚ ਵਪਾਰ ਅਤੇ ਆਰਥਿਕਤਾ ਦੇ ਵਿਕਾਸ ਦਾ ਪ੍ਰਤੀਕ ਹੈ।
ਇਸ ਸਥਾਨ ਤੋਂ ਕੁਝ ਦੂਰੀ ’ਤੇ ਰਾਸ਼ਟਰੀ ਸਮੁੰਦਰੀ ਵਿਰਾਸਤੀ ਕੰਪਲੈਕਸ ਦਾ ਪ੍ਰਾਜੈਕਟ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਪ੍ਰਾਜੈਕਟ ਦਾ ਵਿਕਾਸ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਕੰਪਲੈਕਸ ਦੇ ਕੇਂਦਰ ਵਿਚ ਆਈਕਾਨਿਕ ਨੈਸ਼ਨਲ ਮੈਰੀਟਾਈਮ ਮਿਊਜ਼ੀਅਮ ਤਿਆਰ ਹੋ ਰਿਹਾ ਹੈ, ਜਿਸ ਵਿਚ 14 ਥੀਮ ਅਧਾਰਿਤ ਗੈਲਰੀਆਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਗੈਲਰੀਆਂ ਵਿਚ ਵੱਖ-ਵੱਖ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਭਾਰਤ ਦੀ ਸਮੁੰਦਰੀ ਇਤਿਹਾਸਕ ਵਿਰਾਸਤ ਨੂੰ ਪੇਸ਼ ਕੀਤਾ ਜਾਵੇਗਾ। ਇਕ ਵਾਰ ਮੁਕੰਮਲ ਹੋ ਜਾਣ ਤੋਂ ਬਾਅਦ ਇਹ ਦੁਨੀਆ ਦਾ ਸਭ ਤੋਂ ਵੱਡਾ ਮੈਰੀਟਾਈਮ ਮਿਊਜ਼ੀਅਮ ਹੋਵੇਗਾ, ਜਿਸ ਨੂੰ ਦੇਖਣ ਵਾਲੀਆਂ ਅੱਖਾਂ ਯਕੀਨਨ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ। ਇੱਥੋਂ ਦੇ ਗਾਂਧੀਨਗਰ ਵਿਖੇ ‘ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ’ ਇਸ ਦੀ ਇਕ ਮਿਸਾਲ ਹੈ, ਜੋ ਵਿਸ਼ਵ ਦੀ ਪਹਿਲੀ ਅਤੇ ਇਕੋ ਇਕ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਹੈ।
ਵਿਗਿਆਨ ਤੋਂ ਇਲਾਵਾ ਪੁਲਾੜ ਦੇ ਖੇਤਰ ਵਿਚ ਵੀ ਗੁਜਰਾਤ ਦੀ ਅਹਿਮ ਥਾਂ ਹੈ। ਇੱਥੋਂ ਦੇ ਅਹਿਮਦਾਬਾਦ ਦੇ ਸਪੇਸ ਐਪਲੀਕੇਸ਼ਨਜ਼ ਸੈਂਟਰ (ਐੱਸਏਸੀ) –ਇਸਰੋ ਦੇ ਕੇਂਦਰ ਦੀ ਪੁਲਾੜ ਖੇਤਰ ਵਿਚ ਬਹੁਤ ਹੀ ਖ਼ਾਸ ਭੂਮਿਕਾ ਹੈ। ਇਹ ਕੇਂਦਰ ਮੁੱਖ ਤੌਰ ’ਤੇ ਸੰਚਾਰ ਉਪਗ੍ਰਹਿ ਅਤੇ ਰਿਮੋਟ ਸੈਂਸਿੰਗ ਉਪਗ੍ਰਿਹਾਂ ਲਈ ਉਪਕਰਨ ਵਿਕਸਤ ਕਰਦਾ ਹੈ। ਸੰਚਾਰ ਉਪਗ੍ਰਹਿ ਟੈਲੀਵਿਜ਼ਨ ਪ੍ਰਸਾਰਣ, ਟੈਲੀਫ਼ੋਨ ਸੇਵਾਵਾਂ, ਇੰਟਰਨੈੱਟ ਅਤੇ ਆਫ਼ਤ ਪ੍ਰਬੰਧਨ ਵਰਗੀਆਂ ਸੇਵਾਵਾਂ ਨੂੰ ਸਮਰੱਥ ਬਣਾਉਂਦੇ ਹਨ। ਰਿਮੋਟ ਸੈਂਸਿੰਗ ਉਪਗ੍ਰਿਹਾਂ ਤੋਂ ਤਸਵੀਰਾਂ ਅਤੇ ਡੇਟਾ ਖੇਤੀਬਾੜੀ, ਜਲ ਸਰੋਤਾਂ, ਜੰਗਲਾਤ ਸੰਭਾਲ, ਸ਼ਹਿਰੀ ਯੋਜਨਾਬੰਦੀ ਅਤੇ ਵਾਤਾਵਰਨ ਨਿਗਰਾਨੀ ਵਿਚ ਵਰਤੇ ਜਾਂਦੇ ਹਨ।
ਜੇਕਰ ਗੁਜਰਾਤ ਦੇ ਊਰਜਾ ਖੇਤਰ ਵਿਚ ਹੋ ਰਹੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਸਾਲ 1966 ਵਿਚ ਦੇਸ਼ ਨੂੰ ਸਮਰਪਿਤ ਹੋਈ, ਗੁਜਰਾਤ ਦੇ ਵਡੋਦਰਾ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐੱਲ) ਰਿਫਾਇਨਰੀ ਸਿਰਫ਼ ਗੁਜਰਾਤ ਦੀ ਹੀ ਨਹੀਂ, ਸਗੋਂ ਸਮੁੱਚੇ ਦੇਸ਼ ਦੀ ਊਰਜਾ ਨੂੰ ਹੁਲਾਰਾ ਦੇ ਰਹੀ ਹੈ। ਊਰਜਾ ਤੋਂ ਬਾਅਦ ਜੇਕਰ ਡੇਅਰੀ ਉਤਪਾਦਨ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਆਨੰਦ ਦੀ ‘ਅਮੂਲ ਡੇਅਰੀ’ ਦਾ ਨਾਂ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਮਕਬੂਲ ਹੈ। ਅਮੂਲ ਦਾ ਜਨਮ 1946 ਵਿਚ ਹੋਇਆ, ਜਦੋਂ ਸਥਾਨਕ ਕਿਸਾਨਾਂ ਨੇ ਆਪਣੇ ਦੁੱਧ ਦੀਆਂ ਬਿਹਤਰ ਕੀਮਤਾਂ ਪ੍ਰਾਪਤ ਕਰਨ ਲਈ ਇਕ ਸਹਿਕਾਰੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ ਸੀ।
ਇਸ ਮਾਡਲ ਨੇ ਭਾਰਤ ਵਿਚ ਚਿੱਟੀ ਕ੍ਰਾਂਤੀ ਲਿਆਂਦੀ। ਅੱਜ ਇਹ ਫੈਡਰੇਸ਼ਨ ਲਗਪਗ 3.6 ਮਿਲੀਅਨ ਕਿਸਾਨਾਂ ਤੋਂ ਸਾਲਾਨਾ ਲਗਪਗ 11 ਬਿਲੀਅਨ ਲੀਟਰ ਦੁੱਧ ਖ਼ਰੀਦਦੀ ਹੈ। ਆਨੰਦ ਡੇਅਰੀ ਦੀ ਪ੍ਰੋਸੈਸਿੰਗ ਸਮਰੱਥਾ ਹੀ ਇਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਡੇਅਰੀਆਂ ਵਿਚੋਂ ਇਕ ਬਣਾਉਂਦੀ ਹੈ, ਜਿਸ ਦੀ ਕੁੱਲ ਹੈਂਡਲਿੰਗ ਸਮਰੱਥਾ ਲਗਪਗ 50 ਮਿਲੀਅਨ ਲੀਟਰ ਪ੍ਰਤੀ ਦਿਨ ਹੈ, ਜੋ ਇਸ ਨੂੰ ਦੁਨੀਆ ਭਰ ਵਿਚ ਚੋਟੀ ਦੇ ਰੋਜ਼ਾਨਾ ਦੁੱਧ ਪ੍ਰੋਸੈਸਰਾਂ ਵਿੱਚੋਂ ਇਕ ਬਣਾਉਂਦੀ ਹੈ। ਆਨੰਦ ਯੂਨੀਅਨ ਨਾਲ 1,278 ਗ੍ਰਾਮ ਸਹਿਕਾਰੀ ਸਭਾਵਾਂ ਰਾਹੀਂ ਲਗਪਗ 8 ਲੱਖ ਕਿਸਾਨ ਜੁੜੇ ਹੋਏ ਹਨ। ਅਸਲ ਵਿਚ ਗੁਜਰਾਤ, ਭਾਰਤ ਦਾ ਉਹ ਸੂਬਾ ਹੈ, ਜੋ ਵਿਕਸਤ ਭਾਰਤ ਦੇ ਖ਼ੁਆਬ ਵਿਚ ਹਕੀਕਤ ਦੇ ਰੰਗ ਭਰ ਰਿਹਾ ਹੈ।
ਗੁਜਰਾਤ ਦੀ ਇਹ ਤਰੱਕੀ ਰਾਤੋ ਰਾਤ ਨਹੀਂ ਹੋਈ, ਇਸ ਵਿਚ ਸਰਕਾਰ ਦੇ ਨਾਲ-ਨਾਲ ਇੱਥੋਂ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਦੇਸ਼ ਪ੍ਰਤੀ ਉਨ੍ਹਾਂ ਦਾ ਸਮਰਪਣ ਵੀ ਸ਼ਾਮਲ ਹੈ। ਗੁਜਰਾਤ ਦੇਸ਼ ਨੂੰ ਇਹ ਗੱਲ ਵੀ ਦੱਸਦਾ ਹੈ ਕਿ ਸਰਕਾਰ ਦੇ ਨਾਲ-ਨਾਲ ਦੇਸ਼ ਦੇ ਨਾਗਰਿਕਾਂ ਨੂੰ ਵੀ ਆਪਣਾ ਬਣਦਾ ਸਹਿਯੋਗ ਦੇਣਾ ਪਵੇਗਾ ਤਾਂ ਜੋ ਵਿਕਸਤ ਭਾਰਤ ਬਣਨ ਦੀ ਰਫ਼ਤਾਰ ਹੋਰ ਵੀ ਤੇਜ਼ ਹੋ ਸਕੇ।
-ਡਾ. ਵਿਕਰਮ ਸਿੰਘ
(ਲੇਖਕ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ’ਚ ਭਾਰਤੀ ਸੂਚਨਾ ਸੇਵਾ ਅਧਿਕਾਰੀ ਹੈ।)
ਸੰਪਰਕ : 98884 13836