ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਯੁੱਧ ਦਿਨ-ਬ-ਦਿਨ ਹੋਰ ਭੜਕਦਾ ਜਾ ਰਿਹਾ ਹੈ। ਇਹ ਧਿਰਾਂ ਇਕ-ਦੂਜੇ ਨੂੰ ਵੱਡੇ ਪੱਧਰ ’ਤੇ ਨਿਸ਼ਾਨਾ ਬਣਾ ਰਹੀਆਂ ਹਨ। ਇਸ ਜੰਗ ਵਿਚ ਜਿੱਥੇ ਈਰਾਨ ਦਾ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ, ਓਥੇ ਹੀ ਅਮਰੀਕਾ ਤੇ ਇਜ਼ਰਾਈਲ ਵੀ ਵੱਡਾ ਨੁਕਸਾਨ ਸਹਿ ਰਹੇ ਹਨ। ਈਰਾਨ ਦੇ ਹਮਲਿਆਂ ਵਿਚ ਕਈ ਅਮਰੀਕਨ ਫ਼ੌਜੀ ਮਾਰੇ ਗਏ।

-ਮੁਖ਼ਤਾਰ ਗਿੱਲ
ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਯੁੱਧ ਦਿਨ-ਬ-ਦਿਨ ਹੋਰ ਭੜਕਦਾ ਜਾ ਰਿਹਾ ਹੈ। ਇਹ ਧਿਰਾਂ ਇਕ-ਦੂਜੇ ਨੂੰ ਵੱਡੇ ਪੱਧਰ ’ਤੇ ਨਿਸ਼ਾਨਾ ਬਣਾ ਰਹੀਆਂ ਹਨ। ਇਸ ਜੰਗ ਵਿਚ ਜਿੱਥੇ ਈਰਾਨ ਦਾ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ, ਓਥੇ ਹੀ ਅਮਰੀਕਾ ਤੇ ਇਜ਼ਰਾਈਲ ਵੀ ਵੱਡਾ ਨੁਕਸਾਨ ਸਹਿ ਰਹੇ ਹਨ। ਈਰਾਨ ਦੇ ਹਮਲਿਆਂ ਵਿਚ ਕਈ ਅਮਰੀਕਨ ਫ਼ੌਜੀ ਮਾਰੇ ਗਏ। ਅਮਰੀਕਾ ਵੱਲੋਂ ਵੱਡੇ ਪੱਧਰ ’ਤੇ ਬੰਬਾਰੀ ਕੀਤੀ ਜਾ ਰਹੀ ਹੈ ਜਦਕਿ ਈਰਾਨ ਵੱਲੋਂ ਬੰਬਾਂ ਤੇ ਮਿਜ਼ਾਈਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਉਸ ਦੇ ਹਮਲੇ ਕਾਰਨ ਸਾਊਦੀ ਅਰਬ ਦੀ ਰਿਫਾਇਨਰੀ ਬੰਦ ਕਰਨੀ ਪਈ। ਇਸ ਮਹਾਯੁੱਧ ਦਾ ਮੱਧ ਪੂਰਬ ਖ਼ਾਸ ਕਰਕੇ ਖਾੜੀ ਦੇ ਦੇਸ਼ਾਂ ਉੱਤੇ ਡੂੰਘਾ ਅਸਰ ਪਵੇਗਾ। ਖਾੜੀ ਦੇ ਦੇਸ਼ਾਂ ਵਿਚ ਅਮਰੀਕਾ ਦੇ 19 ਫ਼ੌਜੀ ਅੱਡੇ (ਏਅਰਬੇਸ), ਹਵਾਈ ਅੱਡੇ, ਬੰਦਰਗਾਹਾਂ ਅਤੇ ਵਪਾਰਕ ਕੇਂਦਰ ਹਨ। ਈਰਾਨ ਨੇ ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ, ਬਹਿਰੀਨ, ਕੁਵੈਤ, ਇਰਾਕ, ਸਾਈਪ੍ਰਸ, ਓਮਾਨ ਵਿਚ ਸਥਿਤ ਅਮਰੀਕਾ ਦੇ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ। ਅਜੇ ਦੋ ਗੱਲਾਂ ਸਪਸ਼ਟ ਨਹੀਂ ਕਿ ਲੜਾਈ ਕਿੰਨੇ ਦਿਨਾਂ ਤੱਕ ਚੱਲੇਗੀ। ਇਸ ਤੋਂ ਇਲਾਵਾ ਕੀ ਲਿਬਨਾਨ ਦੇ ਹਿਜ਼ਬੁੱਲਾ ਅਤੇ ਯਮਨ ’ਚ ਹੂਤੀ ਇਜ਼ਰਾਈਲ ਵਿਰੁੱਧ ਹਮਲੇ ਕਰਨਗੇ?
ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਈਰਾਨ ਅਤੇ ਅਮਰੀਕਾ ਨੇ ਜੈਨੇਵਾ ਵਿਚ ਓਮਾਨ ਦੀ ਵਿਚੋਲਗੀ ਨਾਲ ਤੀਜੇ ਗੇੜ ਦੀ ਗੱਲਬਾਤ ਕੀਤੀ ਪਰ ਕੋਈ ਸਮਝੌਤਾ ਨਹੀਂ ਹੋਇਆ। ਅਗਲੇ ਹਫ਼ਤੇ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿਚ ਪ੍ਰਸਤਾਵਿਤ ਗੱਲਬਾਤ ਹੋਣੀ ਸੀ। ਜੈਨੇਵਾ ਦੀ ਬੈਠਕ ਵਿਚ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ, ਅਮਰੀਕਾ ਦੇ ਮੱਧ-ਪੂਰਬ ਲਈ ਵਿਸ਼ੇਸ਼ ਏਲਚੀ ਸਟੀਵਨ ਵਿਟਕੌਫ ਤੇ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਅਤੇ ਓਮਾਨ ਦੇ ਵਿਦੇਸ਼ ਮੰਤਰੀ ਬਦਰ-ਅਲ-ਬੁਸੈਦੀ ਸ਼ਾਮਲ ਸਨ। ਡੋਨਾਲਡ ਟਰੰਪ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਲਈ ਸਮਝੌਤਾ ਚਾਹੁੰਦੇ ਸਨ। ਪਿਛਲੇ ਹਫ਼ਤੇ ਵੀਰਵਾਰ ਨੂੰ ਹੋਈ ਇਹ ਗੱਲਬਾਤ ਹਾਂ-ਪੱਖੀ ਰਹਿਣ ਸਦਕਾ ਲੱਗ ਰਿਹਾ ਸੀ ਕਿ ਈਰਾਨ ’ਤੇ ਅਮਰੀਕੀ ਹਮਲਾ ਕੁਝ ਦਿਨਾਂ ਲਈ ਟਲ ਗਿਆ ਹੈ ਪਰ ਅਮਰੀਕਾ-ਇਜ਼ਰਾਈਲ ਨੇ ਈਰਾਨ ’ਤੇ ਸ਼ਨਿੱਚਰਵਾਰ ਨੂੰ ਹਮਲਾ ਕਰ ਦਿੱਤਾ। ਅਗਲੇ ਦਿਨ ਅਮਰੀਕਾ ਤੇ ਇਜ਼ਰਾਈਲ ਨੇ ਇਕ ਹਵਾਈ ਹਮਲਾ ਕਰ ਕੇ ਈਰਾਨ ਦੇ ਸਰਬਉੱਚ ਧਾਰਮਿਕ ਆਗੂ ਅਯਾਤੁੱਲਾ ਅਲੀ ਖਾਮਨੇਈ ਦੀ ਹੱਤਿਆ ਕਰ ਦਿੱਤੀ। ਖਾਮਨੇਈ ਬੇਤ–ਰਹਿਬਰੀ ਪੈਲੇਸ ਵਿਚ ਆਪਣੇ ਸਲਾਹਕਾਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ ਜਦੋਂ ਦੋ ਹਜ਼ਾਰ ਕਿੱਲੋ ਦੇ ਬੰਕਰ ਬਸਟਰ ਨਾਲ ਹਮਲਾ ਕਰ ਕੇ ਈਰਾਨੀ ਰੱਖਿਆ ਮੰਤਰੀ ਅਤੇ ਰੈਵੋਲਿਊਸ਼ਨਰੀ ਗਾਰਡਜ਼ ਦੇ 40 ਕਮਾਂਡਰ ਵੀ ਮਾਰ ਦਿੱਤੇ। ਖਾਮਨੇਈ ਦੀ ਧੀ, ਜਵਾਈ, ਨੂੰਹ ਤੇ ਪੋਤੀ ਵੀ ਹਲਾਕ ਹੋ ਗਏ। ਮਿਨਾਥ ਵਿਚ ਲੜਕੀਆਂ ਦੇ ਪ੍ਰਾਇਮਰੀ ਸਕੂਲ ’ਤੇ ਹਮਲਾ ਕਰ ਕੇ ਅਨੇਕਾਂ ਵਿਦਿਆਰਥਣਾਂ ਨੂੰ ਮਾਰ ਦਿੱਤਾ ਗਿਆ।
ਖਾਮਨੇਈ ਦੀ ਹੱਤਿਆ ਖ਼ਿਲਾਫ਼ ਕਰਾਚੀ (ਪਾਕਿਸਤਾਨ) ਦੇ ਅਮਰੀਕੀ ਵਣਜ ਸਫ਼ਾਰਤਖਾਨੇ ’ਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ ਜਿਸ ਵਿਚ ਬਾਰਾਂ ਪ੍ਰਦਰਸ਼ਨਕਾਰੀ ਮਾਰੇ ਗਏ। ਸੰਯੁਕਤ ਰਾਸ਼ਟਰ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ ਗਈ। ਸ੍ਰੀਨਗਰ ਤੇ ਲਖਨਊ ਵਿਚ ਵੀ ਰੋਸ ਪ੍ਰਦਰਸ਼ਨ ਹੋਏ। ਖਾਮਨੇਈ ਦੀ ਸ਼ਹਾਦਤ ਖ਼ਿਲਾਫ਼ ਈਰਾਨ ਵਿਚ 40 ਦਿਨਾਂ ਦਾ ਸੋਗ ਅਤੇ 7 ਦਿਨਾਂ ਦੀ ਛੁੱਟੀ ਕੀਤੀ ਗਈ। ਅਮਰੀਕਾ ਦੀ ਸ਼ਹਿ, ਫ਼ੌਜੀ ਸਾਜ਼ੋ-ਸਾਮਾਨ ਅਤੇ ਆਰਥਿਕ ਮਦਦ ਨਾਲ ਇਜ਼ਰਾਈਲ ਨੇ ਪਹਿਲਾਂ ਹਮਾਸ, ਹਿਜ਼ਬੁੱਲਾ, ਹੂਤੀ, ਗਾਜ਼ਾ ਦੀ ਤਬਾਹੀ, 70 ਹਜ਼ਾਰ ਦੇ ਕਰੀਬ ਬੱਚਿਆਂ, ਔਰਤਾਂ, ਬਜ਼ੁਰਗਾਂ ਦਾ ਨਰਸੰਹਾਰ ਕੀਤਾ ਤੇ ਹਜ਼ਾਰਾਂ ਨੂੰ ਬੇਘਰ ਕਰ ਦਿੱਤਾ। ਇਨ੍ਹਾਂ ਮੁਲਕਾਂ ਨੇ ਪਿਛਲੇ ਸਾਲ ਜੂਨ ਵਿਚ ਈਰਾਨ ’ਤੇ ਹਮਲਾ ਕਰ ਦਿੱਤਾ ਸੀ ਪਰ ਹੁਣ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਲੱਗ-ਥਲੱਗ ਪਿਆ ਹੋਇਆ ਹੈ ਕਿਉਂਕਿ ਉਸ ਨੂੰ ਇਸ ਹਮਲੇ ਕਾਰਨ ਦੁਨੀਆ ਦੇ ਵੱਡੇ ਹਿੱਸੇ ਤੋਂ ਨੁਕਤਾਚੀਨੀ ਸਹਿਣੀ ਪੈ ਰਹੀ ਹੈ ਤੇ ਅਮਰੀਕਾ ਦੇ ਸਹਿਯੋਗੀ ਨਾਟੋ ਦੇਸ਼ ਵੀ ਉਸ ਤੋਂ ਦੂਰੀ ਬਣਾ ਰਹੇ ਹਨ। ਇਤਿਹਾਸ ’ਚ ਪਹਿਲੀ ਵਾਰ ਇਰਾਕ-ਈਰਾਨ ਇਕੱਠੇ ਨਜ਼ਰ ਆਏ।
ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ-ਇਜ਼ਰਾਈਲ ਨੇ ਈਰਾਨ ਵਿਰੁੱਧ ਜਿਸ ਤਰ੍ਹਾਂ ਦਾ ਮਾਹੌਲ ਬਣਾਉਣਾ ਸ਼ੁਰੂ ਕੀਤਾ ਸੀ, ਵਾਰਤਾਵਾਂ ਦੇ ਬਾਵਜੂਦ ਉਸ ਤੋਂ ਲੱਗਦਾ ਸੀ ਕਿ ਹਾਲਾਤ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ। ਇਸ ਜੰਗ ਵਿਚ ਇਜ਼ਰਾਈਲ ਤੇ ਈਰਾਨ ਦਾ ਵਿਆਪਕ ਨੁਕਸਾਨ ਹੋਇਆ ਹੈ। ਪਹਿਲਾਂ ਅਮਰੀਕਾ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਖ਼ਤਮ ਕਰਨ ਦਾ ਇਰਾਦਾ ਰੱਖਦਾ ਸੀ ਪਰ ਹੁਣ ਈਰਾਨੀ ਸੱਤਾ ਨੂੰ ਖ਼ਤਮ ਕਰਨਾ ਦੱਸ ਰਿਹਾ ਹੈ। ਰੂਸ-ਯੂਕਰੇਨ ਯੁੱਧ ਪੰਜਵੇਂ ਸਾਲ ਵਿਚ ਦਾਖ਼ਲ ਹੋ ਚੁੱਕਾ ਹੈ। ਇਜ਼ਰਾਈਲ ਦੇ ਗਾਜ਼ਾ ’ਤੇ ਹਮਲੇ ਜਾਰੀ ਹਨ। ਇਸ ਦੌਰਾਨ ਪਾਕਿਸਤਾਨ-ਅਫ਼ਗਾਨਿਸਤਾਨ ਵਿਚਾਲੇ ਭੜਕੀ ਖੁੱਲ੍ਹੀ ਜੰਗ ਨੇ ਵੀ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਪਾਕਿਸਤਾਨ ਨੇ ਇਸ ਫ਼ੌਜੀ ਮੁਹਿੰਮ ਨੂੰ ਆਪ੍ਰੇਸ਼ਨ ‘ਗਜ਼ਬ ਲਿਨ-ਹਕ’ ਦਾ ਨਾਂ ਦੇ ਕੇ ਅਫ਼ਗਾਨਿਸਤਾਨ ਨਾਲ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਹੈ।
ਟਰੰਪ ਨੇ ਦਾਅਵਾ ਕੀਤਾ ਸੀ ਕਿ ਈਰਾਨ ਜਲਦੀ ਇਹੋ-ਜਿਹੀ ਮਿਜ਼ਾਈਲ ਬਣਾ ਲਵੇਗਾ ਜਿਹੜੀ ਅਮਰੀਕਾ ਤੱਕ ਮਾਰ ਕਰ ਸਕਦੀ ਹੈ। ਟਰੰਪ ਵੱਲੋਂ ਈਰਾਨ ਵਿਚ ਰਾਜ ਪਲਟੇ ਦੀ ਪੈਰਵੀ ਕੀਤੀ ਜਾ ਰਹੀ ਸੀ। ਉਹ ਧਮਕੀ ਦੇ ਰਹੇ ਸਨ ਕਿ ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਉਸ ਦੇ ਨਤੀਜੇ ਬੜੇ ਗੰਭੀਰ ਅਤੇ ਦਰਦਨਾਕ ਹੋਣਗੇ। ਅਮਰੀਕੀ ਸਦਰ ਇਹ ਵੀ ਕਹਿ ਰਿਹਾ ਸੀ ਕਿ ਜੇ ਤਹਿਰਾਨ ਨੇ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਨਾ ਕੀਤਾ ਤਾਂ ਉਹ ਬਲ ਪ੍ਰਯੋਗ ਕਰੇਗਾ। ਅਮਰੀਕਾ ਨੇ ਅਰਬ ਸਾਗਰ ਵਿਚ ਆਪਣਾ ਜੰਗੀ ਬੇੜਾ ਤਾਇਨਾਤ ਕੀਤਾ ਅਤੇ 50 ਫਾਈਟਰ ਜੈੱਟ ਖਾੜੀ ਭੇਜੇ। ਦੋ ਕੈਰੀਅਰ ਸਟ੍ਰਾਈਕ ਗਰੁੱਪ, 13 ਜੰਗੀ ਬੇੜੇ ਅਤੇ ਏਅਰ ਡਿਫੈਂਸ ਸਿਸਟਮ ਤਾਇਨਾਤ ਕੀਤੇ। ਖਾੜੀ ਦੇਸ਼ਾਂ ਵਿਚ ਅਮਰੀਕਾ ਦੇ 19 ਫ਼ੌਜੀ ਅੱਡੇ ਹਨ। ਉਨ੍ਹਾਂ ਵਿਚ ਅਮਰੀਕਾ ਦੇ 50 ਹਜ਼ਾਰ ਫ਼ੌਜੀ ਹਨ।
ਈਰਾਨ ਦੀ ਰਣਨੀਤੀ ਬਹੁਤ ਗਜ਼ਬ ਦੀ ਹੈ ਜਿਸ ਤੋਂ ਅਮਰੀਕਾ ਤੇ ਇਜ਼ਰਾਈਲ ਦੇ ਮਨਸੂਬੇ ਪੂਰੇ ਨਹੀਂ ਹੋ ਰਹੇ। ਈਰਾਨ ਅਰਬ ਸਾਗਰ ਵਿਚ ਤਾਇਨਾਤ ਅਮਰੀਕਾ ਦੇ ਵੱਡੇ ਜੰਗੀ ਬੇੜਿਆਂ ’ਤੇ ਡ੍ਰੋਨਾਂ ਰਾਹੀਂ ਹਮਲੇ ਕਰ ਰਿਹਾ ਹੈ ਤਾਂ ਜੋ ਸੁਰੱਖਿਆ ਸਿਸਟਮ ਉਸ ਦੀਆਂ ਮਿਜ਼ਾਈਲਾਂ ਰੋਕਣ ’ਚ ਨਾਕਾਮ ਰਹਿਣ। ਉਹ ਆਪਣੀ ਇਸ ਰਣਨੀਤੀ ਸਦਕਾ ਦੁਸ਼ਮਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਈਰਾਨ ਨੇ ਹੋਰਮੁਜ਼ ਜਲ ਮਾਰਗ ਨੂੰ ਬੰਦ ਕਰ ਦਿੱਤਾ ਹੈ ਜਿਸ ਰਾਹੀਂ ਭਾਰਤ ਸਮੇਤ ਦੁਨੀਆ ਦੇ ਇਕ ਵੱਡੇ ਹਿੱਸੇ ਨੂੰ ਤੇਲ ਸਪਲਾਈ ਹੁੰਦਾ ਹੈ। ਅਮਰੀਕਾ ਦੇ ਏਅਰਬੇਸ ਈਰਾਨ ਦੀਆਂ ਮਿਜ਼ਾਈਲਾਂ ਦੀ ਮਾਰ ਹੇਠ ਹਨ। ਈਰਾਨ ਦਾ ਕਹਿਣਾ ਹੈ ਕਿ ਪਰਮਾਣੂ ਮੁੱਦੇ ’ਤੇ ਉਹ ਆਤਮ ਸਮਰਪਣ ਨਹੀਂ ਕਰੇਗਾ। ਵਿਆਨਾ ’ਚ ਤੀਜੇ ਗੇੜ ਦੀ ਗੱਲਬਾਤ ਦੌਰਾਨ ਈਰਾਨ ਨੇ ਨਰਮ ਰੁਖ਼ ਅਪਣਾਉਂਦਿਆਂ ਕਿਹਾ ਸੀ ਕਿ ਉਹ ਬੈਲਿਸਟਿਕ ਮਿਜ਼ਾਈਲਾਂ ਦੇ ਜ਼ਖ਼ੀਰੇ ਨੂੰ ਘੱਟ ਕਰ ਦੇਵੇਗਾ ਪਰ ਉਹ ਆਪਣੀਆਂ ਮਿਜ਼ਾਈਲਾਂ ਪੂਰੀ ਤਰ੍ਹਾਂ ਖ਼ਤਮ ਕਰਨ ’ਤੇ ਸਹਿਮਤ ਨਹੀਂ ਸੀ।
ਸਭ ਤੋਂ ਮਹੱਤਵਪੂਰਨ ਇਹ ਹੈ ਕਿ ਜੈਨੇਵਾ ਵਿਚ ਓਮਾਨ ਦੀ ਵਿਚੋਲਗੀ ਵਿਚ ਬੈਠੇ ਅਮਰੀਕਾ ਦੇ ਰਣਨੀਤੀਕਾਰ ਇਜ਼ਰਾਈਲ ਦੇ ਮਾਰੂ ਹਥਿਆਰਾਂ ਅਤੇ ਮਿਜ਼ਾਈਲਾਂ ਦਾ ਮੁੱਦਾ ਨਹੀਂ ਚੁੱਕਿਆ। ਇਹ ਨਹੀਂ ਪੁੱਛਿਆ ਜਾਂਦਾ ਕਿ ਇਜ਼ਰਾਈਲ ਕੋਲ 90 ਪਰਮਾਣੂ ਹਥਿਆਰ (ਬੰਬ) ਹਨ ਜਾਂ ਦੋ ਸੌ। ਉਹ ਅਜਿਹੇ ਹਥਿਆਰਾਂ ਦੀ ਨਾ ਤਾਂ ਪੁਸ਼ਟੀ ਕਰਦੇ ਹਨ ਅਤੇ ਨਾ ਹੀ ਖੰਡਨ। ਮੰਨਿਆ ਜਾਂਦਾ ਹੈ ਕਿ ਉਹ ਮਿਜ਼ਾਈਲਾਂ, ਪਣਡੁੱਬੀਆਂ ਅਤੇ ਜੰਗੀ ਜਹਾਜ਼ਾਂ ਦੇ ਬੇੜੇ ਤੋਂ ਪਰਮਾਣੂ ਹਥਿਆਰ ਦਾਗਣ ਦੇ ਸਮੱਰਥ ਹੈ। ਸੰਨ 2024 ਵਿਚ ਇਜ਼ਰਾਈਲ ਨੇ ਆਪਣੇ ਪਰਮਾਣੂ ਬੰਬਾਂ ਦੇ ਨਿਰਮਾਣ ਅਤੇ ਰੱਖ-ਰਖਾਅ ’ਤੇ 11 ਬਿਲੀਅਨ ਡਾਲਰ ਖ਼ਰਚ ਕੀਤੇ ਸਨ। ਜੇਕਰ ਇਜ਼ਰਾਈਲ ਨੇ ਅਮਰੀਕਾ ਨਾਲ ਸਾਂਝੇ ਤੌਰ ’ਤੇ ਪਰਮਾਣੂ ਧਮਕੀ ਨੂੰ ਲੈ ਕੇ ਈਰਾਨ ’ਤੇ ਹਮਲਾ ਕੀਤਾ ਹੈ ਤਾਂ ਉਸ ਤਰ੍ਹਾਂ ਦੀ ਧਮਕੀ ਪਾਕਿਸਤਾਨ ਕਈ ਵਾਰ ਭਾਰਤ ਨੂੰ ਦੇ ਚੁੱਕਾ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਕਈ ਵਾਰ ਇਸ ਦਾਅਵੇ ਨੂੰ ਦੁਹਰਾਅ ਚੁੱਕੇ ਹਨ ਕਿ ਪਿਛਲੇ ਸਾਲ ਮਈ ’ਚ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੀ ਜੰਗ ਨੂੰ ਰੁਕਵਾਉਣ ਲਈ ਉਨ੍ਹਾਂ ਨੇ ਦੋਵਾਂ ਮੁਲਕਾਂ ਨਾਲ ਵਪਾਰ ਰੋਕਣ ਦੀ ਧਮਕੀ ਦਿੱਤੀ ਸੀ। ਤਾਂ ਹੀ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋਏ ਸਨ। ਟਰੰਪ 12 ਮਹੀਨਿਆਂ ਦੇ ਕਾਰਜਕਾਲ ’ਚ 7 ਦੇਸ਼ਾਂ ’ਤੇ ਹਮਲੇ ਕਰ ਚੁੱਕੇ ਹਨ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਬੰਦੀ ਬਣਾਇਆ ਹੈ। ਟਰੰਪ ਦੀ ਇਸ ਕਾਰਵਾਈ ਸਬੰਧੀ ਕੌਮਾਂਤਰੀ ਅਮਨ-ਪਸੰਦ ਭਾਈਚਾਰੇ ਨੇ ਚੁੱਪ ਵੱਟੀ ਹੋਈ ਹੈ। ਅਮਰੀਕਾ ਦੀ ਘੂਰੀ ਅਤੇ ਇਜ਼ਰਾਈਲ ਨਾਲ ਰਣਨੀਤਕ ਸਬੰਧਾਂ ਕਰਕੇ ਭਾਰਤ ਦੀ ਚੁੱਪ ਦੀ ਵੀ ਸਮਝ ਆਉਂਦੀ ਹੈ। ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ, ਸੀਪੀਆਈ, ਸੀਪੀਆਈ (ਐੱਮ) ਆਦਿ ਨੇ ਅਮਰੀਕਾ-ਇਜ਼ਰਾਈਲ ਦੇ ਈਰਾਨ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਆਪਣੀ ਸਥਿਤੀ ਸਪਸ਼ਟ ਕਰੇ ਜਦਕਿ ਚੀਨ ਤੇ ਰੂਸ ਖੁੱਲ੍ਹ ਕੇ ਈਰਾਨ ਦੇ ਪੱਖ ਵਿਚ ਖੜ੍ਹੇ ਹੋਏ ਹਨ। ਇਸ ਜੰਗ ਨਾਲ ਮੱਧ-ਪੂਰਬ ਤੇ ਖਾੜੀ ਦੇ ਦੇਸ਼ ਪ੍ਰਭਾਵਿਤ ਹੋ ਰਹੇ ਹਨ। ਈਰਾਨ ਦੀ ਤਬਾਹੀ, ਰੱਖਿਆ ਮੰਤਰੀ, ਫ਼ੌਜ ਮੁਖੀ ਅਤੇ ਸੁਪਰੀਮੋ ਖਾਮਨੇਈ ਦੀ ਹੱਤਿਆ ਨਾਲ ਕੌਮਾਂਤਰੀ ਪੱਧਰ ’ਤੇ ਕਿਸ ਤਰ੍ਹਾਂ ਦੇ ਸਮੀਕਰਨ ਬਣਨਗੇ, ਕਿੰਨੇ ਦੇਸ਼ਾਂ ਵਿਚਾਲੇ ਮੋਰਚੇਬੰਦੀ ਹੋਵੇਗੀ ਅਤੇ ਜੰਗ ਕਿੰਨੇ ਵੱਡੇ ਦਾਇਰੇ ਵਿਚ ਫੈਲੇਗੀ, ਇਹ ਸਵਾਲ ਵਿਸ਼ਵ ਭਰ ਵਿਚ ਚਿੰਤਾ ਦਾ ਵਿਸ਼ਾ ਬਣਨ ਵਾਲੇ ਹਨ।
-ਮੋਬਾਈਲ : 98140-82217